ਮਾਤਾ ਨਿਹਾਲ ਕੌਰ ਕੁੱਖੋਂ ਗੁਰਦਿਆਲ ਸਿੰਘ ਦਾ ਜਨਮ 10 ਜਨਵਰੀ 1933 ਨੂੰ ਉਹਨਾਂ ਦੇ ਨਾਨਕੇ ਪਿੰਡ ਭੈਣੀ ਫੱਤਾ (ਜ਼ਿਲ੍ਹਾ ਬਰਨਾਲਾ) ਵਿਖੇ ਹੋਇਆ। ਗੁਰਦਿਆਲ ਸਿੰਘ ਦੇ ਦੱਸਣ ਮੁਤਾਬਿਕ ਘਰੇਲੂ ਕਾਰਨਾਂ ਕਰਕੇ ਬਚਪਨ ਵਿੱਚ ਸਕੂਲ ਛੱਡ ਕੇ ਉਹਨਾਂ ਤਕਰੀਬਨ ਅੱਠ ਸਾਲ ਆਪਣੇ ਪਿਤਾ ਸ.ਜਗਤ ਸਿੰਘ ਨਾਲ਼ ਪਿਤਾ-ਪੁਰਖੀ ਕਿੱਤੇ ਤਰਖਾਣ ਦੇ ਤੌਰ ‘ਤੇ ਕੰਮ ਕੀਤਾ।
ਉਹ ਆਪਣੀ ਜ਼ਿੰਦਗੀ ਵਿੱਚ ਹੈੱਡਮਾਸਟਰ ਮਦਨ ਸ਼ਰਮਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ। ਉਹਨਾਂ ਦੀ ਹੱਲਾਸ਼ੇਰੀ ਸਦਕਾ ਹੀ ਗੁਰਦਿਆਲ ਸਿੰਘ ਨੇ ਆਪਣੇ ਅੰਦਰ ਦੀ ਪੜ੍ਹਨ ਦੀ ਜੋ ਚਿਣਗ ਸੀ ਉਹ ਮਘਾਈ ਰੱਖੀ।
ਆਪਣੇ ਦਾਦਕੇ ਪਿੰਡ ਦੇ ਸਰਕਾਰੀ ਸਕੂਲ ਜੈਤੋ ਤੋਂ ਹੀ ਉਹਨਾਂ ਦਸਵੀਂ ਪਾਸ ਕੀਤੀ।
ਬਚਪਨ ਵਿੱਚ ਉਹਨਾਂ ਨੂੰ ਕਿਤਾਬਾਂ ਪੜ੍ਹਨ ਦੇ ਨਾਲ-ਨਾਲ ਚਿੱਤਰਕਾਰੀ ਤੇ ‘ਤੇ ਗਾਇਕੀ ਦਾ ਵੀ ਸ਼ੌਕ ਵੀ ਰਿਹਾ। ਗੁਰਦਿਆਲ ਸਿੰਘ ਨੇ ਜ਼ਿੰਦਗੀ ਦੇ ਸ਼ੁਰੂਆਤੀ ਦੌਰ ‘ਚ ਚਿੱਤਰਕਾਰੀ ਕੀਤੀ। ਉਸ ਤੋਂ ਬਾਅਦ ਉਹ ਜੈਤੋ ਦੇ ਗੁਰਦੁਆਰਾ ਗੰਗਸਰ ਸਾਹਿਬ ’ਚ ਕੀਰਤਨ ਕਰਦੇ ਰਹੇ। ਕੁੱਝ ਸਮੇਂ ਬਾਅਦ ਜਦ ਉਹ ਲੇਖਣ ਕਲਾ ਵੱਲ ਮੁੜੇ ਤਾਂ ਉਹਨਾਂ ਨੇ ਪਹਿਲਾਂ ਪਹਿਲ ‘ਰਾਹੀ’ ਦੇ ਤਖ਼ੱਲਸ ਨਾਲ ਲਿਖਣਾ ਆਰੰਭ ਕੀਤਾ।
1954 ਵਿੱਚ ਉਹਨਾਂ ਨੂੰ ਪ੍ਰਾਇਮਰੀ ਸਕੂਲ ਨੰਦਪੁਰ ਕੋਟਲਾ ਵਿੱਚ ਬਤੌਰ ਅਧਿਆਪਕ ਨੌਕਰੀ ਮਿਲ਼ੀ।
ਇਸੇ ਦੌਰਾਨ ਉਨ੍ਹਾਂ ਦਾ ਵਿਆਹ ਬਲਵੰਤ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਇੱਕ ਲੜਕੇ ਅਤੇ ਦੋ ਲੜਕੀਆਂ ਨੇ ਜਨਮ ਲਿਆ।
ਨੌਕਰੀ ਦੌਰਾਨ ਵੀ ਉਹਨਾਂ ਆਪਣੀ ਅੱਗੇ ਦੀ ਸਿੱਖਿਆ ਜਾਰੀ ਰੱਖੀ 1964 ਤੱਕ ਉਹਨਾਂ ਨੇ ਐੱਮ.ਏ ਪੰਜਾਬੀ ਦੀ ਡਿਗਰੀ ਹਾਸਲ ਕੀਤੀ। ਇਹੀ ਪੜ੍ਹਾਈ ਦੀ ਲਗਨ ਤੇ ਅੱਗੇ ਵਧਣ ਦੀ ਤਾਂਘ ਸਦਕਾ ਹੀ ਉਹਨਾਂ ਅੱਗੇ ਲੈਕਚਰਾਰ ਵਜੋਂ ਲੰਮਾ ਸਮਾਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ 1970-86 ਨੌਕਰੀ ਕੀਤੀ। 1987 ਤੋਂ 1992 ਤੱਕ ਰੀਡਰ ਵਜੋਂ ਪੰਜਾਬੀ ਯੂਨੀਵਰਸਿਟੀ, ਗੁਰੂ ਕੀ ਕਾਂਸ਼ੀ ਰਿਜਨਲ ਸੈਂਟਰ ਬਠਿੰਡਾ ਵਿਖੇ ਕੰਮ ਕੀਤਾ ਤੇ ਇੱਥੋਂ ਹੀ ਪ੍ਰੋਫੈਸਰ ਦੇ ਤੌਰ ‘ਤੇ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ।
ਗੁਰਦਿਆਲ ਸਿੰਘ ਦੇ ਸਾਹਿਤਕ ਸਫ਼ਰ ਦੀ ਗੱਲ ਕਰੀਏ ਤਾਂ ਉਹਨਾਂ ਦੀ ਸ਼ੁਰੂਆਤ ਦੀ ਪਹਿਲੀ ਕਹਾਣੀ ‘ਭਾਗਾਂ ਵਾਲ਼ੇ’ ਪੰਜਾਬੀ ਦੇ ਯੁੱਗ-ਕਵੀ ਪ੍ਰੋ. ਮੋਹਨ ਸਿੰਘ ਵੱਲੋਂ ਛਾਪੇ ਜਾਂਦੇ ਰਹੇ ਰਸਾਲੇ ‘ਪੰਜ ਦਰਿਆ’ ਦੇ ਸਤੰਬਰ 1957 ਦੇ ਪਰਚੇ ਵਿੱਚ ਛਪੀ। ਉਸ ਤੋਂ ਬਾਅਦ ‘ਪ੍ਰੀਤ ਲੜੀ’ ਅਤੇ ‘ਪੰਜ ਦਰਿਆ’ ਵਰਗੇ ਉੱਚਤਮ ਸਾਹਿਤਕ ਰਸਾਲਿਆਂ ਵਿੱਚ ਵੀ ਉਹਨਾਂ ਦੀਆਂ ਕਹਾਣੀਆਂ ਲਗਾਤਾਰ ਛਪਦੀਆਂ ਰਹੀਆਂ। ਥੋੜ੍ਹੇ ਹੀ ਸਮੇਂ ਵਿੱਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ।
ਜਦ ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਸੱਗੀ ਫੁੱਲ’ ਪ੍ਰਕਾਸ਼ਿਤ ਹੋਕੇ ਪਾਠਕਾਂ ਦੇ ਹੱਥਾਂ ਵਿੱਚ ਪੁੱਜਾ ਤਾਂ ਉਸਦੇ ਪਹਿਲੇ ਸਫ਼ੇ ’ਤੇ ਹੀ ਗੁਰਬਖ਼ਸ਼ ਸਿੰਘ ਪ੍ਰੀਤਲੜੀ, ਪ੍ਰੋ. ਮੋਹਨ ਸਿੰਘ ਤੇ ਸੰਤ ਸਿੰਘ ਸੇਖੋਂ ਵਰਗੇ ਮਹਾਨ ਲੇਖਕਾਂ ਦੀਆਂ ਟਿੱਪਣੀਆਂ ਆਪਣੇ ਆਪ ਵਿੱਚ ਹੀ ਗੁਰਦਿਆਲ ਸਿੰਘ ਦੀ ਕਲਮ ਦੀ ਵੱਡੀ ਪ੍ਰਾਪਤੀ ਆਖੀ ਜਾ ਸਕਦੀ ਹੈ।
ਸਾਹਿਤ ਦੇ ਜਿਸ ਰੂਪ ‘ਨਾਵਲ’ ਨੇ ਗੁਰਦਿਆਲ ਸਿੰਘ ਨੂੰ ਵੱਡੀ ਪਹਿਚਾਣ ਦਿੱਤੀ ਉਹ ਹੈ ਉਨ੍ਹਾਂ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਜਿਸਦੇ 1964 ਵਿੱਚ ਪ੍ਰਕਾਸ਼ਿਤ ਹੁੰਦਿਆਂ ਹੀ ਗੁਰਦਿਆਲ ਸਿੰਘ ਦਾ ਨਾਂ ਚਰਚਿਤ ਨਾਵਲਕਾਰਾਂ ਵਿੱਚ ਸ਼ਾਮਿਲ ਹੋ ਗਿਆ। ਇਸ ਨਾਵਲ ਨੂੰ ਉਸ ਸਮੇਂ ਦੇ ਪੰਜਾਬੀ ਤੇ ਹਿੰਦੀ ਦੇ ਪ੍ਰਸਿੱਧ ਵਿਦਵਾਨ ਅਤੇ ਆਲੋਚਕਾਂ ਵੱਲੋਂ ਖ਼ੂਬ ਹੱਲਾਸ਼ੇਰੀ ਮਿਲ਼ੀ।
ਪੰਜਾਬੀ ਦੇ ਪ੍ਰਸਿੱਧ ਵਿਦਵਾਨ ਤੇ ਆਲੋਚਕ ਡਾ. ਅਤਰ ਸਿੰਘ ਲਿਖਦੇ ਹਨ ਕਿ ‘ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿੱਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ ‘ਮੜ੍ਹੀ ਦਾ ਦੀਵਾ’ ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ ‘ਗੋਦਾਨ’ ਅਤੇ ਫਰਣੇਸ਼ਵਰ ਰੇਣੂੰ ਦੇ ‘ਮੈਲਾ ਆਂਚਲ’ ਦੇ ਪੱਧਰ ਦਾ ਨਾਵਲ ਹੈ।
ਪੰਜਾਬੀ ਨਾਵਲ ਦੇ ਪਿਤਾਮਾ ਨਾਵਲਕਾਰ ਨਾਨਕ ਸਿੰਘ ਨੇ ਨਾਵਲ ਪੜ੍ਹ ਕੇ ਲਿਖਿਆ ਕਿ, ‘ਮੜ੍ਹੀ ਦਾ ਦੀਵਾ’ ਸ਼ਾਇਦ ਪੰਜਾਬੀ ਦਾ ਪਹਿਲਾ ਨਾਵਲ ਹੈ ਜੀਹਨੇ ਮੈਨੂੰ ਨਸ਼ਿਆ ਦਿੱਤਾ ਹੈ। ਜਿਵੇਂ ਕਿ ਸਾਫ਼ ਹੀ ਹੈ ਕਿ ਨਸ਼ਿਆ ਜਾਣਾ ਹੋਰ ਗੱਲ ਹੈ ਤੇ ਸੁਆਦ ਆਉਣਾ ਹੋਰ। ਮੇਰੀ ਇੱਛਾ ਹੈ ਕਿ ਸਾਡਾ ਇਹ ਨੌਜਵਾਨ ਨਾਵਲਕਾਰ ਪੰਜਾਬੀ ਦੇ ਗਗਨ-ਮੰਡਲ ਵਿਚ ਤਾਰਾ ਬਣ ਕੇ ਚਮਕੇ।’
ਇੱਕ ਸਾਲ ਬਾਅਦ ਜਦੋਂ ਇਹੀ ਨਾਵਲ ਹਿੰਦੀ ਵਿੱਚ ਛਪਿਆ ਤਾਂ ਹਿੰਦੀ ਦੇ ਆਲੋਚਕ ਡਾ. ਨਾਮਵਰ ਸਿੰਘ ਨੇ ਇਸ ਨੂੰ ਸੰਸਾਰ ਦੇ ਸਭ ਤੋਂ ਪ੍ਰਸਿੱਧ ਰੂਸੀ ਨਾਵਲ ‘ਜੰਗ ਤੇ ਅਮਨ’ ਦੇ ਹਾਣ ਦੀ ਗਲਪ-ਰਚਨਾ ਕਰਾਰ ਦਿੱਤਾ।
‘ਮੜ੍ਹੀ ਦਾ ਦੀਵਾ’ ਨਾਵਲ ਪਿੱਛੋਂ ਜਦੋਂ ਗੁਰਦਿਆਲ ਸਿੰਘ ਦਾ ਦੂਜਾ ਨਾਵਲ ‘ਅਣਹੋਏ’ 1966 ਵਿੱਚ ਪ੍ਰਕਾਸ਼ਿਤ ਹੋਇਆ ਤਾਂ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਇਸ ਨੂੰ ਸੰਸਾਰ ਦੇ ਪਹਿਲੇ ਮਹਾਨ ਨਾਵਲਕਾਰ ਸਰਵਾਂਤੀ ਦੇ ਕਲਾਸਿਕ ਨਾਵਲ ‘ਦਾਨ ਕੀਹੋਤੇ ਤੇ ਸ਼ੈਕਸਪੀਅਰ ਦੇ ਮਹਾਨ ਨਾਟਕ ‘ਹੈਮਲਿਟ’ ਤੇ ’ ਦੇ ਬਰਾਬਰ ਦੀ ਰਚਨਾ ਮੰਨਿਆ।
ਅਣਹੋਏ ਸਵੈਮਾਣ ਨਾਲ਼ ਸੁਤੰਤਰ ਜ਼ਿੰਦਗੀ ਜਿਉਣ ਦੀ ਇੱਛਾ ਦੀ ਇੱਕ ਗਾਥਾ ਹੈ।
ਉਹਨਾਂ ਸਾਹਿਤਕ ਸਫ਼ਰ ਦੇ ਇਹ ਸ਼ੁਰੂਆਤੀ ਦੌਰ ਦੀ ਗੱਲ ਕਰਦਿਆਂ ਜੇ ਅਸੀਂ ਉਹਨਾਂ ਦੀ ਪੂਰੀ ਸਾਹਿਤਕ ਰਚਨਾ ‘ਤੇ ਗੱਲ ਕਰਨੀ ਹੋਵੇ ਤਾਂ ਇਹ ਬਹੁਤ ਵੱਡਾ ਕੰਮ ਹੋਵੇਗਾ ਫਿਲਹਾਲ ਸੰਖੇਪ ਵਿੱਚ ਗੱਲ ਕਰੀਏ ਤਾਂ ਉਹਨਾਂ ਦੇ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 24 ਬਾਲ ਸਾਹਿਤ ਪੁਸਤਕਾਂ ਸਮੇਤ 40 ਦੇ ਕਰੀਬ ਪੁਸਤਕਾਂ ਦੇ ਮਿਆਰੀ ਅਨੁਵਾਦ ਦੇ ਨਾਲ਼ ਵਾਰਤਕ ਦੀਆਂ ਪੁਸਤਕਾਂ ਅਤੇ ਆਪਣੀ ਜੀਵਨੀ ਦੀਆਂ ਦੋ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ।
ਉਹਨਾਂ ਦੀਆਂ ਕਈ ਰਚਨਾਵਾਂ ਹਿੰਦੀ,ਅੰਗਰੇਜ਼ੀ,ਰੂਸੀ ਅਤੇ ਭਾਰਤ ਦੀਆਂ ਲੱਗਪਗ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਹੋ ਚੁੱਕੀਆਂ ਹਨ।
ਗੁਰਦਿਆਲ ਸਿੰਘ ਪੰਜਾਬੀ ਦਾ ਉਹ ਪਹਿਲਾ ਲੇਖਕ ਹੈ ਜਿਸ ਦੀਆਂ ਰਚਨਾਵਾਂ ਦੇ ਅੰਸ਼ ਤੇ ਉਸ ਬਾਰੇ ਅਨੇਕ ਆਲੋਚਨਾਤਮਿਕ ਲੇਖ ਭਾਰਤ ਦੀ ਸਾਹਿਤ ਅਕਾਦਮੀ ਸਾਢੇ ਛੇ ਸੌ ਸਫ਼ਿਆਂ ਦੀ ਪੁਸਤਕ ‘ਰੀਡਰ’ ਵਿੱਚ ਪ੍ਰਕਾਸ਼ਿਤ ਕਰ ਰਹੀ ਹੈ, ਜੋ ਅੰਗਰੇਜ਼ੀ ਦੇ ਪ੍ਰੋਫ਼ੈਸਰ ਡਾ. ਰਾਣਾ ਨਈਅਰ ਨੇ ਤਿਆਰ ਕੀਤੀ ਹੈ।
ਨਾਵਲ ਦੇ ਪਿਤਾਮਾ ਨਾਨਕ ਸਿੰਘ ਤੋਂ ਪਿੱਛੋਂ ਦੂਜਾ ਵੱਡਾ ਨਾਵਲਕਾਰ ਗੁਰਦਿਆਲ ਸਿੰਘ ਹੀ ਹੈ ਜਿਸ ਦੀਆਂ ਰਚਨਾਵਾਂ ‘ਗੁਰਦਿਆਲ ਸਿੰਘ ਰਚਨਾਵਲੀ’ ਦੇ ਅਨੁਵਾਨ ਹੇਠ ਦਸ ਭਾਗਾਂ ਵਿੱਚ ਛਪੀਆਂ ਹਨ।
ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਗੁਰਸ਼ਰਨ ਸਿੰਘ ਗੁਰਦਿਆਲ ਸਿੰਘ ਨੂੰ ‘ਸਾਡੇ ਸਮਿਆਂ ਦਾ ਸਭ ਤੋਂ ਵੱਡਾ ਲੇਖਕ’ ਦੱਸਦੇ ਹਨ।
ਉਨ੍ਹਾਂ ਨੂੰ ਹਿੰਦੀ ਦੇ ਨਾਮਵਰ ਚਿੰਤਕ ਪ੍ਰੋ. ਨਾਮਵਰ ਸਿੰਘ ਨੇ ਪੰਜਾਬੀ ‘ਚ ਲਿਖਣ ਵਾਲਾ ਭਾਰਤੀ ਨਾਵਲਕਾਰ ਕਿਹਾ।
ਡਾ. ਸੁਖਦੇਵ ਸਿੰਘ ਸਿਰਸਾ ਲਿਖਦੇ ਹਨ ਕਿ ਗੁਰਦਿਆਲ ਸਿੰਘ ਨੇ ਕਿਰਤੀ ਵਰਗ ਦੀ ਆਤਮਾ ਦੀ ਚੀਕ ਸੁਣੀ ਤੇ ਇਸ ਨੂੰ ਕਲਾਤਮਕ ਜ਼ੁਬਾਨ ਦਿੱਤੀ।
ਉੱਘੇ ਆਲੋਚਕ ਡਾ. ਟੀ. ਆਰ. ਵਿਨੋਦ ਉਹਨਾਂ ਨੂੰ ‘ਪੰਜਾਬੀ ਦਾ ਪਹਿਲੇ ਫ਼ਿਲਾਸਫ਼ਰ ਗਲਪਕਾਰ’ ਦਾ ਮਾਣ ਬਖ਼ਸ਼ਦੇ ਹਨ।
ਦਲੀਪ ਕੌਰ ਟਿਵਾਣਾ ਦਾ ਕਹਿਣਾ ਹੈ, ‘ਉਹਨਾਂ ਦੀ ਲੇਖਣੀ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਉਹ ਗਰੀਬ, ਮਜਬੂਰ, ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਦੀ ਗੱਲ ਆਪਣੀਆਂ ਕਹਾਣੀਆਂ ‘ਚ ਕਰਦੇ ਰਹੇ ਕਿਉਂਕਿ ਇਹ ਦਿਲ ਚੋਂ ਨਿੱਕਲੀ ਹੋਈ ਗੱਲ ਸੀ, ਉਹ ਖੁਦ ਮੁਸ਼ਕਿਲ ਹਾਲਾਤ ਅਤੇ ਗੁਰਬਤ ਹੰਢਾ ਚੁੱਕੇ ਸਨ।”
ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਕਿ ਗੁਰਦਿਆਲ ਸਿੰਘ ਦੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਹਾਣੀ ਵਿਧਾ ਨਾਲ਼ ਹੋਈ ਤੇ ਵੱਡੀ ਪਹਿਚਾਣ ਨਾਵਲ ਵਿਧਾ ਨੇ ਦਿੱਤੀ। ਇੱਥੇ ਉਹਨਾਂ ਦੇ ਨਾਵਲਾਂ ਬਾਰੇ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੇ ਕਹਾਣੀ ਸੰਗ੍ਰਹਿਆਂ ਬਾਰੇ ਵੀ ਜਾਣਨਾ ਬਹੁਤ ਜ਼ਰੂਰੀ ਹੈ।
ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ਸੱਗੀ ਫੁੱਲ 1962, ਚੰਨ ਦਾ ਬੂਟਾ 1964, ਓਪਰਾ ਘਰ 1966, ਕੁੱਤਾ ’ਤੇ ਆਦਮੀ 1971, ਮਸਤੀ ਬੋਤਾ 1982, ਰੁੱਖੇ ਮਿੱਸੇ ਬੰਦੇ 1984, ਬੇਗਾਨਾ ਪਿੰਡ 1985,ਚੋਣਵੀਆਂ ਕਹਾਣੀਆਂ 1988, ਪੱਕਾ ਟਿਕਾਣਾ 1990,ਕਰੀਰ ਦੀ ਢਿੰਗਰੀ 1991, ਮੇਰੀ ਪ੍ਰਤਿਨਿਧ ਕਹਾਣੀਆਂ 1992 ਵਿੱਚ ਛਪੀਆਂ।
ਨਾਵਲਕਾਰ ਗੁਰਦਿਆਲ ਸਿੰਘ ਦਾ ਸਫ਼ਰ ਦੇਖੀਏ ਤਾਂ ਸਭ ਤੋਂ ਪਹਿਲਾਂ ‘ਮੜ੍ਹੀ ਦਾ ਦੀਵਾ’ 1964 (ਇਸ ਨਾਵਲ ‘ਤੇ ਆਧਾਰਿਤ ਨੈਸ਼ਨਲ ਫ਼ਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਵੱਲੋਂ ਡਾਇਰੈਕਟਰ ਸੁਰਿੰਦਰ ਸਿੰਘ ਨੇ ਫਿਲਮ ਬਣਾਈ ਸੀ,ਜੋ ਪੰਜਾਬੀ ਦੀ ਪਹਿਲੀ ਕਲਾਤਮਿਕ ਫ਼ਿਲਮ ਸੀ ਤੇ ਜਿਸ ਨੂੰ ਖੇਤਰੀ ਭਾਸ਼ਾਈ ਫ਼ਿਲਮਾਂ ਵਿੱਚ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ), ਅਣਹੋਏ 1966, ਕੁਵੇਲਾ 1968, ਅੱਧ ਚਾਨਣੀ ਰਾਤ 1972(ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ 1975 ਵਿੱਚ ਪੁਰਸਕਾਰ ਮਿਲਿਆ) ਆਥਣ ਉੱਗਣ 1974, ਅੰਨ੍ਹੇ ਘੋੜੇ ਦਾ ਦਾਨ 1976(ਇਸ ਨਾਵਲ ‘ਤੇ ਆਧਾਰਿਤ 2011 ਵਿੱਚ ਗੁਰਵਿੰਦਰ ਸਿੰਘ ਦੀ ਨਿਰਦੇਸ਼ਨਾ ਹੇਠ ਫਿਲਮ ਬਣਾਈ ਗਈ ਹੈ।ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੈ ਜੋ ਅਗਸਤ 2011 ਤੋਂ ਫ਼ਰਵਰੀ 2012 ਤੱਕ ਸੰਸਾਰ ਦੇ ਅੱਠ ਦੇਸ਼ਾਂ ਦੇ ਵਿਸ਼ਵ-ਫ਼ਿਲਮ ਮੇਲਿਆਂ ਵਿਚ ਵਿਖਾਈ ਗਈ ਤੇ ਅਬੂਧਾਬੀ ਦੇ ਵਿਸ਼ਵ ਫ਼ਿਲਮ ਮੇਲੇ ਵਿਚ ਇਸ ਨੂੰ 50 ਹਜ਼ਾਰ ਅਮਰੀਕੀ ਡਾਲਰ ਦਾ ਪੁਰਸਕਾਰ ਵੀ ਦਿੱਤਾ ਗਿਆ।), ਪਹੁ ਫੁਟਾਲੇ ਤੋਂ ਪਹਿਲਾਂ 1982, ਪਰਸਾ 1999, ਰੇਤੇ ਦੀ ਇੱਕ ਮੁੱਠੀ, ਆਹਣ 2009 ਵਿੱਚ ਛਪੇ।
ਇਸ ਤੋਂ ਅੱਗੇ ਗੁਰਦਿਆਲ ਸਿੰਘ ਨੇ ਸਾਹਿਤ ਵਿੱਚ ਬਾਲ ਸਾਹਿਤ ਨੂੰ ਲੈਕੇ ਜੋ ਰਚਨਾਵਾਂ ਦਿੱਤੀਆਂ ਉਹਨਾਂ ਦਾ ਵੇਰਵਾ ਵੀ ਇੱਥੇ ਸਾਂਝਾ ਕਰਨਾ ਜ਼ਰੂਰੀ ਹੈ, ਜਿੰਨ੍ਹਾਂ ਵਿੱਚ ਬਕਲਮ ਖੁਦ 1959, ਟੁੱਕ ਖੋਹ ਲਏ ਕਾਵਾਂ 1963, ਲਿਖਤਮ ਬਾਬਾ ਖੇਮਾ 1971,ਬਾਬਾ ਖੇਮਾ 1988, ਗੱਪੀਆਂ ਦਾ ਪਿਉ 1989, ਮਹਾਂਭਾਰਤ 1990,ਧਰਤ ਸੁਹਾਵੀ 1990, ਤਿੰਨ ਕਦਮ ਧਰਤੀ 1993, ਖੱਟੇ ਮਿੱਠੇ ਲੋਕ 1993,ਕੀ ਜਾਣਾ ਮੈਂ ਕੌਣ ? 2003, ਹੰਸਾਂ ਦੀ ਜੋੜੀ, ਰੱਬ ਦੇ ਬੰਦੇ, ਸੰਤੂ ਗੱਪੀ,ਬਾਬੇ ਰਤਨੇ ਦੀ ਚਿੱਠੀ,ਪੀਰੂ ਦੀ ਸਾਰੰਗੀ, ਸੂਰਜ ਦਾ ਟਿੱਕਾ 2005 ਵਿੱਚ, ਕਾਲ਼ੂ ਕੌਤਕੀ,ਸੱਚ ਦੇ ਖੋਜੀ,ਰੱਬ ਦੇ ਬੰਦੇ ਆਜ਼ਾਦੀ ਦਾ ਮੁੱਲ,ਆਓ ਨਾਟਕ ਖੇਡੀਏ ਇਹ ਧਰਤੀ ਸਵਰਗ ਬਣਾਵਾਂਗੇ, ਸੁਪਨਿਆਂ ਦਾ ਪਰੀ ਦੇਸ਼,ਨਿੱਕਾ ਜਿਹਾ ਸਵਰਗ 2006 ਵਿੱਚ ਦੇ ਨਾਂ ਵਰਨਣਯੋਗ ਹਨ।
ਕਹਾਣੀ,ਨਾਵਲ ਤੇ ਬਾਲ ਕਿਰਤਾਂ ਤੋਂ ਬਾਅਦ ਉਹਨਾਂ ਦੀ ਸਵੈ-ਜੀਵਨੀ ਦੀ ਗੱਲ ਕਰੀਏ ਤਾਂ ਨਿਆਣ ਮੱਤੀਆਂ 1999, ਦੂਜੀ ਦੇਹੀ 2000 ਦੋ ਭਾਗਾਂ ਵਿੱਚ ਉਹਨਾਂ ਆਪਣੀ ਸਵੈ-ਜੀਵਨੀ ਲਿਖੀ। ਇਸ ਤੋਂ ਇਲਾਵਾ ਨਾਟਕਾਂ ਦੀ ਗੱਲ ਕਰੀਏ ਤਾਂ ਫ਼ਰੀਦਾ ਰਾਤੀਂ ਵੱਡੀਆਂ 1982, ਵਿਦਾਇਗੀ ਤੋਂ ਪਿੱਛੋਂ 1982, ਨਿੱਕੀ ਮੋਟੀ ਗੱਲ 1982 ਦੇ ਨਾਂ ਸਾਹਮਣੇ ਆਉਂਦੇ ਹਨ।
ਗਦ ਰੂਪ ਵਿੱਚ ਦੁਖੀਆ ਦਾਸ ਕਬੀਰ ਹੈ,ਸਤਜੁਗ ਦੇ ਆਉਣ ਤੱਕ,ਡਗਮਗ ਛਾਡ ਰੇ ਮਨ ਬਉਰਆ ਤੋਂ ਇਲਾਵਾ ਅੱਗੇ ਅਨੁਵਾਦ ‘ਤੇ ਵੀ ਕਾਫ਼ੀ ਕੰਮ ਕੀਤਾ ਜਿੰਨ੍ਹਾਂ ਵਿੱਚ ਮੇਰਾ ਬਚਪਨ (ਗੋਰਕੀ), ਭੁੱਲੇ ਵਿੱਸਰੇ(ਭਗਵਤੀ ਚਰਨ ਵਰਮਾ), ਮ੍ਰਿਗਨੇਨੀ(ਵਰਿੰਦਾਵਨ ਲਾਲ ਵਰਮਾ),ਬਿਰਾਜ ਬਹੂ(ਸ਼ਰਤ ਚੰਦਰ), ਜ਼ਿੰਦਗੀਨਾਮਾ (ਕ੍ਰਿਸ਼ਨਾ ਸੋਬਤੀ) ਦਾ ਵਿਸ਼ੇਸ਼ ਜ਼ਿਕਰ ਕਰਨਾ ਬਣਦਾ ਹੈ।
ਗੁਰਦਿਆਲ ਸਿੰਘ ਨੇ ਜਿਸ ਤਰ੍ਹਾਂ ਮਾਂ-ਬੋਲੀ ਦੀ ਝੋਲੀ ਆਪਣੀਆਂ ਰਚਨਾਵਾਂ ਪਾਈਆਂ,ਉਸੇ ਤਰ੍ਹਾਂ ਹੀ ਮਾਂ-ਬੋਲੀ ਨੇ ਉਹਦੇ ਹਿੱਸੇ ਅਨੇਕਾਂ ਮਾਣ-ਸਨਮਾਨ ਬਖ਼ਸ਼ੇ।
ਭਾਸ਼ਾ ਵਿਭਾਗ ਵੱਲੋਂ ਚਾਰ ਵਾਰ 1966, 1967, 1968 ਅਤੇ 1972 ਵਿੱਚ ਸਰਬੋਤਮ ਪੁਰਸਕਾਰ,1975 ਵਿੱਚ ਨਾਨਕ ਸਿੰਘ ਨਾਵਲ ਪੁਰਸਕਾਰ, 1979 ਵਿੱਚ ਪੰਜਾਬੀ ਅਕਾਦਮੀ ਪੁਰਸਕਾਰ, 1986 ਵਿੱਚ ਸੋਵੀਅਤ ਨਹਿਰੂ ਪੁਰਸਕਾਰ, 1989 ਵਿੱਚ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, 1992 ਵਿੱਚ ਸ਼੍ਰੋਮਣੀ ਸਾਹਿਤਕਾਰ ਦਾ ਇਨਾਮ ਤੇ ਭਾਈ ਵੀਰ ਸਿੰਘ ਗਲਪ ਪੁਰਸਕਾਰ, 1995 ਵਿੱਚ ਪਾਸ਼ ਪੁਰਸਕਾਰ, 1997 ਵਿੱਚ ਉੱਤਰ ਪ੍ਰਦੇਸ਼ ਹਿੰਦੀ ਸਾਹਿਤਕ ਸੰਮੇਲਨ ਸਨਮਾਨ, 1998 ਵਿੱਚ ਭਾਰਤ ਦੇ ਰਾਸ਼ਟਰਪਤੀ ਵੱਲੋਂ ‘ਪਦਮਸ੍ਰੀ ‘ ਪੁਰਸਕਾਰ, 1999 ਵਿੱਚ ਗਿਆਨਪੀਠ ਪੁਰਸਕਾਰ, 2004 ਵਿੱਚ ਪੰਜਾਬੀ ਸਾਹਿਤ ਸ਼੍ਰੋਮਣੀ ਐਵਾਰਡ ਮਿਲ ਚੁੱਕੇ ਸਨ। ਉਹ ਸਾਹਿਤ ਅਕਾਦਮੀ ਭਾਰਤ ਦੀ ਸਾਹਿਤਕ ਜਨਰਲ ਕੌਂਸਲ ਅਤੇ ਸਲਾਹਕਾਰ ਬੋਰਡ ਦੇ ਮੈਂਬਰ ਵੀ ਰਹੇ ਸਨ। ਗੁਰਦਿਆਲ ਸਿੰਘ ਦਾ ਨਾਂ 2015 ਵਿੱਚ ‘ਲਿਮਕਾ ਬੁੱਕ ਆਫ ਰਿਕਾਰਡ’ ਵਿੱਚ ਦਰਜ ਕੀਤਾ ਗਿਆ। ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਨ੍ਹਾਂ ਨੂੰ ਲਾਈਫ ਫੈਲੋਸ਼ਿਪ ਦਿੱਤੀ ਜਾ ਰਹੀ ਸੀ।
16 ਅਗਸਤ 2016 ਦਾ ਦਿਨ ਗੁਰਦਿਆਲ ਸਿੰਘ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ। ਪੰਜਾਬੀ ਸਾਹਿਤ ਜਗਤ ਵਿੱਚ ਗੁਰਦਿਆਲ ਸਿੰਘ ਦਾ ਨਾਂ ਆਪਣੀਆਂ ਰਚਨਾਵਾਂ ਸਦਕਾ ਹਮੇਸ਼ਾਂ ਲਈ ਜਿਉਂਦਾ ਰਹੇਗਾ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)
