ਇਟਾਲੀਅਨ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਕਹਾਣੀ
)
ਇੱਕ ਇਸ਼ਤਿਹਾਰ ਹੈ, ਮੈਲੋਡੀ ਟਾਫੀ ਕੰਪਨੀ ਦਾ ਜਿਸ ਵਿੱਚ ਇੱਕ ਵਿਅਕਤੀ ਪੁੱਛਦਾ ਹੈ,” ਮੈਲੋਡੀ ਇਤਨੀ ਚਾਕਲੇਟੀ ਕਿਉਂ ਹੈ ਭਾਈ” ਦੂਜਾ ਕਹਿੰਦਾ ਹੈ ,”ਮੈਲੋਡੀ ਖਾਓ ਖੁਦ ਜਾਣ ਜਾਓ” । ਇਸੇ ਤਰਾਂ ਮੈਲੋਨੀ ਯਾਨੀ ਜਾਰਜੀਆ ਮੈਲੋਨੀ ਬਾਰੇ ਜੇ ਕੋਈ ਮੈਨੂੰ ਉਸਦੇ ਵਿਅਕਤੀਤਵ ਬਾਰੇ ਪੁੱਛਦਾ ਹੈ ਤਾਂ ਮੈਂ ਇਹੀ ਕਹਿੰਦਾ ਹਾਂ, ” ਮੈਲੋਨੀ ਕੋ ਪੜ੍ਹੋ ਔਰ ਖੁਦ ਜਾਣ ਜਾਓ।” ਹੁਣ ਜਦ ਮੋਦੀ ਅਤੇ ਮੈਲੋਨੀ ਦੀ ਚਰਚਾ ਭਾਰਤ ਦੀ ਗਲੀ ਗਲੀ ਚ ਹੈ ਤਾਂ ਮੈਂ ਇਸਦਾ ਵਿਸਥਾਰ ਦੇਣਾ ਜਰੂਰੀ ਸਮਝਿਐ। ਕਹਾਣੀ ਇਉਂ ਹੈ : ਮੋਦੀ ਜਦ ਇਟਲੀ ਗਿਆ ਅਤੇ ਪਹਿਲੀ ਵਾਰ ਉੱਥੋਂ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਨੂੰ ਮਿਲਿਆ ਤਾਂ ਉਸਨੇ ਮੋਦੀ ਨੂੰ ‘ਮਾਈ ਫਰੈਂਡ’ ਕਹਿ ਦਿੱਤਾ।ਮੋਦੀ ਨੇ ਇਸ ‘ਮਾਈ ਫਰੈਂਡ ‘ ਸ਼ਬਦ ਨੂੰ ਇਨਾ ਪ੍ਰਸਿੱਧ ਕਰ ਦਿੱਤਾ, ਕਿ ਡੋਨਾਲਡ ਟਰੰਪ ਨੂੰ ਵੀ ਉਸਨੇ ਮਾਈ ਫਰੈਂਡ ਨਾਲ ਹੀ ਬਰਾਂਡਡ ਕਰ ਦਿੱਤਾ।ਅੰਧਭਗਤ ਤੇ ਗੋਦੀ ਮੀਡੀਆ ਇਸਨੂੰ ਨਵੀਂ ਉਪਲਬਧੀ ਮੰਨਦਾ ਹੈ ਅਤੇ ਮੋਦੀ ਦੇ ਰਾਜਸੀ ਵਿਰੋਧੀ ਅੱਜ ਤੱਕ ਮੋਦੀ ਦੇ ‘ ਮਾਈ ਫਰੈਂਡ ‘ ਸ਼ਬਦ ਤੇ ਤਨਜ ਕਸ ਰਹੇ ਹਨ। ਪਹਿਲੀ ਮੁਲਾਕਾਤ ਵਿੱਚ ਜਾਰਜੀਆ ਮੈਲੋਨੀ ਨੇ ਮੋਦੀ ਨਾਲ ਸੈਲਫੀ ਕੀ ਲਈ, ਮੋਦੀ ਆਪਣੀ ਫਕੀਰੀ ਭੁੱਲ ਗਿਆ; ਅੰਧਭਗਤ ਤਾਂ ਗਦਗਦ ਸਨ ਇਸ ਸੈਲਫੀ ਤੇ; ਐਨਾ ਪਿਆਰ, ਦੇਸ਼ ਚ ਤਾਂ ਨੀ ਮਿਲਿਆ। ਦੇਸ਼ ਵਾਸੀਆਂ ਨੂੰ ਬਾਹਰਲੇ ਦੇਸ਼ ਦੀ ਸੈਰ ਨਾ ਕਰਨ ਦੀ ਸਲਾਹ ਦੇ ਕੇ ਇਸ ਵਾਰ ਮੋਦੀ ਫਿਰ ਕੁੱਝ ਦੇਸ਼ਾਂ ਦੇ ਦੌਰੇ ਤੇ ਗਿਆ। ਨਾਰਵੇ ਚੋਂ ਇੱਕ ਪੱਤਰਕਾਰ ਦੇ ਸਵਾਲ ਦਾ ਜਵਾਬ ਨਾ ਔੜਨ ਤੇ ਜੋ ਕਿਰਕਿਰੀ ਹੋਈ,ਉਹ ਇਟਲੀ ਵਾਲੀ ‘ਮਾਈ ਫਰੈਂਡ’ ਕੋਲ ਆ ਕੇ ਠੀਕ ਹੋਈ। ਮੋਦੀ ਸਾਹਿਬ ‘ ਮਾਈ ਫਰੈਂਡ ‘ ਯਾਨੀ ਜਾਰਜੀਆ ਮੈਲੋਨੀ ਨੂੰ ਗਿਫਟ ਵਜੋਂ ਮੈਲੋਨੀ ਦੇ ਨਾਮ ਨਾਲ ਮਿਲਦਾ ‘ਮੈਲੋਡੀ ਟਾਫੀ ਦਾ ਪੈਕਟ’ ਲੈ ਗਏ। ਮੈਂ ਤਾਂ ਪਹਿਲੀ ਵਾਰ ਸੁਣਿਐਂ ਇੱਕ ਪਰਧਾਨ ਮੰਤਰੀ ਨੂੰ ਦੂਜੇ ਪ੍ਰਧਾਨ ਮੰਤਰੀ ਵੱਲੋਂ ਟਾਫੀਆਂ ਗਿਫਟ ਦੇਣ ਦੀ ਗੱਲ; ਜੇ ਚਾਹ ਵਾਲੀ ਕੇਤਲੀ ਦੇ ਦਿੰਦਾ ਤਾਂ ਵੀ ਇੱਕੋ ਗੱਲ ਸੀ।ਇਸ ਵਾਰ ਫਿਰ ਮੈਲੋਨੀ ਨੇ ਮੋਦੀ ਨਾਲ ਸੈਲਫੀ ਲਈ। ਮੈਲੋਨੀ ਨੇ ਇਟਲੀ ਅਤੇ ਰੋਮ ਦੀਆਂ ਇਤਿਹਾਸਕ ਇਮਾਰਤਾਂ ਜਦ ਮੋਦੀ ਨੂੰ ਦਿਖਾਈਆਂ ਤਾਂ ਮੋਦੀ ‘ ਖੀਅ-ਖੀਅ ਕਰ ਰਿਹਾ ਸੀ। ਇਸ ਚ ਹੱਸਣ ਵਾਲੀ ਗੱਲ ਤਾਂ ਕੋਈ ਨਹੀਂ ਹੋ ਸਕਦੀ ਗੰਭੀਰਤਾ ਨਾਲ ਦੇਖਣ ਵਾਲੀ ਗੱਲ ਸੀ। ਪਰ ਅੰਧਭਗਤਾਂ ਨੇ ਅਤੇ ਗੋਦੀ ਮੀਡੀਆ ਨੇ ਮੋਦੀ- ਮੈਲੋਨੀ ਦੀ ਸੈਲਫੀ ਦੇ ਖੂਬ ਕਸੀਦੇ ਪੜ੍ਹੇ। ਉਹਨਾਂ ਲਈ ਤਾਂ ਮੋਦੀ ਨੇ ਯੋਰਪ ਚ ਇਤਿਹਾਸ ਰਚ ਦਿੱਤਾ। ਗੋਦੀ ਮੀਡੀਆ ਨੂੰ ਤਾਂ ਪਤਾ ਹੈ ਪਰ ਜਾਣ ਬੁੱਝ ਕੇ ਅੱਖਾਂ ਬੰਦ ਕਰ ਲੈਂਦੈ, ਪਰ ਅੰਧਭਗਤਾਂ ਨੂੰ ਦੱਸ ਦੇਈਏ ਕਿ ਜਾਰਜੀਆ ਮੈਲੋਨੀ ਦੀ ਮੋਦੀ ਨਾਲ ਸੈਲਫੀ ਬਾਰੇ ਦਿਲ ਚ ਕੋਈ ਖੁਸ਼ ਫਹਿਮੀ ਨਾ ਪਾਲ ਬੈਠਿਉ, ਇਹ ਮੈਲੋਨੀ ਦੇ ਸਵਾਗਤ ਦਾ ਅੰਦਾਜ ਹੈ। ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਵੀ ਆਪਣੀ ਮੁਲਾਕਾਤ ਸਮੇ ਉਸਨੂੰ ਮੀਡੀਆ ਸਾਹਮਣੇ ‘ਕਿੱਸ’ ਕੀਤਾ ਸੀ; ਡੋਨਾਲਡ ਟਰੰਪ ਨੇ ਵੀ ਉਸਨੂੰ ਮੀਡੀਆ ਸਾਹਮਣੇ ਬਿਊਟੀਫੁੱਲ ਕਿਹਾ ਸੀ ਅਤੇ ਇੱਕ ਰਾਸ਼ਟਰ ਮੁਖੀ ਨੇ ਤਾਂ ਗੋਡਿਆਂ ਪਰਨੇ ਹੋਕੇ ਵੀ ਜਾਰਜੀਆ ਮੈਲੋਨੀ ਦਾ ਸਵਾਗਤ ਕੀਤਾ ਸੀ। ਸੋ ਮੁੰਗੇਰੀ ਲਾਲ ਦੇ ਹੁਸੀਨ ਸੁਪਨਿਆਂ ਦੀ ਦੁਨੀਆ ਚੋਂ ਨਿਕਲੋ। ਜਾਰਜੀਆ ਮੈਲੋਨੀ ਦੁਨੀਆਂ ਮੀਡੀਆ ਤੇ ਛਾਈ ਹੋਈ ਹੈ। ਕੋਈ ਉਸਨੂੰ ਵਿਵਾਦਿਤ ਸ਼ਖਸੀਅਤ ਕਹਿੰਦਾ ਹੈ, ਕੋਈ ਉਸਦੀ ਵਡਿਆਈ ਕਰਦਾ ਹੈ। ਕੁੱਝ ਵੀ ਹੋਵੇ, ਦੁਨੀਆਂ ਦੇ ਮੀਡੀਆ ਦੀ ਟੀ.ਆਰ.ਪੀ. ਮੈਲੋਨੀ ਦੀ ਕਵਰੇਜ ਨਾਲ ਵਧਦੀ ਹੈ।
ਆਓ ਜਾਣੀਏਂ ਮੈਲੋਨੀ ਕੀ ਹੈ ? ਮੈਲੋਨੀ ਜਿਸਨੇ ਡੋਨਾਲਡ ਟਰੰਪ ਨੂੰ ਅਤੇ ਨੇਤਨਯਾਹੂ ਨੂੰ ਖਰੀ ਖਰੀ ਸੁਣਾਉਣ ਦਾ ਹੌਂਸਲਾ ਕੀਤਾ ਹੈ, ਉਸਦੀ ਪੈਦਾਇਸ਼ ਐਕਸੀਡੈਂਟਲ ਹੈ। ਜਦੋਂ ਉਹ ਆਪਣੀ ਮਾਂ ਦੇ ਗਰਭ ਚ ਸੀ ਤਾਂ ਉਸਦੀ ਮਾਂ ਐਨਾ ਪਾਲਕੋਨੇ ਇਸਨੂੰ ਜਨਮ ਨਹੀਂ ਦੇਣਾ ਚਾਹੁੰਦੀ ਸੀ; ਉਹ ਡਾਕਟਰ ਪਾਸ ਗਰਭਪਾਤ ਕਰਵਾਉਣ ਲਈ ਚਲੀ ਗਈ ਪਰ ਆਖਰੀ ਮੌਕੇ ਉਸਦਾ ਇਰਾਦਾ ਬਦਲ ਗਿਆ ਅਤੇ ਜਾਰਜੀਆ ਦਾ ਜਨਮ ਹੋ ਗਿਆ। ਜਾਰਜੀਆ ਮੈਲੋਨੀ ਆਪਣੀ ਮਾਂ ਦਾ ਇਸ ਗੱਲੋਂ ਧੰਨਵਾਦ ਕਰਦੀ ਹੈ ਕਿ ਉਸਨੇ ਜਨਮ ਦੇ ਕੇ ਜਾਰਜੀਆ ਮੈਲੋਨੀ ਨੂੰ ਦੁਨੀਆਂ ਦਿਖਾਈ। ਜਦ ਮੈਲੋਨੀ ਇੱਕ ਸਾਲ ਦੀ ਸੀ ਤਾਂ ਉਸਦਾ ਪਿਤਾ ਫਰਾਂਸਿਸਕੋ ਇਹਨਾਂ ਮਾਂ- ਧੀ ਨੂੰ ਬੇਸਹਾਰਾ ਛੱਡ ਕੇ ਚਲਾ ਗਿਆ। ਬਾਦ ਵਿੱਚ ਫਰਾਂਸਿਸਕੋ ਨੂੰ ਡਰੱਗ ਤਸਕਰੀ ਚ ਨੌਂ ਸਾਲ ਦੀ ਸਜਾ ਹੋਈ। 2012 ਚ ਉਸਦੀ ਮੌਤ ਹੋ ਗਈ। ਜਾਰਜੀਆ ਦੀ ਮਾਂ ਐਨਾ ਪਾਲਕੋਨੇ ਨੇ ਹੌਂਸਲਾ ਨਹੀਂ ਛੱਡਿਆ। ਐਨਾ ਪਾਲਕੋਨੇ ਨੇ ਪਰਵਾਹ ਨਹੀਂ ਕੀਤੀ। ਉਹ ( ਐਨਾ ਪਾਲਕੋਨੇ)ਬਾਅਦ ਵਿੱਚ ਇੱਕ ਰੋਮਾਂਟਿਕ ਨਾਵਲਕਾਰ ਵਜੋਂ ਜਾਣੀ ਗਈ। ਜਾਰਜੀਆ ਦੇ ਬਚਪਨ ਚ ਉਹਨਾ ਦੇ ਘਰ ਨੂੰ ਜਬਰਦਸਤੀ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਜਾਰਜੀਆ ਤੇ ਉਸਦੀ ਵੱਡੀ ਭੈਣ ਇਰਿਆਨਾ ਦੀ ਬੱਚਿਆਂ ਵਾਲੀ ਨਾਂ ਸਮਝੀ ਸੀ। ਉਹਨਾਂ ਕਮਰੇ ਚ ਮੋਮਬੱਤੀਆਂ ਜਗਾ ਕੇ ਕੱਪੜਿਆ ਨਾਲ ਉਹਨਾ ਨੂੰ ਢਕ ਦਿੱਤਾ ਅਤੇ ਹਾਦਸਾ ਵਾਪਰ ਗਿਆ। ਪਰਿਵਾਰ ਤੇ ਦੂਜੀ ਵਾਰ ਦੁੱਖ ਦਾ ਪਹਾੜ ਟੁੱਟ ਪਿਆ। ਉਹਨਾਂ ਨੂੰ ਆਪਣੇ ਨਾਨਾ-ਨਾਨੀ ਦੇ ਘਰ ਫਰਸ਼ ਤੇ ਗੱਦੇ ਵਿਛਾ ਕੇ ਪੈਣਾ ਪੈਂਦਾ ਸੀ। ਜਾਰਜੀਆ ਦੀ ਕਿਤਾਬ, ‘ ਆਈ ਐਮ ਜਾਰਜੀਆ- ਮਾਈ ਰੂਟਸ ,ਮਾਈ….” ਵਿੱਚ ਜਾਰਜੀਆ ਦੱਸਦੀ ਹੈ ਕਿ ਉਸਨੇ ਬਚਪਨ ਵਿੱਚ ਸੀ.ਡੀਜ ਵੀ ਵੇਚੀਆਂ; ਨੈਨੀ ਦੇ ਤੌਰ ਤੇ ਬੱਚਿਆਂ ਦੀ ਦੇਖਭਾਲ ਨਾਲ ਕੁੱਝ ਪੈਸੇ ਕਮਾਏ। ਉਸ ਨੇ ਰੋਮ ਦੇ ਪਾਈਪਰ ਕਲੱਬ ਵਿੱਚ ਬਾਰ- ਟੈਂਡਰ ( ਸ਼ਰਾਬ ਵਰਤਾਉਣ ਵਾਲੀ) ਦਾ ਕੰਮ (ਉਹੀ ਕੰਮ ਜਿਸ ਬਾਰੇ ਕੱਛਾ ਧਾਰੀ/ ਅੰਧਭਗਤ ਸੋਨੀਆਂ ਗਾਂਧੀ ਤੇ ਤਨਜ ਕਸਦੇ ਹਨ) ਕੀਤਾ। 2013 ਵਿੱਚ ਮੈਲੋਨੀ ਨੇ ਕਿਹਾ ਸੀ, ਕਿ ਉਸਨੇ ਬਾਰ ਟੈਂਡਰ ਦੇ ਤੌਰ ਤੇ ਕੰਮ ਕਰਕੇ ਬੜਾ ਕੁੱਝ ਸਿਖਿਆ ਹੈ।ਦਿਨ ਵੇਲੇ ਨੈਨੀ ਦਾ ਕੰਮ ਕਰਕੇ ਤੇ ਰਾਤ ਵੇਲੇ ਬਾਰ ਟੈਂਡਰ ਦਾ ਕੰਮ ਕਰਕੇ ਉਸਨੇ ਪੈਸੇ ਕਮਾਏ। ਬਿਨਾ ਕਿਸੇ ਗਾਡ ਫਾਦਰ ਦੇ ਉਸਨੇ ਧਰਤੀ ਨਾਲ ਜੁੜ ਕੇ ਲੋਕਾਂ ਦੀ ਨਬਜ ਪਛਾਣੀ।15 ਸਾਲ ਦੀ ਉਮਰ ਵਿੱਚ ਉਸਨੇ ਰਾਜਨੀਤੀ ਚ ਕਦਮ ਰੱਖਿਆ। ਪਹਿਲਾਂ ਪਹਿਲਾਂ ਉਹ ਸੱਜੇ ਪੱਖੀ ਕੱਟੜ ਵਿਚਾਰਾਂ ਵਾਲੀ ਨੇਤਾ ਵਜੋਂ ਪਛਾਣੀ ਜਾਂਦੀ ਸੀ, ਤਜਰਬੇ ਵਿੱਚੋਂ ਲੰਘ ਕੇ ਉਹ ਮੁੱਖ ਧਾਰਾ ਨਾਲ ਜੁੜੀ। 31 ਸਾਲ ਦੀ ਉਮਰ ਚ ਉਹ ਇਟਲੀ ਦੀ ਸਭ ਤੋਂ ਘੱਟ ਉਮਰ ਵਾਲੀ ਮੰਤਰੀ ਬਣੀ। 2014 ਚ ਇੱਕ ਸ਼ੋਅ ਦੌਰਾਨ ਉਸਨੇ ਸਟੇਜ ਤੇ ਕੇਲਾ ਖਾ ਕੇ ਉਸਦਾ ਛਿਲਕਾ ਗਲਤ ਫਹਿਮੀ ਨਾਲ ਇੱਕ ਨੌਜਵਾਨ ਨੂੰ ਫੜਾ ਦਿੱਤਾ । ਇਹ ਨੌਜਵਾਨ ਆਂਦਰੇ ਸੀ, ਜਿਸ ਨਾਲ ਬਾਦ ਚ ਉਸਦੀ ਕਰੀਬੀ ਵਧੀ; ਉਹ ਲਿਵ-ਇਨ ਵਿੱਚ ਰਹੀ। ਉਸਨੇ 2016 ਵਿੱਚ ਇੱਕ ਬੱਚੀ ਜੈਨੇਵਰਾ ਨੂੰ ਜਨਮ ਦਿੱਤਾ। 2023 ਵਿੱਚ ਮੈਲੋਨੀ ਨੇ ਆਂਦਰੇ ਨਾਲ ਰਿਸ਼ਤਾ ਖਤਮ ਕਰਨ ਦਾ ਐਲਾਨ ਕਰਦੇ ਆਂਦਰੇ ਦੀ ਸ਼ੁਕਰ ਗੁਜਾਰ ਹੋਣ ਦੀ ਗੱਲ ਕਹੀ ਜਿਸਨੇ ਉਸ ਨਾਲ ਸ਼ਾਨਦਾਰ ਦਸ ਸਾਲ ਬਿਤਾਏ ਅਤੇ ਬੇਟੀ ਜੈਨੇਵਰਾ ਨੇ ਮੈਲੋਨੀ ਦੀ ਕੁੱਖ ਤੋਂ ਜਨਮ ਲਿਆ। ਪਹਿਲਾਂ ਪਹਿਲਾਂ ਮੈਲੋਨੀ ਨੇ ਸਵਰਗੀ ਜਰਮਨ ਡਿਕਟੇਟਰ ਮੁਸੋਲੀਨੀ ਦੀ ਨੀਤੀ ਦੀ ਤਰਜ ਤੇ ਪਹਿਲਾਂ ਬਣਾਈ ਪਾਰਟੀ ਛੱਡ ਕੇ 2013 ਚ ਉਸਨੇ ‘ਬਰਦਰਜ ਆਫ ਇਟਲੀ’ ਪਾਰਟੀ ਬਣਾਈ ਉਸ ਦੀ ਪਾਰਟੀ ਨੂੰ 3% ਵੋਟ ਮਿਲੇ। 2018 ਵਿੱਚ ਪਾਰਟੀ ਨੂੰ 4% ਵੋਟਾਂ ਮਿਲੀਆਂ ਅਤੇ 2022 ਚ ਉਸਦੀ ਪਾਰਟੀ ਨੂੰ 26% ਵੋਟ ਮਿਲੇ। ਉਹ ਇਟਲੀ ਦੀ ਪ੍ਰਧਾਨ ਮੰਤਰੀ ਬਣੀ। ਪਾਰਟੀ ਸੱਜੇ ਪੱਖੀ ਹੈ,ਬੀਜੇਪੀ ਵਾਂਗ; ਯੂ.ਐੱਸ ਦੇ ਟਰੰਪ ਦੀ ਰਿਪਬਲਿਕਨ ਪਾਰਟੀ ਵਾਂਗ, ਨੇਤਨਯਾਹੂ ਦੀ ਪਾਰਟੀ ਵਾਂਗ। ਪਰ ਇਸ ਚ ਇਨਸਾਨੀਅਤ ਹੈ। ਡੋਨਾਲਡ ਟਰੰਪ ਦਾ ਵੀ ਡਰ ਨਹੀਂ। ਸੱਚੀ ਗੱਲ ਮੂੰਹ ਤੇ ਮਾਰਦੀ ਹੈ ਜਦੋਂ ਉਹ ਡੋਨਾਲਡ ਟਰੰਪ ਅਤੇ ਨੇਤਨਯਾਹੂ ਦੇ ਈਰਾਨ ਤੇ ਹਮਲੇ ਦਾ ਵਿਰੋਧ ਕਰਦੀ ਹੈ ਅਤੇ ਜਦੋਂ ਉਹ ਕਹਿੰਦੀ ਹੈ,” ਮੈਂ ਵੀ ਇੱਕ ਮਾਂ ਹਾਂ, ਗਾਜਾ ਵਿੱਚ ਅਤੇ ਲਿਬਨਾਨ ਵਿੱਚ ਨੇਤਨਯਾਹੂ ਦੇ ਨਰਸੰਹਾਰ ਬਿਲਕੁਲ ਠੀਕ ਨਹੀਂ; ਮੈਂ ਇਸਦੀ ਨਿੰਦਾ ਕਰਦੀ ਹਾਂ।” ਜਾਰਜੀਆ ਮੈਲੋਨੀ ਦਾ ਕੱਦ ਛੋਟਾ ਹੈ, ਸ਼ਖਸੀਅਤ ਵੱਡੀ ਹੈ; ਰੀੜ੍ਹ ਦੀ ਹੱਡੀ ਉਸ ਵਿੱਚ ਹੈ; ਟਰੰਪ ਤੇ ਨੇਤਨਯਾਹੂ ਵਰਗੇ ਲੋਕ ਉਸ ਨਾਲ ਅੱਖ ਚ ਅੱਖ ਪਾ ਕੇ ਗੱਲ ਨਹੀਂ ਕਰ ਸਕਦੇ। ਡੰਕੇ ਦੀ ਚੋਟ ਤੇ ਖਰੀ ਗੱਲ ਸੁਣਾ ਦਿੰਦੀ ਹੈ।
ਮਾਈ ਫਰੈਂਡ (ਜਾਰਜੀਆ ਮੈਲੋਨੀ) ਨੂੰ ਭਾਵੇਂ ਨਰਿੰਦਰ ਮੋਦੀ ਦੋ ਵਾਰ ਮਿਲ ਆਇਆ ਪਰ ਉਸ ਵਿੱਚ ਗੁਰਦਾ ਨਹੀਂ ਕਿ ਡੋਨਾਲਡ ਟਰੰਪ ਨੂੰ ਜਾਂ ਨੇਤਨਯਾਹੂ ਨੂੰ ਕੁੱਝ ਕਹਿ ਸਕੇ।
(ਨਾਮਦੇਵ ਸਿੰਘ ਸਿੱਧੂ
ਰਿਟ. ਤਹਿਸੀਲਦਾਰ
(ਮੋਬ.919646700682)
