ਰੀਜਾਇਨਾ ਵਿਖੇ ਬਾਬਿਆਂ ਦੀਆਂ ਦੌੜਾਂ ਮੌਕੇ ਹਰਾਜ ਵਾਲਾ ਸੁਖਦੇਵ ਬਰਾੜ ਬਾਜ਼ੀ ਮਾਰ ਗਿਆ


ਰੀਜਾਈਨਾ (ਪੰਜਾਬੀ ਅਖ਼ਬਾਰ ਬਿਉਰੋ) ਕੈਨੇਡਾ ਦੀ ਸਟੇਟ ਸਸਕੈਚਵਨ ਦੀ ਰਾਜਧਾਨੀ ਰੀਜਾਇਨਾ ਵਿਖੇ ਮੈਰਾਥਨ ਦੌੜਾਂ ਵਿੱਚ ਪੰਜਾਬੀ ਭਾਈਚਾਰੇ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਪਿਛਲੇ ਸਾਲ ਰੀਜਾਈਨਾ ਦੇ ਕੁਈਨ ਸਿਟੀ ਗਰਾਊਂਡ ਵਿਖੇ ਹੋਈਆਂ ਮੈਰਾਥਨ ਦੌੜਾਂ ਵਿੱਚ ਰੀਜਾਇਨਾ ਦੀ ਰਾਜਨੀਤਕ ਸ਼ਖਸੀਅਤ ਅਤੇ ਆਉਣ ਵਾਲੀਆਂ ਸੂਬਾਈ ਚੋਣਾਂ ਮੌਕੇ ਐਮ ਐਲ ਏ ਦੀ ਚੋਣ ਲੜ੍ਹ ਰਹੇ ਸਰਦਾਰ ਭਜਨ ਸਿੰਘ ਬਰਾੜ ਨੇ 72 ਸਾਲ ਦੀ ਉਮਰ ਵਿੱਚ 21।1 ਕਿਲੋਮੀਟਰ ਇਹ ਦੌੜ ਪੂਰੀ ਕੀਤੀ ਸੀ,ਜਿਸ ਤੋਂ ਉਤਸ਼ਾਹਿਤ ਹੋ ਕੇ ਪੰਜਾਬੀ ਭਾਈਚਾਰੇ ਦੇ ਹੋਰ ਵਿਅਕਤੀਆਂ ਨੇ ਪੂਰੇ ਜੋਸ਼ੋ- ਖਰੋਸ਼ ਨਾਲ ਹਿੱਸਾ ਲਿਆ,ਜਿਸ ਵਿੱਚ ਲੈਕਚਰਾਰ ਸੁਖਦੇਵ ਸਿੰਘ ਬਰਾੜ (ਹਰਾਜ ਵਾਲੇ),ਜੁਗਿੰਦਰ ਸਿੰਘ ਮਾਨ,ਜਸਬੀਰ ਸਿੰਘ, ਭਜਨ ਬਰਾੜ ਅਤੇ ਕਿਰਨਦੀਪ ਕੌਰ ਸ਼ਾਮਲ ਹੋਏ।

ਇਸ ਮੈਰਾਥਨ ਦੌੜ ਵਿੱਚ ਲੈਕਚਰਾਰ ਸੁਖਦੇਵ ਸਿੰਘ ਬਰਾੜ ਨੇ ਪਹਿਲਾ ਸਥਾਨ ‘ਤੇ ਆ ਕੇ ਰਿਕਾਰਡ ਬਣਾਇਆ। ਇਸ ਤਰ੍ਹਾਂ ਉਹਨਾਂ ਨੇ ਪਿਛਲੇ ਸਾਲ ਦਾ ਆਪਣਾ ਵਾਅਦਾ ਨਿਭਾ ਕੇ ਰਿਕਾਰਡ ਬਣਾਇਆ ਤੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕੀਤਾ। ਪੰਜਾਬੀ ਭਾਈਚਾਰੇ ਵਿੱਚੋਂ ਹੁਣੇ ਹੁਣੇ ਪੀ ਆਰ ਹੋਈ ਇਕਲੌਤੀ ਲੜਕੀ ਕਿਰਨਦੀਪ ਕੌਰ(25 ਸਾਲ) ਨੇ 21।1 ਕਿਲੋਮੀਟਰ ਦੀ ਦੌੜ ਦੀ ਦੂਰੀ ਤਹਿ ਕੀਤੀ। ਇਹਨਾਂ ਤੋਂ ਇਲਾਵਾ ਜਸਬੀਰ ਸਿੰਘ (58 ਸਾਲ) ਜੁਗਿੰਦਰ ਸਿੰਘ ਮਾਨ (72 ਸਾਲ) ਨੇ 21।1 ਕਿਲੋਮੀਟਰ ਦੀ ਮੈਰਾਥਨ ਦੌੜ ਵਿੱਚ ਹਿੱਸਾ ਲਿਆ। ਭਜਨ ਬਰਾੜ ਤੇ ਬੀਬੀ ਅੰਮ੍ਰਿਤ ਜੁਟਲਾ ਨੇ ਵੀ 10 ਕਿਲੋਮੀਟਰ ਦੀ ਇਸ ਰੇਸ ਵਿੱਚ ਆਪਣਾ ਯੋਗਦਾਨ ਪਾਇਆ।
ਪੰਜਾਬੀ ਭਾਈਚਾਰੇ ਦੇ ਕਈ ਸੱਜਣ-ਮਿੱਤਰ ਤਾਲ-ਮੇਲ ਦੀ ਘਾਟ ਕਾਰਨ ਇਸ ਮੈਰਾਥਨ ਦੌੜ ਵਿੱਚ ਸ਼ਾਮਲ ਨਹੀਂ ਹੋ ਸਕੇ। ਭਜਨ ਬਰਾੜ ਵੱਲੋਂ ਮੈਰਾਥਨ ਦੌੜ ਦੀ ਲਾਈ ਹੋਈ ਇਸ ਜਾਗ ਦਾ ਅਸਰ ਭਵਿੱਖ ਵਿੱਚ ਹੋਰ ਵੀ ਨਿਖਰੇਗਾ।

Exit mobile version