ਰੂਸ ਦੀ ਰਾਜਧਾਨੀ ਮਾਸਕੋ ਵਿੱਚ ਅੱਤਵਾਦੀ ਹਮਲਾ- 40 ਲੋਕਾਂ ਦੀ ਮੌਤ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਰੂਸ ਦੀ ਰਾਜਧਾਨੀ ਮਾਸਕੋ ਵਿੱਚ 22 ਮਾਰਚ ਦੀ ਸ਼ਾਮ ਨੂੰ ਇੱਕ ਅੱਤਵਾਦੀ ਹਮਲਾ ਹੋਇਆ। ਫੌਜੀ ਵਰਦੀਆਂ ਪਹਿਨੇ ਪੰਜ ਲੋਕ ਕ੍ਰਾਸਨੋਗੋਰਸਕ ਖੇਤਰ ਵਿੱਚ ਕ੍ਰੋਕਸ ਸਿਟੀ ਹਾਲ ਵਿੱਚ ਦਾਖਲ ਹੋਏ। ਉਨ੍ਹਾਂ ਨੇ ਹਾਲ ‘ਚ ਮੌਜੂਦ ਸੈਂਕੜੇ ਲੋਕਾਂ ‘ਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਰੂਸੀ ਸਮਾਚਾਰ ਏਜੰਸੀ 112 ਮੁਤਾਬਕ ਇਸ ਘਟਨਾ ਵਿਚ 40 ਲੋਕਾਂ ਦੀ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀਂ ਹੋਏ ਹਨ । ਇਸ ਘਟਨਾ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਅੱਤਵਾਦੀ ਲੋਕਾਂ ਨੂੰ ਗੋਲੀ ਮਾਰ ਰਹੇ ਹਨ। ਘਬਰਾਏ ਹੋਏ ਲੋਕ ਆਪਣੀ ਜਾਨ ਬਚਾਉਣ ਲਈ ਲੁਕੇ ਹੋਏ ਹਨ। ਗੋਲੀਬਾਰੀ ਤੋਂ ਬਾਅਦ ਹਮਲਾਵਰਾਂ ਨੇ ਹਾਲ ‘ਚ ਵਿਸਫੋਟਕ ਨਾਲ ਧਮਾਕਾ ਕਰ ਦਿੱਤਾ, ਜਿਸ ਨਾਲ ਹਾਲ ‘ਚ ਅੱਗ ਲੱਗ ਗਈ। ਆਪਣੀ ਜਾਨ ਬਚਾਉਣ ਲਈ ਲੋਕ ਹਾਲ ਦੇ ਬੇਸਮੈਂਟ ਵਿੱਚ ਲੁਕ ਗਏ। ਐਮਰਜੈਂਸੀ ਸੇਵਾਵਾਂ ਨੇ ਉੱਥੋਂ 100 ਤੋਂ ਵੱਧ ਲੋਕਾਂ ਨੂੰ ਬਚਾਇਆ ਹੈ। ਹਮਲਾਵਰਾਂ ਵਿੱਚ ਪੰਜ ਵਿਅਕਤੀ ਦੱਸੇ ਜਾ ਰਹੇ ਹਨ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੂਸੀ ਵਿਸ਼ੇਸ਼ ਬਲ ਹਾਲ ਵਿੱਚ ਦਾਖਲ ਹੋ ਗਏ ਹਨ। ਆਖ਼ਰੀ ਖ਼ਬਰਾਂ ਮਿਲਣ ਤੱਕ ਕਿਸੇ ਅੱਤਵਾਦੀ ਦੇ ਫੜੇ ਜਾਣ ਜਾਂ ਮਾਰੇ ਜਾਣ ਦੀ ਕੋਈ ਸੂਚਨਾ ਨਹੀਂ ਮਿਲੀ ।

Exit mobile version