
ਵਿਕਾਸ ਦੇ ਨਗਾੜੇ ਵੱਜਦੇ ਨੇ,
ਅਖ਼ਬਾਰਾਂ ਚੋਂ ਫੁੱਲ ਵਰ੍ਹਦੇ ਨੇ,
ਪਰ ਸਾਡੇ ਚੁੱਲ੍ਹੇ ਦੀ ਰਾਖ ਪੁੱਛਦੀ—
“ਰੋਟੀ ਦੇ ਦਿਨ ਕਿੱਥੇ ਮਰਦੇ ਨੇ?”
ਤਾਲੀ ਵਜਾ ਕੇ ਗੀਤ ਗਾਈਏ,
ਭੁੱਖ ਦੇ ਮੇਲੇ ਚ ਖੁਸ਼ੀ ਮਨਾਈਏ,
ਜਿਸ ਘਰ ਚ ਧੂੰਆਂ ਵੀ ਨਾ ਉੱਠਦਾ,
ਉਥੇ ਵਿਕਾਸ ਦੇ ਦੀਵੇ ਬਾਲੀਏ।
ਰਸੋਈ ਅੰਦਰ ਸੁੰਨ ਫੈਲਿਆ ਪਿਆਰੇ,
ਡੱਬੇ ਸਾਰੇ ਖਾਲੀ ਨੇ,
ਚੂਹੇ ਵੀ ਮੂੰਹ ਲਟਕਾ ਬੋਲੇ—
“ਇੱਥੇ ਤਾਂ ਹਾਲਤ ਜਾਅਲੀ ਨੇ!”
ਚਾਹ ਪੱਤੀ ਦੀ ਖੁਸ਼ਬੂ ਗੁੰਮ ਏ,
ਦਾਲ਼ ਹੋਈ ਹੁਣ ਸੁਪਨਾ ਏ,
ਪਿਆਜ਼ ਦੇ ਭਾਅ ਸੁਣ ਕੇ ਲੱਗਦਾ
ਜਿਵੇਂ ਸੋਨਾ ਤੋਲਣਾ ਆਪਣਾ ਏ।
ਸਿਲੈਂਡਰ ਵੇਖ ਹਾਸਾ ਆਇਆ,
ਭਾਅ ਸੁਣ ਕੇ ਦਿਲ ਰੋ ਪਿਆ,
ਚੁੱਲ੍ਹੇ ਵਿੱਚ ਪਾਥੀਆਂ ਸੜਦੀਆਂ,
ਧੂੰਏਂ ਨੇ ਅੰਬਰ ਛੋਹ ਲਿਆ।
ਪੰਪ ਤੇ ਜਾ ਕੇ ਤੇਲ ਪੁੱਛਿਆ,
ਮੀਟਰ ਹੱਸ ਕੇ ਕਹਿੰਦਾ ਸੀ—
“ਟੈਂਕੀ ਨਹੀਂ, ਜੇਬ ਭਰ ਲਿਆਓ,
ਫਿਰ ਸੁਪਨਾ ਪੂਰਾ ਹੁੰਦਾ ਜੀ।”
ਕੰਮ-ਧੰਦੇ ਸਾਰੇ ਸੁੱਕ ਗਏ,
ਮਜ਼ਦੂਰੀ ਵੀ ਅੱਧੀ ਹੋਈ,
ਸਵੇਰੇ ਉਮੀਦਾਂ ਲੈ ਨਿਕਲੇ,
ਸ਼ਾਮੀਂ ਖਾਲੀ ਝੋਲੀ ਹੋਈ।
ਕਰਜ਼ੇ ਵਾਲੇ ਦਰ ਤੇ ਆਏ,
ਚਿਹਰਿਆਂ ਉੱਤੇ ਕਾਨੂੰਨ ਲਿਖੇ,
ਪਤੀਲੇ, ਥਾਲੀਆਂ ਚੁੱਕ ਲੈ ਗਏ,
ਅਸੀਂ ਹੱਸਦੇ ਰਹੇ, ਪਰ ਅੰਦਰ ਦੰਦ ਪਿਸੇ।
ਘਰਵਾਲੀ ਨੇ ਬੱਚੇ ਚੁੱਕੇ,
ਅੱਖਾਂ ਚ ਹੰਝੂ, ਬੋਲਾਂ ਤੇ ਚੁੱਪ,
ਕਹਿੰਦੀ— “ਜਦ ਰੋਟੀ ਆ ਜਾਵੇ,
ਫਿਰ ਲੈ ਜਾਈਂ ਸਾਨੂੰ ਮੁੜ।”
ਬੱਚਾ ਪੁੱਛੇ ਰਾਤੀਂ ਉੱਠ ਕੇ—
“ਪਾਪਾ, ਵਿਕਾਸ ਕਿੱਥੇ ਰਹਿੰਦਾ?”
ਮੈਂ ਚੁੱਪ ਹੋ ਕੇ ਸੋਚਾਂ ਅੰਦਰ—
“ਸ਼ਾਇਦ ਟੀਵੀ ਉੱਤੇ ਹੀ ਬਹਿੰਦਾ।”
ਬਾਜ਼ਾਰਾਂ ਚ ਰੌਸ਼ਨੀਆਂ ਨੇ,
ਪਰ ਘਰ ਅੰਦਰ ਹਨੇਰਾ ਏ,
ਇੱਕ ਪਾਸੇ ਜਸ਼ਨ ਮਨਾਇਆ ਜਾਂਦਾ,
ਦੂਜੇ ਪਾਸੇ ਪਸਰਿਆ ਹਨੇਰਾ ਏ।
ਮਹਿੰਗਾਈ ਐਵੇਂ ਚੜ੍ਹ ਬੈਠੀ
ਜਿਵੇਂ ਰਾਜ ਸਿੰਘਾਸਨ ਤੇ,
ਲੋਕਤੰਤਰ ਦੀ ਰੋਟੀ ਸੜਦੀ
ਵੋਟਾਂ ਦੇ ਚੁੱਲ੍ਹਿਆਂ ਅੰਦਰ ਏ।
ਫਿਰ ਵੀ ਅਸੀਂ ਹੱਸ ਲੈਂਦੇ ਹਾਂ,
ਇਹ ਵੀ ਸਾਡੀ ਮਜਬੂਰੀ ਏ,
ਰੋਣਾ ਜੇ ਖੁੱਲ੍ਹ ਕੇ ਸ਼ੁਰੂ ਕਰੀਏ,
ਅੱਖਾਂ ਚੋਂ ਦਰਿਆ ਵਹਿ ਜਾਣੇ ਨੇ।
ਆਓ ਫਿਰ ਤਾਲੀ ਵਜਾਈਏ,
ਵਿਕਾਸ ਦੇ ਗੀਤ ਸੁਣਾਈਏ,
ਭੁੱਖ ਦੇ ਕੰਬਦੇ ਬੁੱਲ੍ਹਾਂ ਉੱਤੇ
ਨਕਲੀ ਹਾਸੇ ਦੀ ਲਾਲੀ ਲਾਈਏ।
ਕਿਉਂਕਿ ਇਸ ਦੇਸ਼ ਵਿੱਚ ਅਕਸਰ ਹੀ
ਸੱਚ ਨੂੰ ਚੁੱਪ ਕਰਾਇਆ ਜਾਂਦਾ ਏ,
ਅਤੇ ਕੰਗਾਲੀ ਦੇ ਰੋਣ ਉੱਤੇ
“ਵਿਕਾਸ” ਦਾ ਢੋਲ ਵਜਾਇਆ ਜਾਂਦਾ ਏ।
ਕਵੀ: ਗੁਰਪ੍ਰੀਤ ਸਿੰਘ ਬਿਲਿੰਗ
ਮੋਬਾਇਲ: 75086-98066
ਈਮੇਲ: gurpreetnews@gmail.com
