ਵਿਸ਼ਵ ਨੂੰ ਵਾਤਾਵਰਨ ਦੀ ਸੰਭਾਲ ਤੇ ਕਿਤਾਬਾਂ ਨਾਲ ਜੁੜਨ ਦਾ ਹੋਕਾ ਦੇਵੇਗਾ ਅਰਮਾਨ ਸਿੰਘ

ਸੋਮਾਲੀਆ (ਅਫ਼ਰੀਕਾ ਮਹਾਂਦੀਪ) ਤੋਂ 12 ਅਗਸਤ ਨੂੰ ਕੀਤੀ ਸ਼ੁਰੂਆਤ

ਸੁਨਾਮ ਊਧਮ ਸਿੰਘ ਵਾਲਾ (ਰੁਪਿੰਦਰ ਸਿੰਘ ਸੱਗੂ): ਵਾਤਾਵਰਨ ਦੀ ਸੰਭਾਲ ਅਤੇ ਨੌਜਵਾਨ ਪੀੜ੍ਹੀ ਨੂੰ ਕਿਤਾਬਾਂ ਨਾਲ ਜੋੜਨ ਦਾ ਸੁਨੇਹਾ ਲੈ ਕੇ ਅਰਮਾਨ ਸਿੰਘ ਨੇ ਇੱਕ ਵਿਲੱਖਣ ਵਿਸ਼ਵ ਪੱਧਰੀ ਯਾਤਰਾ ਦੀ ਸ਼ੁਰੂਆਤ ਕੀਤੀ ਹੈ।ਅਰਮਾਨ ਸਿੰਘ ਦਾ ਉਦੇਸ਼ ਦੁਨੀਆ ਦੇ ਵੱਧ ਤੋਂ ਵੱਧ ਦੇਸ਼ਾਂ ਵਿੱਚ ਜਾ ਕੇ ਲੋਕਾਂ ਨੂੰ ਕੁਦਰਤ ਨਾਲ ਪਿਆਰ ਕਰਨ,ਵਾਤਾਵਰਨ ਨੂੰ ਬਚਾਉਣ ਅਤੇ ਕਿਤਾਬਾਂ ਪੜ੍ਹਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ।

ਅਰਮਾਨ ਸਿੰਘ ਸਾਰੋ


ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੀ ਜਨਮ ਨਗਰੀ ਚੀਮਾ ਮੰਡੀ ਤੋਂ ਖੇਤੀਬਾੜੀ ਔਜ਼ਾਰ ਬਣਾਉਣ ਦੀ ਸ਼ੁਰੂਆਤ ਕਰਨ ਵਾਲੇ ਜਗਤਜੀਤ ਗਰੁੱਪ ਚੀਮਾ ਮੰਡੀ ਦੇ ਚੇਅਰਮੈਨ ਸ੍ਰ. ਧਰਮ ਸਿੰਘ ਸਾਰੋ ਦੇ ਪੋਤਰੇ ਅਤੇ ਐਮਡੀ ਜਗਤਜੀਤ ਸਿੰਘ ਸਾਰੋ ਦੇ ਛੋਟੇ ਪੁੱਤਰ (ਜਿਸ ਦਾ ਜਨਮ ਤੇ ਪਾਲਣ ਪੋਸ਼ਣ ਲੁਧਿਆਣਾ ਵਿਖ਼ੇ ਹੋਇਆ ਹੈ) ਅਰਮਾਨ ਸਿੰਘ ਨੇ ਵਿਸ਼ਵ ਪੱਧਰ ਦੀ ਇਸ ਯਾਤਰਾ ਵਿੱਚ ਅਫਰੀਕਾ ਮਹਾਂਦੀਪ ਦੇ 54,ਯੂਰਪ ਦੇ 44,ਏਸ਼ੀਆ ਦੇ 52,ਉਤਰੀ ਅਮਰੀਕਾ ਦੇ 23, ਆਸਟਰੇਲੀਆ ਦੇ 14 ਤੇ ਦੱਖਣੀ ਅਮਰੀਕਾ ਦੇ 12 ਦੇਸ਼ਾਂ ਵਿੱਚ ਜਾ ਕੇ ਵਾਤਾਵਰਨ ਅਤੇ ਪੜ੍ਹਨ ਦੀ ਰੁਚੀ ਵਧਾਉਣ ਦਾ ਹੋਕਾ ਦੇਣਾ ਹੈ। ਇਸ ਮੌਕੇ ਤੇ ਜਗਤਜੀਤ ਸਿੰਘ ਸਾਰੋ  ਨੇ ਦੱਸਿਆ ਕਿ ਉਹਨਾਂ ਵੱਲੋਂ ਇਹ ਸ਼ੁਰੂਆਤ 12 ਅਗਸਤ 2026 ਨੂੰ ਸੋਮਾਲੀਆ (ਅਫਰੀਕਾ ਮਹਾਦੀਪ) ਤੋਂ ਕਰ ਦਿੱਤੀ ਗਈ ਹੈ ਜਿਸ ਵਿੱਚ ਹਰ ਦੇਸ਼ ਚ 5 ਪੌਦੇ ਲਗਾਉਣੇ ਤੇ 50 ਕਿਤਾਬਾਂ ਉਥੋਂ ਦੀ ਲਾਇਬਰੇਰੀ ਨੂੰ ਭੇਂਟ ਕਰਨੀਆਂ ਹਨ।ਉਹਨਾ ਦੱਸਿਆ ਕਿ ਪਹਿਲੀ ਯਾਤਰਾ ਵਿੱਚ 21 ਦੇਸ਼ ਕਵਰ ਕਰਨੇ ਹਨ ਤੇ ਪਹਿਲੇ ਸਾਲ ਅਫਰੀਕਾ ਮਹਾਦੀਪ ਦੇ ਸਾਰੇ ਦੇਸ਼ ਕਵਰ ਕਰਨੇ ਹਨ। ਉਹਨਾ ਦੱਸਿਆ ਕਿ ਅਰਮਾਨ ਦੀ ਉਮਰ ਮਹਿਜ 15 ਸਾਲ ਹੈ ਅਤੇ ਉਸਦੇ ਬਾਲਗ ਹੋਣ ਤੱਕ ਇਹ ਵਿਸ਼ਵ ਯਾਤਰਾ ਪੂਰੀ ਕਰਨ ਦਾ ਟੀਚਾ ਹੈ।ਉਹਨਾਂ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਸੁਪਨਾ ਹੈ ਕਿ ਉਹ ਇਸ ਰਿਕਾਰਡ ਨੂੰ ਗਿਨੀਜ ਬੁੱਕ ਵਰਲਡ ਰਿਕਾਰਡ ਵਿੱਚ ਦਰਜ਼ ਕਰਵਾਵੇ।
ਇਸ ਮੌਕੇ ਅਰਮਾਨ ਸਿੰਘ ਸਾਰੋ ਦਾ ਕਹਿਣਾ ਹੈ ਕਿ ਇਹ ਯਾਤਰਾ ਸਿਰਫ਼ ਵੱਖ-ਵੱਖ ਦੇਸ਼ਾਂ ਦੀ ਸੈਰ ਕਰਨ ਤੱਕ ਸੀਮਤ ਨਹੀਂ ਸਗੋਂ ਇਸ ਨੂੰ ਇੱਕ ਸਮਾਜਿਕ ਅਤੇ ਵਾਤਾਵਰਨਕ ਮੁਹਿੰਮ ਦੇ ਰੂਪ ਵਿੱਚ ਅੱਗੇ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ। ਉਹ ਜਿੱਥੇ ਵੀ ਜਾਣਗੇ, ਉੱਥੋਂ ਦੇ ਲੋਕਾਂ ਨਾਲ ਮਿਲ ਕੇ ਵਾਤਾਵਰਨ ਨਾਲ ਸਬੰਧਤ ਮੁੱਦਿਆਂ ’ਤੇ ਗੱਲਬਾਤ ਕਰਨ ਦੇ ਨਾਲ-ਨਾਲ ਕਿਤਾਬਾਂ ਦੀ ਮਹੱਤਤਾ ਬਾਰੇ ਵੀ ਆਪਣੇ ਵਿਚਾਰ ਸਾਂਝੇ ਕਰਨਗੇ।ਅੱਜ ਦੇ ਸਮੇਂ ਵਿੱਚ ਵਾਤਾਵਰਨ ਪ੍ਰਦੂਸ਼ਣ,ਜੰਗਲਾਂ ਦੀ ਕਟਾਈ, ਪਾਣੀ ਦੀ ਕਮੀ ਅਤੇ ਵਧਦਾ ਤਾਪਮਾਨ ਪੂਰੀ ਦੁਨੀਆ ਲਈ ਵੱਡੀਆਂ ਚੁਣੌਤੀਆਂ ਬਣ ਚੁੱਕੇ ਹਨ। ਅਜਿਹੇ ਹਾਲਾਤ ਵਿੱਚ ਹਰ ਵਿਅਕਤੀ ਦਾ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ।ਅਰਮਾਨ ਸਿੰਘ ਦਾ ਮੰਨਣਾ ਹੈ ਕਿ ਵਾਤਾਵਰਨ ਨੂੰ ਬਚਾਉਣ ਲਈ ਸਿਰਫ਼ ਸਰਕਾਰਾਂ ਜਾਂ ਸੰਸਥਾਵਾਂ ’ਤੇ ਨਿਰਭਰ ਨਹੀਂ ਰਿਹਾ ਜਾ ਸਕਦਾ, ਸਗੋਂ ਆਮ ਲੋਕਾਂ ਦੀ ਸ਼ਮੂਲੀਅਤ ਵੀ ਲਾਜ਼ਮੀ ਹੈ।ਇਸ ਦੇ ਨਾਲ ਹੀ ਉਹ ਕਿਤਾਬਾਂ ਨੂੰ ਮਨੁੱਖੀ ਜੀਵਨ ਦਾ ਮਹੱਤਵਪੂਰਨ ਹਿੱਸਾ ਬਣਾਉਣ ਦਾ ਸੁਨੇਹਾ ਵੀ ਦੇ ਰਹੇ ਹਨ।ਉਨ੍ਹਾਂ ਦਾ ਮੰਨਣਾ ਹੈ ਕਿ ਕਿਤਾਬਾਂ ਮਨੁੱਖ ਦੀ ਸੋਚ ਨੂੰ ਵਿਸ਼ਾਲ ਕਰਦੀਆਂ ਹਨ ਅਤੇ ਗਿਆਨ ਦੇ ਨਾਲ-ਨਾਲ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ।ਖਾਸ ਕਰਕੇ ਨੌਜਵਾਨਾਂ ਨੂੰ ਮੋਬਾਈਲ ਅਤੇ ਸੋਸ਼ਲ ਮੀਡੀਆ ਦੀ ਦੁਨੀਆ ਤੋਂ ਕੁਝ ਸਮਾਂ ਕੱਢ ਕੇ ਕਿਤਾਬਾਂ ਨਾਲ ਜੁੜਨ ਲਈ ਪ੍ਰੇਰਿਤ ਕਰਨਾ ਇਸ ਮੁਹਿੰਮ ਦਾ ਅਹਿਮ ਹਿੱਸਾ ਹੈ।ਅਰਮਾਨ ਸਿੰਘ ਦੀ ਇਹ ਵਿਸ਼ਵ ਯਾਤਰਾ ਨੌਜਵਾਨਾਂ ਲਈ ਇੱਕ ਪ੍ਰੇਰਣਾਦਾਇਕ ਉਪਰਾਲਾ ਹੈ। ਵੱਖ-ਵੱਖ ਦੇਸ਼ਾਂ ਦੇ ਲੋਕਾਂ ਤੱਕ ਵਾਤਾਵਰਨ ਅਤੇ ਪੜ੍ਹਨ ਦਾ ਸੁਨੇਹਾ ਪਹੁੰਚਾਉਣ ਦੀ ਇਹ ਕੋਸ਼ਿਸ਼ ਆਉਣ ਵਾਲੇ ਸਮੇਂ ਵਿੱਚ ਇੱਕ ਵੱਡੀ ਜਾਗਰੂਕਤਾ ਮੁਹਿੰਮ ਦਾ ਰੂਪ ਧਾਰ ਸਕਦੀ ਹੈ।
ਕੈਪਸਨ 

Exit mobile version