ਵਿੱਦਿਆ ਮਨੁੱਖ ਦਾ ਤੀਜਾ ਨੇਤਰ ਜਾਂ ਜਿਣਸ ?

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਜਾਂ ਜਿਣਸ ?

 ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ-ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ।ਸਿੱਖਿਆ ਦਾ ਮੁੱਖ ਉਦੇਸ਼ ਮਨੁੱਖ ਦਾ ਸਰਬਪੱਖੀ ਵਿਕਾਸ ਕਰਨਾ ਹੈ।ਹਰ ਮਨੁੱਖ ਵਿੱਚ ਕੋਈ ਖ਼ਾਸ ਗੁਣ ਜ਼ਰੂਰ ਹੁੰਦਾ ਹੈ,ਜਿਸ ਦਾ ਵਿਕਾਸ ਕਰ ਕੇ ਉਸ ਨੂੰ ਸੰਬੰਧਿਤ ਖੇਤਰ ਵਿੱਚ ਬੁਲੰਦੀਆਂ ’ਤੇ ਪਹੁੰਚਾਇਆ ਜਾ ਸਕਦਾ ਹੈ।ਇਸ ਲਈ ਜ਼ਰੂਰੀ ਹੈ ਕਿ ਹਰ ਮਨੁੱਖ ਦੀ ਮਾਨਸਿਕ ਸਥਿਤੀ ਤੇ ਉਸ ਦੀ ਅੰਦਰਲੀ ਯੋਗਤਾ ਨੂੰ ਜਾਣ ਕੇ ਉਸ ਲਈ ਚੰਗਾ ਮਾਰਗ ਚੁਣਿਆ ਜਾਵੇ ਤਾਂ ਜੋ ਉਸ ਦੀ ਯੋਗਤਾ ਦੀ ਸੁਚੱਜੀ ਵਰਤੋਂ ਹੋ ਸਕੇ।ਮਨੁੱਖ ਦੀ ਤਰੱਕੀ ਦਾ ਰਾਜ਼ ਚੰਗੀ ਸਿੱਖਿਆ ਹੀ ਹੈ। ਮਨੁੱਖ ਆਪਣੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਉੱਤੇ ਵੱਖ-ਵੱਖ ਸ੍ਰੋਤਾਂ ਤੋਂ ਸਿੱਖਦਾ ਰਹਿੰਦਾ ਹੈ; ਜਿਵੇਂ: ਮਾਂ-ਪਿਉ, ਪਰਿਵਾਰ, ਸਮਾਜ, ਸਕੂਲ, ਕਾਲਜ, ਅਧਿਆਪਕ, ਦੋਸਤ ਆਦਿ, ਪਰ ਸਭ ਤੋਂ ਵੱਧ ਉਹ ਆਪਣੇ ਅਨੁਭਵ, ਸਵੈ-ਪੜਚੋਲ ਅਤੇ ਕਿਤਾਬਾਂ ਤੋਂ ਸਿੱਖਦਾ ਹੈ।ਹਰੇਕ ਸਮਾਜ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣਾ ਹਾਸਲ ਕੀਤਾ ਗਿਆਨ ਵੰਡਦਾ ਹੈ।ਗਿਆਨ ਵੰਡਣ ਦਾ ਕੰਮ ਕਈ ਰੂਪਾਂ ਵਿੱਚ ਚਲਦਾ ਰਹਿੰਦਾ।ਜਿਵੇਂ ਪੀੜ੍ਹੀ ਦਰ ਪੀੜ੍ਹੀ,ਇੱਕ ਪਰਿਵਾਰ ਤੋਂ ਅਗਲੇ ਪਰਿਵਾਰ ਤੱਕ,ਸਮਾਜਿਕ ਸਰੋਕਾਰਾਂ ਨੂੰ ਸਮਰਪਿਤ,ਲੋਕਾਂ ਦੁਆਰਾ ਸਾਂਝੇ ਰੂਪ ਵਿੱਚ ਅਤੇ ਮੌਜੂਦਾ ਸੱਤਾ ਵੀ ਸਮਾਜਿਕ ਗਿਆਨ ਨੂੰ ਆਪਣੇ ਖੁਦਮੁਖਤਿਆਰੀ ਤਰੀਕੇ ਨਾਲ਼ ਅੱਗੇ ਤੋਰਦੀ ਹੈ।ਲੋਕਾਂ ਦਾ ਦ੍ਰਿਸ਼ਟੀਕੋਣ, ਸੋਚ ਅਤੇ ਵਿਚਾਰਧਾਰਾ ਸਿੱਖਿਆ ਤੋਂ ਹੀ ਪ੍ਰਭਾਵਿਤ ਹੁੰਦੇ ਹਨ।ਸਿੱਖਿਆ ਨਾਲ ਮਨੁੱਖ ਦੀ ਕਾਬਲੀਅਤ ਤੇ ਹੁਨਰਮੰਦੀ ਵਿੱਚ ਨਿਖ਼ਾਰ ਆ ਜਾਂਦਾ ਹੈ।ਸਿੱਖਿਆ ਸਮਾਜਿਕ ਪਛਾਣ ਅਤੇ ਮਾਨ ਸਨਮਾਨ ਦਾ ਜ਼ਰੀਆ ਵੀ ਬਣਦੀ ਹੈ। ਕਿਸੇ ਵੀ ਮੁਲਕ ਦਾ ਆਰਥਿਕ ਵਿਕਾਸ ਚੰਗੀ ਸਿਹਤ ਅਤੇ ਸਿੱਖਿਆ ਪ੍ਰਣਾਲੀ ‘ਤੇ ਨਿਰਭਰ ਕਰਦਾ ਹੈ। ਪੜ੍ਹਾਈ ਦਾ ਅਰਥ ਹੈ ਜ਼ਿੰਦਗੀ ਲਈ ਸਿੱਖਣਾ। ਸਿੱਖਿਆ ਦੀ ਭੂਮਿਕਾ ਸਮਾਜ ਦੇ ਵਿਕਾਸ ਅਤੇ ਬਰਾਬਰੀ ਵਾਲੇ ਸੋਹਣੇ ਸਮਾਜ ਦੀ ਸਿਰਜਣਾ ਵਾਸਤੇ ਅਹਿਮ ਹੈ।ਪੂਰਵ ਇਤਿਹਾਸਿਕ ਕਾਲ ਵਿੱਚ ਬਾਲਗ਼ਾਂ ਵਲੋਂ ਛੋਟਿਆਂ ਨੂੰ ਸਮਾਜ ਵਿੱਚ ਰਹਿਣ ਲਈ ਗਿਆਨ ਅਤੇ ਮੁਹਾਰਤ ਹਾਸਿਲ ਕਰਨ ਦੀ ਸਿਖਲਾਈ ਦੇਣ ਨਾਲ ਸਿੱਖਿਆ ਦੀ ਸ਼ੁਰੂਆਤ ਹੋ ਗਈ ਸੀ।ਪਹਿਲਾਂ ਸਮਾਜ ਵਿਚ ਇਸ ਨੂੰ ਨਕਲ ਰਾਹੀਂ ਪ੍ਰਾਪਤ ਕੀਤਾ ਜਾਂਦਾ ਸੀ। ਬਾਤਾਂ, ਕਹਾਣੀਆਂ ਸੁਣਾਉਣ ਨਾਲ ਗਿਆਨ, ਕਦਰਾਂ-ਕੀਮਤਾਂ ਅਤੇ ਹੁਨਰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਤਬਦੀਲ ਹੁੰਦਾ ਸੀ। ਰਸਮੀ ਸਿੱਖਿਆ ਦਾ ਵਿਕਾਸ ਹੋਣ ਨਾਲ ਸੰਸਕ੍ਰਿਤੀਆਂ ਨੇ ਆਪਣੇ ਗਿਆਨ ਨੂੰ ਨਕਲ ਨਾਲ ਉਨ੍ਹਾਂ ਹੁਨਰਾਂ ਤੋਂ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ। ਮਿਸਰ ਵਿੱਚ ਮੱਧਕਾਲੀ ਸਲਤਨਤ ਦੇ ਸਮੇਂ ਸਕੂਲਾਂ ਦੀ ਹੋਂਦ ਸੀ।

Students on campus at UBC. (Martin Dee/UBC)

ਸਿੱਖਿਆ ਨੂੰ ਇੱਕ ਵਿਸ਼ੇਸ਼ ਢਾਂਚੇ ਅਨੁਸਾਰ ਚਲਾਉਣ ਦੀ ਸ਼ੁਰੂਆਤ ਯੂਨਾਨ ਦੇ ਦਾਰਸ਼ਨਿਕ ਪਲੈਟੋ ਨੇ ਲਗਭਗ 400 ਈਸਵੀ ਪੂਰਵ ਮਤਲਬ ਕਿ ਅੱਜ ਤੋਂ 2400 ਸਾਲ ਪਹਿਲਾਂ ਯੂਨਾਨ ਵਿੱਚ ਕੀਤੀ। ਪਲੈਟੋ ਨੇ ਰਸਮੀ ਸਿੱਖਿਆ ਨੂੰ ਤਿੰਨ ਵਰਗਾਂ ਵਿਚ ਵੰਡਿਆ:ਪਹਿਲਾ ਪ੍ਰਾਇਮਰੀ,ਦੂਸਰਾ ਮਾਧਿਅਮ,ਤੀਸਰਾ ਉੱਚ ਸਿੱਖਿਆ।ਪਲੈਟੋ ਨੂੰ ਅਫ਼ਲਾਤੂਨ ਵੀ ਕਿਹਾ ਜਾਂਦਾ ਹੈ।ਅਫਲਾਤੂਨ ਨੇ ਐਥਿਨਜ਼ ਵਿੱਚ ਅਕੈਡਮੀ ਦੀ ਸਥਾਪਨਾ ਕੀਤੀ, ਜੋ ਯੂਰਪ ਵਿੱਚ ਉੱਚ ਸਿੱਖਿਆ ਦੀ ਪਹਿਲੀ ਸੰਸਥਾ ਸੀ। ਅਰਸਤੂ ਵਰਗੇ ਦਾਰਸ਼ਨਿਕ ਇਸੇ ਅਕੈਡਮੀ ਦੇ ਵਿਦਿਆਰਥੀ ਮੰਨੇ ਜਾਂਦੇ ਸਨ।330 ਈਸਵੀ ਪੂਰਵ ਵਿੱਚ ਸਥਾਪਿਤ ਮਿਸਰ ਵਿੱਚ ਅਲੇਕਜ਼ਾਨਡ੍ਰਿਆ ਸ਼ਹਿਰ, ਪੁਰਾਤਨ ਗ੍ਰੀਸ ਦੇ ਬੌਧਿਕ ਪੰਘੂੜੇ ਵਜੋਂ ਐਥਨਜ਼ ਦਾ ਉੱਤਰਾਧਿਕਾਰੀ ਬਣਿਆ। ਉੱਥੇ, ਸਿਕੰਦਰੀਆ ਦੀ ਮਹਾਨ ਲਾਇਬ੍ਰੇਰੀ ਤੀਸਰੀ ਸਦੀ ਈ. ਪੂ. ਵਿੱਚ ਸਥਾਪਿਤ ਕੀਤੀ ਗਈ।ਚੀਨ ਵਿਚ, ਲੂਓ ਸਟੇਟ ਦੇ ਕਨਫਿਊਸ਼ਸ (551-479 ਈ. ਪੂ.), ਦੇਸ਼ ਦਾ ਸਭ ਤੋਂ ਪ੍ਰਭਾਵਸ਼ਾਲੀ ਪ੍ਰਾਚੀਨ ਵਿਦਵਾਨ ਸੀ, ਜਿਸਦਾ ਵਿੱਦਿਅਕ ਨਜ਼ਰੀਆ ਚੀਨ ਦੇ ਸਮਾਜ ਅਤੇ ਕੋਰੀਆ, ਜਾਪਾਨ ਅਤੇ ਵੀਅਤਨਾਮ ਵਰਗੇ ਗੁਆਂਢੀਆਂ ਨੂੰ ਪ੍ਰਭਾਵਿਤ ਕਰਦਾ ਰਿਹਾ।ਰੋਮ ਦੇ ਪਤਨ ਤੋਂ ਬਾਅਦ, ਪੱਛਮੀ ਯੂਰਪ ਵਿੱਚ ਕੈਥੋਲਿਕ ਚਰਚ ਪੜ੍ਹਾਈ- ਲਿਖਾਈ ਅਤੇ ਵਿਦਵਤਾ ਦਾ ਇਕੋ-ਇਕ ਸਰਪ੍ਰਸਤ ਬਣ ਗਿਆ। ਪ੍ਰਾਚੀਨ ਸਿੱਖਿਆ ਦੇ ਕੇਂਦਰਾਂ ਵਜੋਂ ਚਰਚ ਨੇ ਅਰੰਭਿਕ-ਮੱਧ ਯੁੱਗ ਵਿੱਚ ਕੈਥੇਡ੍ਰਲ ਸਕੂਲ ਸਥਾਪਤ ਕੀਤੇ ਸਨ। ਅਖੀਰ ਵਿੱਚ ਇਹਨਾਂ ਵਿੱਚੋਂ ਕੁਝ ਸੰਸਥਾਵਾਂ ਮੱਧਯੁਗੀ ਯੂਨੀਵਰਸਿਟੀਆਂ ਅਤੇ ਯੂਰਪ ਦੀਆਂ ਕਈ ਆਧੁਨਿਕ ਯੂਨੀਵਰਸਿਟੀਆਂ ਦੇ ਪੂਰਵਜਾਂ ਵਜੋਂ ਪੈਦਾ ਹੋਈਆਂ। ਉੱਨਤ ਮੱਧ ਯੁੱਗ ਦੌਰਾਨ, ਚਾਰਟਰਸ ਕੈਥੇਡ੍ਰਲ ਨੇ ਮਸ਼ਹੂਰ ਅਤੇ ਪ੍ਰਭਾਵਸ਼ਾਲੀ ਚਾਰਟਰਸ ਕੈਥੇਡ੍ਰਲ ਸਕੂਲ ਚਲਾਇਆ। ਪੱਛਮੀ ਈਸਾਈ ਜਗਤ ਦੇ ਮੱਧਕਾਲ ਦੀਆਂ ਯੂਨੀਵਰਸਿਟੀਆਂ ਪੱਛਮੀ ਯੂਰਪ ਦੇ ਸਾਰੇ ਖੇਤਰਾਂ ਵਿੱਚ ਚੰਗੀ ਤਰ੍ਹਾਂ ਨਾਲ ਜੁੜੀਆਂ ਹੋਈਆਂ ਸਨ।ਇਸ ਨੇ ਬਹੁਤ ਸਾਰੇ ਵਧੀਆ ਵਿਦਵਾਨਾਂ ਅਤੇ ਮੌਲਿਕ ਦਾਰਸ਼ਨਿਕਾਂ ਨੂੰ ਪੈਦਾ ਕੀਤਾ।ਜਿਸ ਵਿੱਚ ਨੈਪਲਸ ਦੀ ਯੂਨੀਵਰਸਿਟੀ ਦੇ ਥਾਮਸ ਅਕਵਾਈਨਾਸ, ਵਿਗਿਆਨਕ ਪ੍ਰਯੋਗਾਂ ਦੀ ਇੱਕ ਵਿਵਸਥਿਤ ਵਿਧੀ ਦਾ ਇੱਕ ਸ਼ੁਰੂਆਤੀ ਵਿਆਖਿਆਕਾਰ ਔਕਸਫੋਰਡ ਯੂਨੀਵਰਸਿਟੀ ਰਾਬਰਟ ਗਰੋਸੈਸੇਸਟੇ ਅਤੇ ਜੀਵ-ਵਿਗਿਆਨਕ ਖੇਤਰੀ ਖੋਜ ਦਾ ਮੋਢੀ ਸੰਤ ਐਲਬਰਟ ਮਹਾਨ ਸ਼ਾਮਿਲ ਸਨ। 1088 ਵਿੱਚ ਸਥਾਪਤ, ਬੌਲੋਨ ਯੂਨੀਵਰਸਿਟੀ ਨੂੰ ਪਹਿਲੀ ਅਤੇ ਸਭ ਤੋਂ ਪੁਰਾਣੀ ਨਿਰੰਤਰ ਚੱਲ ਰਹੀ ਯੂਨੀਵਰਸਿਟੀ ਮੰਨਿਆ ਜਾਂਦਾ ਹੈ।

ਵਰਤਮਾਨ ਸਮੇਂ ਵਿੱਚ ਹਰ ਸਮਾਜ ਨੇ ਆਪਣਾ ਵੱਖਰਾ ਸਿੱਖਿਆ ਢਾਂਚਾ ਵਿਕਸਿਤ ਕਰ ਲਿਆ ਹੈ। ਅੱਜ ਕੱਲ ਦੇ ਦੌਰ ਵਿੱਚ ਸਿੱਖਿਆ ਦਾ ਜ਼ਿਆਦਾਤਰ ਕੰਮ ਪੜ੍ਹਨ-ਲਿੱਖਣ ਦੀ ਵਿਧੀ ਰਾਹੀਂ ਲੋਕਾਂ ਤੱਕ ਪਹੁੰਚ ਰਿਹਾ ਹੈ।ਪੜ੍ਹਨ ਲਿਖਣ ਦੀ ਵਿਧੀ ਦੀ ਵਰਤੋਂ ਹੋਰ ਦੂਜੀਆਂ ਵਿਧੀਆਂ ਤੋਂ ਜ਼ਿਆਦਾ ਪ੍ਰਯੋਗ ਕੀਤੀ ਜਾਂਦੀ ਹੈ।ਇਸ ਵਿਧੀ ਦਾ ਮੁੱਖ ਸੰਚਾਲਕ ਸਕੂਲੀ ਢਾਂਚਾ ਹੈ ਜਿਹੜਾ ਕਿ ਸਮੁੱਚੇ ਰੂਪ ਵਿੱਚ ਮੌਕੇ ਦੀਆਂ ਸਰਕਾਰਾਂ ਦੀ ਸਰਪ੍ਰਸਤੀ ਹੇਠ ਹੀ ਰਹਿੰਦਾ ਹੈ। ਬਹੁਤਾ ਕਰਕੇ ਸਿੱਖਿਆ ਦੂਜਿਆਂ ਦੀ ਰਹਿਨੁਮਾਈ ਹੇਠ ਦਿੱਤੀ ਜਾਂਦੀ ਹੈ ਪਰ ਇਹ ਖ਼ੁਦ ਵੀ ਹਾਸਲ ਕੀਤੀ ਜਾ ਸਕਦੀ ਹੈ।ਸਿੱਖਿਆ ਨੂੰ ਆਮ ਤੌਰ ‘ਤੇ ਪ੍ਰੀ-ਪ੍ਰਾਇਮਰੀ ਸਕੂਲ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ ਦੇ ਪੜਾਵਾਂ ਵਿੱਚ ਵੰਡਿਆ ਜਾ ਸਕਦਾ ਹੈ।ਅਸੀਂ ਭਾਰਤ ਦੇ ਨਿਵਾਸੀ ਹਾਂ।ਇਸ ਲਈ ਭਾਰਤ ਦੀ ਸਿੱਖਿਆ ਪ੍ਰਣਾਲੀ ਦੀ ਚਰਚਾ ਕਰਨੀ ਬਣਦੀ ਹੈ। 

1947 ਵਿੱਚ ਦੇਸ਼ ਦੀ ਅਜਾਦੀ ਤੋਂ ਲੈ ਕੇ, ਭਾਰਤ ਸਰਕਾਰ ਨੇ ਸਿੱਖਿਆ ਵਿਕਸਿਤ ਕਰਨ ਲਈ ਅਨੇਕਾਂ ਪ੍ਰੋਗਰਾਮ ਬਣਾਏ। ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਮੌਲਾਨਾ ਅਬਦੁੱਲ ਕਲਾਮ ਆਜ਼ਾਦ ਨੇ ਪੂਰੇ ਦੇਸ਼ ਦੀ ਸਿੱਖਿਆ ਉੱਤੇ ਕੇਂਦਰੀ ਸਰਕਾਰ ਦਾ ਮਜ਼ਬੂਤ ਕੰਟਰੋਲ ਰੱਖਿਆ।ਭਾਰਤ ਦੀ ਸਿੱਖਿਆ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਦਾ ਸੰਕਲਪ ਪੂਰਾ ਕਰਨ ਲਈ ਕੇਂਦਰ ਸਰਕਾਰ ਨੇ ਯੂਨੀਵਰਸਿਟੀ ਸਿੱਖਿਆ ਕਮਿਸ਼ਨ (1948-1949), ਸੈਕੰਡਰੀ ਸਿੱਖਿਆ ਕਮਿਸ਼ਨ (1952-1953), ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਕੋਠਾਰੀ ਕਮਿਸ਼ਨ (1964-66) ਦੀ ਸਥਾਪਨਾ ਕੀਤੀ। ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਲਈ ਵਿਗਿਆਨਕ ਨੀਤੀ ਲਿਆਉਣ ਦਾ ਮਤਾ ਅਪਣਾਇਆ ਸੀ। ਨਹਿਰੂ ਸਰਕਾਰ ਨੇ ਉੱਚ ਗੁਣਵੱਤਾ ਵਿਗਿਆਨਕ ਸਿੱਖਿਆ ਸੰਸਥਾਨਾਂ ਜਿਵੇਂ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਵਿਕਾਸ ਦਾ ਟੀਚਾ ਮਿੱਥਿਆ। 1961 ਵਿੱਚ ਕੇਂਦਰ ਸਰਕਾਰ ਨੇ ਇੱਕ ਖ਼ੁਦਮੁਖ਼ਤਿਆਰ ਸੰਸਥਾ ਵਜੋਂ ਨੈਸ਼ਨਲ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐਨ.ਸੀ.ਈ.ਆਰ.ਟੀ.) ਦੀ ਸਥਾਪਨਾ ਕੀਤੀ, ਜੋ ਕੇਂਦਰੀ ਅਤੇ ਸੂਬਾ ਸਰਕਾਰਾਂ ਨੂੰ ਸਿੱਖਿਆ ਨੀਤੀਆਂ ਨੂੰ ਤਿਆਰ ਕਰਨ ਅਤੇ ਲਾਗੂ ਕਰਨ ਲਈ ਸਲਾਹ ਦੇਵੇਗੀ। ਭਾਰਤ ਵਿੱਚ ਕੋਠਾਰੀ ਕਮਿਸ਼ਨ ਦੀ ਨਿਯੁਕਤੀ ਜੁਲਾਈ, 1964 ਵਿੱਚ ਡਾਕਟਰ ਡੀ.ਐਸ. ਕੋਠਾਰੀ ਦੀ ਪ੍ਰਧਾਨਤਾ ਵਿੱਚ ਕੀਤੀ ਗਈ।ਕੋਠਾਰੀ ਕਮਿਸ਼ਨ ਦੀ ਰਿਪੋਰਟ (1964-1966) ਦੇ ਆਧਾਰ ‘ਤੇ, ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਨੇ 1968 ਵਿਚ ਸਿੱਖਿਆ ਤੇ ਪਹਿਲੀ ਰਾਸ਼ਟਰੀ ਨੀਤੀ ਦਾ ਐਲਾਨ ਕੀਤਾ, ਜਿਸ ਨੇ ਰਾਸ਼ਟਰੀ ਏਕਤਾ ਅਤੇ ਸੱਭਿਆਚਾਰਕ ਅਤੇ ਆਰਥਿਕ ਵਿਕਾਸ, ਵਿੱਦਿਅਕ ਮੌਕਿਆਂ ਦੀ ਬਰਾਬਰੀ ਲਈ ਸਿੱਖਿਆ ਦੇ “ਬੁਨਿਆਦੀ ਪੁਨਰਗਠਨ” ਦਾ ਹੋਕਾ ਦਿੱਤਾ।ਇਸ ਨੀਤੀ ਦੁਆਰਾ ਭਾਰਤ ਦੇ ਸੰਵਿਧਾਨ ਦੁਆਰਾ ਨਿਰਧਾਰਿਤ 14 ਸਾਲ ਦੀ ਉਮਰ ਤੱਕ ਦੇ ਸਾਰੇ ਬੱਚਿਆਂ ਲਈ ਲਾਜ਼ਮੀ ਸਿੱਖਿਆ ਨੂੰ ਪੂਰਾ ਕਰਨ ਅਤੇ ਅਧਿਆਪਕਾਂ ਦੀ ਬਿਹਤਰ ਸਿਖਲਾਈ ਅਤੇ ਯੋਗਤਾ ਨੂੰ ਪੂਰਾ ਕਰਨ ਲਈ ਕਾਰਜ ਸ਼ੁਰੂ ਕੀਤਾ।  ਇਸ ਨੀਤੀ ਨੇ ਖੇਤਰੀ ਭਾਸ਼ਾਵਾਂ ਦੀ ਸਿੱਖਿਆ ‘ਤੇ ਦੇਣ ਲਈ, ਸੈਕੰਡਰੀ ਸਿੱਖਿਆ ਵਿੱਚ ” ਤਿੰਨ ਭਾਸ਼ਾ ਫਾਰਮੂਲੇ ” ਨੂੰ ਲਾਗੂ ਕਰਨ ਲਈ ਕਿਹਾ ਜਿਸ ਵਿੱਚ – ਅੰਗਰੇਜ਼ੀ ਭਾਸ਼ਾ, ਰਾਜ ਦੀ ਸਰਕਾਰੀ ਭਾਸ਼ਾ ਜਿੱਥੇ ਸਕੂਲ ਸਥਿਤ ਹੋਵੇ, ਅਤੇ ਹਿੰਦੀ ਦੀ ਸਿੱਖਿਆ ਦੇਣ ਲਈ ਕਿਹਾ।ਇਸ ਨੀਤੀ ਨੇ ਹਿੰਦੀ ਦੀ ਵਰਤੋਂ ਕਰਨ ਅਤੇ ਸਿੱਖਣ ਲਈ ਕਿਹਾ ਤਾਂ ਜੋ ਸਾਰੇ ਭਾਰਤੀਆਂ ਲਈ ਇਕ ਸਾਂਝੀ ਭਾਸ਼ਾ ਨੂੰ ਵਿਕਸਤ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ।1968 ਦੀ ਕੌਮੀ ਸਿੱਖਿਆ ਨੀਤੀ ਨੇ ਸਿੱਖਿਆ ਖਰਚੇ ਵਿੱਚ ਰਾਸ਼ਟਰੀ ਆਮਦਨ ਦੇ ਛੇ ਫੀਸਦ ਤੱਕ ਵਧਾਉਣ ਲਈ ਸੁਝਾਅ ਦਿੱਤਾ।ਜਨਵਰੀ,1985 ਵਿਚ ਇਕ ਨਵੀਂ ਨੀਤੀ ਦਾ ਵਿਕਾਸ ਕਰਨ ਦਾ ਐਲਾਨ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਸਰਕਾਰ ਨੇ ਮਈ 1986 ਵਿਚ ਇਕ ਨਵੀਂ ਕੌਮੀ ਸਿੱਖਿਆ ਨੀਤੀ ਅਪਣਾਈ।  ਨਵੀਂ ਨੀਤੀ ਵਿਚ ਖਾਸ ਤੌਰ ‘ਤੇ ਭਾਰਤੀ ਔਰਤਾਂ, ਅਨੁਸੂਚਿਤ ਕਬੀਲੇ (ਐੱਸ. ਟੀ.) ਅਤੇ ਅਨੁਸੂਚਿਤ ਜਾਤੀ (ਐਸ.ਸੀ.) ਫ਼ਿਰਕਿਆਂ ਲਈ ਨਾਬਰਾਬਰੀ ਨੂੰ ਦੂਰ ਕਰਨ ਅਤੇ ਵਿੱਦਿਅਕ ਮੌਕੇ ਬਰਾਬਰ ਕਰਨ ਲਈ ਵਿਸ਼ੇਸ਼ ਜ਼ੋਰ ਦਿੱਤਾ ਗਿਆ।  ਅਜਿਹੇ ਸਮਾਜਿਕ ਏਕੀਕਰਨ ਨੂੰ ਹਾਸਲ ਕਰਨ ਲਈ, ਸਿੱਖਿਆ ਨੀਤੀ ਨੇ ਸਿੱਖਿਆ ਵਜ਼ੀਫੇ ਵਧਾਉਣ, ਅਨੁਸੂਚਿਤ ਜਾਤੀ ਦੇ ਹੋਰ ਅਧਿਆਪਕਾਂ ਦੀ ਭਰਤੀ ਕਰਨ, ਗ਼ਰੀਬ ਪਰਿਵਾਰਾਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਨਿਯਮਿਤ ਤੌਰ ‘ਤੇ ਭੇਜਣ ਲਈ ਪ੍ਰੇਰਿਤ ਕਰਨ ਲਈ ਮਦਦ ਦੇਣ, ਨਵੇਂ ਸੰਸਥਾਨਾਂ ਦਾ ਵਿਕਾਸ ਅਤੇ ਉੱਥੇ ਰਿਹਾਇਸ਼ ਅਤੇ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ। ਇਸ ਨੀਤੀ ਨੇ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਨਾਲ ਓਪਨ ਯੂਨੀਵਰਸਿਟੀ ਪ੍ਰਣਾਲੀ ਦਾ ਵਿਸਥਾਰ ਕੀਤਾ, ਜੋ 1985 ਵਿਚ ਬਣਾਇਆ ਗਈ ਸੀ।  ਪੇਂਡੂ ਭਾਰਤ ਦੇ ਦਿਹਾਤੀ ਪੱਧਰ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ “ਪੇਂਡੂ ਯੂਨੀਵਰਸਿਟੀ” ਮਾਡਲ ਦੀ ਸਿਰਜਣਾ ਲਈ ਵੀ ਕਿਹਾ ਗਿਆ। 1986 ਦੀ ਸਿੱਖਿਆ ਨੀਤੀ ਵਿੱਚ ਸਿੱਖਿਆ ‘ਤੇ ਕੁਲ ਘਰੇਲੂ ਉਤਪਾਦ ਦਾ 6% ਖਰਚ ਕਰਨ ਦੀ ਉਮੀਦ ਕੀਤੀ ਸੀ।1986 ਵਿੱਚ ਪੀ.ਵੀ.ਨਰਸਿਮਹਾ ਰਾਓ ਸਰਕਾਰ ਨੇ ਸਿੱਖਿਆ ‘ਤੇ ਕੌਮੀ ਨੀਤੀ ਨੂੰ ਸੋਧਿਆ। 2005 ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਪਣੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ (ਯੂ.ਪੀ.ਏ.) ਸਰਕਾਰ ਦੇ ” ਘੱਟੋ-ਘੱਟ ਆਮ ਪ੍ਰੋਗਰਾਮ ” ‘ਤੇ ਆਧਾਰਿਤ ਨਵੀਂ ਨੀਤੀ ਅਪਣਾਈ।  ਪ੍ਰੋਗ੍ਰਾਮ ਆਫ ਐਕਸ਼ਨ (ਪੀਓਏ), 1992 ਦੇ ਤਹਿਤ ਦੇਸ਼ ਵਿਚ ਪੇਸ਼ੇਵਰਾਨਾ ਅਤੇ ਤਕਨੀਕੀ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਲਈ ਰਾਸ਼ਟਰੀ ਪੱਧਰ ‘ਤੇ ਸਿੱਖਿਆ (ਐਨਪੀ ਈ), 1986 ਨੇ ਸਾਰੇ ਭਾਰਤ ਦੇ ਆਧਾਰ’ ਤੇ ਇਕ ਆਮ ਦਾਖਲਾ ਪ੍ਰੀਖਿਆ ਦਾ ਆਯੋਜਨ ਕੀਤਾ।ਭਾਰਤ ਸਰਕਾਰ ਨੇ 2017 ਵਿੱਚ ਕੇ. ਕਸਤੂਰੀਰੰਗਨ ਦੀ ਅਗਵਾਈ ਵਿੱਚ ਨਵੀਂ ਕੌਮੀ ਸਿੱਖਿਆ ਨੀਤੀ ਦਾ ਖਰੜਾ ਤਿਆਰ ਕਰਨ ਲਈ ਇੱਕ ਕਮੇਟੀ ਨਿਯੁਕਤ ਕੀਤੀ।ਜੋ ਜੁਲਾਈ 2020 ਵਿੱਚ “ਕੌਮੀ ਸਿੱਖਿਆ ਨੀਤੀ -2020” ਦੇ ਨਾਂ ਤੇ ਪਾਸ ਹੋਈ। ਇਸ ਨੀਤੀ ਦਾ ਉਦੇਸ਼ ਕਿੱਤਾਮੁਖੀ ਸਿੱਖਿਆ ਨਾਲ ਜੁੜੇ ਸਮਾਜਿਕ ਰੁਤਬੇ ਦੀ ਸ਼੍ਰੇਣੀ ਤੇ ਪਾਰ ਪਾਉਣਾ ਹੈ, ਅਤੇ ਕਿੱਤਾਮੁਖੀ ਸਿੱਖਿਆ ਪ੍ਰੋਗਰਾਮਾਂ ਨੂੰ ਪੜਾਅਵਾਰ ਸਾਰੇ ਵਿਦਿਅਕ ਅਦਾਰਿਆਂ ਵਿੱਚ ਮੁੱਖ ਧਾਰਾ ਦੀ ਸਿੱਖਿਆ ਵਿੱਚ ਏਕੀਕ੍ਰਿਤ ਕਰਨ ਦੀ ਲੋੜ ਹੈ। ਇਸ ਦੇ ਨਾਲ ਸੈਕੰਡਰੀ ਸਕੂਲ ਆਈ.ਟੀ.ਆਈ., ਪੌਲੀਟੈਕਨਿਕਸ, ਸਥਾਨਕ ਉਦਯੋਗ, ਆਦਿ ਵੀ ਸਹਿਯੋਗ ਕਰਨਗੇ, ਹੁਨਰ ਲੈਬਾਂ ਵੀ ਸਥਾਪਤ ਕੀਤੀਆਂ ਜਾਣਗੀਆਂ ਅਤੇ ਇਕ ਹੱਬ ਵਜੋਂ ਸਕੂਲਾਂ ਵਿੱਚ ਸਥਾਪਿਤ ਕੀਤੇ ਜਾਣਗੇ ਅਤੇ ਸਪੋਕ ਮਾਡਲ ਬਣਾਏ ਜਾਣਗੇ ਤਾਂ ਜੋ ਹੋਰ ਸਕੂਲ਼ ਵੀ ਇਸ ਸਹੂਲਤ ਦੀ ਵਰਤੋਂ ਕਰ ਸਕਣ। ਇਨ੍ਹਾਂ ਤੋਂ ਬਿਨਾਂ ਰਾਜਾਂ ਨੇ ਵੀ ਆਪਣੇ ਪੱਧਰ ਤੇ ਸਿੱਖਿਆ ਵਿੱਚ ਸੁਧਾਰ ਕਰਨ ਲਈ ਕਾਫ਼ੀ ਪ੍ਰੋਗਰਾਮ ਬਣਾਏ।

ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਉਪਰੋਕਤ ਸਿੱਖਿਆ ਨੀਤੀਆਂ ਆਪਣਾ ਟੀਚਾ ਪ੍ਰਾਪਤ ਕਰਨ ਵਿੱਚ ਸਫਲ ਹੋਈਆਂ?ਕੀ ਦੇਸ਼ ਦਾ ਹਰ ਮਨੁੱਖ ਸਿੱਖਿਆਦਾਇਕ ਬਣਿਆ?ਕੀ ਦੇਸ਼ ਦੀ ਆਜ਼ਾਦੀ ਦੇ 76 ਸਾਲ ਬੀਤ ਜਾਣ ਤੋਂ ਬਾਅਦ ਅਸੀਂ ਕੋਈ ਸਾਰਥਿਕ ਸਿੱਖਿਆ ਨੀਤੀ ਨਹੀਂ ਬਣਾ ਪਾਏ?ਦਰਅਸਲ ਸਾਡੇ ਦੇਸ਼ ਦਾ ਲਗਭਗ ਹਰ ਵਰਗ ਹੀ ਪੀੜਤ ਹੈ। ਕਿਸਾਨ ਆਤਮ-ਹੱਤਿਆ ਕਰ ਰਹੇ ਹਨ, ਮਜ਼ਦੂਰ ਘੱਟ ਦਿਹਾੜੀ ਤੇ ਭੁੱਖੇ ਮਰਨ ਲਈ ਮਜ਼ਬੂਰ ਹਨ, ਔਰਤਾਂ ਵੀ ਤਰ੍ਹਾਂ ਤਰ੍ਹਾਂ ਦੇ ਸ਼ੋਸ਼ਣ ਤੋਂ ਸ਼ਿਕਾਰ ਹਨ, ਦਲਿਤ ਅਜੇ ਵੀ ਸਮਾਜ ਵਿੱਚ ਜ਼ਲਾਲਤ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ, ਉਨ੍ਹਾਂ ਨੂੰ ਹਰ ਥਾਂ ਤੇ ਵਿਤਕਰਾ ਸਹਿਣਾ ਪੈਂਦਾ।ਸਾਡੀ ਸਿੱਖਿਆ ਪ੍ਰਣਾਲੀ ਦੇ ਮੂਲ ਬ੍ਰਿਟਿਸ਼ ਰਾਜ ਦੇ ਸਮੇਂ ਦੇ ਹਨ। ਉਨ੍ਹੀਵੀਂ ਸਦੀ ਦੇ ਅੱਧ ਦੌਰਾਨ ਲਾਰਡ ਮੈਕਾਲੇ ਵੱਲੋਂ ਲਿਆਂਦੀ ਗਈ ਸਿੱਖਿਆ ਨੀਤੀ ਦਾ ਮੰਤਵ ਅਜਿਹੇ ਮਨੁੱਖਾਂ ਦੀ ਇੱਕ ਸ਼੍ਰੇਣੀ ਪੈਦਾ ਕਰਨਾ ਸੀ “ਜੋ ਰੰਗ ਅਤੇ ਲਹੂ ਵਿੱਚ ਭਾਰਤੀ,ਪਰ ਨਜ਼ਰੀਆ ਤੇ ਬੁੱਧੀ ਬਰਤਾਨਵੀ,ਜੋ ਉਨ੍ਹਾਂ ਦਾ ਪ੍ਰਬੰਧਕੀ ਤੰਤਰ ਚਲਾ ਸਕਣ।”ਭਾਰਤੀ ਸਿੱਖਿਆ ਪ੍ਰਣਾਲੀ ਵੀ ਉਸੇ ਤਰ੍ਹਾਂ ਦੀ ਹੈ।ਸਰਮਾਏਦਾਰ ਸਮਾਜ ਵਿੱਚ ਸਿੱਖਿਆ ਵੀ ਇੱਕ ਨਿੱਜੀ ਸੰਪੱਤੀ ਬਣ ਜਾਂਦੀ ਹੈ ਤੇ ਸਿੱਖਿਆ ਇੱਕ ਜਿਣਸ, ਮੰਡੀ ‘ਚ ਵਿਕਣ ਵਾਲ਼ੀ ਚੀਜ ਬਣ ਜਾਂਦੀ ਹੈ। 2007 ਤੋਂ ਮਗਰੋਂ ਸਿੱਖਿਆ ਦੇ ਨਿੱਜੀਕਰਨ ਨੂੰ ਹੋਰ ਵੀ ਜ਼ਿਆਦਾ ਤੇਜ ਕਰ ਦਿੱਤਾ ਗਿਆ ਹੈ। ਅੱਜ ਦੀ ਹਾਲਤ ਇਹ ਹੈ ਕਿ ਜਿੱਥੇ ਇੱਕ ਪਾਸੇ ਸਿੱਖਿਆ ਦੇ ਨਿੱਜੀਕਰਨ ਦਾ ਕੁਹਾੜਾ ਲਗਾਤਾਰ ਆਮ ਲੋਕਾਂ ‘ਤੇ ਵਾਹਿਆ ਜਾ ਰਿਹਾ ਹੈ, ਉਥੇ ਹੀ ਮਿਆਰੀ ਸਿੱਖਿਆ ਆਮ ਅਤੇ ਗਰੀਬ ਲੋਕਾਂ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਾਡਾ ਵਰਤਮਾਨ ਸਿੱਖਿਆ ਢਾਂਚਾ ਵਿਦਿਆਰਥੀ ਦੀ ਪ੍ਰਤਿਭਾ ਨੂੰ ਉਭਾਰਨ ਦੀ ਥਾਂ ਉਸ ਨੂੰ ਸਿਲੇਬਸ ਦੇ ਭਾਰ ਹੇਠ ਦਬਾ ਰਿਹਾ ਹੈ।ਪਿਛਲੇ ਦੋ ਦਹਾਕਿਆਂ ਵਿੱਚ ਨਿੱਜੀਕਰਨ ਤੇ ਉਦਾਰੀਕਰਨ ਦੀਆਂ ਸਰਕਾਰੀ ਨੀਤੀਆਂ ਦਾ ਲਾਹਾ ਲੈਂਦੇ ਹੋਏ ਵੱਡੇ ਕਾਰਪੋਰੇਟ ਤੇ ਸਨਅਤੀ ਘਰਾਣਿਆਂ ਨੇ ਨਿੱਜੀ ਯੂਨੀਵਰਸਿਟੀਆਂ, ਕਾਲਜ, ਕਿੱਤਾ ਸੰਸਥਾਵਾਂ ਅਤੇ ਕਾਨਵੈਂਟ ਸਕੂਲ ਖੋਲ੍ਹ ਕੇ ਸਿੱਖਿਆ ਖੇਤਰ ਵਿੱਚ ਵੀ ਪੈਰ ਪਸਾਰ ਲਏ ਹਨ। ਸਿੱਟੇ ਵਜੋਂ ਅੱਜ ਦੇਸ਼ ਦਾ ਸਮੁੱਚਾ ਸਿੱਖਿਆਤੰਤਰ ਡਗਮਗਾ ਗਿਆ ਹੈ। ਸਿੱਖਿਆ ਦਾ ਸਿਲੇਬਸ, ਪੁਸਤਕਾਂ, ਡਿਗਰੀਆਂ, ਕੋਰਸ ਅਤੇ ਪ੍ਰੀਖਿਆ ਪ੍ਰਣਾਲੀ ਵਿੱਚ ਕੋਈ ਇੱਕਸਾਰਤਾ ਨਹੀਂ ਰਹੀ। ਨਿੱਜੀ ਯੂਨੀਵਰਸਿਟੀਆਂ ਆਪਣੀ ਮਨਮਰਜ਼ੀ ਅਤੇ ਆਪਣੇ ਢੰਗ ਨਾਲ ਮਹਿੰਗੀ ਸਿੱਖਿਆ ਵੇਚ ਰਹੀਆਂ ਹਨ। ਸਮਰੱਥ ਲੋਕ ਆਪਣੇ ਬੱਚਿਆਂ ਨੂੰ ਮਹਿੰਗੀ ਉੱਚ ਸਿੱਖਿਆ ਦਿਵਾ ਕੇ ਬਾਹਰਲੇ ਮੁਲਕਾਂ ਵਿੱਚ ਭੇਜੀ ਜਾ ਰਹੇ ਹਨ ਜਾਂ ਇੱਥੇ ਹੀ ਐਡਜਸਟ ਕਰਵਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਦੂਜੇ ਪਾਸੇ ਸਾਧਾਰਨ ਅਤੇ ਗਰੀਬ ਲੋਕ ਡਿਗਰੀਆਂ ਹੱਥਾਂ ਵਿੱਚ ਫੜੀ ਬੇਰੁਜ਼ਗਾਰੀ ਦੇ ਆਲਮ ਵਿੱਚ ਮਾਨਸਿਕ ਰੋਗੀ ਬਣਦੇ ਜਾ ਰਹੇ ਹਨ।

ਦੁਨੀਆਂ ਦੇ ਬਹੁਤ ਸਾਰੇ ਸਿੱਖਿਆ-ਸ਼ਾਸ਼ਤਰੀਆਂ ਦਾ ਕਹਿਣਾ ਹੈ ਕਿ ਜਿਸ ਸਮਾਜ ਦਾ ਸਿੱਖਿਆ ਢਾਂਚਾ ਯੋਜਨਾਬੱਧ ਤਰੀਕੇ ਨਾਲ ਸਿਰਜਿਆ ਗਿਆ ਹੋਵੇ,ਉਹ ਸਮਾਜ ਘੱਟ ਸਮੇਂ ਵਿੱਚ ਸਮਾਜ ਦੇ ਅਗਾਂਹਵਧੂ ਪੜਾਵਾਂ ਤੇ ਪਹੁੰਚ ਸਕਦਾ। ਉਨ੍ਹਾਂ ਸਿੱਖਿਆ-ਸ਼ਾਸ਼ਤਰੀਆਂ ਦੇ ਇਸ ਕਥਨ ਨੂੰ ਜੇ ਆਪਣੇ ਮੁਲਕ ਦੇ ਮੌਜੂਦਾ ਢਾਂਚੇ ਨਾਲ ਤੋਲ ਕੇ ਦੇਖਿਆ ਜਾਵੇ ਤਾਂ ਸਾਨੂੰ ਆਪਣੇ ਮੁਲਕ ਦੀ ਸਿੱਖਿਆ ਦੀ ਤਸਵੀਰ ਬਹੁਤ ਹੀ ਭੱਦੀ ਨਜ਼ਰ ਆ ਰਹੀ ਹੈ।

ਪੰਜਾਬੀ ਦੀ ਕਹਾਵਤ ਹੈ,”ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ”।ਪਰ ਅੱਜ ਵਿਦਿਆ ਤੀਜੇ ਨੇਤਰ ਤੋਂ ਜਿਣਸ ਬਣ ਚੁੱਕੀ ਹੈ।ਸਕੂਲੀ ਵਿਦਿਆਰਥੀ ਘੱਟ ਨੰਬਰ ਆਉਣ ਕਾਰਨ ਜਾਂ ਫੇਲ ਹੋਣ ਕਾਰਨ ਖ਼ੁਦਕੁਸ਼ੀਆਂ ਕਰ ਰਹੇ ਹਨ। ਵਿਦਿਆਰਥੀਆਂ ਦੀਆਂ ਛੋਟੀਆਂ ਅੱਖਾਂ ਉੱਪਰ ਵੱਡੀਆਂ ਤੇ ਵੱਡੇ ਨੰਬਰਾਂ ਦੀਆਂ ਐਨਕਾਂ, ਵਿਦਿਆਰਥੀ ਦੇ ਭਾਰ ਤੋਂ ਜ਼ਿਆਦਾ ਬਸਤੇ ਦਾ ਭਾਰ, ਅੰਕਾਂ ਦੀ ਦੌੜ, ਹਫਤਾਵਾਰੀ,ਮਹੀਨਾਵਾਰੀ,ਤ੍ਰੈਮਾਸਿਕ, ਛਿਮਾਹੀ ਇਮਤਿਹਾਨ,ਸਾਲਾਨਾ ਇਮਤਿਹਾਨ, ਰੋਜ਼ਾਨਾ ਕਿਸੇ ਨਾ ਕਿਸੇ ਵਿਸ਼ੇ ਦਾ ਟੈਸਟ,ਆਪਣੀ ਸੰਸਥਾ ਦਾ ਨਾਂ ਉੱਚਾ ਕਰਨ ਲਈ ਸਿਲੇਬਸ ਤੋਂ ਬਾਹਰ ਦੀ ਸਰਗਰਮੀ ਜਿਵੇਂ ਖੇਡ, ਸਾਹਿਤਕ ਖੇਤਰ ਆਦਿ ਵਿੱਚ।ਲਗਭਗ ਸੱਤ-ਅੱਠ ਘੰਟੇ ਸੰਸਥਾ ਤੋਂ ਬਾਅਦ ਘਰ ਆਉਂਦਿਆਂ ਹੀ ਟਿਊਸਨ,ਟਿਊਸ਼ਨ ਤੋਂ ਆਕੇ ਘਰ ਬੈਠਕੇ ਸਕੂਲ ਤੇ ਟਿਊਸ਼ਨ ਦਾ ਕੰਮ ਨਿਪਟਾਉਣਾ,ਜਿਸ ਕਰਕੇ ਇੱਕ ਵਿਦਿਆਰਥੀ ਦਾ ਸਾਰਾ ਦਿਨ ਇਸ ਤਰ੍ਹਾਂ ਗੁਜ਼ਰਦਾ ਤੇ ਤਾਜਾ ਹੋਣ ਲਈ ਖੇਡਣ ਨੂੰ ਤਾਂ ਵਕਤ ਹੀ ਨਹੀਂ ਮਿਲਦਾ,ਕਈ ਤਾਂ ਨੀਂਦ ਵੀ ਪੂਰੀ ਨਹੀਂ ਕਰ ਪਾਉਂਦੇ।ਜੇ ਵਿਦਿਆਰਥੀ ਸਾਰਾ ਸਾਲ ਸੰਸਥਾ ਵਿੱਚ ਹਾਜ਼ਰ ਰਹਿੰਦਾ ਪਰ ਬਿਮਾਰ ਜਾਂ ਕਿਸੇ ਹੋਰ ਆਗਾਮੀ ਹਾਲਾਤ ਕਾਰਨ ਇਮਤਿਹਾਨ ਨਹੀਂ ਦੇ ਪਾਉਂਦਾ ਤਾਂ ਪੂਰਾ ਇੱਕ ਸਾਲ ਬਰਬਾਦ ਜਾਂਦਾ।ਇਮਤਿਹਾਨਾਂ ਵਿੱਚ ਫੇਲ ਨਾ ਕਰਨ ਦੀ ਵਿਵਸਥਾ ਕੀਤੀ ਗਈ ਸੀ ਕਿ ਵਿਦਿਆਰਥੀਆਂ ਦੇ ਸਕੂਲ ਛੱਡਣ ਦੀ ਰੁਚੀ ਘਟਾਈ ਜਾਵੇ,ਪਰ ਫਿਰ ਵੀ ਵਿਦਿਆਰਥੀ ਸਕੂਲ ਛੱਡ ਜਾਂਦੇ ਹਨ।ਪਰ ਬਿਨਾਂ ਫੇਲ੍ਹ ਕੀਤਿਆਂ ਅੱਠਵੀਂ ਦਾ ਸਰਟੀਫਿਕੇਟ ਪ੍ਰਾਪਤ ਵਿਦਿਆਰਥੀ ਸੇਵਾਦਾਰ ਬਣਨ ਦੇ ਵੀ ਯੋਗ ਨਹੀਂ ਹੋਵੇਗਾ। ਜਦੋਂ ਵਿਦਿਆਰਥੀ ਦਾ ਪੜਾਈ ਵਿੱਚ ਮਨ ਨਹੀਂ ਲੱਗਦਾ ਤਾਂ ਉਹ ਸਕੂਲ ਜਾਣਾ ਛੱਡ ਦਿੰਦਾ।ਮਾਂ-ਪਿਓ ਵੀ ਸੋਚਦੇ ਹਨ ਕਿ ਉਸ ਨੂੰ ਕਿਸੇ ਛੋਟੇ ਮੋਟੇ ਕੰਮ ਵਿੱਚ ਹੀ ਪਾ ਦਿੱਤਾ ਜਾਵੇ,ਘਰ ਚਾਰ ਪੈਸੇ ਹੀ ਆਉਣਗੇ।ਇਸ ਤਰ੍ਹਾਂ ਦੇ ਬੱਚਿਆਂ ਨਾਲ ਭਵਿੱਖ ਕਿਹੋ ਜਿਹਾ ਹੋਵੇਗਾ ਇਹ ਚਿੰਤਾ ਦਾ ਵਿਸ਼ਾ ਹੈ।ਅੱਜ ਪ੍ਰਾਈਵੇਟ ਸੰਸਥਾਵਾਂ ਵਿੱਚ ਦਾਖਲਾ ਕਰਾਉਣ ਜਾਓ ਤੇ ਅਕਸਰ ਇਹੀ ਸੁਣਿਆ ਜਾਂਦਾ,ਕਿਤਾਬਾਂ, ਕਾਪੀਆਂ,ਪੈੱਨ,ਵਰਦੀ, ਬੂਟ,ਜੁਰਾਬਾਂ,ਟਾਈ, ਵਿਦਿਆਰਥੀ ਦੇ ਆਉਣ-ਜਾਣ ਦਾ ਸਾਧਨ,ਖਾਣਾ ਸਭ ਕੁਝ ਸਕੂਲ ਦਾ ਹੋਵੇਗਾ।ਬੇਸ਼ੱਕ ਤਕਨੀਕੀ ਸਿੱਖਿਆ ਲਈ ਥਾਂ-ਥਾਂ ਇੰਜੀਨੀਅਰਿੰਗ, ਪੋਲੀਟੈਕਨਿਕ, ਆਈ.ਟੀ.ਆਈ. ਸੰਸਥਾਵਾਂ ਖੁੱਲ੍ਹ ਗਈਆਂ ਹਨ।ਪਰ ਇਨ੍ਹਾਂ ਤਕਨੀਕੀ ਸੰਸਥਾਵਾਂ ਦਾ ਪ੍ਰਬੰਧ ਵਪਾਰੀ ਲੋਕਾਂ ਦੇ ਹੱਥਾਂ ਵਿੱਚ ਜਾਣ ਕਾਰਨ ਇਨ੍ਹਾਂ ਦਾ ਉਦੇਸ਼ ਮਿਆਰੀ ਤਕਨੀਕੀ ਸਿੱਖਿਆ ਦੇਣਾ ਨਹੀਂ ਸਗੋਂ ਪੈਸਾ ਕਮਾਉਣਾ ਹੈ।ਐੱਮ.ਬੀ.ਏ.,ਬੀ.ਬੀ.ਏ.,ਬੀ.ਟੈੱਕ.ਵਰਗੇ ਕੋਰਸਾਂ ਦੀਆਂ ਡਿਗਰੀਆਂ ਘਰ ਬੈਠੇ ਹੀ ਕਰਵਾਈਆਂ ਜਾ ਰਹੀਆਂ ਹਨ।ਕਿੰਨੀ ਹੈਰਾਨੀ ਦੀ ਗੱਲ ਹੈ ਕਿ ਵਿਗਿਆਨ ਵਿਸ਼ਿਆਂ ਦੀਆਂ ਡਿਗਰੀਆਂ ਘਰ ਬੈਠੇ ਹੀ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ।ਜਿਸ ਵਿਦਿਆਰਥੀ ਨੇ ਆਪਣੇ ਵਿਸ਼ੇ ਦਾ ਲੈਬ ਵਿੱਚ ਪ੍ਰੈਕਟੀਕਲ ਨਹੀਂ ਕੀਤਾ ਹੋਵੇਗਾ ਉਹ ਕੋਲ ਕੀ ਗਿਆਨ ਹੋਵੇਗਾ?ਆਪ ਉਹ ਸਮਾਜ ਨੂੰ ਕੀ ਦੱਸੇਗਾ?ਇਨ੍ਹਾਂ ਸੰਸਥਾਵਾਂ ਤੋਂ ਡਿਗਰੀਆਂ ਲੈਣ ਵਾਲੇ ਵਿਦਿਆਰਥੀ ਵਿਹਲੇ ਘੁੰਮ ਰਹੇ ਹਨ। ਉਨ੍ਹਾਂ ਕੋਲ ਨਾ ਤਕਨੀਕੀ ਗਿਆਨ ਹੈ ਤੇ ਨਾ ਯੋਗਤਾ। ਪ੍ਰਾਈਵੇਟ ਕੰਪਨੀਆਂ ਨੂੰ ਪੰਜ-ਦਸ ਹਜ਼ਾਰ ਰੁਪਏ ਦੀ ਨੌਕਰੀ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ।ਗਰੀਬ ਪਰਿਵਾਰਾਂ ਦੇ ਬੱਚੇ ਤਾਂ ਇਸ ਤਰ੍ਹਾਂ ਦੀਆਂ ਤਕਨੀਕੀ ਤੇ ਮੈਡੀਕਲ ਸੰਸਥਾਵਾਂ ਵਿੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਵੀ ਨਹੀਂ ਲੈ ਸਕਦੇ। ਪਹਿਲਾਂ ਦਾਖਲਾ ਲੈਣ ਲਈ ਟਿਊਸਨ ਤੇ ਫਿਰ ਦਾਖਲੇ ਤੋਂ ਬਾਅਦ ਟਿਊਸਨ ਲਈ ਲੱਖਾਂ ਰੁਪਏ ਨਹੀਂ ਖਰਚ ਕਰ ਸਕਦੇ।ਉਹ ਤਾਂ ਇਨ੍ਹਾਂ ਸੰਸਥਾਵਾਂ ਦੇ ਪ੍ਰਾਸਪੈਕਟਸ ਤੇ ਗਿਆਰਵੀਂ, ਬਾਰਵੀਂ ਦੇ ਵਿਗਿਆਨਕ ਗਰੁੱਪ ਦੀਆਂ ਕਿਤਾਬਾਂ ਖਰੀਦਣ ਤੋਂ ਵੀ ਅਸਮਰੱਥ ਹੁੰਦੇ ਹਨ।ਕਿਸੇ ਵੀ ਡਿਗਰੀ ਜਾਂ ਕੋਰਸ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਟੈਸਟ, ਫਿਰ ਪੂਰਾ ਕਰਨ ਤੋਂ ਬਾਅਦ। ਜਿਵੇਂ ਬੀ.ਐੱਡ.,ਪੀ.ਐੱਚ.ਡੀ.ਤੋਂ ਪਹਿਲਾਂ ਐਂਟਰਐਂਸ ਟੈਸਟ, ਫਿਰ ਬਾਅਦ ਵਿੱਚ ਪਈ.ਟੈੱਟ.,ਸੀ.ਟੈੱਟ.,ਨੈੱਟ।ਪਹਿਲੀ ਗੱਲ ਇਨ੍ਹਾਂ ਟੈਸਟਾਂ ਤੱਕ ਪਹੁੰਚਣਾ ਹੀ ਮੁਸ਼ਕਿਲ ਹੈ। ਇਨ੍ਹਾਂ ਟੈਸਟਾਂ ਦੇ ਪ੍ਰੀਖਿਆ ਕੇਂਦਰ ਵੀ ਦੂਰ-ਦੁਰਾਡੇ ਹੁੰਦੇ ਹਨ। ਪਹਿਲਾਂ ਟੈਸਟ ਫੀਸ, ਫੇਰ ਪ੍ਰੀਖਿਆ ਕੇਂਦਰ ਤੱਕ ਪਹੁੰਚਣ ਦਾ ਖਰਚ।ਪਰ ਜੋ ਵਿਦਿਆਰਥੀ ਇਹ ਟੈਸਟ ਦਿੰਦੇ ਹਨ ਉਹ ਇੱਕ ਨੰਬਰ ਦੀ ਘਾਟ ਕਾਰਨ ਵੀ ਅਯੋਗ ਕਰਾਰ ਦੇ ਦਿੱਤਾ ਜਾਂਦਾ।ਇੰਝ ਲੱਗਦਾ ਜਿਵੇਂ ਸਿੱਖਿਆ ਪ੍ਰਣਾਲੀ ਤੋਂ ਟੈਸਟ ਪ੍ਰਣਾਲੀ ਬਣ ਗੲਈ ਹੋਵੇ। ਸਿੱਖਿਆ ਨੂੰ ਕੇਵਲ ਸਰਟੀਫਿਕੇਟ ਹਾਸਿਲ ਕਰਨ ਤੱਕ ਹੀ ਸੀਮਤ ਕਰ ਦਿੱਤਾ ਗਿਆ।ਭਾਵੇਂ ਸਰਕਾਰ ਨੇ ਇਸ ਤਰ੍ਹਾਂ ਦੇ ਵਿਦਿਆਰਥੀਆਂ ਲਈ ਵਜ਼ੀਫਿਆਂ ਦੀ ਵਿਵਸਥਾ ਵੀ ਬਣਾਈ ਹੈ ਪਰ ਉਹ ਆਟੇ ਵਿੱਚ ਲੂਣ ਦੇ ਬਰਾਬਰ ਹੈ। ਅੱਜ ਯੂ.ਜੀ.ਸੀ. ਦੀ ਪ੍ਰੀਖਿਆ,ਐੱਮ ਫਿਲ.,ਪੀ.ਐੱਚ.ਡੀ. ਕਰਨ ਤੋਂ ਬਾਅਦ ਵੀ ਨੌਜਵਾਨ ਬੇਰੁਜ਼ਗਾਰੀ ਦੀ ਭੱਠੀ ਵਿੱਚ ਤਪ ਰਹੇ ਹਨ, ਖ਼ੁਦਕੁਸ਼ੀਆਂ ਕਰ ਰਹੇ ਹਨ ਜਾਂ ਫੇਰ ਐਡਹਾਕ ,ਕੰਟਰੈਕਟ ਪੱਧਰ ਤੇ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹਨ।

ਸਾਡਾ ਸਿੱਖਿਆ ਪ੍ਰਬੰਧ ਰੱਟਾ ਲਾਊ, ਬੋਝਲ,ਗੈਰ-ਜਮਹੂਰੀਅਤ ਤੇ ਗੈਰ-ਵਿਗਿਆਨਕ ਹੈ।ਇੱਕ ਪੀ.ਐਚ.ਡੀ. ਦੀ ਯੋਗਤਾ ਰੱਖਣ ਵਾਲਾ ਮਨੁੱਖ ਵੀ ਖੁਦਕੁਸ਼ੀ ਕਰਨ ਲਈ ਮਜ਼ਬੂਰ ਹੋ ਰਿਹਾ।ਇਸਦੇ ਅੰਦਰ ਪੂੰਜੀਵਾਦੀ ਨੈਤਿਕਤਾ ਦੇ ਨਾਲ-ਨਾਲ ਜਾਗੀਰੂ ਕਿਸਮ ਦੀਆਂ ਪਿਛਾਖੜੀ ਕਦਰਾਂ-ਕੀਮਤਾਂ, ਜਾਤੀ-ਪਾਤੀ ਵਿਤਕਰਾ ਤੇ ਧਾਰਮਿਕ ਅੰਧਵਿਸ਼ਵਾਸ਼ੀ ਵਾਲੇ ਅਧਿਆਤਮਵਾਦੀ ਵਿਚਾਰਾਂ ਦਾ ਸੰਚਾਰ ਕੀਤਾ ਜਾਂਦਾ ਹੈ। ਇਸਦੇ ਪਾਠਕ੍ਰਮਾਂ ਵਿਚ ਅਗਾਂਹਵਧੂ ਆਧੁਨਿਕ ਵਿਗਿਆਨਕ ਤੇ ਤਰਕਮਈ ਵਿਚਾਰਾਂ ਨੂੰ ਕੋਈ ਸਪੇਸ ਨਹੀਂ ਦਿੱਤੀ ਜਾਂਦੀ। ਇਸੇ ਕਾਰਨ ਉੱਚ ਡਿਗਰੀਆਂ ਪ੍ਰਾਪਤ ਵਿਦਿਆਰਥੀਆਂ ਨੂੰ ਵੀ ਬਾਹਰਮੁਖੀ ਸਮਾਜੀ ਹਾਲਤਾਂ ਦੀ ਕੋਈ ਸੋਝੀ ਨਹੀਂ ਹੁੰਦੀ ਤੇ ਉਹ ਸਾਇੰਸ ਦੀ ਪੜ੍ਹਾਈ ਕਰਨ ਤੇ ਵੀ ਗੈਬੀ ਸ਼ਕਤੀਆਂ ਦੇ ਚਰਨਾਂ ‘ਚ ਸਿਰ ਝੁਕਾਈ ਰੱਖਦੇ ਹਨ। ਪ੍ਰੀਖਿਆਵਾਂ ਪਾਸ ਕਰਨ ਲਈ ਨਕਲ ਕਰਨ ਦੇ ਨਾਲ-ਨਾਲ ਤਰ੍ਹਾਂ-ਤਰ੍ਹਾਂ ਦੀਆਂ ਮੰਨਤਾਂ ਤੇ ਪੂਜਾ-ਪਾਠ ਕੀਤੇ ਜਾਣਾ ਵਿਦਿਆ ਦੁਆਰਾ ਵਿਦਿਆਰਥੀਆਂ ਦੇ ਬੌਧਿਕ ਮਿਆਰ ਨੂੰ ਉੱਚਾ ਚੁੱਕਣ ਦੀ ਭੂਮਿਕਾ ਦੇ ਦਰਸ਼ਨ ਕਰਵਾਉਂਦਾ ਹੈ।ਸਾਹਿਤ, ਕਲਾ ਅਤੇ ਸੱਭਿਆਚਾਰ ਦਾ ਸਿੱਖਿਆ ਨਾਲ ਅਟੁੱਟ ਰਿਸ਼ਤਾ ਹੁੰਦਾ ਹੈ। ਸਮਾਜ ਅੰਦਰ ਨਵੀਂ-ਨਰੋਈ ਨੈਤਿਕਤਾ, ਸਾਹਿਤ, ਕਲਾ, ਸੱਭਿਆਚਾਰ ਅਤੇ ਸੋਚ ਪੈਦਾ ਕਰਨ ਅਤੇ ਉਸਨੂੰ ਹੋਰ ਵੱਧ ਵਿਕਸਿਤ ਕਰਨ ਵਿਚ ਸਿੱਖਿਆ ਦਾ ਅਹਿਮ ਰੋਲ ਹੁੰਦਾ ਹੈ। ਪਰ ਸਾਡੇ ਮੁਲਕ ਅੰਦਰ ਵਿਦਿਅਕ ਪ੍ਰਬੰਧ ਦੇ ਜਮਹੂਰੀ ਕਦਰਾਂ-ਕੀਮਤਾਂ ਤੋਂ ਸੱਖਣੇ ਹੋਣ, ਸਾਮਰਾਜ ਪ੍ਰਤੀ ਜ਼ਹਿਨੀ ਗੁਲਾਮੀ ਤੇ ਬਸਤੀਵਾਦੀ ਕਾਲ ਦੀ ਵਿਰਾਸਤ ਵਾਲੇ ਹੋਣ ਕਾਰਨ ਇਥੋਂ ਦਾ ਸਾਹਿਤ, ਕਲਾ ਅਤੇ ਸੱਭਿਆਚਾਰ ਵੀ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਨ ਦੀ ਸੇਧ ਦੇਣ ਵਾਲਾ ਹੈ। ਮੌਜੂਦਾ ਬਜ਼ਾਰੂ ਸਾਹਿਤ, ਕਲਾ ਅਤੇ ਸੱਭਿਆਚਾਰ ਅੰਦਰ ਰੂੜੀਵਾਦੀ, ਅਧਿਆਤਮਵਾਦੀ, ਮਿਥਿਹਾਸਕ, ਅਸ਼ਲੀਲਤਾ, ਅਨੈਤਿਕਤਾ ਆਦਿ ਬੁਰਾਈਆਂ ਦੀ ਭਰਮਾਰ ਹੈ।

ਸਿੱਖਿਆ ਦੇ ਇਸ ਨਿਘਰ ਚੁੱਕੇ ਢਾਂਚੇ ਕਾਰਨ ਹੀ ਇੱਕ ਗੁਰੂ-ਚੇਲੇ ਦੇ ਪਵਿੱਤਰ ਰਿਸ਼ਤੇ ਵਿੱਚ ਵੀ ਨਿਘਾਰ ਆ ਚੁੱਕਾ।ਪੁਰਾਤਨ ਕਾਲ ਵਿੱਚ ਗੁਰੂਕੁਲ ਪਰੰਪਰਾ ਤਹਿਤ ਰਿਸ਼ੀ -ਮੁਨੀ ਆਪਣੇ ਵਿਦਿਆਰਥੀਆਂ ਨੂੰ ਸਾਰੇ ਵਿਸ਼ਿਆਂ ਵਿਚ ਮਾਹਿਰ ਬਣਾਉਣ ਲਈ ਆਪ ਸਖ਼ਤ ਮਿਹਨਤ ਕਰਦੇ ਸਨ।ਪਰ ਅੱਜ ਕੱਲ੍ਹ ਬਹੁਤੇ ਅਧਿਆਪਕ ਆਪ ਨਹੀਂ ਜਾਣਦੇ ਕਿ ਜੋ ਉਹ ਪੜਾ ਰਹੇ ਹਨ ਉਸਦਾ ਜ਼ਿੰਦਗੀ ਵਿਚ ਕੋਈ ਯੋਗਦਾਨ ਹੈ ਜਾਂ ਨਹੀਂ। ਗੁਰੂਕੁਲ ਵਿੱਚ ਜਾਣ ਅਤੇ ਸਿੱਖਿਆ ਗ੍ਰਹਿਣ ਕਰਨ ਦਾ ਮੰਤਵ ਰੁਜ਼ਗਾਰ ਦੀ ਪ੍ਰਾਪਤੀ ਨਹੀਂ ਸਗੋਂ ਜੀਵਨ ਜਾਂਚ ਸਿਖਾਉਣਾ ਹੁੰਦਾ ਸੀ ਜਿਸ ਕਾਰਨ ਸਿਖਿਆਰਥੀ ਹਮੇਸ਼ਾ ਆਪਣੇ ਗੁਰੂ ਨੂੰ ਸਮਰਪਿਤ ਹੁੰਦਾ ਸੀ।ਪਰ ਅੱਜ ਸਿੱਖਿਆ ਨੂੰ ਸਿਰਫ਼ ਰੁਜ਼ਗਾਰ ਲਈ ਵਰਤਿਆ ਜਾਂਦਾ ਹੈ। ਰੁਜ਼ਗਾਰ ਨੂੰ ਕੇਂਦਰ ਵਿੱਚ ਰੱਖ ਕੇ ਸਿਰਜਿਆ ਸਿੱਖਿਆ ਪ੍ਰਬੰਧ ਪੂੰਜੀਕਰਨ ਵੱਲ ਵਧੇਗਾ,ਜਿਸ ਵਿੱਚ ਮਨੁੱਖ, ਮਨੁੱਖ ਨਹੀਂ ਰਹਿ ਜਾਂਦਾ,ਉਸ ਨੂੰ ਇੱਕ ਜਿਣਸ ਦੀ ਤਰ੍ਹਾਂ ਖਰੀਦਿਆ ਵੇਚਿਆ ਜਾਂਦਾ।ਡਾਕਟਰ, ਅਧਿਆਪਕ, ਇੰਜੀਨੀਅਰ,ਜੱਜ,ਵਕੀਲ ਆਦਿ ਸੇਵਾ ਦੀ ਜਗ੍ਹਾ ਆਪਣੇ ਕਿੱਤੇ ਨੂੰ ਕਮਾਈ ਦਾ ਸਾਧਨ ਬਣਾ ਰਹੇ ਹਨ।ਮਨੁੱਖ ਇਸ ਸਰਕਾਰੀ ਮਸ਼ੀਨਰੀ ਦਾ ਮਹਿਜ਼ ਇੱਕ ਪੁਰਜ਼ਾ ਬਣ ਰਿਹਾ ਹੈ।ਪਹਿਲਾਂ ਅਧਿਆਪਕ ਲਈ ਸਿਰਫ਼ ਅਧਿਆਪਕ ਸ਼ਬਦ ਹੀ ਸੀ ਪਰ ਅੱਜ ਅਨੇਕਾਂ ਵਰਗ ਬਣਾ ਦਿੱਤੇ ਗਏ।ਅਧਿਆਪਕਾਂ ਨੂੰ ਵੀ ਅਨੇਕਾਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ। ਕਾਗਜ਼ੀ ਕਾਰਵਾਈ,ਅੰਕੜੇ ਇਕੱਠੇ ਕਰਨਾ,ਮਿਡ ਡੇ ਮੀਲ ਲੲਈ ਰਾਸ਼ਨ ਲਿਆਉਣਾ,ਖਾਣਾ ਤਿਆਰ ਕਰਵਾਉਣਾ, ਚੋਣਾਂ, ਜਨ-ਗਣਨਾ ਵਿੱਚ ਡਿਊਟੀਆਂ ਸਮੇਤ ਅਨੇਕਾਂ ਫਾਲਤੂ ਬੋਝ ਪਾਇਆ ਜਾਂਦਾ।ਅੱਜ ਅਧਿਆਪਕਾਂ ਤੇ ਵਿਦਿਆਰਥੀਆਂ ਵਿਚਕਾਰ ਇੱਕ ਦੁਕਾਨਦਾਰ ਤੇ ਗ੍ਰਾਹਕ ਵਰਗਾ ਰਿਸ਼ਤਾ ਬਣ ਗਿਆ। ਵਿਦਿਆਰਥੀ ਸਿਰਫ਼ ਕਿਤਾਬੀ ਪੜ੍ਹਾਈ ਪ੍ਰਾਪਤ ਕਰ ਰਹੇ ਹਨ, ਜ਼ਿੰਦਗੀ ਦੀ ਪੜਾਈ ਨਹੀਂ।ਕਿਤਾਬੀ ਪੜ੍ਹਾਈ ਜਿਸ ਵਿੱਚ ਪਾਠ ਪਹਿਲਾਂ ਦਿੱਤਾ ਜਾਂਦਾ ਤੇ ਇਮਤਿਹਾਨ ਬਾਅਦ ਵਿੱਚ ਹੁੰਦੇ ਹਨ।ਪਰ ਜ਼ਿੰਦਗੀ ਦੀ ਪੜਾਈ ਵਿੱਚ ਪਹਿਲਾਂ ਇਮਤਿਹਾਨ ਹੁੰਦਾ ਹੈ ਤੇ ਪਾਠ ਜਾਂ ਸਬਕ ਬਾਅਦ ਵਿੱਚ ਮਿਲਦਾ। ਦੋਹਾਂ ਤਰ੍ਹਾਂ ਦੀ ਸਿੱਖਿਆ ਵਿੱਚ ਕੋਈ ਸਾਂਝ ਨਾ ਹੋਣ ਕਾਰਨ ਸਾਡੀਆਂ ਹੀਰਿਆਂ ਵਰਗੀਆਂ ਮਨੁੱਖੀ ਜ਼ਿੰਦਗੀਆਂ ਤਬਾਹ ਹੋ ਰਹੀਆਂ ਹਨ।ਵਿੱਦਿਆ ਦੇ ਲਗਾਤਾਰ ਹੋ ਰਹੇ ਬਜ਼ਾਰੀਕਰਨ ਨੇ ਅਧਿਆਪਕ ਦੀ ਸਮਾਜ ਵਿਚ ਬਣਦੀ ਸਨਮਾਣਯੋਗ ਭੂਮਿਕਾ ਨੂੰ ਘਟਾਕੇ ਉਸਨੂੰ ਇਕ ਉਜ਼ਰਤੀ ਮਜ਼ਦੂਰ ਤੇ ਨਿੱਜੀ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਲਈ ਪੈਸਾ ਇਕੱਤਰ ਕਰਨ ਵਾਲਾ ਮਾਰਕੀਟਿੰਗ ਏਜੰਟ ਬਣਾ ਦਿੱਤਾ ਹੈ।

ਫਰਾਂਸ ਦੇ ਕ੍ਰਾਂਤੀਕਾਰੀ ਨੇਤਾ ਡੈਂਟਨ ਨੇ ਕਿਹਾ ਸੀ,ਭੋਜਨ ਤੋਂ ਬਾਅਦ ਸਿੱਖਿਆ ਬੱਚੇ ਦੀ ਅਹਿਮ ਲੋੜ ਹੈ।ਪਰ ਜੋ ਲੋਕ ਰਾਤ ਨੂੰ ਭੁੱਖੇ ਪੇਟ ਨੀਲੇ ਆਕਾਸ਼ ਹੇਠਾਂ ਜਿੱਥੇ ਕਿਤੇ ਥਾਂ ਮਿਲੇ ਸੌਂ ਜਾਂਦੇ ਹਨ।ਉਹ ਭੁੱਖੇ ਲੋਕ ਕਿਵੇਂ ਪੜਨਗੇ?ਭੁੱਖੇ ਪੇਟ ਦਾ ਸਵਾਲ ਪਹਿਲਾਂ ਹੈ,ਪੇਟ ਨਾ ਪਈਆਂ ਰੋਟੀਆਂ ਸਭੇ ਗਲਾਂ ਖੋਟੀਆਂ।

ਸਾਡਾ ਸਮਾਜ ਭਾਵੇਂ ਪਹਿਲਾਂ ਨਾਲੋਂ ਸਿੱਖਿਅਤ ਹੋ ਗਿਆ ਪਰ ਜ਼ਿੰਦਗੀ ਦਾ ਸੁਹਜ-ਸੁਆਦ ਅਸੀਂ ਗੁਆ ਲਿਆ।ਸਿੱਖਿਆ ਸਿੱਖਣ ਲਈ ਹੋਣੀ ਚਾਹੀਦੀ ਹੈ ਨਾ ਕਿ ਤੋਤਾ ਰਟਣ ਲਈ। ਸਿੱਖਿਆ ਨੂੰ ਘੜੇ-ਘੜਾਏ ਜਵਾਬਾਂ ਤੱਕ ਹੀ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ।ਇਮਤਿਹਾਨ ਇਸ ਸਬੰਧੀ ਲਏ ਜਾਣੇ ਚਾਹੀਦੇ ਹਨ ਕਿ ਵਿਦਿਆਰਥੀ ਨੇ ਪੂਰੇ ਸਾਲ ਵਿੱਚ ਕੀ ਤੇ ਕਿੰਨਾ ਸਿੱਖਿਆ ਹੈ।ਉਦਾਹਰਣ ਵਜੋਂ ਵਿਦਿਆਰਥੀਆਂ ਨੂੰ ਇਹ ਪੜਾਉਣ ਦੀ ਜ਼ਰੂਰਤ ਹੈ ਕਿ ਟੀ.ਵੀ., ਮੋਬਾਈਲ, ਮਨੁੱਖ ਦਾ ਚੰਦਰਮਾ ਤੇ ਪਹੁੰਚਣਾ ਵਿਗਿਆਨ ਦੀ ਦੇਣ ਹੈ,ਪਰ ਇਨ੍ਹਾਂ ਦੀ ਸਹਾਇਤਾ ਨਾਲ ਜੋ ਮਨੁੱਖ ਟੀ.ਵੀ. ਚੈਨਲ ਜਾਂ ਹੋਰ ਕਿਸੇ ਵੀ ਸੋਸ਼ਲ ਮੀਡੀਆ ਜ਼ਰੀਏ ਮੁੰਦਰੀਆਂ ਵੇਚਕੇ ਪੈਸੇ ਬਟੋਰਦਾ,ਇਹ ਸਰਾਸਰ ਅੰਧ-ਵਿਸ਼ਵਾਸ ਹੈ। ਵਿਦਿਆਰਥੀ ਦੀ ਰੁਚੀ ਅਨੁਸਾਰ ਪਾਠਕ੍ਰਮ ਹੋਣੇ ਚਾਹੀਦੇ ਹਨ।ਜੇ ਕੋਈ ਵਿਦਿਆਰਥੀ ਪੇਂਟਿੰਗ ਵਿੱਚ ਰੁਚੀ ਰੱਖਦਾ ਹੈ ਤਾਂ ਉਸ ਦੇ ਕਲਾਤਮਿਕ ਪ੍ਰਤਿਭਾ ਦੇ ਹੁਨਰ ਨੂੰ ਨਿਖਾਰਨ ਦੀ ਵਿਵਸਥਾ ਹੋਣੀ ਚਾਹੀਦੀ ਹੈ।

ਜਸਪ੍ਰੀਤ ਕੌਰ ਜੱਸੂ

ਇਸੇ ਤਰ੍ਹਾਂ ਜੇ ਕੋਈ ਵਿਦਿਆਰਥੀ ਖੇਡ ਵਿੱਚ ਦਿਲਚਸਪੀ ਰੱਖਦਾ ਤਾਂ ਉਹ ਲਈ ਖੇਡ ਦਾ ਮੈਦਾਨ,ਖੇਡ ਕਿਟ,ਖੁਰਾਕ ਦੀ ਵਿਵਸਥਾ ਹੋਣੀ ਚਾਹੀਦੀ ਹੈ।ਸਿੱਖਿਆ ਵਿੱਚ ਭਾਸ਼ਾ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿੰਨਾ ਛੇਤੀ, ਸੌਖਾ ਮਾਤ-ਭਾਸਾ ਵਿੱਚ ਸਿੱਖਿਆ ਜਾਵੇਗਾ ਉਨ੍ਹਾਂ ਦੂਸਰੀ ਭਾਸ਼ਾ ਵਿੱਚ ਨਹੀਂ।ਹੋਣਹਾਰ ਵਿਦਿਆਰਥੀ ਸਿਰਫ਼ ਦੂਸਰੀ ਭਾਸ਼ਾ ਦੇ ਬੋਝ ਹੇਠ ਦੱਬ ਕੇ ਪੱਛੜ ਜਾਂਦੇ ਹਨ।ਜੇ ਚੀਨ ਦੇ ਲੋਕ ਚੀਨੀ ਭਾਸ਼ਾ ਵਿਚ,ਜਰਮਨ ਦੇ ਜਰਮਨੀ ਵਿਚ, ਜਾਪਾਨ ਦੇ ਜਾਪਾਨੀ ਵਿਚ ਸਿੱਖਿਆ ਪ੍ਰਾਪਤ ਕਰਕੇ ਤਰੱਕੀ ਕਰ ਸਕਦੇ ਹਨ, ਫਿਰ ਅਸੀਂ ਆਪਣੀ ਮਾਤ-ਭਾਸਾ ਵਿੱਚ ਸਿੱਖਿਆ ਪ੍ਰਾਪਤ ਕਰਕੇ ਤਰੱਕੀ ਕਿਉਂ ਨਹੀਂ ਕਰ ਸਕਦੇ?ਇਸ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਅਸੀਂ ਆਪਣੀ ਮਾਤ ਭਾਸ਼ਾ ਤੋਂ ਬਿਨਾਂ ਹੋਰ ਕਿਸੇ ਭਾਸ਼ਾ ਨੂੰ ਸਿੱਖੀਏ ਹੀ ਨਾ। ਆਪਣੀ ਮਾਤ-ਭਾਸਾ ਤੋਂ ਬਿਨਾਂ ਜਿੰਨੀਆਂ ਵੀ ਭਾਸ਼ਾਵਾਂ ਦਾ ਗਿਆਨ ਇਕੱਠਾ ਕੀਤਾ ਜਾ ਸਕਦਾ,ਉਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ।ਮਾਤ ਭਾਸ਼ਾ ਤੋਂ ਬਿਨਾਂ ਹੋਰਨਾਂ ਭਾਸ਼ਾਵਾਂ ਸਿੱਖਣਾ ਵਿਦਿਆਰਥੀ ਦੀ ਚੋਣ ਦੇ ਹਿੱਸੇ ਛੱਡ ਦੇਣਾ ਚਾਹੀਦਾ।ਸਾਮਰਾਜੀ-ਪੂੰਜੀਵਾਦੀ ਪ੍ਰਬੰਧ ਨੂੰ ਮੂਲੋਂ ਤਬਦੀਲ ਕੀਤੇ ਬਿਨਾਂ ਪ੍ਰਗਤੀਸ਼ੀਲ, ਜਮਹੂਰੀ, ਬਰਾਬਰ, ਇਕਸਾਰ, ਮੁਫਤ ਤੇ ਸਿੱਖਿਆ ਦੇ ਸਮਾਜੀਕਰਨ ਵਾਲਾ ਵਿਦਿਅਕ ਪ੍ਰਬੰਧ ਸਥਾਪਿਤ ਨਹੀਂ ਕੀਤਾ ਜਾ ਸਕਦਾ।ਇਸ ਸਾਮਰਾਜੀ-ਪੂੰਜੀਵਾਦੀ ਵਿਵਸਥਾ ਨੂੰ ਤਬਦੀਲ ਕਰਨ ਵਾਲੀ ਇਤਿਹਾਸਕ ਤੌਰ ਤੇ ਸਭ ਤੋਂ ਵੱਧ ਫੈਸਲਾਕੁੰਨ ਤਾਕਤ ਬਣਦੀ ਮਜ਼ਦੂਰ ਜਮਾਤ ਤੇ ਉਸਦੀ ਕਮਿਊਨਿਯਮ ਦੀ ਵਿਗਿਆਨਕ ਵਿਚਾਰਧਾਰਾ ਦੀ ਅਗਵਾਈ ਹੇਠ ਵਰਤਮਾਨ ਜਮਾਤੀ ਸੰਘਰਸ਼ ਨੂੰ ਸਹੀ ਦਿਸ਼ਾ ਵੱਲ ਲਿਜਾਕੇ ਹੋਰ ਵੱਧ ਤੇਜ ਕਰਨਾ ਅਤੇ ਇਸ ਦੁਆਲੇ ਵਿਦਿਆਰਥੀ ਤਾਕਤ ਨੂੰ ਲਾਮਬੰਦ ਕਰਨਾ ਜਰੂਰੀ ਹੈ।  

ਜਸਪ੍ਰੀਤ ਕੌਰ ਜੱਸੂ

ਐੱਮ.ਏ.ਪੰਜਾਬੀ(ਭਾਗ ਦੂਜਾ)

ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ

9855509018

Exit mobile version