ਵੇ ਲਾਲੀ ਪਧਿਆਣੇ ਵਾਲਿਆ, ਸਾਡੀ ਜਿੰਦ ‘ਚ ਸੰਧੂਰੀ ਰੰਗ ਭਰਦੇ
1982 ਵਿੱਚ ਹਿਜ਼ ਮਾਸਟਰਜ਼ ਵਾਇਸ ਕੰਪਨੀ ਨੇ ਉਸ ਵੇਲੇ ਦੇ ਮਕਬੂਲ ਕਲਾਕਾਰਾਂ ਦਾ ਇੱਕ ਸਾਂਝਾ ਐਲ ਪੀ ਰਿਕਾਰਡ ਬਣਾਇਆ ਸੀ ਜਿਸਦਾ ਟਾਈਟਲ ਸੀ ਐਚ ਐਮ ਵੀ ਨਾਈਟ। ਉਸ ਐਲ ਪੀ ਰਿਕਾਰਡ ਵਿੱਚ ਸੁਰਿੰਦਰ ਛਿੰਦਾ ਅਤੇ ਗੁਲਸ਼ਨ ਕੋਮਲ ਦੀ ਆਵਾਜ਼ ਵਿੱਚ ਇੱਕ ਫੌਜੀ ਫੌਜਣ ਦਾ ਦੋਗਾਣਾ ਰਿਕਾਰਡ ਹੋਇਆ ਸੀ ਜਿਸਦੇ ਬੋਲ ਸਨ
ਅੱਸੂ ਦੇ ਮਹੀਨੇ ਵਿੱਚ ਛੁੱਟੀ ਆਇਆ ਫੌਜੀਆ ਵੇ
ਵਗਦਾ ਪੁਰਾ ਸੀ ਜਦੋਂ ਸਾਉਣ ਵਿੱਚ ਮੌਜੀਆ ਵੇ
ਨਿੱਕੀ ਨਿੱਕੀ ਪੈਂਦੀ ਸੀ ਕਣੀਂ
ਵੇ ਮੈਂ ਜਾ ਮੇਰਾ ਰੱਬ ਜਾਣਦਾ, ਉਦੋਂ ਕਿੰਝ ਮੇਰੀ ਜਿੰਦ ਤੇ ਬਣੀਂ
ਦਿਨ ਵੇਲੇ ਮਿੱਠੀ ਮਿੱਠੀ ਯਾਦ ਬਣ ਆਉਣੀਏ ਨੀ
ਸੁਪਨੇ ‘ਚ ਆਕੇ ਰਾਤੀਂ ਨੀਂਦਰਾਂ ਚੁਰਾਉਣੀਏ ਨੀਂ
ਤੂੰ ਕੀ ਸਾਡਾ ਜਾਣਦੀ ਪਿਆਰ,
ਬੱਦਲਾਂ ਤੋਂ ਪੁੱਛ ਗੋਰੀਏ, ਨਿੱਤ ਘੱਲਦਾ ਸੁਨੇਹੇ ਮੈਂ ਹਜ਼ਾਰ
ਹੁਣ ਤ੍ਰਿੰਝਣਾਂ ‘ਚ ਕੁੜੀਆਂ ਜਾ ਰਲ ਬਹਿੰਦੀਆਂ
ਮੇਰੇ ਰੂਪ ਬਾਰੇ ਸਦਾ ਇਹੋ ਗੱਲ ਕਹਿੰਦੀਆਂ
ਲਾਲ_ਪਧਿਆਣੇ_ਵਾਲਾ ਆ ਗਿਆ ਜਦੋਂ ਦਾ ਛੁੱਟੀ
ਮੋਤੀਏ ਦਾ ਫੁੱਲ ਤੂੰ ਬਣੀ
ਵੇ ਮੈਂ ਜਾਂ ਮੇਰਾ ਰੱਬ ਜਾਣਦਾ , ਉਦੋਂ ਕਿੰਝ ਮੇਰੀ ਜਿੰਦ ਤੇ ਬਣੀਂ
ਦੋ-ਗਾਣਾ ਗਾਇਕੀ ਦੇ ਉਸ ਦੌਰ ਵਿੱਚ ਪੰਜਾਬੀ ਸਾਹਿਤਿਕ ਰੰਗ ਰੰਗਿਆ ਐਸਾ ਦੋ-ਗਾਣਾ, ਵਿਛੋੜਾ ਤੇ ਵਸਲ ਦਾ ਅਨੋਖਾ ਸੁਮੇਲ, ਬਾ ਕਮਾਲ ਲੇਖਣੀ ਬਲਿਹਾਰੇ ਜਾਵਾਂ ਐਸੇ ਗੀਤਕਾਰ ਦੇ ਜਿਸਨੇ ਗੀਤ ਰੂਪੀ ਤਸਵੀਰ ਵਿਚ ਕਮਾਲ ਦੇ ਰੰਗ ਭਰੇ। ਆਖਰ ਕੌਣ ਐ ਇਹ ਲਾਲ ਪਧਿਆਣਵੀ ?
ਲਾਲ ਪਧਿਆਣਵੀ ਉੱਚ ਸਿੱਖਿਆ ਪ੍ਰਾਪਤ ਦੁਆਬੇ ਦੇ ਗੜ੍ਹ ਜ਼ਿਲ੍ਹਾ ਜਲੰਧਰ ਦੇ ਪਿੰਡ ਪਧਿਆਣੇ ਦਾ ਜੰਮਪਲ ਐ। ਜੋ ਕਿੱਤੇ ਵੱਜੋਂ ਪ੍ਰੋਫੈਸਰ ਸੀ, ਗੀਤਕਾਰੀ ਜਿਸਦਾ ਸ਼ੌਕ ਸੀ। ਤੀਹ ਕੁ ਵਰ੍ਹੇ ਪਹਿਲਾਂ ਉਹ ਕੈਨੇਡਾ ਦੀ ਧਰਤੀ ਦਾ ਬਾਸ਼ਿੰਦਾ ਹੋ ਗਿਆ । ਲਾਲ ਪਧਿਆਣਵੀ ਦੇ ਗੀਤ ਲੋਕ-ਗੀਤਾਂ ਜਿਹਾ ਮੁਕਾਮ ਹਾਸਲ ਕਰ ਚੁੱਕੇ ਹਨ ਜਿਵੇਂ ਜਗਮੋਹਨ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ ਲਾਲ ਦਾ ਗੀਤ
ਮੇਰੇ ਨੱਚਦੀ ਦੇ ਖੁਲ੍ਹ ਗਏ ਵਾਲ ,ਭਾਬੀ ਮੇਰੀ ਗੁੱਤ ਕਰਦੇ
ਨਜ਼ਰਾਂ ਦੇ ਤੀਰ ਕੋਲੋਂ ਡੰਗ ਹੋ ਗਿਆ
ਰੰਗ ਦੇਖ ਅੱਗੇ ਨਾਲੋਂ ਰੰਗ ਹੋ ਗਿਆ
ਚੰਗਾ ਭਲਾ ਮੁੰਡਾ ਸੀ ਮਲੰਗ ਹੋ ਗਿਆ
ਜਿਹੜਾ ਪਿੰਡ ਪਧਿਆਣੇ_ਵਾਲਾ_ਲਾਲ
ਭਾਬੀ ਮੇਰੀ ਗੁੱਤ ਕਰਦੇ ਮੇਰੇ ਨੱਚਦੀ ਦੇ ਖੁੱਲ੍ਹ ਗਏ ਵਾਲ
ਇਸੇ ਤਰ੍ਹਾਂ ਸਰਵਜੀਤ ਕੌਰ ਦੀ ਆਵਾਜ਼ ਵਿੱਚ ਲਾਲ ਪਧਿਆਣਵੀ ਦਾ ਰਿਕਾਰਡ ਹੋਇਆ ਗੀਤ
ਕੋਕਾ ਘੜਵਾ ਦੇ ਮਾਹੀਆ ਕੋਕਾ ਵੇ ਹਾਣੀਆਂ
ਕੋਕਾ ਘੜਵਾ ਦੇ ਮਾਹੀਆ ਕੋਕਾ
ਸੱਜਣਾਂ ਪਿਆਰਿਆਂ ਦਾ ਆਖਾ ਨਹੀਂਓ ਮੋੜੀਦਾ
ਜੁੜਦਾ ਨਾ ਇਹੋ ਚੰਨਾ ਦਿਲ ਨਹੀਓ ਤੋੜੀਦਾ
ਰੱਬ ਦਿਲਾਂ ਵਿੱਚ ਰਹੇ ਸੋਹਣਿਆਂ ਬੁੱਲੇ ਸ਼ਾਹ ਦਾ ਹੋਕਾ
ਵੇ ਹਾਣੀਆਂ ਕੋਕਾ ਘੜਵਾ ਦੇ ਮਾਹੀਆ ਕੋਕਾ
ਸਾਰੀ ਦੁਨੀਆਂ ਜਾਣਦੀ ਐ ਕਿ ਇਹ ਦੋਵੇਂ ਗੀਤ ਰਿਕਾਰਡ ਹੋਣ ਤੋਂ ਬਾਅਦ ਇਹਨਾਂ ਨੂੰ ਗਾਉਣਾ ਹਰ ਪੰਜਾਬੀ ਗਾਇੱਕ ਦੀ ਮਜਬੂਰੀ ਬਣ ਗਈ , ਇੱਥੋਂ ਤੱਕ ਕਿ ਫ਼ਿਲਮ ਗੱਭਰੂ ਪੰਜਾਬ ਦਾ ਵਿੱਚ ਲਾਲ ਪਧਿਆਣਵੀ ਦਾ ਕੋਕਾ ਸ਼ਾਮਿਲ ਕਰਨਾ ਫਿਲਮ ਨਿਰਮਾਤਾ ਦੀ ਵੀ ਮਜਬੂਰੀ ਬਣ ਗਿਆ
ਇਹਨਾਂ ਤੋਂ ਬਿਨਾਂ ਰਾਜ ਗਾਇੱਕ ਹੰਸ ਰਾਜ ਦੀ ਆਵਾਜ਼ ਵਿੱਚ
ਵਾਰ ਵਾਰ ਸ਼ੀਸ਼ਾ ਤੁਸੀਂ ਤੱਕਦੇ ਨਹੀਂਓ ਥੱਕਦੇ
ਮੱਥੇ ਤੋਂ ਜ਼ੁਲਫ਼ਾਂ ਨੂੰ ਚੱਕਦੇ ਨਹੀਂਓ ਅੱਕਦੇ
ਜੋ ਮਰਜ਼ੀ ਕਰੋ ਜੀ ਲਾਡੀ,
ਪਰ ਇੱਕ ਗਲ ਸੁਣਲੋ ਸਾਡੀ
ਕਿਉਂ ਵਾਲ ਵਹੇਂਦੇ ਓ,
ਓਨੇ ਤੁਸੀਂ ਨਹੀਂ ਸੋਹਣੇ, ਜਿੰਨਾਂ ਮਾਣ ਕਰੇੰਦੇ ਓ
ਮੇਰੇ ਮੌਲਾ ਦੀ ਸ਼ਾਨ ਨਿਰਾਲੀ ਨੀ
ਸੱਚ ਕਹੇ ਪਧਿਆਣੇ ਵਾਲਾਨੀ
ਇਹ ਝੂਠੀ ਕਾਇਆ ਮਾਇਆ,
ਬੱਸ ਦੋ ਪਲ ਦੀ ਹੈ ਛਾਇਆ
ਕਿਉਂ ਮਹਿਲ ਬਣੇਂਦੇ ਓ
ਓਨੇ ਤੁਸੀਂ ਨਹੀਂ ਸੋਹਣੇ ਜਿੰਨਾਂ ਮਾਣ ਕਰੇਂਦੇ ਓ
ਹੰਸ ਰਾਜ ਹੰਸ ਦੀ ਹੀ ਆਵਾਜ਼ ਵਿੱਚ ਲਾਲ ਦਾ ਇੱਕ ਹੋਰ ਸਦਾ ਬਹਾਰ ਗੀਤ
ਕਾਹਨੂੰ ਸਾਨੂੰ ਚਾਹ ਪੁੱਛਦੈਂ,
ਤੇਰੇ ਦਰਸ਼ਨ ਹੀ ਦੁੱਧ ਵਰਗੇ
ਨੈਣ ਤੇਰੇ ਘਟਾ ਬਣਕੇ,
ਤਪੇ ਦਿਲਾਂ ਵਾਲੇ ਥਲਾਂ ਉੱਤੇ ਵਰ੍ਹਦੇ
ਕਾਹਨੂੰ ਸਾਨੂੰ ਚਾਹ ਪੁੱਛਦੈਂ
ਪੈੜ ਤੇਰੀ ਸੁੰਘ ਸੁੰਘ ਕੇ,
ਪੌਣਾਂ ਰੰਗਲੇ ਮਹੱਲਾਂ ਵੱਲੋਂ ਆਉਂਦੀਆਂ
ਗਿੱਧੇ ਵਿੱਚ ਸਭੇ ਨੱਢੀਆਂ,
ਤੇਰੇ ਨਾਂ ਤੇ ਬੋਲੀਆਂ ਪਾਉਂਦੀਆਂ
ਸਾਡੀ ਜਿੰਦ ‘ਚ ਸੰਧੂਰੀ ਰੰਗ ਭਰਦੇ
ਕਾਹਨੂੰ ਸਾਨੂੰ ਚਾਹ ਪੁੱਛਦੈਂ
ਲਾਲੀ ਦੇ ਗੀਤਾਂ ਦਾ ਸਫਰ ਤਵਿਆਂ ਵਾਲੇ ਯੁੱਗ ਤੋਂ ਸ਼ੁਰੂ ਹੋਇਆ ਨਰਿੰਦਰ ਬੀਬਾ ਦੀ ਆਵਾਜ਼ ਵਿੱਚ ਉਸਦਾ ਗੀਤ ਆਇਆ ਸੀ ਰਾਂਝੇ ਮੱਝੀਆਂ ਚਰਾਇਆਂ ਉਸਤੋਂ ਬਾਅਦ ਲਾਲ ਨੇ ਪਿਛਾਂਹ ਮੁੜਕੇ ਨਹੀਂ ਦੇਖਿਆ, ਲਾਲ ਨੇ ਗੀਤਕਾਰੀ ਲਈ ਜੰਗਾੜ ਨਹੀਂ ਲਾਇਆ, ਉਸਦੇ ਗੀਤ ਉਸ ਸਮੇਂ ਰਿਕਾਰਡ ਹੋਣੇ ਸ਼ੁਰੂ ਹੋਏ ਜਦੋਂ ਕਲਾਕਾਰਾਂ ਤੱਕ ਪਹੁੰਚਣਾ ਬੜਾ ਮੁਸ਼ਕਲ ਸੀ। ਪਰ ਲਾਲ ਦੀ ਗੀਤਾਂ ਦਾ ਮਿਆਰ ਈ ਬੜਾ ਉੱਚਾ ਐ ਇਸ ਕਰਕੇ ਗਾਇਕਾਂ ਨੂੰ ਉਹ ਆਪਣੇ ਆਪ ਰਿਕਾਰਡ ਕਰਾਉਣੇ ਪਏ। ਪਿਛਲੇ ਵਰ੍ਹੇ ਲਾਲ ਨਾਲ ਸਰ੍ਹੀ ਵਿਚ ਮੁਲਾਕਾਤ ਹੋਈ ਉਹ ਬਹੁਤ ਆਪਣੇਪਨ ਨਾਲ ਮਿਲਿਆ ਤੇ ਮੈਨੂੰ ਵੀ ਅਥਾਹ ਖੁਸ਼ੀ ਹੋਈ
ਵਿਚਕਾਰ ਲਾਲ ਪਧਿਆਣਵੀ ਇੱਕ ਪਾਸੇ ਗੀਤਕਾਰ ਤੇ ਗਾਇਕ ਧਰਮਵੀਰ ਥਾਂਦੀ ਦੂਸਰੇ ਪਾਸੇ ਅਸ਼ੋਕ ਬਾਂਸਲ ਮਾਨਸਾ
