ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਉਸਤਾਦ ਸ਼ਾਇਰ ਦੀਪਕ ਜੈਤੋਈ ਨੂੰ ਯਾਦ ਕੀਤਾ

ਸਰੀ, 15 ਫਰਵਰੀ (ਹਰਦਮ ਮਾਨ)-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨ ਪੰਜਾਬੀ ਦੇ ਉਸਤਾਦ ਸ਼ਾਇਰ ਦੀਪਕ ਜੈਤੋਈ ਦੀ ਬਰਸੀ ਦੇ ਮੌਕੇ ਯਾਦ ਕਰਦਿਆਂ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸੰਬੰਧ ਵਿਚ ਮੰਚ ਦੀ ਵਿਸ਼ੇਸ਼ ਮੀਟਿੰਗ ਮੰਚ ਦੇ ਸਰਪ੍ਰਸਤ ਤੇ ਉੱਘੇ ਨਾਵਲਕਾਰ ਜਰਨੈਲ ਸਿੰਘ ਸੇਖਾ ਦੀ ਪ੍ਰਧਾਨਗੀ ਹੇਠ ਜਰਨੈਲ ਆਰਟ ਗੈਲਰੀ ਸਰੀ ਵਿਖੇ ਹੋਈ।

ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਦੀਪਕ ਜੈਤੋਈ ਨੂੰ ਯਾਦ ਕਰਦਿਆਂ ਜਰਨੈਲ ਸਿੰਘ ਸੇਖਾ ਨੇ ਉਹਨਾਂ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਦਾ ਜ਼ਿਕਰ ਕੀਤਾ ਤੇ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਦੀ ਉਸਤਾਦੀ ਦਾ ਨਿੱਘ ਮਾਨਣ ਵਾਲੇ ਜੈਤੋ ਦੇ ਸ਼ਾਇਰ ਹਰਦਮ ਸਿੰਘ ਮਾਨ ਨੇ ਉਸਤਾਦ ਸ਼ਾਇਰ ਨਾਲ ਬਿਤਾਏ ਦਿਨਾਂ ਨੂੰ ਯਾਦ ਕੀਤਾ। ਉਸ ਨੇ ਦੀਪਕ ਜੈਤੋਈ ਸਾਹਿਬ ਦੀ ਸਾਦਗੀ ਅਤੇ ਫੱਕਰਾਨਾ ਤਬੀਅਤ ਦੀ ਗੱਲ ਕੀਤੀ। ਉਹਨਾਂ ਬਹੁਤ ਹੀ ਪਿਆਰੇ ਗੀਤ ਲਿਖੇ ਜੋ ਪੰਜਾਬੀਆਂ ਦੇ ਜ਼ਬਾਨ ਉੱਤੇ ਲੋਕ ਗੀਤਾਂ ਵਾਂਗ ਚੜ੍ਹ ਗਏ। ਪੰਜਾਬੀ ਗੀਤਕਾਰੀ ਤੇ ਗਾਇਕੀ ਦੇ ਖੇਤਰ ਵਿੱਚ ਉਨ੍ਹਾਂ ਜਦੋਂ ਬੇਹੱਦ ਨਿਘਾਰ ਦੇਖਿਆ ਤਾਂ ਉਹਨਾਂ ਗੀਤਕਾਰੀ ਵੱਲੋਂ ਮੂੰਹ ਮੋੜ ਲਿਆ ਅਤੇ ਗ਼ਜ਼ਲ ਦੇ ਖੇਤਰ ਵੱਲ ਨੂੰ ਆਪਣਾ ਰੁਖ਼ ਕੀਤਾ। ਪੰਜਾਬੀ ਵਿੱਚ ਗ਼ਜ਼ਲ ਲਿਖਣ ਦੇ ਚੈਲਿੰਜ ਨੂੰ ਕਬੂਲ ਕਰਦਿਆਂ ਉਨ੍ਹਾਂ ਉਸਤਾਦ ਸ਼ਾਇਰ ਦਾ ਦਰਜਾ ਹਾਸਿਲ ਕੀਤਾ ਅਤੇ ਦੀਪਕ ਗ਼ਜ਼ਲ ਸਕੂਲ ਰਾਹੀਂ ਸੈਂਕੜੇ ਨਵੇਂ ਗ਼ਜ਼ਲਗੋਆ ਦੀ ਰਹਿਨੁਮਾਈ ਕੀਤੀ। ਹਰਦਮ ਸਿੰਘ ਮਾਨ ਨੇ ਉਹਨਾਂ ਦੇ ਰੋਜ਼ਾਨਾ ਜੀਵਨ ਤੇ ਰੋਜ਼ਾਨਾ ਦੇ ਕੰਮ ਕਾਜ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਆਪਣੀ ਸ਼ਰਧਾਂਜਲੀ ਉਹਨਾਂ ਨੂੰ ਭੇਂਟ ਕੀਤੀ।

ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਪੰਜਾਬੀ ਗਜ਼ਲ ਨੂੰ ਪੈਰਾਂ ਸਿਰ ਖੜ੍ਹੀ ਕਰਨ ਅਤੇ ਇਸ ਦੇ ਪਾਸਾਰ ਵਿੱਚ ਉਸਤਾਦ ਦੀਪਕ ਜੈਤੋਈ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਜੈਤੋ ਵਿਖੇ ਉਹਨਾਂ ਨਾਲ ਹੋਈਆਂ ਆਪਣੀਆਂ ਮੁਲਾਕਾਤਾਂ ਅਤੇ ਯਾਦਾਂ ਬਾਰੇ ਦਸਦਿਆਂ ਕਿਹਾ ਕਿ ਉਹ ਬਹੁਤ ਹੀ ਨਿਮਰ ਅਤੇ ਸਾਫ਼ਗੋ ਇਨਸਾਨ ਸਨ। ਅੰਗਰੇਜ਼ ਬਰਾੜ ਨੇ ਉਹਨਾਂ ਦੇ ਗੀਤਾਂ ਦੀ ਗੱਲ ਕੀਤੀ ਅਤੇ ਕਿਹਾ ਕਿ ‘ਆਹ ਲੈ ਮਾਈ ਸਾਂਭ ਕੁੰਜੀਆਂ…’ ਅਤੇ ‘ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾ…’ ਗੀਤ ਅੱਜ ਵੀ ਪੰਜਾਬੀਆਂ ਵਿਚ ਹਰਮਨ ਪਿਆਰੇ ਹਨ। ਪੰਜਾਬੀ ਲੋਕ ਗੀਤਾਂ ਦਾ ਦਰਜਾ ਹਾਸਲ ਕਰ ਚੁੱਕੇ ਇਹਨਾਂ ਗੀਤਾਂ ਨੂੰ ਅੱਜ ਹੀ ਪੰਜਾਬੀ ਆਪਣੇ ਆਪ ਵਿਚ ਮਾਣ ਮਹਿਸੂਸ ਕਰ ਰਹੇ ਹਨ।

Exit mobile version