28 ਮਾਰਚ 2026 ਸ੍ਰਵੋਤਮ ਪੁਰਸਕਾਰ -2026 ਮਿਲਣ ‘ਤੇ ਵਿਸ਼ੇਸ਼
੦ਸਨਮਾਨਿਤ ਸ਼ਖ਼ਸੀਅਤ ਬਹੁ-ਵਿਧਾਈ ਲੇਖਕ : ਹਰਚੰਦ ਸਿੰਘ ਬਾਗੜੀ
ਹਰਚੰਦ ਸਿੰਘ ਬਾਗੜੀ ਦਾ ਜਨਮ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਫਰਵਾਹੀ ਵਿੱਚ 20 ਅਗਸਤ 1945 ਨੂੰ ਮਾਤਾ ਬਿਸ਼ਨ ਕੌਰ ਅਤੇ ਪਿਤਾ ਸਰਦਾਰ ਲਾਲ ਸਿੰਘ ਦੇ ਘਰ ਹੋਇਆ। ਜਦੋਂ ਇਨ੍ਹਾਂ ਦੀ ਉਮਰ ਮਹਿਜ਼ 10 ਕੁ ਸਾਲ ਦੀ ਸੀ ਤਾਂ ਮਾਤਾ ਦਾ ਦਿਹਾਂਤ ਹੋ ਗਿਆ। ਬਾਲ ਹਰਚੰਦ ਸਿੰਘ ਨੇ ਸਕੂਲ ‘ਚ ਪੜ੍ਹਦਿਆਂ ਮਾਤਾ ਦੇ ਵਿਯੋਗ ‘ਚ ਕੁਝ ਛੋਟੀਆਂ ਛੋਟੀਆਂ ਕਵਿਤਾਵਾਂ ਅਤੇ ਗੀਤ ਲਿਖੇ, ਗੀਤ ਗੁਣਗੁਣਾਉਣੇ ਅਤੇ ਪਾੜ ਦੇਣੇ। ਮੁੱਢਲੀ ਪੜ੍ਹਾਈ ਤੋਂ ਬਾਦ ਮਾਲੇਰਕੋਟਲਾ ਦੇ ਸਰਕਾਰੀ ਹਾਈ ਸਕੂਲ ‘ਚ ਦਾਖਲ ਹੋ ਕੇ ਆਪਣੀ ਮਾਤਾ ਦੀ ਯਾਦ ‘ਚ ਲਿਖੇ ਗੀਤ ਅਤੇ ਟੱਪੇ ਸਕੂਲ ਦੀਆਂ ਬਾਲ ਸਭਾਵਾਂ ਚ ਸੁਣਾਉਣੇ। ਅਧਿਆਪਕਾਂ ਵੱਲੋਂ ਮਿਲੇ ਉਤਸ਼ਾਹ ਅਤੇ ਸਾਥੀ ਵਿਦਿਆਰਥੀਆਂ ਵੱਲੋਂ ਪਸੰਦ ਕੀਤੇ ਜਾਣ ਤੇ ਬਾਗੜੀ ਸਾਹਿਬ ਦਾ ਹੌਸਲਾ ਵਧ ਗਿਆ। ਦਸਵੀਂ ਕਰਨ ਤੋਂ ਬਾਅਦ ਸਰਕਾਰੀ ਕਾਲਜ ਮਾਲੇਰਕੋਟਲਾ ‘ਚ ਦਾਖਲਾ ਲੈਣ ਤੋਂ ਬਾਅਦ ਉਨ੍ਹਾਂ ਪਿੰਗਲ ਬਾਰੇ ਕਿਤਾਬ ਪੜ੍ਹੀ ਅਤੇ ਲਿਖੀਆਂ ਕਵਿਤਾਵਾਂ ‘ਚ ਨਿਖਾਰ ਆਉਣ ਲੱਗਿਆ। ਇਸੇ ਦੌਰਾਨ ਉਨ੍ਹਾਂ ਕਹਾਣੀਆਂ ਲਿਖਣੀਆਂ ਵੀ ਸ਼ੁਰੂ ਕਰ ਦਿੱਤੀਆਂ। ਕਾਲਿਜ ਮੈਗਜ਼ੀਨ ਤੋਂ ਇਲਾਵਾ ਕਈ ਹੋਰ ਰਸਾਲਿਆਂ ਵਿੱਚ ਵੀ ਛਪਣ ਲੱਗੀਆਂ।
1967 ਚ ਇਨ੍ਹਾਂ ਬੁਢਲਾਡਾ ਆਈ ਟੀ ਆਈ ਤੋਂ ਮਸ਼ੀਨਿ਼ਸ਼ਟ ਟਰੇਡ ਪਾਸ ਕੀਤੀ ਅਤੇ 1970 ‘ਚ ਇਨ੍ਹਾਂ ਦੀ ਸ਼ਾਦੀ ਪ੍ਰਮਿੰਦਰ ਕੌਰ ਨਾਲ ਹੋਈ। ਹਰਚੰਦ ਸਿੰਘ ਬਾਗੜੀ 1971 ਵਿੱਚ ਕੈਨੇਡਾ ਆ ਗਏ ਅਤੇ ਇੱਥੇ ਵੈਨਕੂਵਰ ਵਿੱਚ ਇਨ੍ਹਾਂ ਨੂੰ ਮਸ਼ੀਨਿਸ਼ਟ ਦੀ ਜੌਬ ਮਿਲ ਗਈ। ਖ਼ੂਬ ਮਿਹਨਤ ਕੀਤੀ। ਲਿਖਣ ਵੱਲੋਂ ਧਿਆਨ ਘਟਾ ਲਿਆ।ਕਲਮ ਨੂੰ ਰੋਕਣ ਵੇਲੇ ਉਨ੍ਹਾਂ ਇਹ ਸੱਤਰਾਂ ਲਿਖੀਆਂ ਸਨ।
ਅਜੇ ਨਾ ਦਰ ਖੜਕਾਅ ਤੂੰ ਅੜੀਏ,,,,ਅਜੇ ਨਾ ਦਰ ਖੜਕਾਅ
ਅਜੇ ਨਾ ਪੂਰੇ ਹੋਣੇ ਮੈਥੋਂ
ਤੇਰੇ ਦਿਲ ਦੇ ਚਾਅ।
ਅਜੇ ਅਸੀਂ ਹੈ ਲੱਭਣ ਤੁਰਨਾ
ਕੁੱਲੀ , ਗੁੱਲੀ ਜੁੱਲੀ
ਪਤਾ ਨਹੀਂ ਹੈ ਕਿਸਮਤ ਸਾਡੀ
ਕਿੱਥੇ ਧਰ ਕੇ ਭੁੱਲੀ।
ਨਿੱਕੇ ਨਿੱਕੇ ਪੈਰ ਅਸਾਂ ਦੇ
ਉਮਰੋਂ ਲੰਬੇ ਰਾਹ,,,
ਨੀ ਅੜੀਏ ਅਜੇ ਨਾ ਦਰ ਖੜਕਾਅ।
1984 ਦੇ ਘੱਲੂਘਾਰੇ ਦਾ ਹੋਰਾਂ ਪਰਵਾਸੀਆਂ ਵਾਂਗ ਹਰਚੰਦ ਸਿੰਘ ਬਾਗੜੀ ਦਾ ਹਿਰਦਾ ਵੀ ਵਲੂੰਧਰਿਆ ਗਿਆ। ਉਨ੍ਹਾਂ ਕਲਮ ਚੁੱਕੀ ਅਤੇ ਮੁੜ ਆਪਣੀ ਭਾਸ਼ਾ, ਧਰਮ ਅਤੇ ਸਾਹਿਤ ਬਾਰੇ ਸ਼ਿੱਦਤ ਨਾਲ ਸੋਚਣ ਲੱਗੇ। ਕਲਮ ਵੀ ਤੇਜੀ ਨਾਲ ਚੱਲਣ ਲੱਗੀ। ਜੌਬ ਹੋਣ ਕਰਕੇ ਲਿਖਣ ਲਈ ਸਮਾਂ ਨਹੀਂ ਸੀ ਮਿਲਦਾ। ਪਰਿਵਾਰ ਦੀ ਸਹਿਮਤੀ ਨਾਲ ਜੌਬ ਛੱਡ ਕੇ ਸਾਹਿਤ ਨੂੰ ਸਮਰਪਿਤ ਹੋ ਗਏ।
ਸਾਡੇ ਇਸ ਮਾਣ ਮੱਤੇ ਪੰਜਾਬੀ ਲੇਖਕ ਹਰਚੰਦ ਸਿੰਘ ਬਾਗੜੀ ਦੀਆਂ ਗੀਤ ਗ਼ਜ਼ਲਾਂ, ਦੋਹੇ,ਕਵਿਤਾਵਾਂ,
ਬੋਲੀਆਂ,ਚੋਪਾਲੀਆਂ, ਟੱਪੇ, ਵਾਰਾਂ, ਕਲੀ ਛੰਦ, ਮਹਾਂ ਕਾਵਿ, ਸਵੈਜੀਵਨੀ,ਪੈਂਤੀ ਅੱਖਰੀ ਅਤੇ ਕਹਾਣੀਆਂ ਦੀਆਂ 16 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਪ੍ਰਕਾਸ਼ਿਤ ਪੁਸਤਕਾਂ ਵਿੱਚ
# ਸੋਨੇ ਦਾ ਮਿਰਗ( ਕਾਵਿ ਸੰਗ੍ਰਹਿ -1992ਅਤੇ 2004)
# ਸੁਨਹਿਰੇ ਮਣਕੇ( ਕਾਵਿ ਸੰਗ੍ਰਹਿ -1992ਅਤੇ 2004)
# ਲਾਗੀ ( ਕਾਵਿ ਸੰਗ੍ਰਹਿ – 1999 ਅਤੇ 2003 )
# ਬੁੱਕ ਦੀ ਮਿੱਟੀ( ਕਾਵਿ ਸੰਗ੍ਰਹਿ – 1999 ਅਤੇ 2003 )
# ਸ਼ਲੋਕਾਂ ਭਰੀ ਚੰਗੇਰ ( ਦੋਹੇ – ਸ਼ਲੋਕ)
# ਸਮੇਂ ਦਾ ਸੱਚ ( ਕਾਵਿ ਸੰਗ੍ਰਹਿ – 2003 )
# ਸੁਨੇਹੇ ( ਕਾਵਿ ਸੰਗ੍ਰਹਿ -2003)
# ਦੁੱਧ ਦਾ ਮੁੱਲ ( ਕਹਾਣੀ ਸੰਗ੍ਰਹਿ – 2003)
# ਸੱਜਰੇ ਫੁੱਲ ( ਕਾਵਿ ਸੰਗ੍ਰਹਿ -2006)
# ਗਿੱਲੀ ਅੱਖ ਦਾ ਸੰਵਾਦ ( ਕਾਵਿ ਸੰਗ੍ਰਹਿ -2009)
# ਪੈੜਾਂ ( ਕਾਵਿ ਸੰਗ੍ਰਹਿ – 2009)
# ਕਿਸ ਬਿਧ ਲਈ ਆਜ਼ਾਦੀ ( ਮਹਾਂ ਕਾਵਿ -2011)
# ਅਣਖ ਪੰਜਾਬ ਦੀ – ਮਹਾਰਾਣੀ ਜਿੰਦਾਂ ( ਮਹਾਂ ਕਾਵਿ – 2013 )
# ਸਾਗਰ ਅਤੇ ਛੱਲਾਂ ( ਕਾਵਿ ਸੰਗ੍ਰਹਿ – 2015 )
# ਸਿਲਾ ਨੇਕੀ ਦਾ ( ਕਾਵਿ ਸੰਗ੍ਰਹਿ – 2015)
# ਸਾਹਾਂ ਦਾ ਸਫ਼ਰ ( ਸਵੈ ਜੀਵਨੀ -2017)
ਇਨ੍ਹਾਂ ਪੁਸਤਕਾਂ ਤੋਂ ਇਲਾਵਾ ਐਮ ਫਿਲ ਡਿਗਰੀ ਲਈ ਖੋਜ ਪੁਸਤਕਾਂ
# ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ
* ਮਹਾਂ ਕਾਵਿ ਦੇ ਪ੍ਰਯੋਗ ਵਿੱਚ ਹਰਚੰਦ ਸਿੰਘ ਬਾਗੜੀ ਰਚਿਤ – ਅਣਖ ਪੰਜਾਬ ਦੀ , ਮਹਾਂ ਰਾਣੀ ਜਿੰਦਾਂ ਦਾ ਅਧਿਐਨ
* ਹਰਚੰਦ ਸਿੰਘ ਬਾਗੜੀ ਦਾ ਕਾਵਿ ਮੁਲਾਂਕਣ – 2007 – 2008 ਖੋਜਕਾਰੀ ਅਨੀਤਾ ਰਾਣੀ
* ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਵੱਲੋਂ – ਪਰਵਾਸੀ ਕਵੀ ਹਰਚੰਦ ਸਿੰਘ ਬਾਗੜੀ ਦੀ ਕਵਿਤਾ ਦਾ ਆਲੋਚਨਾਤਮਕ ਅਧਿਐਨ
* ਡਾਕਟਰ ਸੁਖਵਿੰਦਰ ਕੌਰ ਵੱਲੋਂ ਸੰਪਾਦਤ
ਹਰਚੰਦ ਸਿੰਘ ਬਾਗੜੀ ਦੇ ਕਾਵਿ ਸੰਗ੍ਰਹਿ ਸਾਗਰ ਤੇ ਛੱਲਾਂ ਦੇ ਅਧਾਰਿਤ ( ਸਮਾਜ ਦਾ ਯਥਾਰਤ)
. ਪ੍ਰੋ. ਰਮਨਪ੍ਰੀਤ ਕੌਰ ਚਾਹਲ ਵੱਲੋਂ ਸੰਪਾਦਤ – ਪੰਜਾਬੀ ਸਮਾਜ ਅਤੇ ਇਤਿਹਾਸ ਦਾ ਬਿੰਬ – ਸਿਲਾ ਨੇਕੀ ਦਾ
ਇਸ ਤੋਂ ਇਲਾਵਾ ਕਵਿਤਾ ਮੰਚ ਪੰਜਾਬ ਦੇ ਬੁਲਾਰੇ ਮੈਗਜ਼ੀਨ ਸਮਕਾਲ ਨੇ 2015 ‘ਚ ਹਰਚੰਦ ਸਿੰਘ ਬਾਗੜੀ ਵਿਸ਼ੇਸ਼ ਅੰਕ ਛਾਪਿਆ।
——-
ਹਰਚੰਦ ਸਿੰਘ ਬਾਗੜੀ ਦੀਆਂ ਲਿਖਤਾਂ ‘ਚ ਜਿੱਥੇ ਮਨੁੱਖੀ ਮਨ ਦੀਆਂ ਪਰਤਾਂ ਦੇ ਦਰਸ਼ਨ ਹੁੰਦੇ ਹਨ ਉਥੇ ਉਨ੍ਹਾਂ ਨੇ ਕੈਨੇਡਾ ਵੱਸਦੇ ਪੰਜਾਬੀਆਂ ਦੀਆਂ ਔਕੜਾਂ , ਖਾਸ ਕਰਕੇ ਦੋ ਪੀੜ੍ਹੀਆਂ ਦੇ ਮਸਲਿਆਂ ਨੂੰ ਬਾਖੂਬੀ ਨਾਲ ਬਿਆਨ ਕੀਤਾ ਹੈ। ਕਿਰਤ ਦੀ ਮਹਿਮਾ ਕਰਨ ਵਾਲਾ ਹਰਚੰਦ ਸਿੰਘ ਬਾਗੜੀ ਅਜੋਕੇ ਯੁੱਗ ਦੀ ਸੰਵੇਦਨਾ ਉਭਾਰਨ ਵਾਲਾ ਅਜਿਹਾ ਸਮਰੱਥਵਾਨ ਕਵੀ ਹੈ ਜਿਸ ਕੋਲ ਵਿਸ਼ੇ ਨੂੰ ਡੂੰਘਾਈ ਨਾਲ ਵੇਖਣ ਦੀ ਦ੍ਰਿਸ਼ਟੀ ਵੀ ਹੈ ਅਤੇ ਆਪਣੇ ਅਹਿਸਾਸਾਂ ਨੂੰ ਕਾਵਿ ਬਿੰਬ ਵਿੱਚ ਢਾਲਣ ਦੀ ਸਮਰੱਥਾ ਵੀ ਹੈ। ਉਨ੍ਹਾਂ ਕਵੀ ਦੇ ਤੌਰ ਤੇ ਪੰਜਾਬ ਵਾਸ ਜਾਂ ਪਰਵਾਸ ਦੇ ਅਨੁਭਵਾਂ ਨੂੰ ਆਪਣੀਆਂ ਸਾਹਿਤਕ ਕਿਰਤਾਂ ‘ਚ ਢਾਲਿਆ ਹੈ। ਆਪਣੀ ਗੱਲ ਕਹਿਣ ਸਮੇਂ ਬਿਨਾ ਕਿਸੇ ਵਲ ਵਲੇਵਿਆਂ ਦੇ ਸਰਲਤਾ, ਸਹਿਜਤਾ ਅਤੇ ਸਪੱਸ਼ਟਤਾ ਦਾ ਖਾਸ ਖਿਆਲ ਰੱਖਣ ਵਾਲੇ ਹਰਚੰਦ ਸਿੰਘ ਬਾਗੜੀ ਦੀ ਸਾਊ, ਮਿਹਨਤੀ ਅਤੇ ਇਨਸਾਫ ਪਸੰਦ ਬਿਰਤੀ ਦਾ ਲਾਹਾ ਲੈਂਦਿਆਂ ਕੈਨੇਡਾ ਸਰਕਾਰ ਨੇ ਇਨ੍ਹਾਂ ਨੂੰ ਜਿਊਰੀ ਦਾ ਮੈਂਬਰ ਬਣਾ ਕੇ ਜਸਟਿਸ ਹੋਣ ਦਾ ਮਾਣ ਵੀ ਦਿੱਤਾ ਹੈ। ਅੱਜ ਮਿਤੀ 28 ਮਾਰਚ 2026 ਨੂੰ ਕੇਂਦਰੀ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਹਰਚੰਦ ਸਿੰਘ ਬਾਗੜੀ ਨੂੰ ਮਾਂ ਬੋਲੀ ਪੰਜਾਬੀ ਰਾਹੀਂ ਪੰਜਾਬੀ ਸਾਹਿਤਕ ਖ਼ੇਤਰ ਚ ਪਾਏ ਅਹਿਮ ਅਤੇ ਸ਼ਲਾਘਾਯੋਗ ਯੋਗਦਾਨ ਲਈ 2026 ਦੇ ਸਰਵੋਤਮ ਸਾਹਿਤਕਾਰ ਐਵਾਰਡ ਨਾਲ ਸਨਮਾਨਿਤ ਕਰ ਕੇ ਪੰਜਾਬੀ ਲੇਖਕ ਸਭਾ ਉੱਤਰੀ ਅਮਰੀਕਾ ਦੀ ਸਮੁੱਚੀ ਟੀਮ ਬੜਾ ਮਾਣ ਅਤੇ ਫ਼ਖ਼ਰ ਮਹਿਸੂਸ ਕਰਦੀ ਹੈ।
ਕੁਲਵੰਤ ਸਰੋਤਾ, ਸਰੀ (ਕੈਨੇਡਾ)+91- 98780-00533
ਜਸਵੀਰ ਸਿੰਘ ਭਲੂਰੀਆ
ਸਰੀ, ਕੈਨੇਡਾ +1-236-622-7799
