ਸਲਾਹਾਂ ਸ਼ੁਰੂ: ਮਾਪਿਆਂ ਦਾ ਪੰਜ ਸਾਲਾ ਵੀਜ਼ਾ

ਸਲਾਹਾਂ ਸ਼ੁਰੂ: ਮਾਪਿਆਂ ਦਾ ਪੰਜ ਸਾਲਾ ਵੀਜ਼ਾ
ਨਵਿਆਉਣਯੋਗ ‘ਪੇਰੈਂਟ ਵੀਜ਼ਾ ਬੂਸਟ’ ਲਈ ਵਿਧੀ ਵਿਧਾਨ ਤਿਆਰ ਹੋ ਰਿਹੈ-ਇਮੀਗ੍ਰੇਸ਼ਨ ਮੰਤਰੀ
– ਸਿਹਤ ਬੀਮਾ ਕਰਵਾਉਣ ਦੀ ਲੋੜ ਹੋਵੇਗੀ
ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 25 ਜਨਵਰੀ, 2024:-ਨਿਊਜ਼ੀਲੈਂਡ ਸਰਕਾਰ ਦਾ ਇਮੀਗ੍ਰੇਸ਼ਨ ਵਿਭਾਗ ਮਾਪਿਆਂ ਦੀ ਵੀਜ਼ਾ ਸ਼੍ਰੇਣੀ ਅਧੀਨ ਦਿੱਤਾ ਜਾਣਾ ਵਾਲਾ 10 ਸਾਲਾ ਵੀਜ਼ਾ (ਪਹਿਲੇ ਗੇੜ ਵਿਚ ਪੰਜ ਸਾਲ ਅਤੇ ਫਿਰ ਨਵਿਆਉਣ (ਐਕਸਟੈਂਸਨ) ਉਤੇ ਪੰਜ ਸਾਲ ਹੋਰ) (Parent Visa 2oost) ਦੇ ਲਈ ਵਿਧੀ-ਵਿਧਾਨ ਤਿਆਰ ਕਰਨ ਦੀਆਂ ਸਲਾਹਾਂ ਸ਼ੁਰੂ ਕਰ ਰਿਹਾ ਹੈ। ਸੱਤਾਧਾਰੀ ਗੱਠਜੋੜ ਦੀਆਂ ਤਿੰਨ ਪਾਰਟੀਆਂ ਦੇ ਵਿਚੋਂ ਦੋ ਪਾਰਟੀਆਂ ਨੇ ਅਜਿਹਾ ਵਾਅਦਾ ਵੀ ਕੀਤਾ ਸੀ। ਤੀਜੀ ਪਾਰਟੀ ਰਲਦੀ ਹੈ ਕਿ ਨਹੀਂ…ਅਜੇ ਪਤਾ ਨਹੀਂ।
ਇਮੀਗ੍ਰੇਸ਼ਨ ਮੰਤਰੀ ਨੇ ਇਕ ਅਖ਼ਬਾਰ ਨੂੰ ਦਿੱਤੀ ਜਾਣਕਾਰੀ ਵਿਚ ਦੱਸਿਆ ਕਿ ਉਹ ਜਲਦੀ ਹੀ ਇਸ ਦੇ ਲਈ ਰੂਪ-ਰੇਖਾ ਸ਼ੁਰੂ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪੰਜ ਸਾਲ ਦਾ ਨਵਿਆਉਣਯੋਗ ਮਾਪੇ ਸ਼੍ਰੇਣੀ ਵੀਜ਼ਾ ਪੇਸ਼ ਕੀਤੇ ਜਾਣ ਉਤੇ ਕੰਮ ਕਰ ਰਹੇ ਹਨ ਪਰ ਇਹ ਸਿਹਤ ਸੰਭਾਲ ਦੇ ਖਰਚਿਆਂ ਦੀ ਜ਼ਿੰਮੇਵਾਰੀ ਚੁੱਕਣ ਦੀ ਸ਼ਰਤ ਉਤੇ ਹੋਵੇਗਾ। ਇਹ ਨੈਸ਼ਨਲ ਤੇ ਐਕਟ ਪਾਰਟੀ ਦੇ ਗੱਠਜੋੜ ਸਮਝੌਤੇ ਵਿੱਚ ਸ਼ਾਮਿਲ ਹੈ।  ਪੇਰੈਂਟ ਵੀਜ਼ਾ ਬੂਸਟ ’ਤੇ ਨਿਊਜ਼ੀਲੈਂਡ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਬੱਚਿਆਂ ਜਾਂ ਪੋਤੇ-ਪੋਤੀਆਂ ਦੁਆਰਾ ਸਪਾਂਸਰ ਕੀਤਾ ਜਾਣਾ ਚਾਹੀਦਾ ਹੈ। ਉਹ ‘ਨਿਊਜ਼ੀਲੈਂਡ ਸੁਪਰ’ (65 ਤੋਂ ਉਪਰ ਵਾਲੀ ਪੈਨਸ਼ਨ) ਜਾਂ ਹੋਰ ਹੱਕਾਂ ਲਈ ਯੋਗ ਨਹੀਂ ਹੋਣਗੇ। ਸਾਰੇ ਵਿਅਕਤੀਆਂ ਨੂੰ ਆਪਣੇ ਠਹਿਰਨ ਦੀ ਮਿਆਦ ਲਈ ਸਿਹਤ ਬੀਮਾ ਵੀ ਕਰਵਾਉਣ ਦੀ ਲੋੜ ਹੋਵੇਗੀ ਅਤੇ ਉਹਨਾਂ ਨੂੰ ਵੀਜ਼ਾ ਪ੍ਰਾਪਤ ਕਰਨ ਲਈ ਮਿਆਰੀ ਇਮੀਗ੍ਰੇਸ਼ਨ ਨਿਊਜ਼ੀਲੈਂਡ ਸਿਹਤ ਅਤੇ ਹੋਰ ਲੋੜਾਂ ਨੂੰ ਪਾਸ ਕਰਨ ਦੀ ਲੋੜ ਹੋਵੇਗੀ।

ਉਨ੍ਹਾਂ ਕਿਹਾ ਕਿ ਨੈਸ਼ਨਲ ਸਰਕਾਰ ਇਸ ਗੱਲ ਉਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਕਿ ਰਿਕਾਰਡ-ਉੱਚ ਪਰਵਾਸ ਦਾ ਪ੍ਰਬੰਧ ਕਿਵੇਂ ਕਰਨਾ ਹੈ।  ਮੰਤਰੀ ਸਾਹਿਬਾ ਨੇ ਸੰਭਾਵੀ ਪ੍ਰਵਾਸੀਆਂ ਨੂੰ ਘੁਟਾਲਿਆਂ ਦਾ ਸ਼ਿਕਾਰ ਨਾ ਹੋਣ ਲਈ ਅਗਾਹ ਵੀ ਕੀਤਾ ਹੈ। ਨੌਕਰੀਆਂ ਲਈ ਭੁਗਤਾਨ ਕਰਨ ਤੋਂ ਲੈ ਕੇ ਤੁਰੰਤ ਰੈਜੀਡੈਂਸੀ ਦੇ ਵਾਅਦਿਆਂ ਤੱਕ ਦੇ ਜਾਅਲੀ ਏਜੰਟਾਂ ਦੇ ਚੱਕਰ ਤੋਂ ਵੀ ਬਚਣ ਦੀ ਗੱਲ ਆਖੀ ਹੈ।
ਇਮੀਗ੍ਰੇਸ਼ਨ ਨਿਊਜ਼ੀਲੈਂਡ ਵਿਦੇਸ਼ੀ ਦੂਤਾਵਾਸਾਂ ਜਿਨ੍ਹਾਂ ਵਿਚ ਇੰਡੀਆ ਵੀ ਸ਼ਾਮਿਲ ਹੈ, ਨਾਲ ਰਲ ਕੇ ਅੰਤਰਰਾਸ਼ਟਰੀ ਮਾਰਕੀਟਿੰਗ ਮੁਹਿੰਮ ਚਲਾ ਰਹੀ ਹੈ ਤਾਂ ਕਿ ਇਹ ਯਕੀਨੀ ਬਣੇ ਕਿ ਪ੍ਰਵਾਸੀਆਂ ਨਾਲ ਧੋਖਾ ਨਾ ਹੋਵੇ। ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀ ਵੈੱਬਸਾਈਟ ’ਤੇ ਚੇਤਾਵਨੀ ਦੇ ਚਿੰਨ੍ਹ ਅਤੇ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਪ੍ਰਵਾਸੀ ਆਪਣੇ ਆਪ ਨੂੰ ਇਮੀਗ੍ਰੇਸ਼ਨ ਘੁਟਾਲੇ ਤੋਂ ਕਿਵੇਂ ਬਚਾ ਸਕਦੇ ਹਨ। ਮੰਤਰੀ ਨੇ ਸਪੱਸ਼ਟ ਕੀਤਾ ਕਿ ਕੋਵਿਡ -19 ਦੌਰਾਨ ਦੇਸ਼ ਤੋਂ ਬਾਹਰ ਫਸੇ ਹੋਏ ਪ੍ਰਵਾਸੀਆਂ ਨੂੰ ਵੀਜ਼ਾ ਦੇਣ ਲਈ ਕੋਈ ਵਿਚਾਰ ਨਹੀਂ ਕੀਤਾ ਜਾ ਰਿਹਾ ਹੈ, ਜਿਵੇਂ ਕਿ ਜ਼ਰੂਰੀ ਕੰਮ ਕਾਰ ਵਾਲੇ, ਵਿਦਿਆਰਥੀ ਜਾਂ ਪਾਰਟਰਨਸ਼ਿੱਪ ਵੀਜ਼ਾ ਤੇ।

Exit mobile version