ਸਵਰਨ ਸਿੰਘ ਭੰਗੂ ਦੇ ਤੁਰ ਜਾਣ ਦੀ ਚੀਸ

10 ਜੂਨ 2026 ਬੁੱਧਵਾਰ ਨੂੰ ਸ਼ਰਧਾਂਜਲੀ ਸਮਾਗਮ ਲਈ ਵਿਸ਼ੇਸ਼

“ਸਵਰਨ ਸਿੰਘ ਭੰਗੂ ਦੇ ਤੁਰ ਜਾਣ ਦੀ ਚੀਸ ਦਿਲ ਵਿੱਚ ਹਮੇਸ਼ਾਂ ਰਹੇਗੀ “

ਸਵਰਨ ਸਿੰਘ ਭੰਗੂ

ਰੂਸੀ ਲੇਖਕ ਬੋਰਿਸ ਪੋਲੇਵੋਈ  ਦੀ ਪੁਸਤਕ ਅਸਲੀ ਇਨਸਾਨ ਦੀ ਕਹਾਣੀ ਵਿੱਚ ਅਸੀਂ ਅਸਲੀ ਇਨਸਾਨ ਬਾਰੇ ਪੜ੍ਹ ਤਾਂ ਸਕਦੇ ਹਾਂ ਪਰ  ਆਪਣੀਆਂ ਅੱਖਾਂ ਨਾਲ ਉਸ ਦੇ ਦਰਸ਼ਨ  ਨਹੀਂ  ਕਰ  ਸਕਦੇ ਪਰ ਇੱਕ ਐਸਾ ਇਨਸਾਨ ਜਿਸ ਨੂੰ ਅਸੀਂ ਅਸਲੀ ਇਨਸਾਨ ਦੇ ਰੂਪ ਵਿੱਚ ਅੱਖੀਂ ਦੇਖਿਆ ਹੋਵੇ , ਵਿਚਾਰ ਵਟਾਂਦਰਾ ਕੀਤਾ ਹੋਵੇ , ਜ਼ਿੰਦਗੀ ਦਾ ਇੱਕ ਇੱਕ ਪਲ  ਲੋਕਾਂ ਦੇ ਲੇਖੇ ਲਾ ਰਿਹਾ ਹੋਵੇ, ਨਿੱਕੀਆਂ ਮਾਸੂਮ ਜਿੰਦਾਂ ਦੀ ਉਂਗਲ ਫੜ ਕਲਮਾਂ ਫੜਾਉਣ ਤੋਂ ਲੈ ਕੇ ਉਹਨਾਂ ਨੂੰ ਵਿੱਦਿਆ ਦੇ ਚਾਨਣ ਨਾਲ ਪੂਰਨ ਇਨਸਾਨ ਬਣਾ ਕੇ ਸਮਾਜ ਵਿੱਚ ਪ੍ਰਵੇਸ਼ ਕਰਵਾ ਰਿਹਾ ਹੋਵੇ ਅਤੇ ਉਸ ਨੇ ਆਖਰੀ ਸਾਹ ਵੀ ਸਮਾਜ ਨੂੰ ਹਨੇਰੇ ਦੀ ਦਲਦਲ ਵਿੱਚੋਂ ਕੱਢ ਕੇ ਰੌਸ਼ਨੀ ਵੱਲ ਲਿਜਾਣ ਲਈ ਲਿਆ  ਹੋਵੇ ਤਾਂ  ਉਹ ਅਸਲੀ ਇਨਸਾਨ  ਸੀ “ਸਰਦਾਰ ਸਵਰਨ ਸਿੰਘ ਭੰਗੂ।”
          ਸਰਦਾਰ ਭੰਗੂ ਸਾਹਿਬ ਦੀ ਸ਼ਖਸੀਅਤ ਤੱਕ ਪਹੁੰਚਣ ਲਈ ਸੈਂਕੜੇ ਸਾਲ ਲੱਗਦੇ ਹਨ ਇਹੋ ਜਿਹੀਆਂ ਸ਼ਖਸ਼ੀਅਤਾਂ  ਸਮਾਜ  ਅੰਦਰ  ਉਂਗਲਾਂ ਤੇ ਗਿਣਨ ਯੋਗ ਹੋਇਆ ਕਰਦੀਆਂ ਹਨ । ਉਹ ਮੌਯੂਦਾ ਨਿਜਾਮ ਅੰਦਰ ਗਲੇ ਸੜੇ ਪ੍ਰਬੰਧ ਨੂੰ ਹੂੰਝਣ ਲਈ ਉਹ ਦਿਨ ਰਾਤ ਇੱਕ ਕਰਦੇ ਰਹੇ ਪਰ ਅਫਸੋਸ ਕਿ ਉਸੇ ਗਲੇ ਸੜੇ ਪ੍ਰਬੰਧ  ਨੇ ਹੀ ਉਨ੍ਹਾ  ਨੂੰ  ਸਾਡੇ ਤੋਂ ਸਦਾ ਸਦਾ ਲਈ ਖੋਹ ਲਿਆ।
           ਉਹਨਾਂ ਦੀ ਜ਼ਿੰਦਗੀ ਤੇ ਅਧਾਰਤ ਕਈ ਪੁਸਤਕਾਂ ਲਿਖੀਆਂ ਜਾ ਸਕਦੀਆਂ  ਹਨ ਅਤੇ ਲਿਖੀਆਂ ਵੀ ਜਾਣਗੀਆਂ ਪ੍ਰੰਤੂ ਮੈਂ ਤਾਂ ਉਹਨਾਂ ਨਾਲ   ਬਿਤਾਏ ਕੁਝ ਪਲਾਂ ਨੂੰ ਹੀ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗਾ ਜੋ ਉਹ ਆਪਣੇ ਹਮ ਖਿਆਲ ਦੋਸਤਾਂ ਨਾਲ  ਮੋਹ ਦਾ ਪ੍ਰਗਟਾਵਾ ਕਰਨ ਲਈ ਕਰਿਆ ਕਰਦੇ ਸਨ ।ਆਪਣੇ ਬੋਲਾਂ ਨਾਲ ਉਹ ਹਮੇਸ਼ਾ ਆਪਣੇ ਦੋਸਤਾਂ ਨੂੰ ਗਿਰਵੀ ਕਰ ਲੈਂਦੇ ਜਿਵੇਂ ਕਿ ਪਹਿਲੀ ਨਵੰਬਰ 2024 ਦੀ ਰਾਤ ਨੂੰ ਜਦ ਅਸੀਂ ਮੇਲਾ ਗਦਰੀ ਬਾਬਿਆਂ ਦਾ ਜਲੰਧਰ ਵਿਖੇ ਇੱਕੋ ਲਾਈਨ ਵਿੱਚ ਬੈਠੇ ਨਾਟਕਾਂ ਭਰੀ ਰਾਤ ਵਿੱਚ ਇਕੱਠੇ ਸਾਂ ਤਾਂ ਮੈਂ ਦੋ ਕੱਪ ਚਾਹ ਸਰਦਾਰ ਸਵਰਨ ਸਿੰਘ ਭੰਗੂ ਅਤੇ ਉਨਾਂ ਦੀ ਜੀਵਨ ਸਾਥਣ ਭੈਣ ਜੀ ਗੁਰਪ੍ਰੀਤ ਕੌਰ  ਭੰਗੂ ਨੂੰ ਫੜਾਏ ਤਾਂ ਭੈਣ ਜੀ ਕਹਿਣ ਲੱਗੇ ਕਿ ‘ਚਾਹ ਤਾਂ ਠੰਡੀ ਹੈ’  ਤਾਂ ਗੱਲ ਨੂੰ ਵਿੱਚੋਂ ਹੀ ਟੋਕਦਿਆਂ ਭੰਗੂ ਸਾਹਿਬ ਕਹਿਣ ਲੱਗੇ ਕਿ “ਇੰਜ ਨਾ ਕਹਿ ਗੁਰਪ੍ਰੀਤ” ਲੰਗੇਰੀ ਜੇ ਮੈਨੂੰ “ਜਹਿਰ ਵੀ ਪਿਲਾ ਦੇਵੇ ਤਾਂ ਮੈਂ ਤਾਂ  ਅੰਮ੍ਰਿਤ ਸਮਝ ਕੇ ਪੀ ਜਾਵਾਂਗਾ”… ਕਮਾਲ ਦਾ ਆਪਣਾਪਨ। ਇਹ ਬੋਲ ਅੱਜ ਵੀ ਮੇਰੇ ਕੰਨਾਂ ਵਿੱਚ ਗੂੰਜ ਰਹੇ ਹਨ ਅਤੇ ਭੰਗੂ ਸਾਹਿਬ ਜੀ ਦੀ ਉਹੀ ਤਸਵੀਰ ਅੱਖਾਂ ਮੂਹਰੇ ਘੁੰਮ ਰਹੀ ਹੈ।
              ਬਾਬਾ ਅਬਦੁੱਲ ਸੱਤਾਰ ਈਦੀ ਪਾਕਿਸਤਾਨ ਦੇ ਇੱਕ ਮਹਾਨ ਸਮਾਜ-ਸੇਵਕ ਅਤੇ ਮਾਨਵਤਾਵਾਦੀ  ਇਨਸਾਨ ਦੀ ਤਰਜ ਤੇ ਜਦ ਮੈਂ ਕੁਝ ਵਰੇ ਪਹਿਲਾਂ ਆਪਣੇ  ਇਲਾਕੇ ਵਿੱਚ  ਐਂਬੂਲੈਂਸ  ਸਰਵਿਸ ਸ਼ੁਰੂ ਕਰਨ ਦੀ ਗੱਲ ਭੰਗੂ ਸਾਹਿਬ ਨਾਲ ਸਾਂਝੀ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਮਹਾਨ ਸਮਾਜ ਸੇਵਕ ਈਦੀ ਸਾਹਿਬ ਵਰਗੀ ਸ਼ਖਸੀਅਤ ਨੂੰ ਪੜ੍ਹ ਲੈਣਾ ਹੀ ਕਾਫੀ ਨਹੀਂ ਹੈ ਸਗੋਂ ਆਪਣੇ  ਮਨ ਅੰਦਰ ਇੱਕ ਈਦੀ ਪੈਦਾ ਕਰਨ ਦੀ ਜਰੂਰਤ ਹੁੰਦੀ ਹੈ ਤਾਂ ਹੀ ਕੁਝ ਹੋ ਸਕਦਾ ਹੈ I ਜੇਕਰ ਤੁਸੀਂ ਆਪਣੇ ਮਨ ਅੰਦਰ ਇੱਕ  ਈਦੀ ਪੈਦਾ ਕਰ ਸਕੇ ਤਾਂ ਮੈਨੂੰ ਦੱਸ ਦੇਣਾ ਤਾਂ ਮੈਂ ਵੀ ਇਸ ਲੋਕ ਪੱਖੀ ਕਾਜ ਵਿੱਚ ਤੁਹਾਡਾ ਤਨ ਮਨ ਅਤੇ ਧੰਨ ਨਾਲ ਸਾਥ ਦਿਆਂਗਾ I ਪਰ ਅਫਸੋਸ ਕਿ ਮੈਂ ਆਪਣੇ ਮਨ ਅੰਦਰ ਈਦੀ ਦਾ ਵਿਚਾਰ ਤਾਂ ਲਿਆਂਦਾ ਪਰ ਕੋਈ ਈਦੀ ਪੈਦਾ ਨਹੀਂ ਕਰ ਸਕਿਆ  ਜਿਸ ਦਾ ਮੈਨੂੰ ਅੱਜ ਤੱਕ ਅਫਸੋਸ ਹੈ ਪਰ ਭੰਗੂ ਸਾਹਿਬ ਦੇ ਸੁਣਾਏ ਸੱਚ ਦੇ ਬੋਲ ‘ਸੱਚ ਸੁਣਾਏ ਸੱਚ ਕੀ ਬੇਲਾ’ ਵਾਂਗ ਅੱਜ ਵੀ ਸੱਚ ਸੁਣਾ ਰਹੇ ਹਨ I
           ਸਿੱਖਿਆ ਅਤੇ ਸਮਾਜ ਸੇਵਾ ਦੇ ਕਾਜ ਲਈ ਉਹ ਕੁਝ ਵਰ੍ਹੇ ਪਹਿਲਾਂ ਉਹ ਹੁਸ਼ਿਆਰਪੁਰ ਵਿਖੇ ਆਏ I ਬਾਅਦ ਦੁਪਹਿਰ ਤਕਰੀਬਨ ਤਿੰਨ ਕੁ ਵਜੇ ਦਾ ਸਮਾਂ ਸੀ I ਫੋਨ ਦੀ ਘੰਟੀ ਵੱਜੀ ਭੰਗੂ ਸਾਹਿਬ ਦੀ ਆਵਾਜ਼ ਸੁਣੀ I ਮੂੰਹ ਇਕ ਦਮ ਸਵਾਦ ਸਵਾਦ ਹੋ ਗਿਆ I ਫੋਨ ਤੇ ਗੱਲਬਾਤ ਸ਼ੁਰੂ ਕਰਦਿਆਂ ਉਨ੍ਹਾਂ ਕਿਹਾ ਕਿ “ਲੰਗੇਰੀ ਮੈਂ ਅੱਜ ਤੇਰੇ ਇਲਾਕੇ ਮਾਹਿਲਪੁਰ ਵਿੱਚ ਆਇਆ ਹੋਇਆ ਹਾਂ I ਤੁਸੀਂ ਮਾਹਿਲਪੁਰ ਨੂੰ  ਕਿੰਨੇ ਸਮੇਂ ਅਤੇ ਕਿੱਥੇ ਆ ਸਕਦੇ ਹੋ। “ਤਾਂ ਮੈਂ ਝੱਟ ਹੀ ਮੋੜਵੇਂ ਉੱਤਰ ਵਿੱਚ  ਕਿਹਾ ਕਿ “ਭੰਗੂ ਸਾਹਿਬ  ਮੈਂ ਭਾਰਤੀ ਕਮਿਉਨਿਸਟ ਪਾਰਟੀ ਆਫ ਇੰਡੀਆ ਦੇ ਦਫਤਰ ਮਾਹਿਲਪੁਰ ਵਿੱਚ 20 ਮਿੰਟ ਤੱਕ ਪਹੁੰਚ ਰਿਹਾਂ।” ਠੀਕ ਦੱਸੇ ਸਮੇਂ ਅਨੁਸਾਰ ਅਸੀਂ ਆਪਣੇ ਮਿੱਤਰ ਵਿਜੇ ਬੰਬੇਲੀ ਅਤੇ ਨਵਾਂ ਜਮਾਨਾ ਦੇ ਪੱਤਰਕਾਰ  ਸੁਖਵਿੰਦਰ ਸਿੰਘ ਸਫ਼ਰੀ ਸਮੇਤ ਦਫਤਰ ਦੇ ਬਾਹਰ  ਉਹਨਾਂ ਦੀ ਇੰਤਜ਼ਾਰ ਕਰਨ ਲੱਗੇ। ਸਾਹਮਣੇ ਨਜ਼ਰ ਪਈ ਤਾਂ ਉਹੀ ਇੱਕ ਸ਼ਰੀਫ ਅਤੇ ਹਸਮੁੱਖ ਜਿਹਾ ਚਿਹਰਾ ਗਲ ਵਿੱਚ ਲੰਬੀ  ਵੱਧਰੀ ਵਾਲਾ ਥੈਲਾ ਲਟਕਾਈ ਭੰਗੂ ਸਾਹਿਬ ਆਉਂਦੇ ਨਜ਼ਰੀਂ ਪਏ। ਆਉਂਦਿਆਂ ਹੀ ਉਨ੍ਹਾਂ ਸਾਨੂੰ ਆਪਣੀ ਗਲਵੱਕੜੀ ਵਿੱਚ ਲਿਆ ਅਤੇ ਅਸੀਂ ਬੜੇ ਸਤਿਕਾਰ ਨਾਲ ਉਹਨਾਂ ਨੂੰ ਅੰਦਰ ਦਫ਼ਤਰ ਵਿੱਚ ਲੈ ਗਏ।ਥੋੜ੍ਹੇ ਸਮੇਂ ਦੀ  ਮੁਲਾਕਾਤ ਵਿੱਚ ਅਸੀਂ ਉਹਨਾਂ ਵੱਲੋਂ ਚਲਾਈ ਜਾ ਰਹੀ ਵਿੱਦਿਅਕ ਸੰਸਥਾ ਸ. ਗੁਰਦੇਵ ਸਿੰਘ ਕੰਗ ਮੈਮੋਰੀਅਲ  ਰੂਰਲ ਇਨਸਟੀਚਿਊਟ ਫਾਰ ਕੈਰੀਅਰ ਕੋਰਸਜ ਅਤੇ ਸੈਕੰਡਰੀ ਸਕੂਲ ਬੱਸੀ ਗੁੱਜਰਾਂ  ਚਮਕੌਰ ਸਾਹਿਬ, ਕੀਤੀ ਜਾ ਰਹੀ ਸਮਾਜ ਸੇਵਾ, ਲੋਕ ਪੱਖੀ ਸਾਹਿਤਿਕ  ਅਤੇ  ਸਮਾਜਿਕ ਗਤੀਵਿਧੀਆਂ ਪ੍ਰਤੀ ਗੰਭੀਰ ਵਿਚਾਰ ਚਰਚਾ ਕੀਤੀ।ਚਰਚਾ ਨੂੰ ਸਮੇਟਦਿਆਂ ਉਨ੍ਹਾਂ ਸਕੂਲੀ ਬੱਚਿਆਂ ਦੀਆਂ ਸਮੱਸਿਆਵਾਂ ,ਉਨ੍ਹਾਂ ਨਾਲ ਕੀਤੀਆਂ ਗੱਲਾਂ ਬਾਤਾਂ ਅਤੇ ਸੁਝਾਵਾਂ ਦੇ ਅਧਾਰਤ ਪੁਸਤਕ  ਦੀ ਇੱਕ ਇੱਕ ਕਾਪੀ ਸਾਨੂੰ ਤਿੰਨਾਂ ਨੂੰ ਦੇ ਕੇ ਰੋਪੜ ਨੂੰ ਜਾਣ ਵਾਲੀ ਬਸ ਫੜ ਲਈ। ਉਹਨਾਂ ਦੀ ਗੱਲਬਾਤ ਅਤੇ ਤਜਰਬਿਆਂ ਵਿੱਚੋਂ ਸਾਨੂੰ ਇੱਕ ਆਦਰਸ਼ ਅਧਿਆਪਕ , ਸੰਘਰਸ਼ਸ਼ੀਲ ਕਾਮੇ,  ਨਿਡਰ ਪੱਤਰਕਾਰ ਅਤੇ ਬੁੱਧੀਜੀਵੀ  ਹੋਣ ਦੇ ਪ੍ਰਤੱਖ ਦਰਸ਼ਨ ਹੋਏ I
           ਹਰ ਸਾਲ ਜੂਨ ਦੀਆਂ ਛੁੱਟੀਆਂ ਵਿੱਚ ਉਹ ਆਪਣੀ ਸੰਸਥਾ ਵਿੱਚ ਇੱਕ ਮੇਲੇ ਵਰਗੇ ਮਾਹੌਲ ਦੀ ਸਿਰਜਣਾ ਕਰਦੇ।ਜਿਸ ਵਿੱਚ  ਉਹ  ਕਿਸੇ ਮਹਾਨ ਸਿੱਖਿਆ ਸ਼ਾਸਤਰੀ,
ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਿਸੇ ਲੋਕ ਗਾਇਕ ਅਤੇ ਕਿਸੇ ਲੋਕ ਪੱਖੀ ਇਨਕਲਾਬੀ ਥੀਏਟਰ ਕਲਾਕਾਰ ਨੂੰ ਬੱਚਿਆਂ ਦੇ ਰੂਬਰੂ ਕਰਾਉਂਦੇ। ਇਹੋ ਜਿਹੇ ਹੀ ਇੱਕ ਸਮਾਗਮ ਵਿੱਚ ਕੁਝ ਵਰ੍ਹੇ ਪਹਿਲਾਂ ਵਿਗਿਆਨਕ ਸੋਚ ਨੂੰ ਸਮਰਪਿਤ  ਲੇਖਕ ਅਧਿਆਪਕ ਖੁਸ਼ਵੰਤ ਬਰਗਾੜੀ ਅਤੇ ਵਾਤਾਵਰਨ ਚਿੰਤਕ ਵਿਜੇ ਬੰਬੇਲੀ  ਨਾਲ ਮੈਨੂੰ ਵੀ ਬੱਚਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ।
         ਸੰਸਥਾ ਦੇ ਅੰਦਰ ਦਾਖਲ ਹੁੰਦਿਆਂ ਹੀ ਦੇਖਣ ਨੂੰ ਇਕ ਅਲੌਕਿਕ ਨਜ਼ਾਰਾ ਮਿਲਿਆ। ਅਰਥ ਭਰਪੂਰ ਲਿਖਤਾਂ ਨਾਲ ਸ਼ਿੰਗਾਰਿਆ ਪ੍ਰਵੇਸ਼ ਦੁਆਰ, ਬਿਹਤਰੀਨ  ਡਿਜ਼ਾਇਨ ਕੀਤੀ ਸ਼ਾਨਦਾਰ ਇਮਾਰਤ,  ਚਿੱਤਰਕਾਰੀ ਅਤੇ ਸਿੱਖਿਆ ਨਾਲ ਸੰਬੰਧਿਤ ਮਾਟੋ ਪੜ੍ਹ ਕੇ ਬੰਦਾ ਇੰਜ ਮਹਿਸੂਸ ਕਰਦਾ ਕਿ ਜਿਵੇਂ ਉਸ ਨੇ ਹੁਣੇ ਹੁਣੇ ਕੋਈ ਡਿਗਰੀ ਹਾਸਲ ਕਰ ਲਈ ਹੋਵੇ। ਸੁੰਦਰ ਫੁੱਲ ਬੂਟਿਆਂ ਦੀ ਮਹਿਕ ਕਿਸੇ ਖਾਸ ਪਾਰਕ ਨੂੰ ਪ੍ਰਦਰਸ਼ਿਤ ਕਰ ਰਹੀ  ਜਪਦੀ । ਸੰਸਥਾ ਅੰਦਰ ਉੱਥੋਂ ਦੇ ਬੱਚਿਆਂ ਦੇ ਵਿਚਾਰ ਸੁਣ ਕੇ ਅਤੇ ਉਹਨਾਂ ਦਾਆਤਮ-ਵਿਸ਼ਵਾਸ ਦੇਖ ਕੇ ਭੰਗੂ ਸਾਹਿਬ ਸਾਹਮਣੇ ਸਿਰ ਹੋਰ ਵੀ ਸਤਿਕਾਰ ਨਾਲ  ਝੁਕ ਗਿਆ। ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਇੱਥੇ ਨਕਲ ਨਹੀਂ ਹੁੰਦੀ । ਨਕਲ ਹੁੰਦੀ ਸਾਬਿਤ ਕਰਨ ਵਾਲੇ ਨੂੰ ਅਸੀਂ 11000 ਰੁਪਏ ਦਾ ਨਕਦ ਇਨਾਮ ਰੱਖਿਆ ਹੋਇਆ ਹੈ।ਇਸੇ ਲਈ ਇੱਥੋਂ ਦੇ ਪੜ੍ਹੇ ਵਿਦਿਆਰਥੀ ਦੇਸ਼ ਵਿਦੇਸ਼ ਵਿੱਚ ਬਿਹਤਰੀਨ ਸੇਵਾਵਾਂ ਨਿਭਾ ਰਹੇ ਹਨ।ਉਹ  ਸੰਸਥਾ ਨਾਲ ਲਗਾਤਾਰ ਜੁੜੇ ਰਹਿੰਦੇ ਹਨ ਅਤੇ  ਲੋੜ ਪੈਣ  ਤੇ ਸੰਸਥਾ ਦੀ ਤੇ ਮਾਇਕ ਮਦਦ ਕਰਨ ਲਈ ਤਤਪਰ ਰਹਿੰਦੇ ਹਨ।  ਸੰਸਥਾ ਦੀ ਉਸਾਰੀ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ  ਇੱਕ ਕਿਰਾਏ ਦੀ ਇਮਾਰਤ ਤੋਂ ਲੈ ਕੇ ਇਸ ਸ਼ਾਨਦਾਰ ਬਿਲਡਿੰਗ  ਤਕ ਪਹੁੰਚਣ ਲਈ ਸਾਡੇ ਪੁਰਾਣੇ ਵਿਦਿਆਰਥੀਆਂ, ਉਨਾਂ ਦੇ ਮਾਪਿਆਂ, ਦਾਨੀ ਸੱਜਣਾਂ , ਉਨਾਂ ਦੀ ਜੀਵਨ ਸਾਥਣ ਫਿਲਮੀ ਅਦਾਕਾਰ ਮੈਡਮ ਗੁਰਪ੍ਰੀਤ ਭੰਗੂ ਅਤੇ ਉਨ੍ਹਾਂ ਦਾ ਆਪਣਾ ਨਿੱਜੀ ਯੋਗਦਾਨ ਰਿਹਾ ਹੈ। ਗਰੀਬ ਅਤੇ ਹੁਸ਼ਿਆਰ ਵਿਦਿਆਰਥੀਆਂ ਦੀ ਵਿੱਦਿਆ ਲਈ ਇਸ ਸੰਸਥਾ ਵੱਲੋਂ ਉਨ੍ਹਾਂ ਦੀ ਫੀਸ ਮੁਆਫੀ ਤੋਂ ਲੈ ਕੇ ਉੱਚ ਵਿੱਦਿਆ ਤੱਕ  ਉਹਨਾਂ ਦੀ ਮਦਦ ਕੀਤੀ ਜਾਂਦੀ ਹੈ।
     ਭੰਗੂ ਸਾਹਿਬ ਨੂੰ ਚਾਹੁਣ ਵਾਲੇ ਕੇਵਲ ਪੰਜਾਬ ਵਿੱਚ ਨਹੀਂ ਸਗੋਂ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਵਿੱਚ ਵੱਸਦੇ ਹਨ।  ਪਿਛਲੇ ਕੁਝ ਸਾਲਾਂ ਵਿੱਚ  ਉਹ ਆਪਣੇ ਕੈਨੇਡਾ ਅਤੇ ਆਸਟਰੇਲੀਆ ਦੌਰੇ ਦੌਰਾਨ ਬਹੁਤ ਸਾਰੇ ਮਿੱਤਰ ਪਿਆਰਿਆਂ ਲੇਖਕਾਂ,ਬੁੱਧੀਜੀਵੀਆਂ,ਥਿਏਟਰ ਕਾਲਾਕਾਰਾਂ , ਸਮਾਜ ਅੰਦਰ ਕੁਝ ਬਿਹਤਰ ਕਰਨ ਵਾਲੇ ਲੋਕਾਂ ਅਤੇ ਦਾਨੀ ਸੱਜਣਾਂ ਨੂੰ ਮਿਲੇ। ਉਹ ਜਿੱਥੇ ਵੀ ਗਏ ਉਹਨਾਂ ਖੂਬਸੂਰਤ ਪਲਾਂ ਨੂੰ ਉਨ੍ਹਾਂ ਆਪਣੇ ਸ਼ਬਦਾਂ ਰਾਹੀਂ ਬਿਆਨ ਕੀਤਾ। ਉਨ੍ਹਾਂ ਦੇ ਸ਼ਬਦਾਂ ਵਿੱਚ ਮੰਤਰ ਮੁਗਧ ਕਰਨ ਦੀ ਕਲਾ  ਅਤੇ ਕਮਾਲ ਦਾ ਆਪਣਾਪਨ ਸੀ ਕਿ ਉਨ੍ਹਾਂ ਦੇ ਸਫ਼ਰ ਨੂੰ ਵਾਰ-ਵਾਰ ਪੜ੍ਹਨ ਨੂੰ ਦਿਲ ਕਰਦਾ।
  ਉਸ ਧਰਤੀ ਪੁੱਤਰ ਅਸਲੀ ਇਨਸਾਨ ਦੀ ਸ਼ਖਸੀਅਤ ਮੂਹਰੇ ਨਤਮਸਤਕ ਹੁੰਦਿਆਂ ਅਖੀਰ ਵਿੱਚ ਮੈਂ  ਇਹੀ ਕਹਾਂਗਾ ਕਿ ਸਮਾਜ ਦੇ ਹਜ਼ਾਰਾਂ ਧੀਆਂ ਪੁੱਤਾਂ ਦੇ ਬਾਪ,  ਭੈਣਾਂ ਦੇ ਵੀਰ,  ਮਾਪਿਆਂ ਦੇ ਸਹਾਰੇ ਅਤੇ ਨਾਮਵਰ ਫਿਲਮੀ ਆਰਟਿਸਟ ਭੈਣ ਗੁਰਪ੍ਰੀਤ ਭੰਗੂ ਦੇ ਜੀਵਨ ਸਾਥੀ  ਦਾ ਇਸ ਸੰਸਾਰ ਤੋੰ ਰੁਖ਼ਸਤ ਹੋ ਜਾਣਾ ਸਮਾਜ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
ਜ਼ਿੰਦਗੀ ਭਰ ਤਾਂ ਉਹ ਲੋਕਾਂ ਨੂੰ ਸਮਰਪਿਤ ਰਹੇ ਹੀ ਪ੍ਰੰਤੂ ਆਪਣੀ ਮੌਤ ਤੋਂ ਬਾਅਦ ਵੀ ਉਹ ਆਪਣਾ ਮਨੁੱਖੀ ਸਰੀਰ  ਮੈਡੀਕਲ ਖੋਜ ਕਾਰਜਾਂ ਲਈ ਪੀ. ਜੀ. ਆਈ.  ਚੰਡੀਗੜ੍ਹ ਨੂੰ ਦਾਨ ਕਰਕੇ ਅਮਰ ਹੋ ਗਏ। ਜੀਵਨ ਅਤੇ ਮਰਨ ਉਪਰੰਤ ਲੋਕਾਂ ਲਈ ਜ਼ਿੰਦਗੀ ਕੁਰਬਾਨ ਕਰਨ ਵਾਲੀ ਇਸ ਮਹਾਨ ਸ਼ਖਸ਼ੀਅਤ  ਦੇ ਵਿਛੋੜੇ ਨਾਲ ਸਮਾਜ ਨੂੰ ਅਜਿਹਾ ਜਖਮ ਮਿਲਿਆ ਕਿ ਜਿਸ ਦੀ ਚੀਸ ਦਿਲ ਵਿੱਚ ਹਮੇਸ਼ਾ ਰਹੇਗੀ।
ਅਵਤਾਰ ਲੰਗੇਰੀ।
919463260181
avtarlangeri44@gmail.com 

Exit mobile version