ਸਾਗ ਸਰੋਂ ਦਾ, ਮੱਕੀ ਬਾਜਰੇ ਦੀ ਰੋਟੀ ਤੇ ਨਾਲ ਲੱਸੀ ਦਾ ਗਿਲਾਸ

                  ਸਰੋਂ ਦੇ ਸਾਗ ਨਾਲ ਮੱਖਣ ਦਾ ਪੇੜਾ, ਮੱਕੀ ਬਾਜਰੇ ਦੀ ਰੋਟੀ ਤੇ ਨਾਲ ਲੱਸੀ ਦਾ ਸੁਮੇਲ, ਇਸਤੋਂ ਵੱਧ ਸੁਆਦਲਾ ਤੇ ਅਨੰਦਦਾਇਕ ਪੰਜਾਬੀਆਂ ਲਈ ਹੋਰ ਕੋਈ ਭੋਜਨ ਨਹੀਂ। ਇਹ ਪੰਜਾਬੀਆਂ ਦਾ ਪਸੰਦੀਦਾ ਭੋਜਨ ਹੈ। ਸਾਗ ਦੇਸੀ, ਰਾਇਆ ਅਤੇ ਕੇਲਾ ਸਰੋਂ ਦਾ ਵਧੇਰੇ ਸਵਾਦੀ ਬਣਦਾ ਹੈ। ਸਾਗ ਖਾਣਾ ਸੌਖਾ ਪਰ ਇਸਨੂੰ ਬਣਾਉਣ ਪਿੱਛੇ ਵੱਡੀ ਮਿਹਨਤ ਕਰਨੀ ਪੈਂਦੀ ਹੈ। ਕਈ ਕਈ ਘੰਟੇ ਅੱਗ ਤੇ ਰਿਨ੍ਹਣਾ ਤੇ ਬੜੇ ਸਬਰ ਸੰਤੋਖ ਨਾਲ ਮਨ ਲਾਕੇ ਸਵਾਣੀ ਵਲੋਂ  ਇਸਨੂੰ ਬਣਾਉਣਾ ਹੀ ਸਵਾਦ ਵਿਚ ਬਦਲਦਾ ਹੈ। ਸਭ ਤੋਂ ਪਹਿਲਾਂ ਖੇਤ ਚੋਂ ਗੰਦਲਾਂ ਤੋੜਕੇ ਲਿਆਉਣਾ ਤੇ ਇਸ ਵਾਸਤੇ ਕਈਵਾਰ ਅੜਬ ਸ਼ਰੀਕ ਦਾ ਮਿਹਣਾ ਵੀ ਝੱਲਣਾ ਪੈਂਦਾ ਹੈ,

‘ਕਿਹੜੀ ਐਂ ਤੂੰ ਸਾਗ ਤੋੜਦੀ ਹੱਥ ਸੋਚਕੇ ਗੰਦਲ ਨੂੰ ਪਾਵੀ।

’’ ਜਾਂ ਕੋਈ ਗੱਭਰੂ ਕਿਸੇ ਮੁਟਿਆਰ ਦੀ ਸਿਫਤ ਕਰਦਾ ਆਖਦਾ ਹੈ ਕਿ ,

‘ ਗੰਦਲ ਵਰਗੀ ਨਾਰ ਗੰਦਲਾਂ ਤੋੜਦੀ ਫਿਰੇ’’

ਗੰਦਲਾਂ ਤੋੜਕੇ ਘਰ ਲਿਆਕੇ ਉਨ੍ਹਾਂ ਨੂੰ ਧੋਕੇ ਛਿੱਲਕੇ ਫੇਰ ਦਾਤ ਨਾਲ ਬਰੀਕ ਬਰੀਕ ਚੀਰਿਆ ਜਾਂਦਾ ਹੈ। ਅੱਜਕੱਲ੍ਹ ਤਾਂ ਸਾਗ ਚੀਰਨ ਵਾਲੀਆਂ ਮਸ਼ੀਨਾਂ ਵੀ ਆ ਗਈਆਂ ਹਨ। ਚੀਰਨ ਤੋਂ ਬਾਅਦ ਇਸਨੂੰ ਮਿੱਟੀ ਦੀ ਤੌੜੀ ਚ ਪਾਕੇ ਚੁੱਲ੍ਹੇ ਤੇ ਰਿਲ੍ਹਣ ਲਈ ਰੱਖਿਆ ਜਾਂਦਾ ਹੈ। ਇਸ ਦੇ ਸਵਾਦ ਨੂੰ ਹੋਰ ਸੁਆਦਲਾ ਬਣਾਉਣ ਲਈ  ਇਸ ਵਿਚ ਬਾਥੂ, ਪਾਲਕ, ਹਰੀਆਂ ਮਿਰਚਾਂ, ਲਸਣ, ਪਿਆਜ਼ ਤੇ ਅਧਰਕ ਪਾਏ ਜਾਂਦੇ ਹਨ। ਜਦੋਂ ਸਾਗ ਰਿੱਝ ਜਾਂਦਾ ਹੈ ਤਾਂ ਫਿਰ ਇਸ ਵਿਚ ਮੱਕੀ,ਕਣਕ ਜਾਂ ਬਾਜਰੇ ਦਾ ਆਟਾ ਪਾਕੇ ਮਧਣੀ ਨਾਲ ਘੋਟਿਆ ਜਾਂਦਾ ਹੈ। ਦੋਂ ਇਹ ਚੰਗੀ ਤਰਾਂ ਘੁਲ ਜਾਵੇ ਤਾਂ ਫਿਰ ਖਾਣ ਲਈ ਤਿਆਰ ਹੁੰਦਾ ਹੈ। ਖਾਧਾ ਵੀ ਚੁੱਲ੍ਹੇ ਦੇ ਸੇਕ ਮੂਹਰੇ ਬੈਠਕੇ ਜਾਵੇ ਤੇ ਵਿਚ ਸੱਜਰੀ ਮੱਖਣੀ ਹੋਵੇ , ਮੱਕੀ ਬਾਜਰੇ ਦੀ ਰੋਟੀ ਤੇ ਨਾਲ ਲੱਸੀ ਤਾਂ ਮੱਲੋਮੱਲੀ ਰੋਟੀਆਂ ਵੱਧ ਖਾਧੀਆਂ ਜਾਂਦੀਆਂ ਹਨ। ਅੱਜਕੱਲ੍ਹ ਬਜ਼ਾਰੀ ਸਾਗ ਮਿਲਦਾ ਹੈ।

ਇਹ ਸਰੋਂ ਜਿਆਦਾ ਖਾਦਾਂ ਪਾਕੇ ਕਰੁੱਤੀ ਤਿਆਰ ਕੀਤੀ ਹੁੰਦੀ ਹੈ ਜਿਸਨੂੰ ਸ਼ਹਿਰੀ ਲੋਕ ਖਰੀਦਕੇ ਆਪਣੀ ਸਾਗ ਖਾਣ ਦੀ ਰੀਝ ਪੂਰੀ ਕਰਦੇ ਹਨ। ਉਹ ਇਸਨੂੰ ਰਿਨ੍ਹਦੇ ਵੀ ਕੁੱਕਰ ਤੇ ਹਨ। ਬਾਜ਼ਾਰ ਚ ਤਿਆਰ ਬਣਿਆਂ ਸਾਗ ਵੀ ਮਿਲ ਜਾਂਦਾ ਹੈ। ਪਰ ਇਹ ਸਾਗ ਤੌੜੀ ਦੇ ਰਿ੍ਹਨੇ ਅਤੇ ਆਪਣੇ ਖੇਤ ਦੀ ਸਰੋਂ ਦੇ ਸਾਗ ਵਰਗਾ ਨਹੀਂ ਹੁੰਦਾ। ਇਸ ਨਾਲ ਪੇਟ ਵਿਚ ਤੇਜਾਬ ਬਣਨ ਦੀ ਸ਼ਿਕਾਇਤ ਵੀ ਹੋ ਜਾਂਦੀ ਹੈ ਅਤੇ ਦਿਲ ਦੇ ਮਰੀਜ਼ ਲਈ ਨੁਕਸਾਨਦੇਹ ਵੀ ਹੋ ਸਕਦਾ ਹੈ। ਸਾਗ ਸਿਹਤ ਲਈ ਬਹੁਤ ਹੀ ਗੁਣਕਾਰੀ ਚੀਜ਼ ਹੈ। ਇਸ ਵਿਚੋਂ ਮਿਲਣ ਵਾਲੇ ਵਿਟਾਮਨ, ਮਿਨਰਲਜ਼, ਪ੍ਰੋਟੀਨ ਸਿਹਤ ਲਈ ਬਹੁਤ ਲਾਭਦਾਇਕ ਹੁੰਦੇ ਹਨ। ਇਸ ਵਿਚ ਕਲੋਰੀਜ਼,ਫੈਟਸ,ਪੋਟਾਸ਼ੀਅਮ, ਕਾਰਬੋਹਾਈਡਰੇਟਸ,ਫਾਈਬਰ, ਸ਼ੂਗਰ, ਵਿਟਾਮਿਨ ਏ ਬੀ ਸੀ ਡੀ,ਮੈਗਨੀਸ਼ੀਅਮ, ਆਇਰਨ,ਕੈਲਸ਼ੀਅਮ ਵਰਗੇ ਤੱਤ ਵੀ ਵੱਡੀ ਮਾਤਰਾ ਚ ਹੁੰਦੇ ਹਨ। ਸਾਗ ਖਾਣ ਨਾਲ ਪੇਟ ਦੀ ਸਫਾਈ ਹੁੰਦੀ ਹੈ ਅਤੇ ਪਾਚਣ ਸ਼ਕਤੀ ਵਿਚ ਵੀ ਸੁਧਾਰ ਹੁੰਦਾ ਹੈ। ਸਾਗ ਪੋਹ ਤੇ ਮਾਘ ਦੇ ਮਹੀਨੇ ਜਿਆਦਾ ਚਾਹ ਕੇ ਖਾਧਾ ਜਾਂਦਾ ਹੈ ਅਤੇ ਉਂਜ ਸਾਰੀ ਸਰਦੀ ਹੀ ਚੱਲਦਾ ਰਹਿੰਦਾ ਹੈ।

 ਗੁਰਭੇਜ ਸਿੰਘ ਚੌਹਾਨ  98143 06545

Exit mobile version