ਸਿਡਨੀ ਤੋਂ ਔਕਲੈਂਡ ਆ ਰਿਹਾ ਜਹਾਜ਼ ਉਚਾਈ ’ਤੇ ਉਡਦਿਆਂ ਇਕਦਮ 300 ਫੁੱਟ ਹੇਠਾਂ ਖਿਸਕਿਆ

ਉਡਾਣ: ਬੈਲਟਾਂ ਲਾਈਆਂ ਚੰਗੀਆਂ…
ਸਿਡਨੀ ਤੋਂ ਔਕਲੈਂਡ ਆ ਰਿਹਾ ਜਹਾਜ਼ ਉਚਾਈ ’ਤੇ ਉਡਦਿਆਂ ਇਕਦਮ 300 ਫੁੱਟ ਹੇਠਾਂ ਖਿਸਕਿਆ
-ਬਿਨਾਂ ਬੈਲਟ ਬੈਠੀਆਂ ਸਵਾਰੀਆਂ ਉਲਰ ਕੇ ਛੱਤ ਨਾਲ ਵੱਜੀਆਂ
-ਬੱਚਿਆਂ ਸਮੇਤ50 ਦੇ ਕਰੀਬ ਸਵਾਰੀਆਂ ਹੋਈਆਂ ਜ਼ਖਮੀਆਂ


-ਹਰਜਿੰਦਰ ਸਿੰਘ ਬਸਿਆਲਾ-
ਆਕਲੈਂਡ, 12 ਮਾਰਚ, 2024:- ਬੀਤੇ ਕੱਲ੍ਹ ਸਿਡਨੀ ਤੋਂ ਬੋਇੰਗ 787 ਕਿਸਮ ਦਾ ਜਹਾਜ਼ 11.44 ਵਜੇ ਔਕਲੈਂਡ ਦੇ ਲਈ ਉਡਿਆ ਸੀ। 2 ਕੁ ਘੰਟੇ ਬਾਅਦ ਇਹ ਜਹਾਜ਼ ਇਕ ਦਮ 300 ਫੁੱਟ ਹੇਠਾਂ ਖਿਸਕ ਆਇਆ। ਅਚਨਚੇਤ ਅਤੇ ਤੇਜ਼ ਗਤੀ ਉਤੇ ਉਡ ਰਹੇ ਇਸ ਜਹਾਜ਼ ਦੇ ਵਿਚ ਸਵਾਰੀਆਂ ਦਾ ਸੰਤੁਲਨ ਇਸ ਕਦਰ ਵਿਗੜਿਆ ਕਿ ਜਿਹੜੀਆਂ ਸਵਾਰੀਆਂ ਬਿਨਾਂ ਬੈਲਟ ਬੈਠੀਆਂ ਸਨ, ਕੁਝ ਖਾ ਰਹੀਆਂ ਰਹੀਆਂ ਸਨ ਜਾਂ ਆਰਾਮ ਫਰਮਾ ਰਹੀਆਂ ਸਨ, ਇਕ ਦਮ ਉਪਰ ਨੂੰ ਉਲਰੀਆਂ ਅਤੇ ਛੱਤ ਨਾਲ  ਜਾ ਵੱਜੀਆਂ। ਬੱਚੇ ਵੀ ਉਲਰੇ ਅਤੇ ਹੇਠਾਂ ਜਹਾਜ਼ ਦੇ ਫਰਸ਼ ਅਤੇ ਸੀਟਾਂ ਉਤੇ ਡਿਗੇ। ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਇਹ ਜਹਾਜ਼ ਉਸ ਤੋਂ ਬਾਅਦ ਸੰਭਾਲ ਤਾਂ ਹੋ ਗਿਆ ਪਰ ਸਵਾਰੀਆਂ ਦੇ ਵਿਚ ਡਰ ਜਰੂਰ ਪੈਦਾ ਹੋ ਗਿਆ। ਸ਼ਾਮ 4.26 ਮਿੰਟ ਉਤੇ ਇਹ ਜਹਾਜ਼ ਔਕਲੈਂਡ ਹਵਾਈ ਅਡੇ ਉਤੇ ਉਤਰÇਆ। ਐਮਰਜੈਂਸੀ ਸੇਵਾਵਾਂ ਨੂੰ ਤੁਰੰਤ ਬੁਲਾਇਆ ਗਿਆ ਸੀ। 12-13 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਇਨ੍ਹਾਂ ਵਿਚ ਜਹਾਜ਼ ਦੇ ਅਮਲੇ ਵਿਚੋਂ ਵੀ ਤਿੰਨ ਲੋਕ ਸਨ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਤਕਨੀਕੀ ਨੁਕਸ ਦੇ ਨਾਲ ਹੋਇਆ ਲਗਦਾ ਹੈ। ਇਸ ਦੀ ਜਾਂਚ-ਪੜ੍ਹਤਾਲ ਜਾਰੀ ਹੈ। ਸੋ ਬਿਹਤਰ ਇਹੀ ਹੋਵੇਗਾ ਕਿ ਉਡਦੀ ਫਲਾਈਟ ਦੌਰਾਨ ਬੈਲਟ ਲੱਗੀ ਰਹੇ ਤਾਂ ਜਿਆਦਾ ਸੁਰੱਖਿਆ ਬਣੀ ਰਹਿ ਸਕਦੀ ਹੈ।

Exit mobile version