ਸੁੱਘੜ-ਸਿਆਣੀ ਸੁਆਣੀ ਅਤੇ ਜਾਣੀ-ਪਛਾਣੀ ਸਾਹਿਤਕਾਰਾ ਹੈ-ਸੁਖਵਿੰਦਰ ਕੌਰ ਸਿੱਧੂ
ਬੀਬਾ ਸੁਖਵਿੰਦਰ ਕੌਰ ਸਿੱਧੂ ਸਿਖਿਆ ਅਤੇ ਸਾਹਿੱਤਕ ਖੇਤਰ ਦੀ ਚਰਚਿਤ ਸ਼ਖ਼ਸੀਅਤ ਹੈ। ਉਨਾਂ ਦੀਆਂ ਰਚਨਾਵਾਂ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਅਤੇ ਰਸਾਲਿਆਂ ਦੀ ਸ਼ਾਨ ਬਣਦੀਆਂ ਰਹਿੰਦੀਆਂ ਹਨ। ਪਰ ਉਨ੍ਹਾਂ ਦਾ ਰੋਜ਼ਗਾਰ ਸਿਖਿਆ ਦੇ ਖੇਤਰ ਨਾਲ ਜੁੜਿਆ ਹੋਇਆ ਹੋਣ ਕਰਕੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਵਿੱਚ ਵੀ ਵਿਲੱਖਣ ਪੈੜਾਂ ਪਾਈਆਂ ਹਨ। ਉਨਾਂ ਨੇ ਪੜ੍ਹਾਉਣ ਲਈ ਗਣਿਤ ਵਰਗਾ ਔਖਾ ਵਿਸ਼ਾ ਚੁਣਿਆਂ,ਜਿਸ ਤੋਂ ਪੇਂਡੂ ਖੇਤਰ ਦੇ ਵਿਦਿਆਰਥੀ ਅਕਸਰ ਟਲਦੇ ਰਹਿੰਦੇ ਹਨ। ਸੁਖਵਿੰਦਰ ਸਿੱਧੂ ਨੇ ਇਹ ਵਿਸ਼ਾ ਲਕੀਰ ਦੇ ਫਕੀਰ ਬਣ ਕੇ ਨਹੀਂ ਪੜ੍ਹਾਇਆ ਸਗੋਂ ਆਪਣਾ ਇੱਕ ਵੱਖਰਾ ਸਰਲ ਅਤੇ ਮਨੋਰੰਜਕ ਤਰੀਕਾ ਲੱਭਿਆ ਅਤੇ ਅਪਨਾਇਆ। ਕਿਉਂਕਿ ਉਹ ਇੱਕ ਸਾਹਿਤਕਾਰਾ ਵੀ ਹਨ,ਇਸ ਲਈ ਉਨਾਂ ਸਾਹਿਤ ਦਾ ਸਹਾਰਾ ਲੈਂਦਿਆਂ ਗਣਿਤ ਵਰਗੇ ਰੁੱਖੇ ਅਤੇ ਔਖੇ ਵਿਸ਼ੇ ਨੂੰ ਬੋਲੀਆਂ,ਬੁਝਾਰਤਾਂ ਅਤੇ ਕਵਿਤਾਵਾਂ ਵਿੱਚ ਬਦਲ ਕੇ ਸੌਖਾ ਅਤੇ ਰੌਚਿਕ ਬਣਾ ਦਿੱਤਾ। ਇਹ ਸਿਰਫ਼ ਉਨ੍ਹਾਂ ਨੇ ਆਪਣੇ ਲਈ ਹੀ ਨਹੀਂ ਕੀਤਾ ਸਗੋਂ ਇਸ ਨੂੰ ਕਿਤਾਬੀ ਰੂਪ ਦੇ ਕੇ ਹੋਰ ਅਧਿਆਪਕਾਂ ਲਈ ਵੀ ਸੌਖਾ ਕਰ ਦਿੱਤਾ। ਉਨ੍ਹਾਂ ਦੀਆਂ ਸੱਤ ਪੁਸਤਕਾਂ ਵਿੱਚੋਂ ਤਿੰਨ ਪੁਸਤਕਾਂ ਗਣਿਤ ਵਿਸ਼ੇ ਨਾਲ ਸੰਬੰਧਿਤ ਹਨ। ਜਿੱਥੇ ਸੁਖਵਿੰਦਰ ਕੌਰ ਸਿੱਧੂ ਨੇ ਸਿੱਖਿਆ ਅਤੇ ਸਾਹਿਤਕ ਖੇਤਰ ਵਿੱਚ ਵਿਲੱਖਣ ਕਾਰਜ ਕੀਤੇ ਉੱਥੇ ਹੀ ਉਨ੍ਹਾਂ ਨੇ ਸੁੱਘੜ-ਸਿਆਣੀ ਸੁਆਣੀ ਹੋਣ ਦੇ ਫਰਜ਼ ਵੀ ਬਾਖੂਬੀ ਨਿਭਾਏ ਹਨ। ਅੱਜਕੱਲ੍ਹ ਉਹ ਕੈਨੇਡਾ ਦੇ ਸ਼ਹਿਰ ਅਡਮਿੰਟਨ ਵਿਖੇ ਸੰਤੁਸ਼ਟੀਜਨਕ ਅਤੇ ਖੁਸ਼ਹਾਲ ਜੀਵਨ ਬਿਤਾ ਰਹੇ ਹਨ। ਆਓ ਅੱਜ ਉਨ੍ਹਾਂ ਦੇ ਰੁਝੇਵਿਆਂ ਭਰੇ ਜੀਵਨ ਬਾਰੇ,ਸਿਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਜਾਣੀਏਂ।
ਸਵਾਲ- ਬੀਬਾ ਸੁਖਵਿੰਦਰ ਸਿੱਧੂ ਜੀ ਸਭ ਤੋਂ ਪਹਿਲਾਂ ਆਪਣੇ ਜਨਮ,ਜਨਮ-ਭੂਮੀ ਅਤੇ ਪ੍ਰੀਵਾਰ ਬਾਰੇ ਸਾਡੇ ਪਾਠਕਾਂ ਨੂੰ ਜਾਣੂ ਕਰਵਾਓ?
ਜਵਾਬ– ਜਸਵੀਰ ਭਲੂਰੀਆ ਵੀਰ ਜੀ ਮੇਰਾ ਜਨਮ 25 ਜਨਵਰੀ 1972 ਨੂੰ ਪਿੰਡ ਮੂਲੋਵਾਲ ਜ਼ਿਲ੍ਹਾ ਸੰਗਰੂਰ ਵਿਖੇ ਪਿਤਾ ਸ: ਲਾਭ ਸਿੰਘ ਅਤੇ ਮਾਤਾ ਸ੍ਰੀਮਤੀ ਹਰਜਿੰਦਰ ਕੌਰ ਦੇ ਘਰ, ਦਾਦਾ-ਦਾਦੀ, ਚਾਚੇ-ਚਾਚੀਆਂ ਦੇ ਵੱਡੇ ਸੰਯੁਕਤ ਪ੍ਰੀਵਾਰ ਵਿੱਚ ਹੋਇਆ। ਪ੍ਰਾਇਮਰੀ ਦੀ ਸਿੱਖਿਆ ਸ: ਪ੍ਰ: ਸਕੂਲ ਮੂਲੋਵਾਲ,ਦਸਵੀਂ ਵੀ ਸ: ਹਾਈ ਸਕੂਲ ਮੂਲੋਵਾਲ ਅਤੇ ਫਿਰ ਵਿਮੈਨ ਕਾਲਜ ਸਿੱਧਵਾਂ ਖੁਰਦ ਵਿੱਚ ਦਾਖਲਾ ਲੈ ਲਿਆ। ਬੀ-ਐਡ ਮਾਲਵਾ ਸੈਂਟਰਲ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਤੋਂ ਕੀਤੀ।
ਸਵਾਲ- ਵਿਦਿਆਰਥੀ ਜੀਵਨ ਦੌਰਾਨ ਇੱਕ ਲੜਕੀ ਹੋਣ ਦੇ ਨਾ ਤੇ ਤੁਹਾਨੂੰ ਕੀ ਕੀ ਸਮੱਸਿਆਵਾਂ ਆਈਆਂ ?
ਜਵਾਬ– ਮੇਰੀ ਪਰਵਿਸ਼ ਅਤੇ ਵਿਦਿਆਰਥੀ ਜੀਵਨ ਸਮੇਂ ਮੈਨੂੰ ਕੋਈ ਵੀ ਅਜਿਹੀ ਸਮੱਸਿਆ ਨਹੀਂ ਆਈ ਜਿਸ ਦਾ ਮੈਂ ਜਿਕਰ ਕਰ ਸਕਾਂ। ਸਗੋਂ ਮੇਰੇ ਪੇਕੇ ਅਤੇ ਸਹੁਰੇ ਪ੍ਰੀਵਾਰ ਵੱਲੋਂ ਖੂਬ ਪਿਆਰ-ਸਤਿਕਾਰ ਮਿਲਿਆ। ਇਵਜ ਵਿੱਚ ਮੈਂ ਵੀ ਇਸ ਪਿਆਰ-ਸਤਿਕਾਰ ਬਦਲੇ ਸਮਾਜਿਕ ਕਦਰਾਂ ਕੀਮਤਾਂ ਨੂੰ ਆਪਣੀ ਅਤੇ ਪ੍ਰੀਵਾਰ ਦੀ ਸ਼ਾਨ ਬਣਾਈ ਰੱਖਿਆ।
ਸਵਾਲ- ਜ਼ਿਆਦਾਤਰ ਪੇਂਡੂ ਵਿਦਿਆਰਥੀ ਗਣਿਤ ਵਿੱਚੋਂ ਕਮਜ਼ੋਰ ਹੁੰਦੇ ਹਨ।ਪਰ ਤੁਸੀਂ ਗਣਿਤ ਨੂੰ ਹੀ ਚੁਣਿਆਂ,ਕਿਉਂ?
ਜਵਾਬ– ਪੈਂਡੂ ਸਕੂਲ ਵਿੱਚੋਂ ਪੜ ਕੇ ਹੀ ਮੇਰਾ ਰੁਝਾਨ ਗਣਿਤ ਵੱਲ ਹੋਇਆ। ਇਹ ਗਣਿਤ ਦੇ ਅਧਿਆਪਕ ਕਰਕੇ ਨਹੀਂ ਸਗੋਂ ਮੈਂ ਹਿੰਦੀ ਦੇ ਅਧਿਆਪਕ ਸ: ਹਰਬੰਸ ਸਿੰਘ ਜੀ ਦੀ ਪਾਰਖੂ ਨਜ਼ਰ ਕਰਕੇ ਗਣਿਤ ਅਧਿਆਪਕਾ ਬਣੀ। ਮੈਂ ਹਮੇਸ਼ਾ ਕਹਿੰਦੀ ਹਾਂ ਕਿ ਅਧਿਆਪਕ ਵਿਦਿਆਰਥੀ ਦੇ ਭਵਿੱਖ ਨੂੰ ਰੁਸ਼ਨਾਉਣ ਵਿੱਚ ਵੱਡਾ ਯੋਗਦਾਨ ਪਾ ਸਕਦਾ ਹੈ। ਇਸ ਨਾਲ ਜੁੜਦੀ ਕਹਾਣੀ ਦਾ ਮੈਂ ਜਿਕਰ ਕਰਨਾ ਚਾਹਾਂਗੀ। ਗਣਿਤ ਦੇ ਪੀਰੀਅਡ ਵਿੱਚ ਮੈਨੂੰ ਸਵਾਲ ਨਾ ਆਉਣ ਕਰਕੇ ਖੜਾ ਕਰ ਦਿੱਤਾ ਗਿਆ। ਅਗਲਾ ਪੀਰੀਅਡ ਹਿੰਦੀ ਦਾ ਸੀ। ਮਾਸਟਰ ਹਰਬੰਸ ਸਿੰਘ ਜੀ ਨੇ ਮੈਨੂੰ ਕਲਾਸ ਵਿੱਚ ਖੜੀ ਦੇਖ ਕੇ ਖੜੇ ਹੋਣ ਦਾ ਕਰਨ ਪੁੱਛਿਆ। ਕਿਉਂਕਿ ਕਿ ਸਾਰੀ ਜਮਾਤ ਵਿੱਚੋਂ ਹੁਸ਼ਿਆਰ ਬੱਚਿਆਂ ਵਿੱਚ ਗਿਣੀ ਜਾਂਦੀ ਸੀ,ਇਸ ਲਈ ਮਾਸਟਰ ਹਰਬੰਸ ਸਿੰਘ ਜੀ ਨੂੰ ਮੇਰੀ ਸਵਾਲ ਨਾ ਆਉਣ ਦੀ ਚਿੰਤਾ ਹੋਈ। ਮੈਂ ਕਾਰਨ ਦੱਸਿਆ ਕਿ ਮਾਸਟਰ ਜੀ ਮੈਨੂੰ ਤਿਕੋਣ ਮਿਤੀ ਸਮਝ ਨਹੀਂ ਆਈ। ਉਨਾਂ ਅਜਿਹੇ ਰੌਚਿਕ ਤਰੀਕੇ ਨਾਲ ਸਮਝਾਇਆ ਕਿ ਗਣਿਤ ਮੇਰਾ ਮਨਪਸੰਦ ਵਿਸ਼ਾ ਬਣ ਗਿਆ।
ਸਵਾਲ- ਗਣਿਤ ਜਿਹੇ ਔਖੇ ਅਤੇ ਰੁੱਖੇ ਵਿਸ਼ੇ ਨੂੰ ਤੁਸੀਂ ਕਵਿਤਾਵਾਂ,ਬੋਲੀਆਂ ਅਤੇ ਬੁਝਾਰਤਾਂ ਵਿੱਚ ਢਾਲ਼ ਕੇ ਸਰਲ ਅਤੇ ਰੌਚਿਕ ਬਣਾ ਦਿੱਤਾ,ਇਹ ਖ਼ਿਆਲ ਦਿਮਾਗ਼ ਵਿੱਚ ਕਿਵੇਂ ਆਇਆ, ਕੁੱਝ ਨਮੂਨੇ ਵੀ ਦਿਓ ?
ਜਵਾਬ– ਮੇਰੇ ਸਾਹਿਤ ਨਾਲ ਬਾਵਾਸਤਾ ਹੋਣ ਕਰਕੇ ਮੈਂ ਸਮਝਦੀ ਸੀ ਕਿ ਕਵਿਤਾ ਇਨਸਾਨ ਦੇ ਦਿਲ-ਦਿਮਾਗ ਤੇ ਸਿੱਧਾ ਅਸਰ ਕਰਦੀ ਹੈ,ਇਸ ਲਈ ਜਦੋਂ ਮੈਂ ਅਧਿਆਪਨ ਕਿੱਤੇ ਵਿੱਚ ਆਈ ਤਾਂ ਮੇਰੇ ਆਪਣੇ ਪੜ੍ਹਾਉਣ ਦਾ ਤਰੀਕਾ ਵੀ ਹਰ ਚੀਜ਼ ਨੂੰ ਸਰਲ ਬਣਾ ਕੇ ਸਿਖਾਉਣ ਦਾ ਬਣ ਗਿਆ। ਮੇਰੇ ਇਸ ਤਰੀਕੇ ਨਾਲ ਪੜਾਉਣ ਕਰਕੇ ਵਿਦਿਆਰਥੀਆਂ ਦੇ ਗਣਿਤ ਵਿੱਚੋਂ ਚੰਗੇ ਨੰਬਰ ਆਉਣ ਲੱਗ ਪਏ। ਸਾਹਿਤ ਨਾਲ ਜੁੜੀ ਹੋਣ ਕਰਕੇ ਮੇਰੇ ਮਨ ਵਿੱਚ ਇਹ ਤਰੀਕੇ ਹੋਰ ਅਧਿਆਪਕਾਂ ਤੱਕ ਪਹੁੰਚਾਉਣ ਦੀ ਰੀਝ ਨੇ ਮੇਰੀਆਂ ਤਿੰਨ ਕਿਤਾਬਾਂ ਗਣਿਤ ਪਟਾਰੀ,ਗਣਿਤ ਬੁਝਾਰਤਾਂ ਅਤੇ ਗਣਿਤ ਬੋਲੀਆਂ ਨੂੰ ਜਨਮ ਦਿੱਤਾ।
ਸਵਾਲ- ਸਿੱਖਿਆ ਦੇ ਸੇਵਾ-ਕਾਲ ਦੌਰਾਨ ਕੋਈ ਅਭੁੱਲ ਘਟਨਾ ਸਾਡੇ ਪਾਠਕਾਂ ਨਾਲ ਸਾਂਝੀ ਕਰੋ?
ਜਵਾਬ– ਜਦੋਂ ਸ: ਸ: ਸ: ਸਕੂਲ ਧਲੇਸ ਵਿਖੇ ਨਵੇਂ ਪ੍ਰਿੰਸੀਪਲ ਸਾਹਿਬ ਨੇ ਜੁਆਇੰਨ ਕੀਤਾ ਤਾਂ ਕੁੱਝ ਕੁ ਦਿਨ ਬਾਅਦ ਅਧਿਆਪਕ ਦਿਵਸ ਸੀ। ਸਰ ਕਹਿਣ ਲੱਗੇ ਕਿ ਤੁਸੀਂ ਸਾਥੀ ਅਧਿਆਪਕਾਂ ਬਾਰੇ ਕੁੱਝ ਲਿਖ ਕੇ ਲੈ ਕੇ ਆਇਓ। ਮੈਨੂੰ ਨਹੀਂ ਪਤਾ ਉਹ ਰਚਨਾ ਕਿਵੇਂ ਲਿਖੀ ਗਈ। ਦੋ ਸਤਰਾਂ ਵਿੱਚ ਹੀ ਹਰ ਇੱਕ ਅਧਿਆਪਕ ਪ੍ਰਤੀ ਸਭ ਕੁੱਝ ਬਿਆਨ ਕਰਕੇ ਕਵਿਤਾ ਲਿਖ ਦਿੱਤੀ ਤਾਂ ਉਸ ਕਵਿਤਾ ਦੀ ਸਭ ਨੇ ਰੱਜ ਕੇ ਪ੍ਰਸ਼ੰਸਾ ਕੀਤੀ।
ਸਵਾਲ- ਸਾਹਿਤਿਕ ਰੁੱਚੀਆਂ ਕਦੋਂ ਅਤੇ ਕਿਵੇਂ ਪੈਦਾ ਹੋਈਆਂ,ਕਿਹੜੀ-ਕਿਹੜੀ ਵਿਧਾ ਤੇ ਕਲਮ ਚਲਾਈ ਅਤੇ ਹੁਣ ਤੱਕ ਦੀਆਂ ਸਾਹਿੱਤਿਕ ਪ੍ਰਾਪਤੀਆਂ ਬਾਰੇ ਚਾਨਣਾ ਪਾਓ?
ਜਵਾਬ– ਸਾਹਿਤਕ ਰੁਚੀਆਂ ਤਾਂ ਸ਼ਾਇਦ ਜਨਮ ਤੋਂ ਹੀ ਅੰਦਰ ਹੁੰਦੀਆਂ ਹਨ ਪਰ ਮੇਰੀ ਪਹਿਲੀ ਰਚਨਾ ਸੱਤਵੀਂ ਕਲਾਸ ਦੀ ਬਾਲ-ਸਭਾ ਵਿੱਚ ਸ਼ਹੀਦ ਭਗਤ ਸਿੰਘ ਜੀ ਬਾਰੇ ਲਿਖੀ ਗਈ ਸੀ। ਫਿਰ ਕਾਲਜਾਂ ਦੇ ਮੈਗਜ਼ੀਨਾਂ ਵਿੱਚ ਲਗਾਤਾਰ ਰਚਨਾਵਾਂ ਛਪਦੀਆਂ ਰਹੀਆਂ। ਕਾਵਿ ਵਿਧਾ ਤੋਂ ਸ਼ੁਰੂ ਹੋਈ ਕਲਮ ਬਹੁ-ਵਿਧਾਈ ਹੋ ਗਈ। ਮੇਰੀ ਹਰ ਰਚਨਾ ਆਪਣੀ ਵਿਧਾ ਆਪ ਚੁਣ ਲੈਂਦੀ ਹੈ। ਵੱਖ-ਵੱਖ ਵਿਧਾਵਾਂ ਵਿੱਚ ਮੇਰੀਆਂ ਸੱਤ ਕਿਤਾਬਾਂ ਛਪ ਚੁੱਕੀਆਂ ਹਨ। ਮੇਰੀਆਂ ਕਵਿਤਾਵਾਂ, ਕਹਾਣੀਆਂ,ਗੀਤ, ਬਾਲ ਸਾਹਿਤ ਨਾਮਵਰ ਅਖ਼ਬਾਰਾਂ/ ਰਸਾਲਿਆਂ ਵਿੱਚ ਛਪ ਚੁੱਕੇ ਹਨ ਅਤੇ ਛਪ ਰਹੇ ਹਨ। ਮੇਰੇ ਕੁੱਝ ਗੀਤ ਰਿਕਾਰਡ ਵੀ ਹੋਏ ਹਨ ਅਤੇ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਚੱਲ ਚੁੱਕੇ ਹਨ।
ਸਵਾਲ- ਔਰਤ ਦੇ ਘਰੇਲੂ ਰੁਝੇਵੇਂ ਵੀ ਬਹੁਤ ਹੁੰਦੇ ਨੇ,ਡਿਊਟੀ ਵੀ ਕਰਨੀ ਹੁੰਦੀ ਹੈ,ਫਿਰ ਸਾਹਿਤ ਟਾਈਮ ਕਿਵੇਂ ਕੱਢਦੇ ਹੋ ?
ਜਵਾਬ– ਭਲੂਰੀਆ ਵੀਰ ਜੀ ਸਾਹਿਬ ਰਚਣ ਲਈ ਕਿਸੇ ਖਾਸ ਜਾਂ ਵਿਹਲੇ ਸਮੇਂ ਦੀ ਜਰੂਰਤ ਨਹੀਂ ਹੁੰਦੀ। ਸਾਹਿਤ ਤਾਂ ਅਜਿਹਾ ਬੀਜ ਹੈ ਜੋ ਕਦੇ ਔੜ ਵਿੱਚ ਵੀ ਫੁੱਟ ਤੁਰਦਾ ਹੈ ਅਤੇ ਕਦੇ ਹਜ਼ਾਰਾਂ ਕੋਸ਼ਿਸ਼ਾਂ ਦੇ ਬਾਵਜੂਦ ਸਾਉਣ ਵਿੱਚ ਵੀ ਸੋਕਾ ਰਹਿੰਦਾ ਹੈ। ਬਾਕੀ ਮੇਰੇ ਪ੍ਰੀਵਾਰ ਦਾ ਮੈਨੂੰ ਬਹੁਤ ਵੱਡਾ ਸਹਿਯੋਗ ਹੈ। ਮੈਂ ਜੋ ਵੀ ਲਿਖਾਂ ਮੇਰੀ ਹਰ ਰਚਨਾ ਦੇ ਪਹਿਲੇ ਪਾਠਕ,ਸਰੋਤੇ ਅਤੇ ਅਲੋਚਕ ਮੇਰੇ ਪਤੀ ਸ: ਕਰਮਜੀਤ ਸਿੰਘ ਸਿੱਧੂ ਜੀ ਹੁੰਦੇ ਹਨ। ਸਵਾਲ- ਕੈਨੇਡਾ ਆਉਣ ਦਾ ਸਬੱਬ ਕਿਵੇਂ ਬਣਿਆਂ,ਏਥੇ ਆ ਕੇ ਕਿਵੇਂ ਕੀ ਫ਼ਰਕ ਲੱਗਾ,ਕੀ ਸਾਹਿਤ ਸਿਰਜਣਾ ਜਾਰੀ ਹੈ ? ਜਵਾਬ- ਕੈਨੇਡਾ ਆਉਣਾ ਸੱਚਮੁੱਚ ਇੱਕ ਅਜਿਹਾ ਸਬੱਬ ਹੈ ਜਿਸ ਦੀ ਮੈਨੂੰ ਵੀ ਅੱਜ ਤੱਕ ਸਮਝ ਨਹੀਂ ਲੱਗਦੀ ਕਿ ਕਿਵੇਂ ਸਾਰਾ ਕੁੱਝ ਹੋਇਆ ਅਤੇ ਮੈਂ ਇਹ ਸਾਰਾ ਕੁੱਝ ਕੁਦਰਤ ਦੀ ਝੋਲੀ ਪਾ ਕੇ ਬੇਫਿਕਰ ਹੋ ਜਾਂਦੀ ਹਾਂ। ਸਮਾਂ ਅਤੇ ਸਥਾਨ ਬਦਲਣ ਨਾਲ ਬਹੁਤ ਕੁੱਝ ਬਦਲ ਜਾਂਦਾ ਹੈ। ਅਜੇ ਇੱਕ ਦਰਖ਼ਤ ਤੋਂ ਉੱਡ ਕੇ ਦੂਜੇ ਦਰਖ਼ਤ ਤੇ ਪੰਜੇ ਮਜ਼ਬੂਤ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਸਿਰਜਣਾ ਕਦੇ ਵੀ ਮੁੱਕਦੀ ਨਹੀਂ, ਤੁਸੀਂ ਹਰ ਸਮੇਂ ਕੁੱਝ ਨਵਾਂ ਸਿਰਜ ਰਹੇ ਹੁੰਦੇ ਹੋ। ਮੈਂ ਏਥੋਂ ਦੀਆਂ ਸਾਹਿਤਕ ਸਭਾਵਾਂ ਵਿੱਚ ਵੀ ਹਾਜ਼ਰੀ ਭਰਦੀ ਰਹਿੰਦੀ ਹਾਂ ਅਤੇ ਉਨ੍ਹਾਂ ਵਿੱਚ ਇਸ ਤਰ੍ਹਾਂ ਘੁਲਮਿਲ ਗਈ ਹਾਂ ਜਿਵੇ ਸ਼ੁਰੂ ਤੋਂ ਹੀ ਏਥੇ ਰਹਿ ਰਹੀ ਹੋਵਾਂ।
ਸਵਾਲ- ਤੁਹਾਡੇ ਵਿਦਿਆਰਥੀ ਜੀਵਨ ਅਤੇ ਅੱਜਦੇ ਵਿਦਿਆਰਥੀਆਂ ਵਿੱਚ ਕੀ ਅੰਤਰ ਮਹਿਸੂਸ ਕਰਦੇ ਹੋ ?
ਜਵਾਬ– ਮੇਰੇ ਵਿਦਿਆਰਥੀ ਜੀਵਨ ਵਿੱਚ ਸੀਮਤ ਸਾਧਨਾਂ ਨਾਲ ਅੱਗੇ ਵਧਿਆ ਜਾਂਦਾ ਸੀ, ਮਾਪਿਆਂ ਅਤੇ ਅਧਿਆਪਕ ਦਾ ਸਤਿਕਾਰ ਪ੍ਰਮੁੱਖ ਹੁੰਦਾ ਸੀ। ਅੱਜ ਬਹੁਤੇ ਸਾਧਨਾਂ ਕਾਰਨ ਜਗਿਆਸੂ ਵਿਦਿਆਰਥੀ ਮੱਲਾਂ ਮਾਰ ਸਕਦੇ ਹਨ ਅਤੇ ਇਸ ਦੀ ਯੋਗ ਵਰਤੋਂ ਦੀ ਨਾਸਮਝੀ ਹੋਣ ਕਾਰਨ ਬਹੁਤੇ ਵਿਦਿਆਰਥੀ ਜ਼ਿੰਦਗੀ ਦੇ ਆਦੇਸ਼ ਤੋਂ ਵਾਂਝੇ ਰਹਿ ਰਹਿ ਜਾਂਦੇ ਹਨ।
ਸਵਾਲ- ਕੀ ਤੁਸੀਂ ਕੈਨੇਡਾ ਵਿੱਚ ਵੀ ਅਧਿਆਪਨ ਕਿੱਤੇ ਨਾਲ ਜੁੜੇ ਹੋਏ ਹੋ? ਇੱਥੋਂ ਦੇ ਅਤੇ ਭਾਰਤ ਦੇ ਬਚਪਨ ਅਤੇ ਵਿਦਿਆਰਥੀਆਂ ਬਾਰੇ ਕੀ ਫਰਕ ਮਹਿਸੂਸ ਕਰਦੇ ਹੋ ?
ਜਵਾਬ– ਉਂਝ ਤਾਂ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਵੱਖਰਾ ਵਿਵਹਾਰ, ਵੱਖਰਾ ਸੱਭਿਆਚਾਰ, ਰਹਿਣ-ਸਹਿਣ, ਸਭ ਕੁੱਝ ਵੱਖਰਾ ਹੈ। ਪ੍ਰੰਤੂ ਏਥੋਂ ਦੇ ਬੱਚਿਆਂ ਵਿੱਚ ਜੋ ਆਤਮ-ਵਿਸ਼ਵਾਸ ਦੀ ਝਲਕ ਮੈਂ ਵੇਖੀ ਹੈ, ਉਸ ਦਾ ਕਾਰਨ ਹੈ ਕਿ ਬੱਚੇ ਨੂੰ ਹਰ ਗੱਲ ਬਚਪਨ ਤੋਂ ਹੀ ਪ੍ਰੈਕਟੀਕਲ ਤੌਰ ਤੇ ਸਮਝਾਈ ਜਾਂਦੀ ਹੈ।
ਸਵਾਲ- ਸਿੱਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਤੁਸੀਂ ਤਨੋਂ-ਮਨੋਂ ਕੰਮ ਕੀਤਾ।ਕੀ ਸਰਕਾਰ ਵੱਲੋਂ ਜਾਂ ਹੋਰ ਸੰਸਥਾਵਾਂ ਵੱਲੋਂ ਤੁਹਾਨੂੰ ਬਣਦਾ ਮਾਣ-ਸਤਿਕਾਰ ਮਿਲਿਆ ?
ਜਵਾਬ– ਵੀਰ ਜੀ ਸਿਖਿਆ ਅਤੇ ਸਾਹਿਤ ਦੇ ਖੇਤਰ ਵਿੱਚ ਕੀਤੇ ਮੇਰੇ ਕੰਮਾਂ ਲਈ ਮਣਾਂਮੂੰਹੀਂ ਮਾਣ-ਸਨਮਾਨ ਮਿਲਿਆ ਹੈ। ਜਿੰਨਾਂ ਵਿੱਚ- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਪੰਜਾਬ ਵੱਲੋਂ 52 ਕਵੀਆਂ ਦੇ ਕਵਿਤਾ ਮੁਕਾਬਲੇ ਵਿੱਚ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਦੇ ਵੀ ਨਾ ਭੁੱਲਣ ਵਾਲਾ ਸਨਮਾਨ ਮਿਲਿਆ। ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਗੁਰਪੁਰਬ ਦੇ ਸਬੰਧ ਵਿੱਚ, ਐਸ.ਜੀ.ਪੀ.ਸੀ, ਵੱਲੋਂ ਕਰਵਾਏ ਚੋਣਵੇਂ ਕਵੀਆਂ ਦੇ ਕਵੀ ਦਰਬਾਰ ਵਿੱਚ, ਸੁਲਤਾਨਪੁਰ ਲੋਧੀ ਵਿਖੇ ਹਾਜ਼ਰੀ ਭਰ ਕੇ ਖੁਦ ਨੂੰ ਤਾਂ ਮਾਣ ਮਹਿਸੂਸ ਹੋਇਆ ਹੀ ਅਤੇ ਐਸ.ਜੀ.ਪੀ.ਸੀ. ਵੱਲੋਂ ਨਗਦ ਰਾਸ਼ੀ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਬਖਸ਼ ਕੇ ਵੱਡਾ ਮਾਣ ਬਖਸ਼ਿਆ ਗਿਆ। ਗਿਆਨ ਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਕਿਸਾਨੀ ਸੰਘਰਸ਼ ਵਿੱਚ ਪਾਏ ਯੋਗਦਾਨ ਬਦਲੇ ‘ਮਲਵੈਣ ਸ਼ੇਰਨੀ’ ਐਵਾਰਡ ਭੇਟ ਕਰਕੇ ਮਾਣ ਵਧਾਇਆ ਗਿਆ। ਸਿੱਖਿਆ ਵਿਭਾਗ ਵੱਲੋਂ ਸੱਭਿਆਚਾਰਕ ਗਤੀਵਿਧੀਆਂ ਲਈ ਜ਼ਿਲ੍ਹਾ ਨੋਡਲ ਅਫ਼ਸਰ ਚੁਣਿਆ ਗਿਆ ਅਤੇ ਜ਼ਿਲ੍ਹੇ ਵਿੱਚੋਂ ‘ਬੈਸਟ ਟੀਚਰ’ ਐਵਾਰਡ ਦਿੱਤਾ ਗਿਆ। ਸੰਨ 2020 ਵਿੱਚ ਅਜ਼ਾਦੀ ਦਿਵਸ ‘ਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ,ਸਹਿਤ ਅਤੇ ਸਮਾਜਸੇਵੀ ਕਾਰਜਾਂ ਲਈ ‘ਪ੍ਰਸੰਸਾ ਪੱਤਰ’ਦੇ ਕੇ ਨਿਵਾਜਿਆ ਗਿਆ। ਸੰਨ 2020 ਵਿੱਚ ਹੀ ਮੇਰੇ ਅਫਸਰਾਂ ਦੇ ਕਹਿਣ ਤੇ ‘ਸਟੇਟ ਐਵਾਰਡ’ ਲਈ ਕੇਸ ਭੇਜਿਆ ਪਰ ਜੋਰਾਵਰ ਹੱਕ ਮਾਰ ਗਏ,ਜਿਸ ਦਾ ਮੈਨੂੰ ਕੋਈ ਗਿਲਾ ਵੀ ਨਹੀਂ। ਸਿਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਨੇ ਆਪਣੇ ਕਰਕਮਲਾਂ ਨਾਲ ਮੇਰੀਆਂ ਗਣਿਤਕ ਬੋਲੀਆਂ ਅਤੇ ਗਣਿਤਕ ਬੁਝਾਰਤਾਂ, ਕਿਤਾਬਾਂ ਲੋਕ ਅਰਪਣ ਕੀਤੀਆਂ ਅਤੇ ਵਿਭਾਗ ਵੱਲੋਂ ਮਾਨਤਾ ਦਿੱਤੀ ਗਈ। ਇਸ ਤੋਂ ਇਲਾਵਾ ਹੋਰ ਅਨੇਕਾਂ ਸੰਸਥਾਵਾਂ ਵੱਲੋ ਮਾਣ-ਸਨਮਾਨ ਦਿੱਤਾ ਗਿਆ ਹੈ। ਸਾਹਿਤ ਦੇ ਪ੍ਰਮੁੱਖ ਮੈਗਜ਼ੀਨ ‘ਸੂਲ ਸਰਾਹੀ’ ਦੇ ਮੁੱਖ ਪੰਨੇ ਤੇ ਮੇਰੀ ਕਵਿਤਾ ‘ਵਣਜਾਰਨ’ ਨੂੰ ਥਾਂ ਮਿਲਣੀ ਵੀ ਮੇਰੇ ਲਈ ਵੱਡਾ ਸਨਮਾਨ ਹੀ ਹੈ।
ਸਵਾਲ-ਸੁਖਵਿੰਦਰ ਭੈਣ ਜੀ ਕੀ ਤੁਸੀਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੋ,ਸਾਡੇ ਪਾਠਕਾਂ ਲਈ ਕੋਈ ਸੁਨੇਹਾ, ਕੋਈ ਸੁਝਾਅ?
ਜਵਾਬ–ਭਲੂਰੀਆ ਵੀਰ ਜੀ ਮੈਂ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਸ਼ੰਤੁਸ਼ਟ ਹਾਂ, ਮੇਰਾ ਸਭ ਲਈ ਇਹੀ ਸੁਨੇਹਾ ਹੈ ਕਿ ਆਪਣੇ ਲਈ ਜੀਓ, ਖੁਸ਼ ਰਹੋ, ਸਮੇਂ ਦੇ ਵਹਾਅ ਮੁਤਾਬਕ ਆਪਣੇ ਆਪ ਨੂੰ ਬਦਲਣ ਨਾਲ ਤੁਸੀਂ ਹਮੇਸ਼ਾ ਖੁਸ਼ ਅਤੇ ਜਵਾਨ ਮਹਿਸੂਸ ਕਰਦੇ ਕਰੋਗੇ। ਆਪਣੀ ਮਾਂ ਬੋਲੀ, ਵਿਰਸੇ-ਵਿਰਾਸਤ ਅਤੇ ਨਿੱਜ ਨੂੰ ਰੱਜ ਕੇ ਪਿਆਰ ਦਿਓ ਅਤੇ ਦੂਜਿਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰੋ।
