‘ਹਵੇਲੀਆਲਾ’ ਦੇ ਲੇਖਕ ਮਾਨਖੇੜਾ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਪੁਰਸਕਾਰ ਪ੍ਰਦਾਨ


   ਲੇਖਕਾਂ ਨੂੰ ਲੋਕਾਂ ਦੇ ਘੋਲਾਂ ਵਿੱਚ ਸਮੂਲੀਅਤ ਕਰਕੇ ਅਨੁਭਵ ਪ੍ਰਾਪਤ ਕਰਨਾ ਚਾਹੀਦਾ ਹੈ -ਮਾਨਖੇੜਾ
                   
ਪਟਿਆਲਾ(ਪੰਜਾਬੀ ਅਖ਼ਬਾਰ ਬਿਊਰੋ /ਬਲਵਿੰਦਰ ਸਿੰਘ ਭੁੱਲਰ ) ਜਸਪਾਲ ਮਾਨਖੇੜਾ ਦਾ ਪੰਜਾਬੀ ਸਾਹਿਤ ਵਿੱਚ ਸਥਾਪਤ ਲੇਖਕਾਂ ਵਿੱਚ ਸ਼ਾਮਲ ਹੈ। ਉਸਦੇ ਹੁਣ ਤੱਕ ਤਿੰਨ ਕਹਾਣੀ ਸੰਗ੍ਰਹਿ ਅਣਗਿਣਤ ਵਰ੍ਹਾ, ਬਸਰੇ ਦੀ ਲਾਮ ਤੇ ਠਰੀ ਅੱਗ ਦਾ ਸੇਕ ਛਪ ਚੁੱਕੇ ਹਨ। ਤਿੰਨ ਨਾਵਲ ਹੁਣ ਮੈਂ ਓਹ ਨਹੀਂ, ਹਰ ਮਿੱਟੀ ਦੀ ਆਪਣੀ ਖ਼ਸਲਤ ਅਤੇ ਹਵੇਲੀਆਲਾ, ਇੱਕ ਜੀਵਨੀ ਰੋਹੀ ਦਾ ਲਾਲ ਹਰਦੇਵ ਅਰਸ਼ੀ, ਦੋ ਵਾਰਤਕ ਪੁਸਤਕਾਂ ਚੂਰ ਭੂਰ ਤੇ ਸਾਡਾ ਤੁਹਾਡਾ ਆਪਣਾ ਅਤੇ ਇੱਕ ਹਿੰਦੀ ਅਨੁਵਾਦ ਹੁਣ ਮੈਂ ਉਹ ਨਹੀਂ ਛਪ ਚੁੱਕੇ ਹਨ। ਨਾਵਲ ਹਵੇਲੀਆਲਾ ਪੰਜਾਬ ਵਿੱਚ ਵਾਪਰੀ ਇੱਕ ਅਤੀ ਘਿਨਾਉਣੀ ਘਟਨਾ ਨੂੰ ਆਧਾਰ ਬਣਾ ਕੇ ਲਿਖਿਆ ਗਿਆ ਹੈ, ਜਿਸ ਦੀ ਬਹੁਤ ਚਰਚਾ ਹੋਈ ਹੈ।
ਜਸਪਾਲ ਮਾਨਖੇੜਾ ਦੇ ਇਸ ਨਾਵਲ ‘ਹਵੇਲੀਆਲਾ’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਾਲ 2025 ਦੇ ਸਰਵੋਤਮ ਨਾਵਲ ਵਜੋਂ ਚੁਣ ਕੇ ‘ਨਾਨਕ ਸਿੰਘ ਪੁਰਸਕਾਰ’ ਪ੍ਰਦਾਨ ਕੀਤਾ ਗਿਆ ਹੈ। ਇਸ ਚੋਣ ਦੀ ਹਰ ਪਾਸਿਓ ਸਲਾਘਾ ਹੋ ਰਹੀ ਹੈ ਅਤੇ ਸਾਹਿਤਕ ਹਲਕਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਾਹਿਤਕ ਕਿਰਤ ਦੀ ਵਧਾਈ ਦਿੰਦਿਆਂ ਸ੍ਰੀ ਮਾਨਖੇੜਾ ਨੂੰ ਲੋਕ ਲਹਿਰਾਂ ਦਾ ਨਾਵਲਕਾਰ ਕਹਿ ਕੇ ਸਤਿਕਾਰਿਆ ਜਾ ਰਿਹਾ ਹੈ। ਪੰਜਾਬੀ ਮਾਹ ਦੇ ਸ਼ੁਭ ਆਰੰਭ ਮੌਕੇ ਭਾਸ਼ਾ ਵਿਭਾਗ ਵੱਲੋਂ ਸਾਰੀਆਂ ਵੰਨਗੀਆਂ ਦੇ ਲੇਖਕਾਂ ਨੂੰ ਪਟਿਆਲਾ ਵਿਖੇ ਸਨਮਾਨ ਚਿੰਨ, ਸ਼ਾਲ ਤੇ ਨਕਦ ਰਾਸ਼ੀ ਪ੍ਰਦਾਨ ਕਰਕੇ ਸਨਮਾਨਿਆ ਗਿਆ, ਜਿਹਨਾਂ ਵਿੱਚ ਸ੍ਰੀ ਮਾਨਖੇੜਾ ਸ਼ਾਮਲ ਸਨ। ।
ਇਸ ਮੌਕੇ ਜਸ਼ਨਾਂ ਵਿੱਚ ਸਮੂਲੀਅਤ ਕਰਨ ਲਈ ਮਾਨਖੇੜਾ ਦੇ ਰਿਹਾਇਸ਼ੀ ਸ਼ਹਿਰ ਤੋਂ ਸਾਹਿਤਕ ਹਸਤੀਆਂ, ਟਰੇਡ ਯੂਨੀਅਨ ਆਗੂ ਮਾਣ ਮਹਿਸੂਸ ਕਰਦੇ ਹੋਏ ਉਹਨਾਂ ਦੇ ਸਾਥੀ ਬਣ ਕੇ ਸਮਾਗਮ ਵਿੱਚ ਸਾਮਲ ਹੋਏ। ਪੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਵੱਲੋਂ ਰਣਬੀਰ ਰਾਣਾ, ਰਣਜੀਤ ਗੌਰਵ, ਬਲਵਿੰਦਰ ਸਿੰਘ ਭੁੱਲਰ, ਰਵਿੰਦਰ ਸੰਧੂ ਪਹੁੰਚੇ, ਜਦੋਂ ਕਿ ਰਿਟਾਇਰਡ ਮਿਉਂਨਿਸਪਲ ਇੰਪਲਾਈਜ ਯੂਨੀਅਨ ਬਠਿੰਡਾ ਦੇ ਆਗੂ ਰਣਜੀਤ ਸਿੰਘ ਅਲੀਕਾ, ਭੋਲਾ ਸਿੰਘ ਢਿੱਲੋਂ, ਸੁਰਜਨ ਰਾਮ, ਗੁਰਿੰਦਰ ਸਿੰਘ ਕੈਰੋਂ ਸਮੇਤ ਸਾਹਿਤ ਜਾਗ੍ਰਤੀ ਸਭਾ ਬਠਿੰਡਾ ਦੇ ਅਮਰਜੀਤ ਸਿੰਘ ਜੀਤ, ਕੁਲਦੀਪ ਸਿੰਘ ਬੰਗੀ, ਅਵਤਾਰ ਸਿੰਘ ਬਾਹੀਆ, ਇਕਬਾਲ ਪੀ ਟੀ ਅਤੇ ਪ੍ਰੋ: ਲਵਪ੍ਰੀਤ ਨੇ ਸਿਰਕਤ ਕੀਤੀ। ਇਸ ਜਥੇ ਨੂੰ ਟੀਚਰਜ ਹੋਮ ਬਠਿੰਡਾ ਤੋਂ ਟਰਸਟ ਦੇ ਜਨਰਲ ਸਕੱਤਰ ਸ੍ਰੀ ਲਛਮਣ ਮਲੂਕਾ ਨੇ ਖੁਸ਼ੀ ਖੁਸ਼ੀ ਰਵਾਨਾ ਕੀਤਾ। ਭਾਸ਼ਾ ਵਿਭਾਗ ਦੇ ਵਿਹੜੇ ਵਿੱਚ ਹੋਇਆ ਪੁਰਸਕਾਰ ਪ੍ਰਦਾਨ ਸਮਾਗਮ ਬਹੁਤ ਪ੍ਰਭਾਵਸ਼ਾਲੀ ਸੀ। ਸੂਫ਼ੀ ਗੀਤਾਂ ਨਾਲ ਨੌਜਵਾਨ ਗਾਇਕ ਯਾਕੂਬ ਨੇ ਖੂਬ ਰੰਗ ਬੰਨਿ੍ਹਆਂ ਅਤੇ ਸਰੋਤੇ ਸਾਹ ਰੋਕ ਕੇ ਉਸਦੇ ਕਲਾਮ ਸੁਣਦੇ ਰਹੇ।


ਇਸ ਉਪਰੰਤ ਡਾ: ਜਗਦੀਪ ਸਿੰਘ ਸੰਧੂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ਹੋਏ ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ: ਕੁਲਤਾਰ ਸਿੰਘ ਸੰਧਵਾਂ ਸਨ। ਮੁੱਖ ਵਕਤਾ ਪੰਜਾਬ ਸਾਹਿਤ ਅਕੈਡਮੀ ਚੰਡੀਗੜ੍ਹ ਦੇ ਪ੍ਰਧਾਨ ਡਾ: ਆਤਮ ਰੰਧਾਵਾ ਨੇ ਭਾਸ਼ਾ ਵਿਭਾਗ ਦੇ ਅਤੀਤ ਅਤੇ ਅੱਜ ਬਾਰੇ ਵਿਸਥਾਰ ਵਿੱਚ ਗੱਲ ਕੀਤੀ। ਭਾਸ਼ਾ ਵਿਭਾਗ ਦੇ ਡਾਇਰੈਕਟਰ ਸ੍ਰੀ ਜਸਵੰਤ ਸਿੰਘ ਜ਼ਫ਼ਰ ਨੇ ਜੀ ਆਇਆਂ ਕਹਿੰਦਿਆਂ ਪੰਜਾਬੀ ਜਨ ਸਮੂਹ ਅੱਗੇ ਖੜੀਆਂ ਆਫ਼ਤਾਂ ਦਾ ਜ਼ਿਕਰ ਕੀਤਾ। ਉਹਨਾਂ ਇਸ਼ਾਰਾ ਕੀਤਾ ਕਿ ਪੰਜਾਬੀ ਦੇ ਵਿਕਾਸ ਲਈ ਅਜੇ ਬਹੁਤ ਕੁੱਝ ਕਰਨ ਦੀ ਲੋੜ ਹੈ, ਇਸ ਕਾਰਜ ਵਿੱਚ ਸਾਹਿਤਕਾਰ ਵੱਡੀ ਭੂਮਿਕਾ ਨਿਭਾ ਸਕਦੇ ਹਨ। ਇਸ ਉਪਰੰਤ ਸ੍ਰ: ਕੁਲਤਾਰ ਸਿੰਘ ਸੰਧਵਾਂ ਨੇ ਪੁਰਸਕਾਰ ਜੇਤੂ ਸਾਹਿਤਕਾਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਪੰਜਾਬੀ ਦੇ ਵਿਕਾਸ ਲਈ ਬਹੁਤ ਯਤਨ ਕੀਤੇ ਹਨ, ਪੰਜਾਬ ਵਿਧਾਨ ਸਭਾ ਵਿੱਚ ਵੀ ਪੰਜਾਬੀ ਨੂੰ ਬਣਦਾ ਸਥਾਨ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਕਿਹਾ ਕਿ ਅਦਾਲਤਾਂ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦਾ ਮਾਮਲਾ ਅਜੇ ਲਟਕਿਆ ਹੋਇਆ ਹੈ, ਜਿਸ ਸਬੰਧੀ ਕੋਸ਼ਿਸਾਂ ਜਾਰੀ ਹਨ। ਇਸ ਸਮਾਰੋਹ ਦਾ ਮੰਚ ਸੰਚਾਲਨ ਖੋਜ ਅਫ਼ਸਰ ਸੁਖਚਰਨ ਸਿੰਘ ਚਹਿਲ ਨੇ ਬਾਖੂਬੀ ਕੀਤਾ।
ਪੁਰਸਕਾਰ ਪ੍ਰਾਪਤ ਕਰਨ ਉਪਰੰਤ ਸ੍ਰੀ ਮਾਨਖੇੜਾ ਨੇ ਸੰਬੋਧਨ ਕਰਦਿਆਂ ਕਿਹਾ, ‘‘ਹਵੇਲੀਆਲਾ ਨਾਵਲ ਇੱਕ ਸੱਚੀ ਘਟਨਾ ਤੇ ਆਧਾਰਿਤ ਹੈ ਅਤੇ ਲੋਕਾਂ ਦੀਆਂ ਜਥੇਬੰਦੀਆਂ ਵੱਲੋਂ ਲੜੇ ਜੇਤੂ ਸੰਘਰਸ਼ ਦੀ ਗਲਪੀ ਗਾਥਾ ਹੈ। ਉਹਨਾਂ ਕਿਹਾ ਕਿ ਲੇਖਕਾਂ ਨੂੰ ਲੋਕਾਂ ਦੇ ਘੋਲਾਂ ਵਿੱਚ ਸਮੂਲੀਅਤ ਕਰਕੇ ਅਨੁਭਵ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਆਪਣੀ ਸਿਰਜਣ ਸ਼ਕਤੀ ਨਾਲ ਲੋਕਾਂ ਦੇ ਰੂਬਰੂ ਲਿਖਤਾਂ ਪੇਸ਼ ਕਰਨੀਆਂ ਚਾਹੀਦੀਆਂ ਹਨ।

Exit mobile version