22 ਸਾਲ: ਬਣਦਾ ਹੈ ਮਾਨ-ਸਨਮਾਨ


ਨਿਊਜ਼ੀਲੈਂਡ ’ਚ ਪੰਜਾਬੀਅਤ ਦਾ ਛੱਟਾ ਦੇਣ ਵਾਲੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦਾ ਹੋਵੇਗਾ
ਗੋਲਡ ਮੈਡਲ ਨਾਲ ਸਨਮਾਨ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 24 ਨਵੰਬਰ 2023:- ਅਕਾਲ ਫਾਊਂਡੇਸ਼ਨ ਨਿਊਜ਼ੀਲੈਂਡ ਅਤੇ ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ  ਨਿਊਜ਼ੀਲੈਂਡ ਵੱਲੋਂ ਮੀਡੀਆ ਸਖ਼ਸ਼ੀਅਤ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਅੰਬੈਸਡਰ ਅਤੇ ਸਰਕਾਰੀ ਅਦਾਰਿਆਂ ਦੇ ਵਿਚ ਕਮਿਊਨਿਟੀ ਸਲਾਹਕਾਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਸ.ਤੀਰਥ ਸਿੰਘ ਅਟਵਾਲ ਅਤੇ ਸ. ਰਘਬੀਰ ਸਿੰਘ ਸ਼ੇਰਗਿੱਲ ਜੇ.ਪੀ. ਹੋਰਾਂ ਦੱਸਿਆ ਕਿ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੂੰ ਲਗਪਗ ਦੋ ਦਹਾਕਿਆਂ ਦਾ ਸਮਾਂ ਇਥੇ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੱ ਛੱਟਾ ਦਿੰਦਾ ਹੋ ਗਿਆ ਹੈ। ਕਮਿਊਨਿਟੀ ਰੇਡੀਓ ਹੋਵੇ, ਹਿੰਦੀ ਰੇਡੀਓ ਚੈਨਲ ਹੋਵੇ ਜਾਂ ਫਿਰ ਪੰਜਾਬੀਆਂ ਦਾ ਆਪਣਾ 24 ਘੰਟੇ ਚੱਲਣ ਵਾਲਾ ਰੇਡੀਓ ‘ਰੇਡੀਓ ਸਪਾਈਸ’ ਹੋਵੇ, ਸ. ਪਰਮਿੰਦਰ ਸਿੰਘ ਨੇ ਪੰਜਾਬੀ ਭਾਸ਼ਾ ਦੀ ਰਵਾਨਗੀ ਦੇ ਵਿਚ ਦੇਸ਼-ਵਿਦੇਸ਼ ਦੇ ਨਾਲ ਇਥੇ ਵਸਦੇ ਪੰਜਾਬੀਆਂ ਦੀ ਸਾਂਝ ਪਵਾਈ ਹੈ। ਪੰਜਾਬੀ ਸਭਿਆਚਾਰ ਦੀ ਗੱਲ ਚਾਹੇ ਕਮਿਊਨਿਟੀ ਵਿਚ ਹੋਵੇ, ਚਾਹੇ ਨਿਊਜ਼ੀਲੈਂਡ ਪੁਲਿਸ ਦੇ ਵਿਚ ਹੋਵੇ ਭੰਗੜੇ ਦੀਆਂ ਰਮਜ਼ਾ ਵੰਡਣ ਵਿਚ ਇਸਨੇ ਬਾਟਾ ਭਰੀ ਹੀ ਰੱਖਿਆ ਹੈ। ਮਾਓਰੀ ਭਾਸ਼ਾ ਦੀ ਜਾਣਕਾਰੀ ਰੱਖਕੇ ਅਤੇ ਫਿਰ ਔਕਲੈਂਡ ਕੌਂਸਿਲ ਦੇ ਵਿਚ ਸਲਾਹਕਾਰ ਵਜੋਂ ਨਿਯੁਕਤ ਹੋਣ ਉਤੇ ਉਸਨੇ ਕਈ ਕਮਿਊਨਿਟੀ ਕਾਰਜਾਂ ਨੂੰ ਬੰਦ ਕਮਰਿਆਂ ਦੀ ਮੀਟਿੰਗ ਵਿਚ ਸੁਲਝਾਇਆ ਹੈ।
ਮਾਹਿਲਪੁਰ ਜਨਮੇ, ਜੱਦੀ ਪਿੰਡ ਸਤੌਰ ਜ਼ਿਲਾ ਹੁਸ਼ਿਆਰਪੁਰ ਤੋਂ ਉਚੇਰੀ ਪੜ੍ਹਾਈ ਵਾਸਤੇ ਅਤੇ ਰੁਜ਼ਗਾਰ ਵਾਸਤੇ ਉਹ ਪਹਿਲਾਂ ਪਹਿਲ 1997 ਵਿਚ ਆਸਟਰੇਲੀਆ ਪਹੁੰਚੇ। ਰੇਲਵੇ ਵਿਭਾਗ ਦੇ ਵਿਚ ਪਹਿਲੇ ਪਗੜੀਧਾਰੀ ਸੁਰੱਖਿਆ ਅਫ਼ਸਰ ਬਣੇ। ਕੰਮ ਕਾਰ ਕਰਦਿਆਂ-ਕਰਦਿਆਂ ਆਪਣੀ ਮਕੈਨੀਕਲ ਇੰਜੀਨੀਅਰਿੰਗ ਦੀ ਮੁਹਾਰਿਤ ਦੇ ਅਧਾਰ ਉਤੇ ਉਹ 2001 ਦੇ ਵਿਚ ਨਿਊਜ਼ੀਲੈਂਡ ਪਹੁੰਚੇ। ਇਸ ਤੋਂ ਬਾਅਦ ਹੌਲੀ-ਹੌਲੀ ਪੈਰ ਜਮਾਦਿਆਂ ਰੇਡੀਓ ਦੇ ਨਾਲ ਜੁੜੇ ਅਤੇ ਅੱਜ ਤੱਕ ਇਹ ਸਾਂਝ ਬਰਕਰਾਰ ਹੈ। 2005 ਦੇ ਵਿਚ ਉਹ ਨਿਊਜ਼ੀਲੈਂਡ ਭੰਗੜੇ ਦੀ ਪ੍ਰਤੀਨਿਧਤਾ ਕਰਦਿਆਂ ਕੈਨੇਡਾ ਵਰਲਡ ਕੱਪ ਦੇ ਵਿਚ ਗਏ ਅਤੇ ਕਾਂਸੀ ਦਾ ਤਮਗਾ ਜਿਤਿਆ। ਅਖ਼ਬਾਰ ਨਵੀਸੀ ਕਰਦਿਆਂ ਉਹ ਕਈ ਦੇਸ਼-ਵਿਦੇਸ਼ ਦੀਆਂ ਅਖਬਾਰਾਂ ਨਾਲ ਜੁੜੇ ਰਹੇ। ਕੀਵੀਨਾਮਾ ਉਨ੍ਹਾਂ ਦੀ ਪਹਿਲੀ ਪੰਜਾਬੀ ਪੁਸਤਕ ਹੈ ਜਿਸ ਦੇ ਵਿਚ ਬਹੁਤ ਸਾਰੇ ਦੇਸ਼ਾਂ ਦੇ ਭਰਮਣ ਦੀਆਂ ਕਹਾਣੀਆਂ ਹਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ ਅਤੇ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ ਵੱਲੋਂਸ. ਪਰਮਿੰਦਰ ਸਿੰਘ ਪਾਪਾਟੋਏਟੋਏ ਨੂੰ ਸਨਮਾਨਿਤ ਕੀਤੇ ਜਾਣ ਉਤੇ ਬਹੁਤ-ਬਹੁਤ ਵਧਾਈ।

ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਅਕਾਲ ਫਾਊਂਡੇਸ਼ਨ ਅਤੇ ਐਸ. ਬੀ. ਐਸ. ਸਪੋਰਟਸ ਐਂਡ ਕਲਚਰਲ ਕਲੱਬ ਉਨ੍ਹਾਂ ਨੂੰ ਸਨਮਾਨ ਕਰਨ ਉਤੇ ਖੁਸ਼ੀ ਮਹਿਸੂਸ ਕਰਦਾ ਹੈ।

Exit mobile version