5ਵੀਂ ਨਿਊਜ਼ੀਲੈਂਡ ਸਿੱਖ ਖੇਡਾਂ 25 ਨਵੰਬਰ ਤੋਂ ਸ਼ੁਰੂ

5ਵੀਂ ਨਿਊਜ਼ੀਲੈਂਡ ਸਿੱਖ ਖੇਡਾਂ ਕੱਲ੍ਹ ਤੋਂ ਸ਼ੁਰੂ
 ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗੀਤਕਾਰ ਸੰਗਤਾਰ ਪੁੱਜੇ ਨਿਊਜ਼ੀਲੈਂਡ
-25 ਨਵੰਬਰ ਨੂੰ ਸਵੇਰੇ 8 ਵਜੇ ਦਰਸ਼ਕਾਂ ਨੂੰ ਪੁੱਜਣ ਦੀ ਅਪੀਲ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ 24 ਨਵੰਬਰ 2023:- ਪੰਜਵੀਂਆਂ ਨਿਊਜ਼ੀਲੈਂਡ ਸਿੱਖ ਖੇਡਾਂ (25 ਅਤੇ 26 ਨਵੰਬਰ) ਦੀਆਂ ਤਿਆਰੀਆਂ ਇਸ ਵੇਲੇ ਬਰੂਸ ਪੁਲਮਨ ਪਾਰਕ ਟਾਕਾਨੀਨੀ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਵੱਡ ਅਕਾਰੀ ਦੋ ਸਟੇਜਾਂ, ਲਗਪਗ 18 ਖੇਡਾਂ ਲਈ ਖੇਡ ਮੈਦਾਨ ਅਤੇ ਇਨਡੋਰ ਸਟੇਡੀਅਮ, ਕ੍ਰਿਕਟ ਮੈਦਾਨ, ਫੁੱਟਬਾਲ ਮੈਦਾਨ, ਲੰਗਰ ਅਸਥਾਨ, ਵੱਖ-ਵੱਖ ਸਪਾਂਸਰਜ਼ ਦੇ ਸਟਾਲ, ਵੱਡੇ ਰੇਨ ਸ਼ੈਲਟਰ ਅਤੇ ਇਨਾਮਾਂ ਦੀ ਪੇਸ਼ਕਾਰੀ ਲਈ ਬਹੁਤ ਸਾਰੀਆਂ ਤਿਆਰੀਆਂ ਲਗਪਗ ਮੁਕੰਮਲ ਹੋ ਚੁੱਕੀਆਂ ਹਨ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਕਮੇਟੀ, ਨੌਜਵਾਨ ਐਡਮਿਨ ਦਲ, ਵਲੰਟੀਅਰਜ਼ ਅਤੇ ਮੀਡੀਆ ਸਹਿਯੋਗੀ ਆਪਣਾ-ਆਪਣਾ ਯੋਗਦਾਨ ਪਾਉਣ ਜੁੱਟ ਗਏ ਹਨ। ਲੰਗਰ ਦੀਆਂ ਤਿਆਰੀਆਂ ਵਾਸਤੇ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਤਿਆਰੀਆਂ ਜਾਰੀ ਹਨ। ਸਭਿਆਚਾਰਕ ਸਟੇਜ ਉਤੇ ਖੁੱਲ੍ਹਾ ਅਖਾੜ ਲਾਉਣ ਵਾਲੇ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ ਅਤੇ ਸੰਗੀਤਕਾਰ ਸੰਗਤਾਰ ਅੱਜ ਇਥੇ ਪਹੁੰਚ ਗਏ ਹਨ। ਉਨ੍ਹਾਂ ਦਾ ਔਕਲੈਂਡ ਹਵਾਈ ਅੱਡੇ ਉਤੇ ਭਰਵਾਂ ਸਵਾਗਤ ਕੀਤਾ ਗਿਆ।  ਵਰਨਣਯੋਗ ਹੈ ਕਿ ਇਹ ਖੇਡਾਂ ਅਤੇ ਸਟੇਜ ਦੇਰ ਸ਼ਾਮ ਤੱਕ ਚਲਦੀ ਰਹਿੰਦੀ ਹੈ ਜਿੱਥੇ ਅੰਤਰਰਾਸ਼ਟਰੀ ਕਲਾਕਾਰ ਅਤੇ ਸਥਾਨਿਕ ਕਲਾਕਾਰ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹਨ। 

Exit mobile version