ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਨੇ ਸ਼ਹੀਦ ਫੌਜੀਆਂ ਨੂੰ ਯਾਦ ਕਰਦਿਆਂ ਰੀਮੈਂਬਰਸ ਡੇਅ ਮਨਾਇਆ

ਜੋ ਸ਼ਹੀਦ ਹੂਏ ਹੈਂ ਉਨਕੀ ਜ਼ਰਾ ਯਾਦ ਕਰੋ ਕੁਰਬਾਨੀ
ਇੰਡੋ-ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਨੇ ਸ਼ਹੀਦ ਫੌਜੀਆਂ ਨੂੰ ਯਾਦ ਕਰਦਿਆਂ ਰੀਮੈਂਬਰਸ ਡੇਅ ਮਨਾਇਆ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਇੰਡੋ ਕੈਨੇਡੀਅਨ ਕਮਿਊਨਿਟੀ ਐਸੋਸੀਏਸ਼ਨ ਨੇ 11 ਨਵੰਬਰ 2025 ਨੂੰ ਪ੍ਰਭਾਵਸ਼ਾਲੀ ਤਰੀਕੇ ਨਾਲ਼ ਰੀਮੈਂਬਰੈਂਸ ਡੇ ਮਨਾਇਆ। ਸ਼ੁਰੂ ਵਿੱਚ ਕੈਨੇਡਾ ਅਤੇ ਭਾਰਤ ਦੇ ਕੌਮੀ ਤਰਾਨੇ ਗਾਉਣ ਦੀ ਰਸਮ ਅਦਾ ਕੀਤੀ ਗਈ। ਸਕੱਤਰ ਅਮਰੀਕ ਸਿੰਘ ਸਰੋਆ ਨੇ ਮਹਿਮਾਨਾਂ ਅਤੇ ਹਾਜ਼ਰ ਮੈਂਬਰਾਂ ਨੂੰ ਜੀਅ-ਆਇਆਂ ਕਿਹਾ। ਪ੍ਰਧਾਨ ਡਾ: ਸੇਵਾ ਸਿੰਘ ਪ੍ਰੇਮੀ ਨੇ ਇਸ ਦਿਨ ਦੇ ਪਿਛੋਕੜ ਅਤੇ ਇਸ ਦੀ ਅਹਿਮੀਅਤ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ 11 ਨਵੰਬਰ, 1918 ਨੂੰ ਸਵੇਰੇ ਗਿਆਰਾਂ ਵਜੇ ਪਹਿਲੀ ਸੰਸਾਰ ਜੰਗ ਦੇ ਖਾਤਮੇ ਦਾ ਐਲਾਨ ਹੋਇਆ ਸੀ। ਇਸ ਜੰਗ ਵਿਚ ਹੋਏ ਜਾਨੀ ਨੁਕਸਾਨ ਦਾ ਵੇਰਵਾ ਦਿੱਤਾ, ਇਸ ਵਿਚ ਕੈਨੇਡੀਅਨ ਸਿੱਖ ਫੌਜੀਆਂ ਦੀ ਬਹਾਦਰੀ ਅਤੇ ਵਿਸ਼ੇਸ਼ ਤੌਰ ਤੇ ਬੁੱਕਮ ਸਿੰਘ ਬਾਰੇ ਸੰਖੇਪ ਬਿਓਰਾ ਦਿੱਤਾ। ਕੈਨੇਡਾ ਪੋਸਟ ਦੁਆਰਾ ਸਿੱਖ ਫੌਜੀ ਦੀ ਤਸਵੀਰ ਵਾਲੇ ਜਾਰੀ ਕੀਤੇ ਡਾਕ-ਟਿਕਟ ਬਾਰੇ ਵੀ ਜਾਣਕਾਰੀ ਦਿੱਤੀ।

ਕੈਪਟਨ ਚਰਨਕੰਵਲ ਸਿੰਘ ਦੁੱਲਟ ਨੇ ਕਿਹਾ ਕਿ ਫੌਜੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਹਰ ਤਰ੍ਹਾਂ ਦੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਉਨ੍ਹਾਂ ਨੇ ਅੱਜ ਦੇ ਇਸ ਦਿਨ ਨੂੰ ਦੂਜੀ ਸੰਸਾਰ ਜੰਗ ਦੇ ਖਾਤਮੇ ਦੀ 80ਵੀਂ ਵਰ੍ਹੇਗੰਢ ਨਾਲ਼ ਵੀ ਜੋੜਿਆ। ਉਨ੍ਹਾਂ ਨੇ ਸਾਡੇ ਵਡੇਰਿਆਂ ਦੀ ਬਹਾਦਰੀ ਅਤੇ ਸ਼ਹਾਦਤਾਂ ਦੇ ਕਾਰਨਾਮੇ ਅਗਲੀਆਂ ਪੀੜ੍ਹੀਆਂ ਤੱਕ ਪੁਚਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਿੰਦ ਉਪ-ਮਹਾਂਦੀਪ ਦੇ ਦੇਸ਼ਾਂ ਤੋਂ ਲੱਖਾਂ ਫੌਜੀਆਂ ਨੇ ਸੰਸਾਰ-ਜੰਗਾਂ ਵਿੱਚ ਬਹਾਦਰੀ ਦੇ ਕਾਰਨਾਮੇ ਵਿਖਾਏ ਅਤੇ ਸ਼ਹਾਦਤਾਂ ਦਿੱਤੀਆਂ। ਇਹ ਸਾਡੇ ਲਈ ਮਾਣਯੋਗ ਸਰਮਾਇਆ ਹੈ। ਐਮ ਐਲ ਏ ਇਰਫਾਨ ਸਾਬਿਰ ਨੇ ਜਿੱਥੇ ਫੌਜੀਆਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਉੱਥੇ ਅਮਨ ਦੀ ਲੋੜ ਤੇ ਵੀ ਜ਼ੋਰ ਦਿੱਤਾ। ਐਮ ਐਲ ਏ ਗੁਰਿੰਦਰ ਬਰਾੜ ਦਾ ਵਿਚਾਰ ਸੀ ਕਿ ਬੰਬਾਂ ਬਾਰੂਦਾਂ ਦੀ ਬਜਾਏ ਲੋਕਾਂ ਦੀ ਭਲਾਈ ਵੱਲ ਧਿਆਨ ਦਿੱਤਾ ਜਾਵੇ। ਰੌਕੀ ਵਿਊ ਕਾਊਂਟੀ ਦੇ ਮੇਅਰ (ਰੀਵ) ਸੰਨੀ ਸਮਰਾ ਨੇ ਕਿਹਾ ਕਿ ਜੰਗ ਸਮੇਂ ਜਾਂ ਅਮਨ ਦੇ ਸਮੇਂ ਵਿੱਚ ਆਪਣੇ ਫ਼ਰਜ਼ਾਂ ਦੀ ਪੂਰਤੀ ਕਰਦਿਆਂ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਨਾ ਬਣਦਾ ਹੈ। ਗੁਰਦਿਆਲ ਸਿੰਘ ਖਹਿਰਾ ਨੇ ਲੈਫ਼ਟੀਨੈਂਟ ਕਰਨਲ ਮਨੋਜ ਸਿਨਹਾ ਦੀ ਫੌਜੀਆਂ ਬਾਰੇ ਲਿਖੀ ਹੋਈ ਕਵਿਤਾ ਪੜ੍ਹੀ। ਅਮਨਜੋਤ ਪੰਨੂੰ ਨੇ ਕੈਨੇਡਾ ਵਿੱਚ ਵਧ ਰਹੇ ਅਣਸੁਖਾਵੇਂ ਮਾਹੌਲ ਦੀ ਗੱਲ ਕੀਤੀ। ਰਾਜੇਸ਼ ਅੰਗਰਾਲ ਨੇ ਅਜਿਹੇ ਦਿਨ ਮਨਾਉਣ ਲਈ ਐਸੋਸੀਏਸ਼ਨ ਦੀ ਸ਼ਲਾਘਾ ਕੀਤੀ ਅਤੇ ਇਸ ਦਿਨ ਬਾਰੇ ਆਪਣੇ ਵਿਚਾਰ ਰੱਖੇ। ਚੰਦ ਸਿੰਘ ਸੰਦਿਓੜਾ ਨੇ ਨਵੀਂ ਬਣੀਸਕਾਈਵਿਊੂ ਸੀਨੀਅਰਜ਼ ਵੈਲਫੇਅਰ ਐਸੋਸੀਏਸ਼ਨਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਾਰੇ ਧਰਮਾਂ ਅਤੇ ਭਾਈਚਾਰਿਆਂ ਦੀ ਏਕਤਾ ਉਪਰ ਜ਼ੋਰ ਦਿੱਤਾ। ਬਲਵਿੰਦਰ ਸਿੰਘ ਸੋਢੀ ਨੇ ਪਹਿਲੀ ਸੰਸਾਰ-ਜੰਗ ਦੀਆਂ ਕੁੱਝ ਵਾਰਦਾਤਾਂ ਸੁਣਾਈਆਂ। ਜਗਦੀਸ਼ ਕੌਰ ਸਰੋਆ ਨੇ ਇਹ ਗਾਣਾ ਗਾ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ - - ਐ ਮੇਰੇ ਵਤਨ ਕੇ ਲੋਗੋ ਜ਼ਰਾ ਆਂਖ ਮੇਂ ਭਰ ਲੋ ਪਾਨੀ / ਜੋ ਸ਼ਹੀਦ ਹੂਏ ਹੈਂ ਉਨ ਕੀ ਜ਼ਰਾ ਯਾਦ ਕਰੋ ਕੁਰਬਾਨੀ। ਜਗਦੇਵ ਸਿੱਧੂ ਨੇ ਪਹਿਲੀ ਸੰਸਾਰ ਜੰਗ ਦੇ ਕਾਰਨਾਂ ਤੋਂ ਇਲਾਵਾ ਜ਼ਰੂਰੀ ਅੰਕੜੇ ਅਤੇ ਇਤਿਹਾਸਕ ਤੱਥ ਸਾਹਮਣੇ ਰੱਖੇ। ਪਹਿਲੀ ਸੰਸਾਰ-ਜੰਗ ਦੇ ਸਿੱਟੇ ਵੱਜੋਂ ਕੁੱਝ ਆਜ਼ਾਦ ਹੋਏ ਮੁਲਕਾਂ ਬਾਰੇ ਦੱਸਿਆ ਤੇ ਕਿਹਾ ਕਿ ਵਰਸੇਲਜ਼ ਦੀ ਸੰਧੀ ਦੀਆਂ ਮਾਰੂ ਸ਼ਰਤਾਂ ਦੂਜੀ ਸੰਸਾਰ-ਜੰਗ ਦਾ ਕਾਰਨ ਬਣੀਆਂ। ਕੈਨੇਡਾ ਵਿੱਚ ਅੱਠ ਨਵੰਬਰ ਨੂੰ ਮਨਾਏ ਜਾਣ ਵਾਲ਼ੇਇੰਡੀਜੀਨੱਸ ਵੈਟਰਨਜ਼ ਡੇ` ਬਾਰੇ ਸੰਖੇਪ ਜਾਣਕਾਰੀ ਦਿੱਤੀ। ਅਖੀਰ ਵਿੱਚ ਡਾ: ਸੇਵਾ ਸਿੰਘ ਪ੍ਰੇਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ।




