ਕਲਮੀ ਸੱਥ

‘ਅਣਖੀ ਪੁੱਤ ਮਾਵਾਂ ਦੇ ਤੁਰ ਪਏ ਸਿਰ ਤਲੀਆਂ ‘ਤੇ ਧਰ ਕੇ’ 

ਪ੍ਰਸਿੱਧ ਕਵੀਸ਼ਰ ਚਮਕੌਰ ਸਿੰਘ ਸੇਖੋਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਸੂਰਮੇ ਕਿ ਡਾਕੂ’ ਦਾ ਰਿਲੀਜ਼ ਸਮਾਗਮ

ਸਰੀ, 24 ਜੂਨ (ਹਰਦਮ ਮਾਨ)-ਕਲਮੀ ਪਰਵਾਜ਼ ਮੰਚ ਵੱਲੋਂ ਪ੍ਰਸਿੱਧ ਕਵੀਸ਼ਰ ਅਤੇ ਬਹੁਪੱਖੀ ਕਲਾਕਾਰ ਚਮਕੌਰ ਸਿੰਘ ਸੇਖੋਂ ਦੀ ਨਵ ਪ੍ਰਕਾਸ਼ਿਤ ਪੁਸਤਕ ‘ਸੂਰਮੇ ਕਿ ਡਾਕੂ’ ਰਿਲੀਜ਼ ਕਰਨ ਲਈ ਸੀਨੀਅਰ ਸੈਂਟਰ ਸਰੀ ਵਿਖੇ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੰਚ ਦੀ ਕਨਵੀਨਰ ਮਨਜੀਤ ਕੌਰ ਕੰਗ ਦੇ ਸਵਾਗਤੀ ਸ਼ਬਦਾਂ ਨਾਲ ਹੋਈ।

ਇਸ ਪੁਸਤਕ ਉੱਪਰ ਆਪਣੇ ਵਿਚਾਰ ਪੇਸ਼ ਕਰਦਿਆਂ ਪ੍ਰਿੰ. ਮਲੂਕ ਚੰਦ ਕਲੇਰ ਨੇ ਕਿਹਾ ਕਿ ਚਮਕੌਰ ਸਿੰਘ ਸੇਖੋਂ ਦੀ ਇਹ ਪੰਜਵ. ਪੁਸਤਕ ਹੈ। ਇਸ ਵਿਚ ਉਨ੍ਹਾਂ ਵਿਸ਼ੇਸ਼ ਤੌਰ ਤੇ 1942 ਤੋਂ 1945 ਦੇ ਸਮੇਂ ਦੌਰਾਨ ਪੰਜਾਬ ਵਿਚ ਉੱਠੇ ਉਨ੍ਹਾਂ ਸੂਰਮਿਆਂ ਨੂੰ ਆਪਣੀ ਸ਼ਾਇਰੀ ਰਾਹੀਂ ਪੇਸ਼ ਕੀਤਾ ਹੈ ਜੋ ਹਕੂਮਤ ਵੱਲੋਂ ਤਾਂ ਡਾਕੂ ਠਹਿਰਾਏ ਗਏ ਸਨ ਪਰ ਉਨ੍ਹਾਂ ਦੇ ਮਨਾਂ ਵਿਚ ਸਮਾਜ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਸੀ। ਪੁਸਤਕ ਉਪਰ ਰਾਜਬੀਰ ਜੰਡਾ, ਡਾ. ਪ੍ਰਿਥੀਪਾਲ ਸੋਹੀ, ਮੋਹਨ ਗਿੱਲ, ਪ੍ਰਿੰ. ਕਸ਼ਮੀਰਾ ਸਿੰਘ, ਸੁਖਵਿੰਦਰ ਕੌਰ ਸਿੱਧੂ, ਚਮਕੌਰ ਸਿੰਘ ਸੇਖੋਂ ਦੀ ਬੇਟੀ ਸਵਰਨਜੀਤ ਕੌਰ ਗਰੇਵਾਲ, ਦਰਸ਼ਨ ਸੰਘਾ, ਨਵਦੀਪ ਗਿੱਲ, ਜਗਵਿੰਦਰ ਸਰਾਂ,  ਇੰਦਰਜੀਤ ਧਾਲੀਵਾਲ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਚਮਕੌਰ ਸਿੰਘ ਸੇਖੋਂ ਦੀ ਸ਼ਖ਼ਸੀਅਤ ਅਤੇ ਰਚਨਾਤਮਿਕ ਕਾਰਜਾਂ ਬਾਰੇ ਗੱਲਬਾਤ ਕੀਤੀ। ਬੁਲਾਰਿਆਂ ਨੇ ਕਿਹਾ ਕਿ ਚਮਕੌਰ ਸਿੰਘ ਸੇਖੋਂ ਸਾਫ਼ਗੋ ਤਬੀਅਤ ਦਾ ਮਾਲਕ ਹੈ ਅਤੇ ਉਸ ਦੀ ਲੇਖਣੀ ਤੋਂ ਵੀ ਉਸ ਦੀ ਸ਼ਖ਼ਸੀਅਤ ਸਾਫ ਝਲਕਦੀ ਹੈ।

ਪੁਸਤਕ ‘ਸੂਰਮੇ ਕਿ ਡਾਕੂ’ ਲੋਕ ਅਰਪਣ ਕਰਨ ਦੀ ਰਸਮ ਮੰਚ ਦੇ ਆਗੂਆਂ ਅਤੇ ਸ. ਸੇਖੋਂ ਦੇ ਪਰਿਵਾਰਕ ਮੈਂਬਰਾਂ ਨੇ ਅਦਾ ਕੀਤੀ। ਚਮਕੌਰ ਸਿੰਘ ਸੇਖੋਂ ਨੇ ਆਪਣੇ ਸਾਥੀ ਨਵਦੀਪ ਗਿੱਲ ਅਤੇ ਸੁਖਵਿੰਦਰ (ਬਿੱਲਾ ਤੱਖੜ) ਨਾਲ ਕਵੀਸ਼ਰੀ ‘ਅਣਖੀ ਪੁੱਤ ਮਾਵਾਂ ਦੇ ਤੁਰ ਪਏ ਸਿਰ ਤਲੀਆਂ ‘ਤੇ ਧਰ ਕੇ’ ਪੇਸ਼ ਕਰ ਕੇ ਸਰੋਤਿਆਂ ਨੂੰ ਅਨੰਦਿਤ ਕੀਤਾ। ਇਸ ਪੁਸਤਕ ਲਈ ਚਮਕੌਰ ਸਿੰਘ ਸੇਖੋਂ ਨੂੰ ਮੁਬਾਰਕਬਾਦ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖੋਂ, ਗ਼ਜ਼ਲ ਮੰਚ ਦੇ ਸ਼ਾਇਰ ਪ੍ਰੀਤ ਮਨਪ੍ਰੀਤ ਤੇ ਹਰਦਮ ਮਾਨ, ਅੰਮ੍ਰਿਤ ਦੀਵਾਨਾ, ਇੰਦਰਜੀਤ ਧਾਮੀ, ਸੁਖਮੰਦਰ ਬਰਾੜ ਭਗਤਾ ਅਤੇ ਇੰਦਰਜੀਤ ਰੋਡੇ ਸ਼ਾਮਲ ਸਨ। ਅੰਤ ਵਿਚ ਚਮਕੌਰ ਸਿੰਘ ਸੇਖੋਂ ਨੇ ਸਮਾਗਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਪੁਸਤਕ ਦੇ ਕੁਝ ਕੁ ਪਾਤਰਾਂ ਬਾਰੇ ਸਵ. ਸੰਤ ਬਾਬਾ ਉਜਾਗਰ ਸਿੰਘ ਹੀਰੋ ਕਲਾਂ ਵਾਲਿਆਂ ਨੇ 1968 ਵਿਚ ਜਾਣਕਾਰੀ ਦਿੱਤੀ ਸੀ ਅਤੇ ਸੰਤ ਬਲਵੀਰ ਸਿੰਘ ਘੁੰਨਸ ਦੀ ਵਿਸ਼ੇਸ਼ ਪ੍ਰੇਰਨਾ ਸਦਕਾ ਇਹ ਪੁਸਤਕ ਹੋਂਦ ਵਿਚ ਆਈ ਹੈ। ਸਮੁੱਚੇ ਸਮਾਗਮ ਦਾ ਸੰਚਾਲਨ ਸੁਖਵਿੰਦਰ ਕੌਰ ਸਿੱਧੂ ਨੇ ਬਾਖੂਬੀ ਕੀਤਾ।

Show More

Related Articles

Leave a Reply

Your email address will not be published. Required fields are marked *

Back to top button
Translate »