ਏਹਿ ਹਮਾਰਾ ਜੀਵਣਾ

ਕਾਮਜਾਬ ਲੋਕਾਂ ਕੋਲ ਕਾਮਜਾਬੀ ਦੇ ਕੀ ਗੁਣ ਹਨ?

ਡਾਕਟਰ ਸ਼ਿੰਦਰ ਪੁਰੇਵਾਲ ਪ੍ਰੋਫੈਸਰ,ਡਿਪਾਰਟਮੈਂਟ ਓਫ ਪੋਲੀਟੀਕਲ ਸਾਇੰਸ

ਡਾਕਟਰ ਸ਼ਿੰਦਰ ਪੁਰੇਵਾਲ

ਪ੍ਰੋਫੈਸਰ,ਡਿਪਾਰਟਮੈਂਟ ਓਫ ਪੋਲੀਟੀਕਲ ਸਾਇੰਸ

ਕਵਾਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ Phone: 604-729-4592

ਕਾਮਜਾਬ ਲੋਕਾਂ ਕੋਲ ਕਾਮਜਾਬੀ ਦੇ ਕਿਹੜੇ ਕਾਮਜਾਬ ਗੁਣ ਹਨ? ਇਹ ਇਸ  ਲਿਖਤ ਦਾ ਵਿਛਾ ਹੈI ਹਰ ਖੇਤਰ ਵਿੱਚ ‘ਪ੍ਰੋਫੈਸ਼ਨਲ’ ਕਾਮਜਾਬੀ ਲਈ ਅਸਲੀਅਤ ਜਾਨਣਾ ਬਹੁਤ ਜਰੂਰੀ ਹੈI ਪੰਜਾਬੀ ਵਿਚ ਅੰਗਰੇਜ਼ੀ ਘੋਲਣੀ ਵੀ ਅਸਲੀਅਤ ਦਾ ਇੱਕ ਹਿਸਾ ਹੈI ਇਟਲੀ ਦੇ ਅਰਥ-ਸ਼ਾਸ਼ਤਰੀ ਪਰੈਟੋ ਨੇ ਨੋਟਿਸ ਕੀਤਾ ਕੇ ਉਸਦੀ ਗਾਰਡਨ ਵਿਚ ਲਾਏ ਮਟਰਾਂ ਦੇ ਪੋਦਿਆਂ ਵਿਚ ਅੱਸੀ ਫੀਸਦੀ ਮਟਰ ਸਿਰਫ ਵੀਹ ਫੀਸਦੀ ਪੋਦਿਆਂ ਨੂੰ ਲਗੇ ਹੋਏ ਹਨI ਇਸਤੋਂ ਇੱਕ ਸਿਧਾਂਤ ਦਾ ਜਨਮ ਹੋਇਆ ਕਿ ਹਰ ਖੇਤਰ ਵਿਚ ਸਿਰਫ ਵੀਹ ਫੀਸਦੀ ਲੋਕ ਕਾਮਜਾਬ ਇਨਸਾਨ ਹਨI ਬਾਕੀ ਸਿਰਫ ਖਾਣੇ, ਗੱਪਾਂ ਮਾਰਨ ਤੇ ਸਾਉਣ ਵਿੱਚ ਹੀ ਮਗਨ ਹਨI ਇਹ ਸਿਧਾਂਤ ਹਰ ਬਿਜ਼ਨੈੱਸ ਸਕੂਲ ਵਿਚ ਪੜ੍ਹਾਇਆ ਜਾਂਦਾ ਹੈI ਇਸ ਲਈ ਕਾਮਜਾਬੀ ਦਾ ਪਹਿਲਾ ਸਬਕ ਇਹ ਹੈ ਕਿ ਤੁਸੀਂ ਸਿਰਫ ਵੀਹ ਫੀਸਦੀ ਲੋਕਾਂ ਨਾਲ ਹੀ ਮੁਕਾਬਲਾ ਕਰਨਾ ਹੈ, ਸਾਰੇ ਸਮਾਜ ਬਾਰੇ ਫਿਕਰ ਕਰਨ ਦੀ ਕੋਈ ਲੋੜ ਨਹੀਂI ਇਹ ਵੀਹ ਫੀਸਦੀ ਲੋਕ ਹਰ ਹੀਲਾ ਆਪਣਾ ਕੇ ਕਾਮਜਾਬੀ ਦੀ ਦੌੜ ਵਿਚ ਲਗੇ ਹੋਏ ਹਨ, ਇਸ ਲਈ ਹਰ ਹੀਲਾ ਅਪਨਾਉਣ ਲਈ ਤਿਆਰ ਰਹੋI ਕਾਮਜਾਬੀ ਲਈ ‘ਮੰਦੀ ਆਂ ਜਾਂ ਚੰਗੀ ਆਂ, ਪਰ ਮਾਹੀ ਤੇਰੀ ਬੰਦੀ ਹਾਂ’ ਦਾ ਮੰਤਰ ਹੀ ਕੰਮ ਆਓਂਦਾ ਹੈ ਜਾਣੀਕੇ ਕਾਮਜਾਬੀ ਲਈ ‘ਪ੍ਰੇਗਮੈਟਿਕ’ ਹੋਣਾ ਪੈਂਦਾ ਹੈI ਪਰ ਫੇਰ ਵੀ ਕਾਮਜਾਬ ਲੋਕਾਂ ਦੇ ਵੱਖਰੇ ਗੁਣ ਹਨ ਜਿਨ੍ਹਾਂ ਨੂੰ ਕਾਮਜਾਬੀ ਹਾਸਿਲ ਕਰਨ ਦੇ ਚਾਹਵਾਨ ਅਪਣਾ ਸਕਦੇ ਹਨI

ਮਨ ਜੀਤੇ ਜੱਗ ਜੀਤ: ਹਰ ਕਾਮਜਾਬ ਬੰਦੇ ਦਾ ਮਨ ਫੌਲਾਦ ਦਾ ਹੁੰਦਾ ਹੈI ਉਨ੍ਹਾਂ ਦਾ ਮਨ ਉਨ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਕਾਰਵਾਈਆਂ ਨੂੰ ਕੰਟਰੋਲ ਵਿਚ ਰੱਖਦਾ ਹੈI ਕਾਮਜਾਬੀ ਦਾ ਪਹਿਲਾ ਕਦਮ ਆਪਣੇ ਮਨ ਵਿਚ ਸ਼ੁਰੂ ਹੁੰਦਾ ਹੈI ਬਾਬਾ ਬੁੱਲੇ ਸ਼ਾਹ ਫਰਮਾਉਂਦੇ ਹਨ:  ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫੜਦੈਂ ਜਿਹੜਾ ਘਰ ਬੈਠਾ ਉਨੂੰ ਫੜਿਆ ਈ ਨਈਂI ਸਬ ਤੋਂ ਪਹਿਲਾਂ ਮਨ ਨਾਲ ਸਮਝੌਤਾ ਕਰਨਾ ਹੈ ਕੀ ਮੈਂ ਇਹ ਕੰਮ ਕਰਨਾ ਚਾਹੋੰਦਾ ਹਾਂ? ਕੀ ਮੇਰੇ ਵਿਚ ਇਹ ਕੰਮ ਕਰਨ ਦੀ ਯੋਗਤਾ ਹੈ? ਕੀ ਮੈਂ ਇਸਦੇ ਨਫ਼ੇ-ਨੁਕਸਾਨ ਝੱਲ ਸਕਨੈ? ਕੀ ਮੈਂ ਇਕਾਗਰ ਚਿੱਤ ਹੋ ਕੇ ਇਸਨੂੰ ਕਾਮਜਾਬ ਕਰ ਸਕਨੈ? ਬਹੁਤੀ ਵਾਰੀ ਮਨ ਡਾਵਾਂ ਡੋਲ ਹੋਣ ਕਰਕੇ ਪਹਿਲੇ ਝਟਕੇ ਨਾਲ ਕੰਮ ਬੰਦ ਹੋ ਜਾਂਦਾਂ ਹੈI ਮਨ ਜਿੱਤਣ ਦਾ ਮਤਲਬ ਇਹੀ ਨਹੀਂ ਕੇ ਇਰਾਦਾ ਪੱਕਾ ਹੈI ਕੀ ਤੁਸੀਂ ਹਰ ਪਹਿਲੂ ਨੂੰ ਘੋਖਿਆ ਹੈ? ਕੀ ਅਸਲੀਅਤ ਜਾਣ ਲਈ ਹੈ? ਚੀਨ ਦੀ ਕਹਾਵਤ ਹੈ ਕੇ ਹਜਾਰ ਮੀਲ ਦਾ ਸਫ਼ਰ ਪਹਿਲੇ ਕਦਮ ਨਾਲ ਸ਼ੁਰੂ ਹੁੰਦਾ ਹੈI ਪਰ ਯਾਦ ਰੱਖੋ ਕੇ ਨੌਂ ਸੋ ਨੜਿਨਵੇਂ ਕਦਮ ਬਾਕੀ ਪਏ ਹਨI ਇਸ ਲਈ ਹਰ ਕਦਮ ਤੋਂ ਪਹਿਲਾਂ ਫੋਜ ਵਾਂਗ ‘ਰੈਕੀ’ ਜਰੂਰ ਕਰ ਲਵੋI ਫੋਜ ਵਾਲੇ ਹਮਲਾ ਕਰਨ ਤੋਂ ਪਹਿਲਾਂ ਹਰ ਪੱਖ ਨੂੰ ਸਟੱਡੀ ਕਰਦੇ ਹਨ, ਜਿਸ ਵਿਚ ਵਾਪਿਸ ਜਿਓੰਦੇ ਆਉਣਾ ਇੱਕ ਅਹਿਮ ਕਦਮ ਹੈI 

ਹਿਟਲਰ ਰੈਕੀ ਦੇ ਨਾਲ ਹਮਲੇ ਦੇ ਨਿਸ਼ਾਨੇ ਵਾਲੇ ਦੇਸ਼ ਵਿਚ ਇੱਕ ‘ਪੰਜਵਾਂ ਕਾਲਮ’ ਜਰੂਰ ਬਣਾਉਂਦਾ ਸੀ ਜਿਸ ਦਾ ਕੰਮ ਸੀ ਕੇ ਹਮਲਾ ਕਰ ਰਹੀ ਜਰਮਨ ਫੋਜ ਲਈ ਨਿਸ਼ਾਨਾ ਦੇਸ਼ ਅੰਦਰ ਦੋਸਤੀ ਵਾਲੀ ਸਰਕਾਰ ਪੈਦਾ ਕਰਨਾ ਤਾਂ ਜੋ ਲੜਨ ਤੋਂ ਬਿਨਾ ਹੀ ਜਿੱਤ ਹਾਸਿਲ ਕੀਤੀ ਜਾ ਸਕੇI ਸੋਵੀਅਤ ਰੂਸ ਵਿਚ ਜਦ ਹਿਟਲਰ ਕਾਮਜਾਬ ਨਾਂ ਹੋਇਆ ਤਾਂ ਅਮਰੀਕਨ ਰਾਜਦੂਤ ਡੈਵਿਜ਼ ਨੇ ਇਸਦਾ ਜੁਆਬ ਲੱਭਣ ਲਈ ਆਪਣੇ ਆਪ ਨੂੰ ਸਵਾਲ ਕੀਤਾ ਕੇ ਕੀ ਕਾਰਨ ਹੋ ਸਕਦਾ ਹੈ? ਫਿਰ ਆਪਣੇ ਆਪ ਹੀ ਜੁਆਬ ਦਿੰਦੇ ਉਹ ਕਹਿੰਦੇ ਹਨ ਕੇ ਕਾਰਨ ਇੱਕ ਹੀ ਹੈ: ਸੋਵੀਅਤ ਰੂਸ ਵਿਚ ਹਿਟਲਰ ਆਪਣਾ ਪੰਜਵਾਂ ਕੋਲਮ ਨਹੀਂ ਬਣਾ ਸਕਿਆI ਕੋਸ਼ਿਸ਼ ਕੀਤੀ ਕੇ ਬੁਖਾਰਨ ਤੋਂ ਤੁਕਚਵਸਕੀ ਵਰਗੇ ਲੀਡਰ ਆਗੂ ਬਣਨ ਪਰ ਕਾਮਜਾਬ ਨਹੀਂ ਹੋਇਆI ਇਰਾਦਾ ਪੱਕਾ ਸੀ ਪਰ ਅਸਲੀਅਤ ਨਹੀਂ ਪਛਾਣੀ, ਫੇਲ ਹੋ ਗਿਆI 

ਮੈਂ ਜਦ ਬੀਸੀ ਤੇ ਜੁਕੋਨ ਦਾ ਸਿਟੀਜੈਂਸ਼ੀਪ ਜੱਜ ਸੀ ਤਾ ਇੱਕ ਦਿਨ ਮੇਰੇ ਤੋਂ ਵੱਡੀ ਉਮਰ ਦੇ ਜੱਜ ਨੇ ਆਪਣੀ ਬੇਟੀ ਨਾਲ ਵਿਆਹ ਬਾਰੇ ਗੱਲ ਕਰਨ ਲਈ ਮੇਨੂ ਵੀ ਨਾਲ ਬਿਠਾ ਲਿਆI “ਹੁਣ ਤੇਰੇ ਬੱਚੇ ਛੋਟੇ ਹਨ ਪਰ ਕਿਸੇ ਦਿਨ ਤੇਰੇ ਲਈ ਵੀ ਇਹ ਮੁਸ਼ਕਲਾਂ ਆਉਣੀਆ ਹਨ, ਇਸ ਕਰਕੇ ਮੈਂ ਤੈਨੂੰ ਨਾਲ ਬਿਠਾਇਆ ਹੈ” ਉਹ ਕਹਿਣ ਲੱਗਿਆI ਉਸਨੇ ਆਪਣੀ ਬੇਟੀ ਨੂੰ ਕਿਹਾ ਕੇ ਦੇਖ ਮੈਂ ਤੇਰੇ ਫੈਸਲੇ ਖਿਲਾਫ ਨਹੀਂI ਮੈਂ ਸਿਰਫ ਆਪਣੀ ਜਿੰਦਗੀ ਦਾ ਤਜਰਬਾ ਸਾਂਝਾ ਕਰਨਾ ਚਾਹੋੰਦਾ ਹਾਂ (ਉਹ ਵਿਦਿਆ ਦੇ ਖੇਤਰ ਵਿਚ ਬਹੁਤ ਮੱਲਾਂ ਮਾਰ ਚੁਕਾ ਸੀ: ਇੱਕ ਪ੍ਰੋਫੈਸਰ ਤੋਂ ਵੀਸੀ ਤਕ). ਫਿਰ ਆਪਣੀ ਬੇਟੀ ਨੂੰ ਕਹਿਣ ਲੱਗਿਆ “ਤੂੰ ਪੀ ਐੱਚ ਡੀ ਖਤਮ ਕਰਨ ਵਾਲੀ ਹੈ ਇਸਦਾ ਮਤਲਬ ਵਿਦਿਆ ਦੇ ਖੇਤਰ ਵਿਚ ਤੇਈ-ਚੋਵੀ ਸਾਲ ਦੀ ਇਬਾਦਤ ਕੀਤੀ ਹੈI ਮੁੰਡਾ ਹਾਈ ਸਕੂਲ ਕਰ ਕੇ ਕਿਤਾਬਾਂ ਦੀ ਦੁਕਾਨ ਵਿਚ ਕੰਮ ਕਰਦਾ ਹੈI ਉਸਨੇ ਕਾਲਜ ਸ਼ੁਰੂ ਕੀਤਾ ਪਰ ਵਿਚੇ ਛੱਡ ਦਿੱਤਾI ਹੁਣ ਸੁਆਲ ਸਟੇਟਸ ਦਾ ਨਹੀਂ ਪਰ ਇਰਾਦੇ ਦਾ ਹੈI ਜਿਹੜਾ ਮੁੰਡਾ ਪੜਾਈ ਲਈ ਇਰਾਦਾ ਛੱਡ ਗਿਆ, ਕੀ ਉਹ ਵਿਆਹ ਦਾ ਇਰਾਦਾ ਨਹੀਂ ਛੱਡ ਸਕਦਾ?” ਇਸ ਕਰਕੇ ਮਨ ਦਾ ਇਰਾਦਾ ਅਸਲੀਅਤ ਨੂੰ ਸਟੱਡੀ ਕਰਨ ਤੋਂ ਬਾਅਦ ਬਣਾਓI 

ਹਰ ਗੱਲ ਦੀ ਬਰੀਕੀ ਵਿਚ ਜਾਣਾ: ਅੰਗਰੇਜ਼ੀ ਦੀ ਕਹਾਵਤ ਹੈ ਕੇ ਡੀਟੇਲ (ਬਰੀਕੀ) ਵਿਚ ਸ਼ੈਤਾਨ ਬੈਠਾ ਹੈI ਕਾਮਜਾਬ ਬੰਦੇ ਹਰ ਕਦਮ ਨੂੰ ਬਰੀਕੀ ਨਾਲ ਘੋਖਦੇ ਹਨI ਤੁਸੀਂ ਕੋਈ ਖੇਡ ਖੇਡੇ ਹੋਂ ਸਾਰੀਆਂ ਜਿੱਤਾਂ ਤੁਹਾਨੂੰ ਯਾਦ ਰਹਿੰਦੀਆਂ ਹਨ ਪਰ ਕਦੇ ਇਕ ਪਲ ਸੋਚਿਆ ਹੈ ਕਿ ਜਿੱਤ ਤੋਂ ਪਹਿਲਾਂ ਹਰ ਟੀਮ ਹਰ ਰੋਜ ਕਿੰਨੀ ਪ੍ਰੈਕਟਿਸ ਕਰਦੀ ਹੈI ਜੇ ਇਹ ਬਰੀਕੀ ਵਾਲਾ ਕਦਮ ਨਾ ਚੁੱਕਿਆ ਜਾਵੇ ਤਾਂ ਜਿੱਤਾਂ ਅਸੰਭਵ ਹਨI ਤੁਸੀਂ ਕਿਸੇ ਬਿਲਡਿੰਗ ਅੰਦਰ ਜਾਣ ਲਈ ਦਰਵਾਜਾ ਖੋਲਿਆ, ਤੁਹਾਡੇ ਬਿਲਕੁਲ ਮਗਰ ਕਿਸੇ ਬਹੁਤ ਵੱਡੀ ਕੰਪਨੀ ਦਾ ਸੀ ਈ ਓ ਤੁਰਿਆ ਆਓਂਦਾ ਸੀI ਜੇਕਰ ਤੁਸੀਂ ਬਰੀਕੀ ਵਾਲੀ ਆਦਤ ਅਨੁਸਾਰ ਦਰਵਾਜਾ ਫੜ ਹੋ ਖੜੇ ਤਾਂ ਕੇ ਉਹ ਅੰਦਰ ਲੰਗ ਸਕੇI ਹੋ ਸਕਦਾ ਹੈ ਕੇ ਇਸ ਛੋਟੀ ਜਿਹੀ ਗੱਲ ਨਾਲ ਤੁਹਾਡੀ ਉਸ ਨਾਲ ਜਾਣਕਾਰੀ ਹੋ ਜਾਵੇI ਬਾਅਦ ਵਿੱਚ ਉਹੀ ਵਿਅਕਤੀ ਤੁਹਾਨੂੰ ਇਸ ਬਦਲੇ ਆਪਣੀ ਕੰਪਨੀ ਵਿਚ ਕੋਈ ਮੌਕਾ ਦੇ ਦੇਵੇI ਸਿਰਫ ਨਿਕੀ ਜਹੀ ਗੱਲ ਨੇ ਕਿਡਾ ਵੱਡਾ ਰਜ਼ਲਟ ਦੇ ਦਿੱਤਾ!

ਜੇਕਰ ਤੁਸੀਂ ਹਰ ਡਿਟੇਲ ਨੂੰ ਧਿਆਨ ਨਾਲ ਸੁਣਦੇ ਹੋਂ ਤਾਂ ਓਹਦਾ ਫਾਇਦਾ ਇਹ ਹੈ ਕੇ ਕਿਸੇ ਨੂੰ ਵਾਰ ਵਾਰ ਗਲ ਦਹਰੋਂਣ ਦੀ ਲੋੜ ਨਹੀਂI ਬਿਲਕੁਲ ਛੋਟੀ ਗੱਲ ਹੈ ਕੇ ਆਮ ਲੋਕ ਕਿਸੇ ਵਲੋਂ ਆਪਣਾ ਨਾ ਦੱਸੇ ਤੇ ਧਿਆਨ ਨਹੀਂ ਦਿੰਦੇI ਉਹ ਬੰਦਾ ਕੀ ਸੋਚੂ ਕੇ ਕਿਸ ਤਰਾਂ ਦੇ ਬੰਦੇ ਨੂੰ ਮਿਲੀਆਂ ਹਾਂ ਜਿਹਨੂੰ ਇਕ ਮਿੰਟ ਵਿਚ ਮੇਰਾ ਨਾਮ ਭੁੱਲ ਗਿਆ ਹੈI ਮੰਨ ਲਵੋ ਤੁਹਾਡਾ ਕੇਟ੍ਰਿੰਗ ਦਾ ਬਿਜ਼ਨੈੱਸ ਹੈI ਜੇ ਤੁਹਾਨੂੰ ਆਪਣੇ ਗਾਹਕ ਤੇ ਉਹਨਾਂ ਦੇ ਪਰਿਵਾਰ ਦੀਆਂ ਮਹੱਤਵਪੂਰਨ ਤਰੀਕਾਂ ਯਾਦ ਨਹੀਂ ਤਾਂ ਉਹ ਬਿਜ਼ਨੈੱਸ ਹੱਥੋਂ ਜਾ ਸਕਦਾ ਹੈI ਆਮ ਦੁਕਾਨਦਾਰ ਆਪਣੇ ਗਾਹਕ ਦੇ ਬੱਚਿਆਂ, ਹੋਰ ਪਰਿਵਾਰਕ ਮੈਂਬਰਾਂ ਤੇ ਕੁਤੇ ਦਾ ਨਾਮ ਲੈ ਕੇ ਹਾਲ ਚਾਲ ਪੁੱਛਦਾ ਹੈ ਤਾਂ ਗਾਹਕ ਪੱਕਾ ਬਣ ਜਾਂਦਾ ਹੈI ਇਹ ਸਬ ਡੀਟੇਲਸ ਹਨI ਤੁਸੀਂ ਆਪਣੇ ਆਲੇ ਦੁਆਲੇ ਦੇ ਸਬ ਲੋਕਾਂ ਬਾਰੇ ਇਹ ਜਾਣੋ ਕਿ ਤੁਹਾਡੇ ਤੇ ਉਨ੍ਹਾਂ ਦੇ ਕਿਹੜੇ ਸ਼ੋਕ ਇਕ ਹਨ, ਇਸ ਨਾਲ ਇਕ ਰਿਸ਼ਤਾ ਬਣਦਾ ਹੈI ਕਿਸੇ ਕੰਮ ਨੂੰ ਕਰਨ ਲੱਗਿਆਂ ਉਸ ਦੀ ਹਰ ਬਰੀਕੀ ਬਾਰੇ ਜਾਣਿਆਂ ਇਕ ਤਾਂ ਗਲਤੀਆਂ ਤੋਂ ਬਚ ਜਾਂਦੇ ਹੋਂ ਦੂਸਰਾ ਕੰਮ ਪੂਰਨ ਤਰੀਕੇ ਨਾਲ ਸੰਪੂਰਨ ਹੁੰਦਾ ਹੈI

ਇੱਕ ਮਸ਼ਹੂਰ ਮੈਰਾਥਨ ਖਿਡਾਰੀ ਨੇ ਇੱਕ ਅੰਤਰਰਾਸ਼ਟਰੀ ਮੈਰਾਥੋਨ ਇਸ ਕਰ ਕੇ ਮਿਸ ਕੀਤੀ ਕੇ ਉਹ ਜਾਗ ਨਹੀਂ ਸਕਿਆI ਸੋਨੇ ਦਾ ਤਗਮਾ ਜਿੱਤਣ ਦੀ ਆਸ ਵਾਲੇ ਖਿਡਾਰੀ ਤੋਂ ਪੁੱਛਿਆ ਕੇ ਨੀਂਦ ਨੇ ਮੈਰਾਥਨ ਕਿਸ ਤਰਾਂ ਮਿੱਸ ਕਰਵਾ ਦਿੱਤੀ? ਉਹ ਕਹਿਣ ਲੱਗਿਆ ਕੇ ਮੈਂ ਅਲਾਰਮ ਤਾਂ ਲਾਇਆ ਸੀ ਪਰ ਕਲੋਕ ਤੇ ਏ ਐਮ-ਪੀ ਐਮ ਦਾ ਭੁਲੇਖਾ ਪੈ ਗਿਆI ਇੱਕ ਛੋਟੀ ਜਿਹੀ ਡੀਟੇਲ ਨੇ ਜਿੱਤ ਖੋ ਲਈI ਕਿਸੇ ਗਣਿਤ ਦੇ ਸਵਾਲ ਨੂੰ ਗਲਤ ਪੜ੍ਹ ਲਿਆ ਜਾਵੇ ਤਾਂ ਭਾਵੇਂ ਸਾਰੀ ਉਮਰ ਲਾ ਲਵੋ ਉਸਦਾ ਹੱਲ ਨਹੀਂ ਲੱਭਦਾI ਕਿਸੇ ਭੌਤਿਕ ਵਿਗਿਆਨੀ ਨੇ ਸੈਂਟੀ-ਮੀਟਰਾਂ ਦੀ ਬਜਾਏ ਸਿਰਫ ਮੀਟਰ ਪੜ੍ਹ ਲਿਆ, ਮੱਥਾ ਮਾਰ ਕੇ ਵੀ ਹੱਲ ਨਹੀਂ ਲੱਭਾI ਸੂਲ ਦਾ ਕੰਡਾ ਬਹੁਤਾ ਵੱਡਾ ਨਹੀਂ ਪਰ ਲੱਗ ਜਾਵੇ ਤਾਂ ਚੀਖਾਂ ਪਵਾ ਦਿੰਦੈI ਇਸ ਕਰਕੇ ਡਿਟੇਲ ਭਾਵੇਂ ਛੋਟੀ ਹੋਵੇ, ਪਰ ਮਹੱਤਵਪੂਰਨ ਹੈI

ਇੱਕ ਵਕਤ ਇੱਕ ਹੀ ਚੀਜ਼ ਤੇ ਧਿਆਨ ਦਿਓ: ਕਾਮਜਾਬੀ ਲਈ ਜਰੂਰੀ ਹੈ ਕੇ ਲੱਤਾਂ ਨਾ ਪਸਾਰੋ, ਇਹ ਗੱਲ ਕਾਮਜਾਬ ਬੰਦੇ ਲੜ ਬੰਨ ਕੇ ਤੁਰਦੇ ਹਨI ਉਹ ਇੱਕ ਪ੍ਰੋਫੈਸ਼ਨ ਜਾ ਬਿਜ਼ਨੈੱਸ ਵਾਰੇ ਮਨ ਵਿਚ ਜੋਤ ਜਗਾ ਲੈਂਦੇ ਹਨI ਤੁਸੀਂ ਕਾਰ ਚਲਾਉਂਦੇ ਵਕਤ ਸਵੈਟਰ ਬੁਣ ਕੇ ਦੇਖੋ, ਜਿੰਦਗੀ ਦਾ ਸਵੈਟਰ ਜਾਂਦਾ ਲੱਗਦਾ ਹੈI ਜੇਕਰ ਪੂਰਾ ਧਿਆਨ ਡ੍ਰਾਈਵਿੰਗ ਵਿਚ ਨਹੀਂ ਤਾਂ ਐਕਸੀਡੈਂਟ ਹੁੰਦੇ ਹਨI ਵੈਸੇ ਵੀ ਕਹਿੰਦੇ ਹਨ ਕੇ ਹਰ  ਇਨਸਾਨ ਇੱਕ ਚੀਜ ਦੀ ਮੁਹਾਰਤ ਰੱਖਦਾ ਹੈI ਕੋਈ ਚੰਗਾ ਅਥਲੀਟ ਹੋ ਸਕਦਾ ਹੈ ਕੇ ਦਸ ਗੇਮਾਂ ਵਿਚ ਚੰਗਾ ਹੋਵੇI ਪਰ ਅਵੱਲ ਆਉਣ ਲਈ ਚੰਗੇ ਤੋਂ ਊਪਰ ਜਾਣ ਦੀ ਲੋੜ ਹੈI ਇਸ ਕਰਕੇ ਉਹ ਇੱਕ ਖੇਡ ਚੁਣਦਾ ਹੈ ਜਿਸ ਵਿਚ ਉਹ ਬਹੁਤ ਚੰਗਾ ਹੋਵੇI ਇੱਕ ਮਿਸਾਲ ਮਾਂ ਦੇ ਪਿਆਰ ਅਤੇ ਤਾਕਤ ਬਾਰੇ ਹਮੇਸ਼ਾ ਸੁਣਨ ਵਿਚ ਆਓਂਦੀ ਹੈI ਕਿਸੇ ਮਾਂ ਦਾ ਬੱਚਾ ਕਾਰ ਹੇਠਾਂ ਆ ਗਿਆ, ਉਸ ਮਾਂ ਨੇ ਕਾਰ ਚੁੱਕ ਕੇ ਬੱਚਾ ਬਚਾ ਲਿਆI ਸਭ ਤੋਂ ਪਹਿਲਾਂ ਤਾਂ ਉਸ ਮਾਂ ਦਾ ਅਥਾਹ ਪਿਆਰ ਬਚੇ ਨੂੰ ਬਚਾਉਣ ਤੇ ਇਕਾਗਰ ਚਿੱਤ ਸੀ, ਇਸ ਕਰਕੇ ਉਸਦੀ ਸਾਰੀ ਐਨਰਜੀ ਇਕਠੀ ਹੋ ਗਈI ਜਦ ਤੁਸੀਂ ਮਾਂ ਦੇ ਪਿਆਰ ਜਿੰਨੀ ਐਨਰਜੀ ਨਾਲ ਕੰਮ ਕਰੋਗੇ ਤਾਂ ਸਿੱਟੇ ਵੀ ਮਾਂ ਦੇ ਪਿਆਰ ਵਾਲੇ ਨਿਕਲਣਗੇI

ਅਮਰੀਕਾ ਵਿਚ ਇੱਕ ਔਰਤ ਆਪਣੇ ਕੰਮ ਤੋਂ ਹੱਥ ਧੋ ਬੈਠੀI ਬੇਰੁਜਗਾਰ ਰਹਿਣ ਤੋਂ ਬਾਅਦ ਉਸਨੂੰ ਇੱਕ ਵਿਚਾਰ ਆਇਆ ਕੇ ਉਹ ਐੱਪਲ ਪਾਈ ਬੜੀ ਚੰਗੀ ਬਣਾਉਂਦੀ ਹੈ, ਇਸ ਕਰਕੇ ਹਰ ਪਬਲਿਕ ਮਾਰਕੀਟ ਵਿਚ ਉਸਨੇ ਆਪਣੀਆਂ ਬਣਾਈਆਂ ਪਾਈਜ਼ ਬੇਚਨੀਆ ਸ਼ੁਰੂ ਕਰ ਦਿਤੀਆਂI ਇਸ ਨਾਲ ਕਾਫੀ ਪੈਸੇ ਬਣਨੇ ਸ਼ੁਰੂ ਹੋ ਗਏI ਫਿਰ ਉਸਨੂੰ ਜਿਆਦਾ ਪੈਸਿਆਂ ਦਾ ਲਾਲਚ ਖਾਣ ਲੱਗਾ ਤਾਂ ਹੋਰ ਚੀਜਾਂ ਵੀ ਬਣਾਉਣ ਲੱਗ ਪਈ ਜੋ ਪਾਈ ਦੀ ਕਵਾਲਿਟੀ ਬਰਾਬਰ ਨਹੀਂ ਸਨI ਇਸ ਕਰਕੇ ਉਸਦੀ ਸਾਰੀ ਮਾਰਕੀਟ ਹੇਠਾਂ ਚਲੀ ਗਈI ਦੁਆਰਾ ਉਸਨੇ ਫਿਰ ਇਕੱਲੀ ਪਾਈ ਵੇਚਣੀ ਸ਼ੁਰੂ ਕੀਤੀI ਸਮਾਂ ਤਾ ਲੱਗਾ ਪਰ ਮਾਰਕਿਟ ਵਾਪਿਸ ਉਪਰ ਚਲੀ ਗਈO ਬਾਸਕਟਬਾਲ ਦੇ ਮਸ਼ਹੂਰ ਪਲੇਅਰ ਮਾਈਕਲ ਜੋਰਡਨ ਨੇ ਇੱਕ ਵਾਰ ਬਾਸਕਟਬਾਲ ਛੱਡ ਬੇਸਬਾਲ ਖੇਲਣਾ ਸ਼ੁਰੂ ਕਰ ਦਿੱਤਾI ਬਾਸਕਟਬਾਲ ਦੀ ਦੁਨੀਆ ਦਾ ਸਿਤਾਰਾ ਇੱਕ ਬਿਲਕੁਲ ਮਾਮੂਲੀ ਬੇਸਬਾਲ ਖਿਡਾਰੀ ਬਣ ਕੇ ਰਹਿ ਗਿਆI ਸ਼ਾਇਦ ਤੁਹਾਨੂੰ ਆਪਣੀ ਖਾਸ ਚੀਜ ਉਪਰ ਲਿਜਾਣ ਲਈ ਸਮਾਂ ਲੱਗੇ ਪਰ ਕਾਮਜਾਬ ਜਰੂਰ ਹੋਵੋਗੇI

ਕਾਮਜਾਬੀ ਹਾਸਿਲ ਕਰਨ ਲਈ ਆਪਣਾ ਆਮ ਜੀਵਨ ਤਿਆਗਣ ਦੀ ਲੋੜ ਨਹੀਂ: ਕਾਮਜਾਬ ਬੰਦੇ ਕਾਮਜਾਬੀ ਦੀ ਦੌੜ ਵਿਚ ਆਪਣਾ ਆਮ ਜੀਵਨ ਨਹੀਂ ਛੱਡਦੇI ਦੁਨੀਆ ਦਾ ਅਰਬਪਤੀ ਬਿਜ਼ਨੈੱਸਮੈਨ ਵਾਰਨ ਬਫੇ ਅਜੇ ਵੀ ਆਪਣੇ ਪੁਰਾਣੇ ਘਰ ਵਿਚ ਰਹਿੰਦਾ ਹੈ ਤੇ ਗੁਆਂਢ ਵਿਚ ਬਣੇ ਸਾਰੇ ਉਨ੍ਹਾਂ ਰੈਸਟੋਰੈਂਟਾਂ ਵਿਚ ਖਾਣਾ ਖਾਂਦਾ ਹੈ ਜਿਥੇ ਪਹਿਲਾਂ ਖਾਂਦਾ ਹੁੰਦਾ ਸੀI ਰਹਿਣ ਸਹਿਣ ਭਾਵੇਂ ਅਕਸਰ ਬਦਲ ਜਾਂਦਾ ਹੈ ਕਿਉਂਕਿ ਹਰ ਵਿਅਕਤੀ ਦੀ ਖਾਹਿਸ਼ ਹੈ ਕੇ ਚੰਗਾ ਘਰ ਤੇ ਰਹਿਣ ਲਈ ਸਟੈਂਡਰਡ ਉੱਚ ਪੱਧਰ ਦਾ ਹੋਵੇI ਪਰ ਜੋ ਚੀਜ਼ ਨਹੀਂ ਬਦਲਣੀ ਚਾਹੀਦੀ, ਉਹ ਹੈ ਪਰਿਵਾਰ ਵਿਚ ਬਤਾਇਆ ਸਮਾਂI ਤੁਸੀਂ ਜੇਕਰ ਮਾਂ ਬਾਪ ਨੂੰ ਮਿਲਣਾ ਛੱਡ ਦਿੱਤਾ, ਬੱਚਿਆਂ ਨੂੰ ਪੈਸੇ ਤੋਂ ਬਿਨਾ ਕੁਝ ਨਾ ਦੇ ਸਕੇ, ਪਤੀ-ਪਤਨੀ ਲਈ ਵਕਤ ਕੱਢਣਾ ਬੰਦ ਕਰ ਦਿੱਤਾ ਤਾਂ ਕਾਮਜਾਬੀ ਕੋਈ ਮੈਨਾ ਨਹੀਂ ਰਖੋਂਦੀI ਬੁਢੀ ਹੋ ਕੇ ਧਰਮ ਪਤਨੀ ਇਹ ਗੀਤ ਨਾ ਗਾਵੇ: ਸੋਨਾ ਲੈਣੇ ਪੀ ਗਏ, ਮੇਰਾ ਸੂਨਾ ਕਰ ਗਏ ਦੇਸ, ਸੋਨਾ ਮਿਲਾ ਨਾ ਪੀ ਮਿਲੇ, ਮੇਰੇ ਰੁਪਾ ਹੋ ਗਏ ਕੇਸ, ਰੁਪਾ ਹੋ ਗਏ ਕੇਸ ਰੂਪ ਰੰਗ ਰੋਏ ਗਵਾਇਆ, ਈਦ ਗਈ ਬਰਸਾਤ ਕੰਤ ਘਰ ਹੁੰ ਨਾ ਆਇਆI

ਇੱਕ ਡਿਪਲੋਮੈਟ ਲਿਖਦਾ ਹੈ ਕਿ ਇੱਕ ਸ਼ਾਮ ਉਸਨੂੰ ਕਿਸੇ ਵੱਡੀ ਕੰਪਨੀ ਦੇ ਸੀ ਈ ਓ ਨੇ ਡਿਨਰ ਲਈ ਬੁਲਾਇਆI ਡਿਨਰ ਤੋਂ ਬਾਅਦ ਉਹ ਸੀ ਈ ਓ ਕਹਿਣ ਲੱਗਾ ਹੁਣ ਮੈਂ ਦੇ ਮੇਰੀ ਪਤਨੀ ਨੇ ਸੈਰ ਕਰਨ ਜਾਣਾ ਇਸ ਲਈ ਤੁਹਾਨੂੰ ਅਲਵਿਦਾI ਡਿਪਲੋਮੈਟ ਕਹਿਣ ਲੱਗਿਆ ਕੇ ਮੈਂ ਵੀ ਤੁਹਾਡੇ ਨਾਲ ਸੈਰ ਤੇ ਜਾਵਾਂਗਾI ਸੀ ਈ ਓ ਕਹਿਣ ਲੱਗਾ “ਨਹੀਂ, ਅੱਸੀਂ ਦੋਇ ਸੈਰ ਕਰਨ ਜਾਵਾਂਗੇI ਦੇਖੋ, ਮੇਰੇ ਮਾਂ-ਬਾਪ ਜੱਦੀ ਫਾਰਮ ਤੇ ਮੇਰੇ ਭਰਾ ਨਾਲ ਰਹਿੰਦੇ ਹਨ ਜਿਨ੍ਹਾਂ ਨਾਲ ਵੀਕਡੇਸ ਵਿਚ ਸਿਰਫ ਫੋਨ ਤੇ ਗੱਲ ਹੁੰਦੀ ਹੈI ਬੱਚੇ ਯੂਨੀਵਰਸਿਟੀ ਵਿਚ ਰਹਿੰਦੇ ਹਨ, ਉਨ੍ਹਾਂ ਨਾਲ ਵੀ ਫੋਨ ਤੇ ਗਲਬਾਤ ਹੁੰਦੀ ਹੈI ਵੀਕਐਂਡ ਤੇ ਅਸੀਂ ਬੱਚਿਆਂ ਨੂੰ  ਲੈ ਕੇ ਫਾਰਮ ਤੇ ਮਾਂ-ਬਾਪ ਕੋਲ ਸਮਾਂ ਗੁਜਾਰਦੇ ਹਾਂI ਅਸੀਂ ਦੋਨੋ ਦਿਨ ਭਰ ਆਪਣੇ ਕੰਮਾਂ ਵਿਚ ਰੁਝੇ ਰਹਿਨੇ ਹਾਂ ਇਸ ਲਈ ਡਿਨਰ ਤੋਂ ਬਾਅਦ ਦਾ ਤੁਰਨ ਵਾਲਾ ਸਮਾਂ ਸਾਡੇ ਲਈ ਆਪਿਸ ਵਿਚ ਗੱਲਬਾਤ ਲਈ ਬਹੁਤ ਜਰੂਰੀ ਹੈI”

ਮਾਡਰਨ ਜਿੰਦਗੀ ਕਿੰਨੀ ਬਿਜ਼ੀ ਹੈ, ਇਹ ਹਰ ਇੱਕ ਜਾਣਦਾ ਹੈI ਪਰ ਕਾਮਜਾਬ ਲੋਕ ਇਸਦੇ ਵਿਚ ਵੀ ਸੰਤੁਲਨ ਲੱਭ ਲੈਂਦੇ ਹਨI ਸਮੇ ਨੇ ਤੁਰਿਆ ਜਾਣਾ ਹੈ. ਇਸ ਵਿਚ ਮਾਂ-ਬਾਪ ਦਾ ਸਮਾਂ ਵੀ ਲੰਘ ਜਾਣਾ ਹੈ, ਬਚਿਆ ਵੀ ਵੱਡੇ ਹੋ ਜਾਣਾ ਹੈ, ਪਾਰਟਨਰ ਨੇ ਅਪਣਾ ਸਮਾਂ ਵੀ ਬਤਾ ਲੈਣਾ ਹੈI ਜੇਕਰ ਤੁਸੀਂ ਇਸਦੀ ਕੀਮਤ ਨਾ ਜਾਣੀ ਤਾ ਪਛਤਾਵਾ ਤੁਹਾਡੇ ਪੱਲੇ ਰਹਿਣਾ ਹੈI ਇੱਕ ਵਾਰ ਮੈਂ ਹੈਲੀਫੇਕ੍ਸ ਤੋਂ ਟਰੰਟੋ ਆ ਰਿਹਾ ਸੀ, ਨਾਲ ਵਾਲੀ ਸੀਟ ਤੇ ਇੱਕ ਦਿਲ ਦਾ ਡਾਕਟਰ ਬੈਠਾ ਸੀI ਮੈਂ ਪੁੱਛਿਆ ਕੇ “ਅਕਸਰ ਤੁਸੀਂ ਮੌਤ ਦੇ ਕਨਾਰੇ ਪੁਹੰਚੇ ਵਿਅਕਤੀ ਨੂੰ ਦੇਖਦੇ ਹੋਂI ਤੁਹਾਨੂੰ ਲੋਕ ਕੀ ਦੱਸਦੇ ਹਨ ਕੇ ਉਨ੍ਹਾਂ ਦੀ ਜਿੰਦਗੀ ਵਿੱਚ ਕੀ ਖਾਹਿਸ਼ ਰਹਿ ਗਈ?” ਉਹ ਕਹਿਣ ਲਗੇ ਕੇ “ਤਕਰੀਬਨ ਸਾਰੇ ਲੋਕ ਇਹ ਕਹਿੰਦੇ ਹਨ ਕੇ ਮੈਂ ਆਪਣੀ ਫੈਮਿਲੀ ਨਾਲ ਸਮਾਂ ਨਹੀਂ ਗੁਜਾਰ ਸਕਿਆ ਜੇਕਰ ਹੁਣ ਵਕਤ ਮਿਲੇ ਤਾਂ ਇਹ ਘਾਟ ਪੂਰੀ ਕਰਨੀ ਹੈI” ਗੱਲ ਕੀ ਆਪਣੀ ਆਮ ਜਿੰਦਗੀ ਦੀ ਅਹਿਮੀਅਤ ਪਿਹਚਾਨੋ. ਘਰ ਵਾਲਿਆਂ ਨਾਲ ਵੀ ਸਮਾਂ ਗੁਜ਼ਰਨਾ ਹੈ, ਯਾਰਾਂ-ਮਿੱਤਰਾਂ ਦੀ ਮਹਿਫਲ ਵਿੱਚ ਵੀ ਬੈਠਣਾ ਹੈ, ਕਸਰਤ ਵੀ ਕਰਨੀ ਹੈ, ਸੜਕ ਤੇ ਖੜੇ ਹੋ ਕੇ ਘਰ ਵਾਲੀ ਨਾਲ ਗੋਲ ਗੱਪੇ ਵੀ ਖਾਣੇ ਹਨ, ਗਾਣਾ ਵੀ ਸੁਣਨਾ ਹੈ, ਫਿਲਮ ਵੀ ਦੇਖਣੀ ਹੈI ਜੋ ਤੁਸੀਂ ਅੱਜ ਕਰਦੇ ਹੋ, ਉਹੀ ਕੁਝ ਕਰਨਾ ਜਿੰਦਗੀ ਹੈI ਤੁਸੀਂ ਇਹ ਸਭ ਕੁਝ ਛੱਡੋਗੇ ਤਾਂ ਜਿੰਦਗੀ ਛੁਟ ਜਾਵੇਗੀI ਫਿਰ ਕਾਮਜਾਬੀ ਕਿਸ ਚੀਜ਼ ਦੀ ਹੋਈI ਪੈਸਾ-ਪ੍ਰੋਫੈਸ਼ਨ ਤੁਹਾਡੀ ਜਿੰਦਗੀ ਲਈ ਜਰੂਰੀ ਹੈ ਪਰ ਤੁਹਾਡੀ ਜਿੰਦਗੀ ਪੈਸੇ-ਪ੍ਰੋਫੈਸ਼ਨ ਲਈ ਨਹੀਂ ਬਣੀI

ਕਾਮਜਾਬ ਬੰਦੇ ਅਪਣਾ ਲਿਖਤੀ ਜਰਨਲ ਜਰੂਰ ਰੱਖਦੇ ਹਨ. ਆਪਣੇ ਆਪ ਨਾਲ ਗੱਲ ਕਰਨੀ ਤੇ ਉਸਦਾ ਰਿਕਾਰਡ ਰੱਖਣਾ ਬਹੁਤ ਜਰੂਰੀ ਹੈI ਹਰ ਕਾਮਜਾਬ ਬੰਦੇ ਕੋਲ ਅਪਣਾ ਜਰਨਲ ਹੈ ਜਿਸ ਵਿੱਚ ਉਹ ਆਪਣੇ ਹਰ ਟੀਚੇ ਬਾਰੇ ਲਿਖਦਾ ਹੈ ਕੀ ਕਿਥੋਂ ਸ਼ੁਰੂ ਕੀਤਾ, ਕਿਥੇ ਪੋਹਚਣਾ ਹੈ, ਕਿਹੜੀਆਂ ਸਟੇਜਸ ਹਨ, ਉਨ੍ਹਾਂ ਵਿੱਚੋ ਕਿਸ ਤਰੀਕੇ ਨਾਲ ਕਿਵੇਂ ਗੁਜਰਨਾ ਹੈ? ਇਸ ਵਿੱਚ ਉਹ ਆਪਣੇ ਆਪ ਨੂੰ ਚੇਤੇ ਕਰਵਾਉਂਦੇ ਰਹਿੰਦੇ ਹਨ ਕੇ ਜਿੰਦਗੀ ਦਾ ਕੀ ਮਕਸਦ ਹੈ, ਕਿਵੇਂ ਬੇਹਤਰ ਬਣਾਉਣੀ ਹੈ? ਜਿਨ੍ਹਾਂ ਚਿਰ ਤੁਸੀਂ ਹਰ ਗੱਲ ਲਿਖੋਗੇ ਨਹੀਂ, ਯਾਦ ਭੁਲਣ ਦਾ ਚਾਂਸ ਹੈI ਸਵੇਰੇ ਉੱਠ ਕੇ ਸਬ ਤੋਂ ਪਹਿਲਾ ਆਪਣੇ ਦਿਨ ਬਾਰੇ ਸੋਚਣਾ, ਉਹਦੇ ਬਾਰੇ ਮਨ ਨਾਲ ਵਿਚਾਰ ਕਰਨੀ, ਕਲ ਕਿਥੇ ਪਹੁੰਚਣਾ ਹੈ, ਅੱਜ ਕੀ ਕਰਨਾ ਹੈ, ਕਿਵੇਂ ਕਰਨਾ ਹੈ, ਕਿਓਂ ਕਰਨਾ ਹੈ? ਜੇਕਰ ਜਿੰਦਗੀ ਵਿੱਚ ਕਿਓਂ ਭੁੱਲ ਜਾਓਂਗੇ ਤਾਂ ਜਿੰਦਗੀ ਨਰਕ ਬਣ ਜਾਵੇਗੀI ਲਿਖਣ ਵਾਲਾ ਇਹ ਨਹੀਂ ਭੁਲਦਾ ਕੇ ਆਉਣ ਵਾਲੇ ਕਲ ਕੀ ਕੰਮ ਕਿਥੋਂ ਸ਼ੁਰੂ ਕਰਨਾ ਹੈ ਤੇ ਇਸ ਲਈ ਕਿਸ ਤਿਆਰੀ ਦੀ ਲੋੜ ਹੈ? ਦਿਨ ਸ਼ੁਰੂ ਹੋਂ ਤੋਂ ਪਹਿਲਾ ਹੀ ਪਲੈਂਡ ਹੋਵੇI ਬਾਬਾ ਵਾਰਿਸ ਸ਼ਾਹ ਹੁਰੀਂ ਲਿਖਦੇ ਹਨ: “ਚਿੜੀ ਚੂਕਦੀ ਤੁਰੇ ਜਾ ਨਾਲ ਪਾਂਧੀ, ਪਾਈਂਆਂ ਚਾਟੀ ਦੇ ਵਿੱਚ ਮਾਧਾਣੀਆ ਨੀ, ਇਕਨਾ ਉੱਠ ਕੇ ਜੋਤੇ ਜੋਤ ਲਏ, ਇੱਕ ਲੱਬਦੇ ਫਿਰਨ ਪ੍ਰਾਣੀਆਂ ਨੀ” ਜੇਕਰ ਪਲੈਨ ਨਾ ਕੀਤੀ ਹੋਵੇ ਤਾਂ ਪ੍ਰਾਣੀ ਨਹੀਂ ਲੱਬਦੀI

ਪਲਾਨ ਨਾਲ ਤੁਸੀਂ ਜਿਆਦਾ ਕੰਮ ਕਰ ਸਕਦੇ ਹੋਂ, ਸਮਾਂ ਬਚਾ ਸਕਦੇ ਹੋਂ, ਆਪਣੇ ਟੀਚੇ ਵਲ ਵੱਧ ਸਕਦੇ ਹੋਂ, ਹਰ ਗੱਲ ਬਰੀਕੀ ਵਿੱਚ ਕਰ ਸਕਦੇ ਹੋਂ, ਮਨ ਤੇ ਬੋਜ ਘਟਦਾ ਹੈ, ਮਨ ਨੂੰ ਕੁਝ ਹਾਸਿਲ ਕੀਤੀਆਂ ਖੁਸ਼ੀ ਹੁੰਦੀ ਹੈI ਇਹ ਸਬ ਕੁਝ ਲਿਖੇ ਤੋਂ ਬਿਨਾ ਅਸੰਭਵ ਹੈI ਇਸ ਨਾਲ ਤੁਹਾਨੂੰ ਆਪਣੇ ਮਨ ਨੂੰ ਪੜ੍ਹਨ ਦਾ ਮੌਕਾ ਮਿਲਦਾ ਹੈ, ਜੋ ਬਹੁਤ ਜਰੂਰੀ ਹੈ: “ਪੜ੍ਹ ਪੜ੍ਹ ਆਲਮ ਫਾਜ਼ਲ ਹੋਇਓਂ, ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀ, ਭੱਜ ਭੱਜ ਵੜਦੇ ਮੰਦਰ ਮਸੀਤਾਂ, ਕਦੀ ਮਨ ਆਪਣੇ ਵਿੱਚ ਵੜਿਆ ਹੀ ਨਈ, ਬੁੱਲੇ ਸ਼ਾਹ ਅਸਮਾਨੀ ਉੜਦੀਆਂ ਫ਼ੜਦੇ, ਜਿਹੜਾ ਘਰ ਬੈਠਾ ਉਹਨੂੰ ਫੜਿਆ ਈ ਨਹੀਂI” ਜਰਨਲ ਲਿਖਣ ਵਾਲੇ ਮਨ ਅੰਦਰਲੀ ਫੜ ਲੈਂਦੇ ਹਨI ਲਿਖਣਾ ਸਿਰਫ ਚੰਗੀਆਂ ਚੀਜ਼ਾਂ ਬਾਰੇ ਹੀ ਨਹੀਂ ਸਗੋਂ ਖਮੀਆਂ ਬਾਰੇ ਲਿਖਣਾ ਵੀ ਆਪਣੇ ਆਪ ਵਿੱਚ ਸੁਧਾਰ ਲਿਆਉਂਦਾ ਹੈI ਇੱਕ ਸੀ ਈ ਓ ਲਿਖਦਾ ਹੈ ਕੇ ਉਨ੍ਹਾਂ ਦੇ ਘਰ ਤੋਂ ਕੋਈ ਦੋ ਕਿਲੋਮੀਟਰ ਤੇ ਉਨ੍ਹਾਂ ਦੇ ਪਰਿਵਾਰ ਦੀ ਛੋਟੀ ਜਿਹੀ ਜਗਾ ਸੀI ਉਨ੍ਹਾਂ ਦੇ ਪਿਤਾ ਜੀ ਹਰ ਰੋਜ਼ ਸਵੇਰੇ ਜਾ ਕੇ ਉਸ ਜਗਾ ਦੀਵਾ ਜਗਾਉਂਦੇ ਸਨI ਉਨ੍ਹਾਂ ਮਰਨ ਵਕਤ ਇਹ ਜੁਮੇਵਾਰੀ ਮੇਰੇ ਸਰ ਲਾ ਦਿਤੀI ਮੈਂ ਪਿਤਾ ਜੀ ਦਾ ਹੁਕਮ ਲਾਗੂ ਕਰਨ ਲਈ ਆਪਣੇ ਜਰਨਲ ਦੀ ਹਰ ਤਾਰੀਖ ਵਿੱਚ ਸਭ ਤੋਂ ਪਹਿਲਾਂ ਦੀਵਾ ਲਿਖ ਦਿਤੈ ਤਾਂ ਜੋ ਭੁੱਲ ਨਾ ਜਾਵਾਂI ਇਹ ਰੋਟੀਨ ਉਨ੍ਹਾਂ ਲਈ ਇੱਕ ਵਰਦਾਨ ਬਣ ਗਈI ਹਰ ਰੋਜ਼ ਸਵੇਰੇ ਉੱਠ ਕੇ ਪਹਿਲਾਂ ਚਾਰ ਕਿਲੋਮੀਟਰ ਤੁਰਨਾ, ਸਾਰੇ ਦਿਨ ਬਾਰੇ ਸੋਚਣਾ, ਬੀਤ ਚੁਕੇ ਬਾਰੇ ਸੋਚਣਾ, ਫਿਰ ਘਰ ਜਾ ਕੇ ਜਰਨਲ ਦੁਆਰਾ ਦੇਖਣਾ, ਇਸ ਸਬ ਕਾਸੇ ਨੇ ਉਸ ਸੀ ਈ ਓ ਦੀ ਜਿੰਦਗੀ ਬਦਲ ਕੇ ਰੱਖ ਦਿਤੀI ਜਰਨਲ ਦੀ ਇੱਕ ਇੰਟਰੀ ਨੇ ਪਿਤਾ ਜੀ ਦੇ ਕਹੇ ਸ਼ਬਦ ਹਰ ਰੋਜ਼ ਯਾਦ ਕਰਵਾ ਦੇਣੇI

ਨਾਹ ਕਹਿਣਾ ਸਿੱਖੋ: ਨਾਹ ਕਹਿਣ ਨਾਲ ਕਾਮਜਾਬ ਬੰਦੇ ਆਪਣੀ ‘ਲਕਸ਼ਮਣ’ ਰੇਖਾ ਤਹਿ ਕਰ ਲੈਂਦੇ ਹਨI ਇਸ ਨਾਲ ਦੁਨੀਆ ਵਾਲਿਆਂ ਨੂੰ ਖੁਸ਼ ਰੱਖਣ ਦੀ ਆਦਤ ਤੋਂ ਵੀ ਸ਼ਟਕਾਰਾ ਪੈਂਦਾ ਹੈI ਨਾਹ ਕਹਿਣ ਨਾਲ ਤੁਸੀਂ ਆਪਣੀਆਂ ਲੋੜਾਂ ਤੇ ਫੋਕਸ ਕਰ ਸਕਦੇ ਹੋਂI ਤੁਸੀਂ ਇੱਕ ਕਿਸਮ ਦਾ ਆਪਣੀ ਜਿੰਦਗੀ ਤੇ ਕੌਂਟਰੋਲ ਪੈਦਾ ਕਰ ਲੈਂਦੇ ਹੋਂI ਅਸੀਂ ਬਹੁਤੀ ਵਾਰ ਨਾਹ ਇਸ ਕਰਕੇ ਨਹੀਂ ਕਰਦੇ ਕੇ ਕੋਈ ਨਰਾਜ਼ ਨਾ ਹੋ ਜਾਵੇI ਰੱਜੇ ਹੋਏ ਵੀ ਮੱਕੀ ਦੀ ਰੋਟੀ ਸਾਗ ਨਾਲ ਖਾਣੀ ਤਾਂ ਕੇ ਮਾਸੀ ਨਰਾਜ਼ ਨਾ ਹੋ ਜਾਵੇI ਅਪਣਾ ਕੰਮ ਵਿਚੇ ਛੱਡ ਕੇ ਕਿਸੇ ਦੇ ਕੰਮ ਕਰਨੇ ਕਿਓੰਕੇ ਸੋਹਰੇ ਖੁਸ਼ ਚਾਹੀਦੇ ਹਨI ਇਹ ਸੋਚਣਾ ਕੀ ਮੇਰੀ ਨਾਹ ਨਾਲ ਦੂਸਰੇ ਦਾ ਕੰਮ ਰੁਕ ਜਾਵੇਗਾ, ਇਹ ਵੀ ਤੁਹਾਡੀ ਗ਼ਲਤ ਫਹਿਮੀ ਹੈI ਦਿਮਾਗੀ ਵਿਗਿਆਨੀ ਦੱਸਦੇ ਹਨ ਕੇ ਨਾਹ ਕਹਿਣ ਵਾਲੇ ਦਾ ਦਿਮਾਗੀ ਵਿਕਾਸ ਜਿਆਦਾ ਹੁੰਦਾ ਹੈ ਕਿਓੰਕੇ ਉਹ ਅਪਣਾ ਖੁਦ ਦਾ ਮਾਲਕ ਹੈ, ਦੂਸਰੇ ਉਸਨੂੰ ਕੰਟਰੋਲ ਨਹੀਂ ਕਰਦੇI

ਅਸੀਂ ਬਹੁਤ ਗੱਲਾਂ ਸਮਾਜ ਦੇ ਦਬਾ ਹੇਠ ਕਰਦੇ ਹਾਂ, ਇਥੋਂ ਤਕ ਕੇ ਖਾਣਾ ਵੀ ਸਮਾਜਿਕ ਫੈਸ਼ਨ ਹੈI ਸੂਸ਼ੀ ਵਿੱਚ ਕੱਚੀ ਮੱਛੀ ਹੁੰਦੀ ਹੈ, ਸਾਡੇ ਇੱਕ ਫੈਕਲਟੀ ਮੈਂਬਰ ਦੀ ਹਮੇਸ਼ਾ ਨਾਹ ਹੁੰਦੀ ਹੈI ਉਹ ਦਲੀਲ ਦਿੰਦਾ ਹੈ “ਜੇ ਮੱਛੀ ਕੁੱਕ ਨਹੀਂ ਕੀਤੀ, ਮੈਂ ਨਹੀਂ ਖਾਊਂਗਾI ਹੁਣ ਰਿਵਾਜ ਬਣ ਗਿਆ ਹੈ ਕੇ ਪੜ੍ਹੇ ਲਿਖੇ ਸੂਸ਼ੀ ਖਾਣਾ ਫੈਸ਼ਨ ਸਮਜਦੇ ਹਨ ਇਹ ਇੱਕ ਸਮਾਜਿਕ ਪ੍ਰੈਸ਼ਰ ਹੈ, ਮੈਂ ਇਸ ਵਿੱਚ ਨਹੀਂ ਸ਼ਾਮਿਲ ਹੋਣ ਵਾਲਾI” ਹਰ ਗਬਰੂ ਤੇ ਨਾਲ ਦੀ ਢਾਣੀ ਦਾ ਪ੍ਰੈਸ਼ਰ ਪੈਂਦਾ ਹੈ ਕੇ ਇੱਕ ਸੂਟਾ ਤਾ ਲਗਾ ਕੇ ਦੇਖ, ਜਾ ਹੋਰ ਮਾੜੀਆਂ ਆਦਤਾਂ ਬਾਰੇ ਉਸਨੂੰ ਉਕਸਾਇਆ ਜਾਂਦਾਂ ਹੈI ਜੇਕਰ ਉਹ ਨਾਹ ਨਹੀਂ ਕਰਦਾ ਤਾ ਫਸ ਗਿਆI ਸਮਾਜ ਵਿੱਚ ਜੋ ਵੀ ਚੰਗਾ ਮੰਦਾ ਹੁੰਦਾ ਹੈ ਉਹ ਸਭ ਸਮਾਜੀ ਦਬਾ ਹੇਠ ਹੈI ਹਾਲਾਂ ਕੇ ਸਿਆਣੇ ਕਹਿੰਦੇ ਹਨ ਕੇ “ਖਾਈਏ ਮਨ ਭੋਂਦਾ” ਫਿਰ ਵੀ ਸਮਾਜਿਕ ਦਬਾ ਨੇ ਸਾਡਾ ਖਾਣਾ ਬਦਲ ਦਿੱਤਾ ਹੈ ਕਿਓੰਕੇ ਅਸੀਂ ਕਿਸੇ ਨੂੰ ਨਾਹ ਨਹੀਂ ਕਰਦੇI ਪਹਿਨਣ ਦੇ ਖੇਤਰ ਵਿੱਚ ਵੀ ਦਬਾ ਹੈ ਕੇ ਬਰਾਂਡਿਡ ਕੱਪੜੇ ਹੀ ਚੰਗੇ ਹਨI ਸਰੀਰ ਚੰਗੇ ਨੂੰ ਹਰ ਕੱਪੜਾ ਸੋਹਣਾ ਲੱਗਦਾ ਹੈ ਪਰ ਲੋਕਾਂ ਦੀ ਅਪਰੂਵਲ ਲਈ ਖਾਸ ਬਰੈਂਡ ਹੀ ਚਲਦੇ ਹਨI

ਇੱਕ ਮਸ਼ਹੂਰ ਕੰਪਨੀ ਦਾ ਮਾਲਕ ਲਿਖਦਾ ਹੈ ਕੇ “ਪਿਤਾ ਜੀ ਦੀ ਜੱਦੀ ਜਇਦਾਦ ਵਿੱਚੋ ਹਿੱਸਾ ਮਿਲਣ ਤੋਂ ਬਾਅਦ ਸਮਾਜ ਦਾ ਦਬਾ ਸੀ ਕੇ ਨਵਾਂ ਘਰ ਤੇ ਮਰ੍ਸਿਡੀ ਕਾਰ ਖਰੀਦੀ ਜਾਵੇI ਪਰ ਮੈਂ ਇੱਕ ਬਿਜ਼ਨਸ ਸ਼ੁਰੂ ਕਰ ਲਿਆ, ਉਸਦੇ ਬਿਲਕੁਲ ਨਜਦੀਕ ਇੱਕ ਅਪਾਰਟਮੈਂਟ ਕਿਰਾਏ ਤੇ ਲਈ ਲਿਆ ਤੇ ਜਾਣ-ਆਉਣ ਲਈ ਇੱਕ ਸਾਈਕਲ ਖਰੀਦ ਲਿਆ ਤੇ ਪੈਸਾ ਸਾਰਾ ਬਿਜ਼ਨਸ ਵਿੱਚ ਲਗਾ ਦਿੱਤਾI ਅੱਜ ਮੇਰਾ ਉਹ ਬਿਜ਼ਨਸ ਵੀ ਵੱਡਾ ਹੋ ਚੁਕਾ ਹੈ, ਸਿਹਤ ਵੀ ਚੰਗੀ ਹੈ, ਨਾਲ ਮੇਰੇ ਕੋਲ ਕਈ ਕਾਰਾਂ ਤੇ ਪ੍ਰਾਈਵੇਟ ਜਹਾਜ ਵੀ ਹੈI” ਅਰਬਪਤੀ ਵਾਰਨ ਬਫੇ ਵੀ ਕਈ ਘਰ ਖਰੀਦ ਸਕਦਾ ਸੀ ਪਰ ਉਹ ਕਹਿੰਦਾ ਹੈ ਕੇ ਪੈਸੇ ਦੀ ਰਿਟਰਨ ਸਟੋਕ ਵਿੱਚ ਘਰ ਨਾਲੋਂ ਜਿਆਦਾ ਹੈ ਇਸ ਲਈ ਮੇਨੂ ਰਹਿਣ ਲਈ ਛੋਟਾ ਘਰ ਹੀ ਮਨਜੂਰ ਹੈI ਇਹ ਸਭ ਕੁਝ ਨਾਹ ਨਾਲ ਹੀ ਸੰਭਵ ਹੋਇਆ ਹੈI ਅਸੀਂ ਵਿਆਹ ਵਿੱਚ ਫਜੂਲ ਖਰਚੇ ਦੇ ਰਿਕਾਰਡ ਤੋੜ ਦਿੰਦੇ ਹਾਂ ਤਾਂ ਕੇ ਲੋਕ ਸਾਨੂੰ ਚੰਗਾ ਕਹਿਣ ਪਰ ਉਹ ਕਹਿਣਗੇ “ਦੇਖੋ ਮੂਰਖਾਂ ਨੇ ਕੀ ਕੁਝ ਕੀਤਾ, ਕੀ ਲੋੜ ਸੀ?”

ਕਾਮਜਾਬ ਲੋਕ ਅਪਣਾ ਕੰਪੀਟੀਸ਼ਨ ਦੇਖਦੇ ਹਨ: ਕਾਮਜਾਬ ਲੋਕ ਹਮੇਸ਼ਾ ਪ੍ਰੋਫੈਸ਼ਨ ਜਾ ਬਿਜ਼ਨਸ ਵਿੱਚ ਜਾਣ ਤੋਂ ਪਹਿਲਾ ਦੇਖਦੇ ਹਨ ਮੇਰਾ ਮੁਕਾਬਲਾ ਕਿੰਨਾ ਨਾਲ ਹੈI ਮੁਕਾਬਲੇ ਵਿੱਚ ਤੁਸੀਂ ‘ਕੰਪੀਟੀਸ਼ਨ’ ਦੇ ਹਾਂ-ਪੱਖੀ ਅਤੇ ਨਾਹ-ਪੱਖੀ ਗੁਣਾ ਤੇ  ਔਗਣਾ ਦਾ ਜਾਇਜਾ ਲੈਂਦੋ ਹੋਂI ਜਾਇਜਾ ਲੈਣ ਲਈ ਜਰੂਰੀ ਹੈ ਕੇ ਸੇਬ ਦਾ ਮੁਕਾਬਲਾ ਸੇਬ ਨਾਲ ਤੇ ਸੰਗਤਰਿਆਂ ਦਾ ਮੁਕਾਬਲਾ ਸੰਗਤਰਿਆਂ ਨਾਲ ਕਰੋI ਜਰੂਰੀ ਨਹੀਂ ਕੇ ਹਰ ਖੇਤਰ ਦੇ ਬਹੁਤ ਕਾਮਜਾਬ ਵਿਅਕਤੀ ਨਾਲ ਹੀ ਮੁਕਾਬਲਾ ਕਰਨਾ ਹੈI ਯਾਦ ਰੱਖੋ ਉਸਨੇ ਵੀ ਕਿਸੇ ਦਿਨ ਜਿੰਦਗੀ ਪਹਿਲੇ ਕਦਮ ਨਾਲ ਹੀ ਸ਼ੁਰੂ ਕੀਤੀ ਹੋਣੀ ਹੈ, ਅਤੇ ਨਾ ਹੀ ਤੁਸੀਂ ਬਿਲਕੁਲ ਫੇਲ ਹੋ ਚੁਕੇ ਵਿਅਕਤੀ ਦਾ ਮੁਕਾਬਲਾ ਆਪਣੇ ਆਪ ਨਾਲ ਕਰੋI ਉਹ ਵੀ ਕੋਈ ‘ਨਾਰਮਲ’ ਕਿਰਿਆ ਦਾ ਪਰਤੀਕ ਨਹੀਂ ਹੈI ਯਾਦ ਰੱਖੋ ਕੇ ਹਰ ਮਿੱਟੀ ਦੀ ਆਪਣੀ ਖਸਲਤ, ਹਰ ਮਿੱਟੀ ਕੁਟਿਆਂ ਨਹੀਂ ਭੁਰਦੀ’I ਤੁਸੀਂ ਕਿਸੇ ਵੀ ਖੇਤਰ ਵਿੱਚ ਸ਼ੁਰੂਆਤ ਕਰਨ ਤੋਂ ਬਾਅਦ ਜਾਣ ਜਾਓਗੇ ਕੇ ਕਿੰਨਾ ਦੀ ਲੀਹ ਤੇ ਚਲਣਾ ਤੇ ਕਿੰਨਾ ਦੀ ਲੀਹ ਤੋਂ ਪਰੇ ਰਹਿਣਾ ਹੈI ਮਟਰਾਂ ਦੇ ਹਰ ਪੌਦੇ ਨੂੰ ਬਰਾਬਰ ਦੇ ਮਟਰ ਨਹੀਂ ਲੱਗਦੇI

ਇੱਕ ਕਾਮਜਾਬ ਵਿਓਪਾਰੀ ਲਿਖਦਾ ਹੈ ਕੇ “ਪਰਿਵਾਰ ਨੇ ਰਿਟੇਲ ਬਿਜ਼ਨਸ ਚਲਾਉਣ ਦਾ ਫੈਸਲਾ ਕਰ ਲਿਆI ਸ਼ੁਰੂ ਵੀ ਆਪਣੀ ਬਿਲਡਿੰਗ ਵਿੱਚ ਆਪਣੇ ਸ਼ਹਿਰ ਤੋਂ ਕਰਨ ਦਾ ਫੈਸਲਾ ਸੀI ਅਸੀਂ ਦੇਖਿਆ ਕੇ ਸਾਡੇ ਸ਼ਹਿਰ ਵਿੱਚ ਇੱਕ ਬਹੁਤ ਵੱਡਾ ਰਿਟੇਲ ਬਿਜ਼ਨਸ ਬਹੁਤ ਹੀ ਸਸਤੀਆਂ ਵਸਤਾਂ ਵੇਚਦਾ ਸੀI ਉਸਤੋਂ ਸਸਤੀਆਂ ਵੇਚਣ ਦਾ ਦਮ ਨਹੀਂ ਸੀI ਅਸੀਂ ਸਟੱਡੀ ਲਈ ਸਰਵੇ ਕਰਵਾ ਕੇ ਦੇਖਿਆ ਤਾ ਪਤਾ ਲੱਗਾ ਕੇ ਲੋਕ ਕੁਆਲਟੀ ਅਤੇ ਚੀਜ ਨਾ ਮੋੜਨ ਤੋਂ ਖੁਸ਼ ਨਹੀਂ ਸਨI ਅਸੀਂ ਕੁਆਲਟੀ ਤੇ ਚੀਜਾਂ ਮੋੜਨ ਤੇ ਜ਼ੋਰ ਦਿੱਤਾI ਕੁਆਲਟੀ ਦਾ ਸਮਾਂਨ ਖਰੀਦਣਾ ਥੋੜਾ ਮਹਿੰਗਾ ਸੀ, ਪਰ ਅਸੀਂ ਜਰ ਲਿਆI ਸਾਨੂੰ ਪਤਾ ਸੀ ਕੇ ਚੀਜਾਂ ਵਾਪਿਸ ਲੈਣ ਨਾਲ ਤਕਰੀਬਨ ਪੰਜਾਂ ਵਿੱਚੋ ਇੱਕ ਚੀਜ ਮੁੜ ਸਟੋਰ ਤੇ ਆ ਸਕਦੀ ਹੈ ਇਸਲਈ ਇਹ ਘਾਟਾ ਵੀ ਕੀਮਤ ਵਿੱਚ ਵੀ ਜੋੜ ਲਿਆI ਇਸ ਕਰਕੇ ਸਾਡੇ ਸਟੋਰ ਵਿੱਚ ਵਸਤਾਂ ਥੋੜੀਆਂ ਮਹਿੰਗੀਆਂ ਸਨ, ਪਰ ਲੋਕਾਂ ਵਿੱਚ ਇੱਕ ਗਲ ਚਲੀ ਗਈ ਕੇ ਕੁਆਲਟੀ ਦਾ ਸਮਾਨ ਖਰੀਦਣਾ ਹੈ ਤੇ ਵਾਪਿਸ ਕਰਨ ਵਿੱਚ ਕੋਈ ਦਿੱਕਤ ਨਾ ਹੋਵੇ ਤਾਂ ਸਾਡੇ ਸਟੋਰ ਤੇ ਜਾਵੋI ਅਸੀਂ ਕੁਸ਼ ਅਰਸੇ ਵਿੱਚ ਸਸਤੀਆਂ ਚੀਜਾਂ ਵੇਚਣ ਵਾਲੇ ਸਟੋਰ ਦਾ ਜਿੰਦਰਾ ਲਗਵਾ ਦਿੱਤਾI”

ਤੁਸੀਂ ਆਪਣੇ ਪ੍ਰੋਫੈਸ਼ਨ ਵਿੱਚ ਕਾਮਜਾਬ ਹੋਣਾ ਚਾਹੋੰਦੇ ਹੋਂ ਪਰ ਦੂਸਰੇ ਪ੍ਰੋਫੈਸ਼ਨਲ ਤੁਹਾਡਾ ਪੈਰ ਹੀ ਨਹੀਂ ਲਗਨ ਦੇ ਰਹੇ ਤਾਂ ਤੁਸੀਂ ਸਟੱਡੀ ਕਰੋ ਕੇ ਉਨ੍ਹਾਂ ਦੀਆਂ ਕਮਜ਼ੋਰੀਆਂ ਨੂੰ ਆਪਣੇ ਹੱਕ ਵਿੱਚ ਕਿਵੇਂ ਵਰਤਣਾ ਹੈI ਆਪਣੇ ਵਲੋਂ ਦਿਤੀ ਸਰਵਸ ਵਿੱਚ ਕਮੀ ਪੇਸ਼ੀ ਨਾ ਕਰੋI ਜੇਕਰ ਕਿਸੇ ਦੇ ਖਿਲਾਫ ਵੀ ਕੁਝ ਬੋਲਣ ਦੀ ਜਰੂਰਤ ਹੈ ਤਾ ਆਪ ਨਾ ਬੋਲੇ, ਇਹ ਕੰਮ ਤੀਸਰੀ ਧਿਰ ਵਲੋਂ ਹੋਣਾ ਚਾਹੀਦਾ ਹੈI ਕਈ ਖੇਤਰਾਂ ਵਿੱਚ ਮੁਕਾਬਲਾ ਗਲ-ਕੱਟ ਹੋ ਜਾਂਦਾਂ ਹੈI ਡਰਨ ਦੀ ਲੋੜ ਨਹੀਂ ਭੱਜਦਿਆਂ ਨੂੰ ਵਾਹਣ ਇਕੋ ਜਿਹਾ ਹੁੰਦਾ ਹੈI ਆਪਣੇ ਆਪ ਨੂੰ ਵੀ ਸਟੱਡੀ ਕਰਨ ਦੀ ਲੋੜ ਹੈ, ਕੀ ਮੇਰੇ ਵਿੱਚ ਕੋਈ ਘਾਟ ਹੈ? ਮੈਂ ਇਸਨੂੰ ਕਿਸ ਤਰਾਂ ਸੁਧਾਰ ਸਕਦਾ ਹਾਂ? ਕੰਪੀਟੀਸ਼ਨ ਹੈ, ਨਵੀਆਂ ਚੀਜਾਂ ਨੂੰ ਜਨਮ ਦਿੰਦਾ ਹੈI ਇਸ ਲਈ ਹਮੇਸ਼ਾ ਆਪਣੇ ਆਪ ਨੂੰ ਤੇ ਕੰਪੀਟੀਸ਼ਨ ਨੂੰ ਸਟੱਡੀ ਕਰਦੇ ਰਹੋ ਤਾ ਕੇ ਕੁਝ ਨਵਾਂ ਲੱਭਿਆ ਜਾ ਸਕੇI

ਕੰਮ ਡੈਲੀਗੇਟ ਕਰਨਾ ਸਿੱਖੋ: ਕਾਮਜਾਬ ਬੰਦਿਆਂ ਕੋਲ ਇੱਕ ਲੀਡਰਸ਼ਿਪ ਕੁਆਲਟੀ ਹੈ, ਉਹ ਦੂਸਰੇ ਲੋਕਾਂ ਵਿੱਚ ਚੰਗੇ ਗੁਣ ਪਹਿਚਾਣ ਲੈਂਦੇ ਹਨ ਫਿਰ ਉਹ ਕੰਮ ਵੰਡਣਾ ਸ਼ੁਰੂ ਕਰ ਦਿੰਦੇ ਹਨI ਤੁਸੀਂ ਸਾਰਾ ਕੰਮ ਆਪ ਨਹੀਂ ਕਰ ਸਕਦੇI ਜੁਮੇਵਾਰੀ ਸੌਂਪਣ ਨਾਲ ਤੁਹਾਡੀ ਆਪਣੀ ਜੁਮੇਵਾਰੀ ਘਟਦੀ ਹੈ, ਇਹ ਸਮਾਂ ਤੇ ‘ਐਨਰਜੀ’ ਅਹਿਮ ਕੰਮਾਂ ਤੇ ਲਾਈ ਜਾ ਸਕਦੀ ਹੈI ਅਕਸਰ ਲੀਡਰ ਦਾ ਕੰਮ ਪਲੈਨ ਤੇ ਦਾਅ-ਪੇਚਾਂ ਤੇ ਲੱਗਣਾ ਚਾਹੀਦਾ ਹੈI ਜੁਮੇਵਾਰੀ ਸੋਪਨ ਨਾਲ ਟੀਮ ਤੇ ਭਰੋਸਾ ਪੈਦਾ ਹੁੰਦਾ ਹੈI ਕਈ ਲੋਕ ਇਹ ਸੋਚਦੇ ਹਨ ਕੇ ਮੇਰੇ ਤੋਂ ਬਿਨਾ ਇਹ ਕੰਮ ਕਿਸੇ ਨੇ ਅੱਛਾ ਨਹੀਂ ਕਰਨਾI ਇਹ ਸ਼ਾਇਦ ਤੁਹਾਡੀ ਗਲਤ ਫਹਿਮੀ ਹੈI ਤੁਸੀਂ ਆਪਣੀ ਜੁਮੇਵਾਰੀ ਨਿਭਾਓ ਕੇ ਜਿਨ੍ਹਾਂ ਲੋਕਾਂ ਨੂੰ ਜੁਮੇਵਾਰੀ ਦਿਤੀ ਹੈ ਓਨਾ ਨੂੰ ‘ਮਾਨੀਟਰ’ ਕਰੋI ਕਈ ਲੋਕ ਸੋਚਦੇ ਹਨ ਕੇ ਜਿਨ੍ਹਾਂ ਚਿਰ ਮੈਨੂੰ ਦੱਸਣ ਨੂੰ ਲੱਗਣਾ ਹੈ, ਉਨੇ ਚਿਰ ਵਿੱਚ ਤੇ ਮੈਂ ਆਪ ਕਰ ਲੈਣਾ ਹੈI ਇਹ ਵੀ ਇੱਕ ਗਲਤ ਫਹਿਮੀ ਹੈI ਸਾਰੀ ਟੀਮ ਨੂੰ ਨਾਲ ਲੈ ਕੇ ਚਲੌਂਗੇ ਤਾਂ ਕੰਮ ਸੌਖਾ ਹੋਵੇਗਾI

ਬਹੁਤ ਕੰਮ ਜੋ ਤੁਸੀਂ ਬਾਹਰੋਂ ਪੈਸੇ ਦੇ ਕੇ ਕਰਵਾਉਣੇ ਹਨ, ਹੋ ਸਕਦਾ ਤੁਹਾਡੀ ਟੀਮ ਵਿੱਚੋ ਕੋਈ ਇਹ ਕੰਮ ਮੁਫ਼ਤ ਕਰ ਸਕਦਾ ਹੋਵੇI ਅਸੀਂ ਕੰਮਾਂ ਕਾਰਾ ਵਿੱਚ ਏਨੇ ਕੰਮ ਸੁਹੇੜਦੇ ਹਾਂ ਕੇ ਦੂਸਰਿਆਂ ਦੀ ਮਦਦ ਬਿਨਾ ਖਤਮ ਕਰਨੇ ਮੁਸ਼ਕਿਲ ਹੁੰਦੇ ਹਨI ਹਰ ਇੱਕ ਨੂੰ ਜੁਮੇਵਾਰੀ ਮਿਲਣ ਤੇ ਇੱਕ ਟੀਮ-ਮਨੋਬਲ ਪੈਦਾ ਹੁੰਦਾ ਹੈI ਚੀਨ ਦੀ ਇੱਕ ਕਹਾਵਤ ਹੈ ਕੇ “ਮੈਨੂੰ ਕੁਝ ਦੱਸੋਂਗੇ, ਮੈਂ ਭੁੱਲ ਜਾਵਾਂਗਾ, ਮੈਨੂੰ ਕੁਸ਼ ਦਿਖਾਓਂਗੇ, ਮੈਂ ਯਾਦ ਰੱਖਾਂਗਾ, ਮੈਨੂੰ ਕੰਮ ਵਿੱਚ ਨਾਲ ਸ਼ਾਮਿਲ ਕਰੋਂਗੇ, ਮੈਂ ਸਮਜਗਾI” ਇਸ ਨਾਲ ਇੱਕ ਤਕੜੀ ਟੀਮ ਪੈਦਾ ਹੋਵੇਗੀI ਤੁਸੀਂ ਲੋਕਾਂ ਨੂੰ ਆਜ਼ਾਦੀ ਨਾਲ ਕੰਮ ਕਰਨ ਦਿਓਂਗੇ ਤਾਂ ਉਹ ਨਵੀਆਂ ਕਾਢਾਂ ਕੱਢਣਗੇI ਤੁਸੀਂ ਖੁਦ ਵੀ ਇੱਕ ‘ਚੇਨ-ਆਫ-ਕਮਾਂਡ’ ਦੀਆਂ ਜੁਮੇਵਾਰੀਆਂ ‘ਮਾਨੀਟਰ’ ਕਰਦੇ ਇੱਕ ਚੰਗੇ ਲੀਡਰ ਬਣੋਗੇI ਤੁਸੀਂ ਜੁਮੇਵਾਰੀਆਂ ‘ਡੈਲੀਗੇਟ’ ਕਰਦੇ ਕਰਦੇ ਇੱਕ ਝੱਟ-ਪਟ ਸੋਚਣੀ ਦੇ ਮਾਲਕ ਬਣੋਗੇ ਕੇ ਕੋਈ ਵੀ ਕੰਮ ਆਵੇ ਫਟਾ-ਫੁੱਟ ਜੁਮੇਵਾਰੀ ਡੋਸੀ, ਕੰਮ ਹੋਇਆI

ਜੁਮੇਵਾਰੀਆਂ ‘ਡੈਲੀਗੇਟ’ ਕਰਦੇ ਤੁਸੀਂ ‘ਚੇਨ-ਆਫ-ਕਮਾਂਡ’ ਦੀਆ ਬਰੀਕੀਆਂ ਵੀ ਜਾਣ ਜਾਓਗੇ, ਜੋ ਕੇ ਬਹੁਤ ਜਰੂਰੀ ਹਨI ਕਿਸੇ ਵੀ ਸਸੰਥਾ ਦਾ ‘ਚੇਨ-ਆਫ-ਕਮਾਂਡ’ ਬਿਨਾ ਚਲਣਾ ਮੁਸ਼ਕਲ ਹੈI ਇਸ ਵਿੱਚ ਵੱਡੀ ਲੀਡਰਸ਼ਿਪ ਕੋਲ ਵੱਡੀਆਂ ਤਾਕਤਾਂ ਇਸ ਕਰਕੇ ਹਨ ਕੇ ਉਨ੍ਹਾਂ ਦੀਆਂ ਜਿੰਮੇਵਾਰੀਆਂ ਵੀ ਵੱਡੀਆਂ ਹਨI ਉਨ੍ਹਾਂ ਨੇ ਹੇਠਲੇ ਸਾਰੇ ਲੋਕਾਂ ਨੂੰ ‘ਮਾਨੀਟਰ’ ਕਰਨਾ ਇੱਕ ਬਹੁਤ ਵੱਡੀ ਜੁਮੇਵਾਰੀ ਹੈI ਉਨੀ ਸੋ ਕਨਵੇ ਵਾਲੀ ਇਰਾਕ ਜੰਗ ਸਮੇ ਸਬ ਤੋਂ ਵੱਡੀ ਜੁਮੇਵਾਰੀ ਆਰਮੀ ਕਮਾਂਡਰ ਜਨਰਲ ਸ਼ਵਾਰਟਸਕੋਫ ਦੀ ਸੀI ਜੰਗ ਦੁਰਾਨ ਮੈਡੀਕਲ ਹਦਾਇਤਾਂ ਅਨੁਸਾਰ ਉਨ੍ਹਾਂ ਨੂੰ ਸੋਣਾ ਪਿਆI ਆਪਣੇ ਸੌਣ ਤੋਂ ਪਹਿਲਾ ਉਨ੍ਹਾਂ ਇਰਾਕ ਦੇ ਉਤਰ ਵਿੱਚ ਇੱਕ ਡਵੀਜ਼ਨ ਕਮਾਂਡਰ ਨੂੰ ਹੁਕਮ ਦਿੱਤਾ ਕੇ ਮੇਰੇ ਉੱਠਣ ਤਕ ਤੇਰੀ ਡਵੀਜ਼ਨ ਸ਼ਹਿਰ ਦੇ ਉਤਰ ਵਿੱਚ ਚਲੀ ਜਾਵੇI ਪਰ ਉੱਠਣ ਤੇ ਪਤਾ ਲਗਾ ਕੇ ਕਮਾਂਡਰ ਉਸੇ ਜਗਾ ਖੜ੍ਹਾ ਸੀI ਪੁੱਛਣ ਤੇ ਕਮਾਂਡਰ ਨੇ ਦੱਸਿਆ ਕੇ ਮੈਂ ਕਰਡਸ਼ ਦਸਤਿਆਂ ਦਾ ਇੰਤਜਾਰ ਕਰਦਾ ਸੀ ਕੇ ਉਹ ਸ਼ਹਿਰ ਵਿੱਚ ਜਾ ਕੇ ਲੜਨ ਤੇ ਅਸੀਂ ਬਿਨਾ ਲੜੇ ਉਤਰ ਵਿੱਚ ਚਲੇ ਜਾਈਏI ਆਰਮੀ ਕਮਾਂਡਰ ਜਨਰਲ ਸ਼ਵਾਰਟਸਕੋਫ ਨੇ ਉਸੇ ਵੇਲੇ ਆਰਡਰ ਦਿੱਤਾ ਕੇ ‘ਸੈਕੰਡ-ਇਨ-ਕਮਾਂਡ’ ਕਮਾਂਡ ਸੰਭਾਲੇ, ਨਾਲ ਹੀ ਉਹ ਕਹਿਣ ਲੱਗਾ ਕੇ ਮੇਰਾ ਹੁਕਮ ਡਵੀਜ਼ਨ ਉਤਰ ਵਿੱਚ ਲਿਜਾਣਾ ਸੀ ਨਾ ਕੇ ਕਰਡਸ਼ ਦਸਤਿਆਂ ਦਾ ਇੰਤਜਾਰ ਕਰਨਾI ਇਸ ਲਈ ਜੁਮੇਵਾਰੀ ‘ਡੈਲੀਗੇਟ’ ਕਰਨ ਵਾਲੇ ਨੂੰ ‘ਮਾਨੀਟਰ’ ਵੀ ਸਖਤੀ ਨਾਲ ਕਰਨਾ ਪੈਂਦਾ ਹੈI

ਹਰ ਕੰਮ ਪੂਰੀ ‘ਐਨਰਜੀ’ ਨਾਲ ਕਰੋ: ਕਾਮਜਾਬ ਬੰਦੇ ਇੱਕ ਕੰਮ ਤੇ ਪੂਰੀ ਸਰੀਰਕ ਤੇ ਮਾਨਸਿਕ ‘ਐਨਰਜੀ’ ਲਾਓੰਦੇ ਹਨI ਪਰ ਅਪਣਾ ਸੌ ਫੀਸਦੀ ਦੇਣ ਲਈ ਜਿੰਦਗੀ ਵਿੱਚ ਅਰਾਮ, ਨੀਂਦ ਅਤੇ ਸੰਤੁਲਨ ਦੀ ਲੋੜ ਹੈI ਤੁਸੀਂ ਅਗਰ ਸੁਤੇ ਨਹੀਂ ਤਾਂ ਸਰੀਰ ਤੇ ਦਿਮਾਗ ਕੰਮ ਕਰਨੋ ਹਟ ਜਾਂਦੇ ਹਨ, ਫਿਰ ਆਪਣਾ ਸੌ ਫੀਸਦੀ ਕਿਸ ਤਰਾਂ ਦਿਓਗੇ? ਸਰੀਰ ਤੇ ਦਿਮਾਗ ਨੂੰ ਪੋਸ਼ਟਿਕ ਭੋਜਨ ਦੀ ਅਤੇ ਕਸਰਤ ਦੀ ਵੀ ਲੋੜ ਹੈI ਜੇਕਰ ਤੁਸੀਂ ਆਪਣਾ ਸੌ ਫੀਸਦੀ ਨਹੀਂ ਦੇ ਸਕੇ ਤਾਂ ਛੋਟੇ ਜਹੇ ‘ਫੇਲੀਅਰ’ ਤੇ ਅਪਣਾ ਸਿਆਪਾ ਸ਼ੁਰੂ ਕਰ ਦੇਵੋਗੇI ਬੱਚਾ ਡਿੱਗ ਡਿੱਗ ਕੇ ਤੁਰਨਾ ਸਿੱਖਦਾ ਹੈI ਅਸੀਂ ਪੂਰੀ ਕੋਸ਼ਿਸ਼ ਬਾਅਦ ਵੀ ਫੇਲ ਹੋ ਸਕਦੇ ਹਾਂ ਪਰ ਫਿਰ ਉੱਠ ਖੜਾਂਗੇ ਜੇਕਰ ਮਨ ਵਿੱਚ ਇਹ ਨਾ ਆਵੇ ਕੀ ਆ ਨਹੀਂ ਕੀਤਾ, ਓਹੁ ਨਹੀਂ ਕੀਤਾI ਜੇਕਰ ਤੁਸੀਂ ਆਪਣਾ ਸੌ ਫੀਸਦੀ ਦਿੰਦੇ ਹੋ ਤਾ ਮਨ ਵਿੱਚ ਆਪਣੇ ਭੂਤਕਾਲ ਬਾਰੇ ਆਪਣੀਆਂ ਗਲਤੀਆਂ ਬਾਰੇ ਵਿਚਾਰ ਆ ਸਕਦੇ ਹਨ, ਕੋਈ ਗੱਲ ਨਹੀਂ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਸਕਦੇ ਹਾਂ, ਫਿਰ ਅੱਗੇ ਵੱਧ ਸਕਦੇ ਹਾਂI

ਤੁਸੀਂ ਹਰ ਪ੍ਰਾਜੈਕਟ ਨੂੰ ਪੂਰੀ ਜਾਣਕਾਰੀ, ਸਖਤ ਮੇਹਨਤ, ਇਕਾਗਰ ਚਿੱਤ ਹੋ ਕੇ ਹਾਂ-ਪੱਖੀ ਰਵਈਏ ਨਾਲ ਕਰੋਂਗੇ ਤਾ ਕਾਮਜਾਬੀ ਜਰੂਰ ਤੁਹਾਡੇ ਕਦਮ ਚੁੰਮੇਗੀI ਦੂਸਰਿਆਂ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਆਪਣੇ ਭੂਤਕਾਲ ਨਾਲ ਮੁਕਾਬਲਾ ਕਰੋI ਤੁਸੀਂ ਕੀ ਸਿਖਿਆ ਹੈ ਪਿੱਛੇ ਕੀਤੇ ਕੰਮਾਂ ਤੋਂ? ਹੁਣ ਉਸ ਤੋਂ ਚੰਗਾ ਕਿਸ ਤਰਾਂ ਕਰਨਾ ਹੈ? ਹਰ ਕਦਮ ਤੇ ਆਪਣੇ ਆਪ ਨੂੰ ਸਵਾਲ ਜਰੂਰ ਕਰੋ ਕੀ ਮੈਂ ਅਪਣਾ ਸੌ ਫੀਸਦੀ ਲਾਇਆ ਹੈ? ਨਤੀਜੇ ਇਸ ਬਾਰ ਨਹੀਂ ਚੰਗੇ ਆਏ ਤਾਂ ਕੋਈ ਨਹੀਂ ਅਗਲੀ ਵਾਰ ਆ ਜਾਣਗੇI ਜੋ ਬੀਤ ਗਿਆ ਹੈ ਉਸਤੋਂ ਸਿਰਫ ਸਬਕ ਸਿੱਖ ਸਖਦੇ ਹੋਂ, ਉਸਨੂੰ ਬਦਲ ਨਹੀਂ ਸਕਦੇI ਮੋਨੋ-ਵਿਗਾਯਨੀ ਦੱਸਦੇ ਹਨ ਕੀ ਬਹੁਤ ਲੋਕ ‘ਡਿਪਰੈਸ਼ਨ’ ਵਿੱਚ ਇਸ ਕਾਰਨ ਹਨ ਕੇ ਉਹਨਾਂ ਨੇ ਭੂਤਕਾਲ ਵਿੱਚ ਗਲਤੀਆਂ ਕੀਤੀਆਂ ਸਨ, ਹੁਣ ਪਛਤਾ ਰਹੇ ਹਨI ਕਹਾਵਤ ਹੈ ਕੀ “ਅਬ ਪਛਤਾਵੇ ਕੀਆ ਹੋਤ, ਜਬ ਚਿੜੀਆ ਚੁਗ ਗਈ ਖੇਤ’I ਇਸਦਾ ਮਤਲਬ ਇਹ ਨਹੀਂ ਕੇ ਅਸੀਂ ਅਪਣਾ ਪਿੱਛੇ ਕੀਤਾ ਕੰਮ ਭੁੱਲ ਜਾਈਏ, ਉਸਤੋਂ ਸਬਕ ਸਿੱਖਣ ਦੀ ਲੋੜ ਹੈI ਮਨ ਵਿੱਚ ਇੱਕ ਨਿਸ਼ਾਨਾ ਰੱਖਣਾ ਬਹੁਤ ਵਧੀਆ ਹੈ, ਪਰ ਇਸ ਇਕੱਲੇ ਨਾਲ ਕਾਮਜਾਬੀ ਨਹੀਂ ਆ ਜਾਂਦੀI ਕਾਮਜਾਬੀ ਲਈ ਨਿਸ਼ਾਨਾ ਪੂਰਾ ਕਰਨ ਲਈ ਤਨਦੇਹੀ ਤੇ ਰਵਇਆ ਵੀ ਜਰੂਰੀ ਹਨI ਸਬ ਤੋਂ ਮਹੱਤਵਪੂਰਨ ਹੈ ਵਰਤਮਾਨ ਵਿੱਚ ਰਹਿਣਾ, ਭੂਤਕਾਲ ਤੋਂ ਸਿੱਖੋ ਤੇ ਭਵਿੱਖ ਲਈ ਨਿਸ਼ਾਨੇ ਰੱਖੋ, ਕਾਮਜਾਬੀ ਆਵੇਗੀI

ਅਸੀਂ ਕਈ ਵਾਰ ਕੁਸ਼ ਠੀਕ ਨਾ ਹੋਣ ਤੇ ਪ੍ਰੇਸ਼ਾਨ ਹੋ ਜਾਂਦੇ ਹਾਂ, ਮਨ ਨੂੰ ਪਤਾ ਨਹੀਂ ਚਲਦਾ ਕੇ ਕੀ ਕਰੀਏ? ਉਸ ਵਕਤ ਕੁਝ ਹੋਰ ਕਰੋ, ਕੋਈ ‘ਹੌਬੀ’ ਅਪਣਾਓ, ਕੋਈ ਭਾਸ਼ਾ ਸਿੱਖ ਲਾਓ, ਕੋਈ ਗੇਮ ਸਿੱਖ ਲਓ, ਖਾਣਾ ਬਣਾਉਣਾ ਸਿੱਖ ਲਓ, ਗੱਲ ਕੀ ਆਪਣੇ ਪ੍ਰੋਜੈਕਟ ਤੋਂ ਮਨ ਇਧਰ-ਉਧਰ ਕਰੋ, ਆਪਣੇ ਆਪ ਨਾਲ ਵਾਆਧਾ ਕਰੋ ਕੇ ਹਰ ਰੋਜ਼ ਇੱਕ ਨਵੀਂ ਚੀਜ ਸਿੱਖਣੀ ਹੈ ਤੇ ਇੱਕ ਮਾੜੀ ਆਦਤ ਛੱਡਣੀ ਹੈI ਜਰਨਲ ਵਿੱਚ ਰੋਜ਼ ਲਿਖੋ ਕੀ ਅੱਜ ਚੰਗਾ ਕੀ ਕੀਤਾ ਤੇ ਮਾੜਾ ਕੀ ਹੋ ਗਿਆ? ਕਿਹੜੇ ਟੀਮ ਮੈਂਬਰ ਚੰਗੇ ਹਨ? ਉਨ੍ਹਾਂ ਵਿੱਚ ਕੀ ਗੁਣ ਹਨ? ਕਿਹੜੇ ਮਾਤਾ ਦਾ ਮਾਲ ਹਨ? ਉਨ੍ਹਾਂ ਦੀਆਂ ਕੀ ਖਾਮੀਆਂ ਹਨ? ਮੈ ਕਿਸ ਵਕਤ ਪੂਰੀ ‘ਐਨਰਜੀ’ ਨਾਲ ਕੰਮ ਕਰਦਾਂ ਹਾਂ? ਕਿਸ ਵੇਲੇ ਮੇਰੀ ਬੱਤੀ ਗ਼ੁਲ ਹੋ ਜਾਂਦੀ ਹੈ? ਮੈਨੂੰ ਕਿਹੜਾ ਖਾਣਾ ‘ਐਨਰਜੀ’ ਦਿੰਦਾ ਹੈ? ਕਿਹੜਾ ਦੁੱਖ ਤਕਲੀਫ ਦਿੰਦਾ ਹੈ? ਕੀ ਮੈਂ ਦੂਸਰਿਆਂ ਦੀ ਗੱਲ ਧਿਆਨ ਨਾਲ ਸੁਣਦਾ ਹਾਂ? ਜਾਂ ਅੱਖਾਂ ਵਿੱਚ ਅੱਖਾਂ ਪਾ ਕੇ ਸਮੋਸੇ ਖਾਂਦਾ ਹਾਂ? ਥੋੜੀ ਦੇਰ ਬਾਅਦ ਫਿਰ ਪ੍ਰੋਜੈਕਟ ਵੱਲ ਆ ਜਾਓI ਫਿਰ ਦੇਖੋ ਨਤੀਜੇ ਚੰਗੇ ਆਓਂਦੇI

ਆਪਣੇ ਆਲੇ-ਦੁਆਲੇ ਚੰਗੇ ਬੰਦੇ ਰੱਖੋ: ਕਾਮਜਾਬ ਵਿਅਕਤੀ ਆਪਣੀ ਸੰਗਤ ਬੁੱਧੀ ਰੱਖਣ ਵਾਲੇ, ਨਵੀਂ ਸੋਚ ਦੇ ਮਾਲਿਕਾਂ, ਆਪਣੇ ਖੇਤਰ ਦੇ ਮਾਹਿਰ ਤੇ ਚੰਗਾ ਹਾਂ-ਪੱਖੀ ਰਵਈਆ ਰੱਖਣ ਵਾਲਿਆਂ ਨਾਲ ਹੀ ਰੱਖਦੇ ਹਨI ਆਮ ਕਹਾਵਤ ਹੈ ਕੇ ਬੰਦਾ ਆਪਣੀ ‘ਕੰਪਨੀ’ ਤੋਂ ਪਹਿਚਾਣਿਆ ਜਾਂਦਾਂ ਹੈI ਕਈ ਲੋਕ ਆਲੋਚਨਾ ਵੀ ਕਰਦੇ ਹਨ, ਕੇ ਫਲਾਂ ਬੰਦਾ ਉੱਚੀਆਂ ਉਡਾਰੀਆਂ ਵਿੱਚ ਹੈI ਜੇਕਰ ਤੁਸੀਂ ਉਚੇ ਨਿਸ਼ਾਨਿਆਂ ਤੇ ਪਹੁੰਚਣਾ ਹੈ ਤਾ ਸੰਗਤ ਵੀ ਉੱਚ ਸੋਚਣੀ ਵਾਲਿਆਂ ਨਾਲ ਰੱਖਣੀ ਪੈਣੀ ਹੈI ਜੋ ਬੰਦਾ ਸਾਰਾ ਦਿਨ ਚਿੜੇ ਮਾਰਦਾ ਅਤੇ ਸੱਥ ਵਿੱਚ ਬੇ-ਫਜੂਲੀ ਬਹਿਸ ਕਰਦਾ ਹੋਵੇ ਉਹਦੇ ਕੋਲੋਂ ਕੀ ਉਤਸ਼ਾਹ ਲਵੋਗੇ? ਇਨ੍ਹਾਂ ਲਈ ਤਾਂ ਕਹਾਵਤ ਬਣੀ ਹੈ: “ਭੈੜੇ ਭੈੜੇ ਯਾਰ ਸਾਡੀ ਫਤੋ ਦੇI”

ਸਾਡਾ ਸਭ ਤੋਂ ਵੱਡਾ ਸਰਮਾਇਆ ਸਮਾਂ ਹੈ, ਜਿੰਦਗੀ ਇੱਕ ਛੋਟੀ ਜਿਹੀ ਚੀਜ ਹੈ ਜਿਸ ਵਿੱਚ ਬਹੁਤ ਕੁਝ ਹਾਸਿਲ ਕਰਨਾ ਹੈI ਫਿਰ ਇਹ ਸਮਾਂ ਤੁਸੀਂ ਭੈੜੀ ਸੰਗਤ ਵਿੱਚ ਕਿਓਂ ਗੁਜ਼ਾਰੋਂਗੇ? ਮੈਂ ਉਨ੍ਹਾਂ ਵਿਅਕਤੀਆਂ ਨੂੰ ਜਾਣਦਾ ਹੈ ਜਿਨ੍ਹਾਂ ਦੀ ਇੱਕ ਹਫਤੇ ਦੀ ਸੰਗਤ ਤੁਹਾਨੂੰ ਆਤਮ-ਹਤਿਆ ਲਈ ਮਜਬੂਰ ਕਰ ਦੇਵੇਗੀI ਅਸੀਂ ਸੁਣਦੇ ਹਾਂ ਕੇ ਹਾਂ-ਪੱਖੀ ਸੋਚ ਵਾਲਾ ਵਿਅਕਤੀ ਕਹੇਗਾ ਕੇ ਗਿਲਾਸ ਅੱਧਾ ਭਰਿਆ ਹੈ, ਨਾਹ-ਪੱਖੀ ਸੋਚ ਵਾਲਾ ਕਹੇਗਾ ਕੇ ਗਿਲਾਸ ਅੱਧਾ ਖਾਲੀ ਹੈI ਨਾਹ-ਪੱਖੀ ਸੋਚ ਵਾਲੇ ਹਰ ਗੱਲ ਵਿਚੋਂ ਕੁਝ ‘ਨੈਗੇਟਿਵ’ ਲੱਭ ਲੈਂਦੇ ਹਨ, ਹਾਂ-ਪੱਖੀ ਸੋਚ ਵਾਲੇ ਕਹਿਣਗੇ ਕੇ ਚਲੋ ਇੱਕ ਜਗਾ ਤੋਂ ਕਿਨਾਰਾ ਹੋਇਆ ਹੈ ਨਾਲ ਹੀ ਇਹ ਕਿਸੇ ਦੂਸਰੇ ਜਗਾ ਦੀ ‘ਐਂਟਰੀ’ ਹੈI ਇਸ ਲਈ ਹਾਂ-ਪੱਖੀ ਵਿਅਕਤੀਆਂ ਦੀ ਸੰਗਤ ਸਬ ਤੋਂ ਉੱਤਮ ਹੈI ਹਾਂ-ਪੱਖੀ ਵਿਅਕਤੀਆਂ ਨੂੰ ਚਮਚਿਆਂ ਤੋਂ ਵੱਖ ਕਰ ਲੈਣਾ ਚਾਹੀਦਾ ਹੈI ਉਨ੍ਹਾਂ ਦੀ ਆਦਤ ਹੈ ਕੇ ਤੁਹਾਡੀ ਹਰ ਗੱਲ ਸਲੋਹਣੀI ਪੰਜਾਬੀ ਦੀ ਕਹਾਵਤ ਹੈ ਕੇ ਅੱਛੇ ਦੋਸਤ ਵਾਲੇ ਨੂੰ ਸ਼ੀਸ਼ੇ ਦੀ ਜਰੂਰਤ ਨਹੀਂ ਹੁੰਦੀI ਦੋਸਤ ਤੇ ਚਮਚੇ ਵਿੱਚ ਬਹੁਤ ਫਰਕ ਹੈI ਦੋਸਤ ਤੁਹਾਡੀ ਬਣਦੀ ਆਲੋਚਨਾ ਵੀ ਕਰੇਗਾ ਤਾਂ ਕੇ ਤੁਸੀਂ ਸੁਧਰ ਸਕੋਂI ਚਮਚਾ ਤੁਹਾਨੂੰ ਡੋਬ ਕੇ ਹਟੇਗਾI

ਸਭ ਤੋਂ ਪਹਿਲਾਂ ਪਹਿਚਾਨੋ ਕੇ ਤੁਹਾਡੀ ‘ਕੰਪਨੀ’ ਵਿੱਚ ਸੁਘੜ, ਮੇਹਨਤੀ, ਨਵੀਆਂ ਸੋਚਾਂ ਦੇ ਮਾਲਿਕ, ਨਵੀਂ ਜਿੰਦਗੀ ਦੇ ਸੁਪਨੇ ਲੈਣ ਵਾਲੇ, ਹਾਂ-ਪੱਖੀ ਬੰਦੇ ਕੌਣ ਹਨ? ਉਨ੍ਹਾਂ ਵਿਚੋਂ ਹਰ ਬੰਦਾ ਤੁਹਾਡੇ ਕੰਮ ਨਾ ਵੀ ਆਵੇ ਤਾ ਵੀ ਉਸਦੀ ਸੰਗਤ ਦਾ ਅਸਰ ਚੰਗਾ ਰਹੇਗਾI ਚਿੜੇ ਮਾਰਾਂ ਤੇ ਢਹਿੰਦੀ ਸੋਚ ਵਾਲਿਆਂ ਨਾਲ ਅੱਸੀ ਫੀਸਦੀ ਜਗ ਭਰਿਆ ਪਿਆ ਹੈI ਇਨ੍ਹਾਂ ਦੀ ਲੋੜ ਨਹੀਂI ਕੋਈ ਚੰਗੇ ‘ਪ੍ਰੋਫੈਸ਼ਨਲ’ ਗਰੁੱਪ ਦੇ ਮੇਂਬਰ ਬਣੋ ਤਾ ਕੇ ਤੁਸੀਂ ਆਪਣੀ ਨਿੱਘੀ ਰਜਾਈ ਦੇ ਦਾਇਰੇ ਤੋਂ ਬਾਹਰ ਆ ਸਕੋਂI ‘ਪ੍ਰੋਫੈਸ਼ਨਲ’ ਗਰੁਪਸ ਵਿੱਚ ਤੁਹਾਨੂੰ ਜਾ ਤਾਂ ਕਾਮਜਾਬੀ ਹਾਸਿਲ ਕਰ ਚੁਕੇ ਵਿਅਕਤੀ ਮਿਲਣਗੇ ਜਾ ਕਾਮਜਾਬੀ ਹਾਸਿਲ ਕਰਨ ਦੇ ਚਾਹਵਾਨI ਪਰ ਖਿਆਲ ਇਨ੍ਹਾਂ ਰੱਖਣਾ ਪੈਣਾ ਹੈ ਕੇ ਤੁਸੀਂ ਕਾਮਜਾਬੀ ਦੀ ਮੰਜਲ ਤੇ ਤੁਰੇ ਅਪਣਾ ਆਪ ਨਾ ਭੁੱਲ ਜਾਇਓI “ਅਸੀਂ ਚਲੇ ਸਾਂ ਕੁਝ ਲੱਭਣ ਲਈ ਤੇ ਅਪਣਾ ਆਪ ਭੁਲਾ ਬੈਠੇ” ਦੀਆ ਤੁਕਾਂ ਤੁਹਾਡੇ ਜੀਵਨ ਦਾ ਹਿਸਾ ਨਾ ਬਣ ਜਾਣI

ਹਰ ਦਿਨ, ਹਰ ਹਫਤਾ, ਹਰ ਮਹੀਨਾ ਤੇ ਹਰ ਸਾਲ ਪਲੈਨ ਕਰੋ: ਕਾਮਜ਼ਾਬ ਬੰਦੇ ਆਪਣੇ ਜੀਵਨ ਦਾ ਹਰ ਪਲ ਪਲੈਨ ਕਰਦੇ ਹਨI ਆਪਣੇ ਇਰਾਦੇ ਤੇ ਦ੍ਰਿੜ ਰਹਿਣ ਲਈ ਜਰੂਰੀ ਹੈ ਕੇ ਆਪਣੇ ਆਪ ਨੂੰ ਇਹ ਪਤਾ ਹੋਵੇ ਕੇ ਮੈਂ ਆਪਣੇ ਤੋਂ ਕੀ ਆਸ ਰੱਖਦਾਂ ਹਾਂ? ਇਹ ਗੱਲ ਤੁਹਾਨੂੰ ਪਲੈਨ ਹੀ ਦਸ ਸਕਦੀ ਹੈ ਕੀ ਅੱਜ ਕੀ ਕਰਨਾ ਹੈ ਅਤੇ ਕਿਸ ਪੜਾਅ ਤੱਕ ਪਹੁੰਚਣਾ ਹੈ? ਅੱਜ ਤੋਂ ਤਿੰਨ ਸਾਲ ਬਾਅਦ ਮੈਂ ਆਪਣੇ ਆਪ ਤੋਂ ਕੀ ਆਸ ਰੱਖਦਾਂ ਹਾਂ? ਚੀਨ ਦੀ ਕਹਾਵਤ ਹੈ ਕੇ ਇੱਕ ਸਾਲ ਲਈ ਪਲੈਨ ਕਰਨੀ ਹੋਵੇ ਤਾਂ ਝੋਨਾ ਬੀਜੋ, ਦਸ ਸਾਲ ਦੀ ਪਲੈਨ ਕਰਨੀ ਹੋਵੇ ਤਾਂ ਦਰਖਤ ਬੀਜੋ, ਸੌ ਸਾਲ ਦੀ ਪਲੈਨ ਕਰਨੀ ਹੋਵੇ ਤਾਂ ਆਪਣੇ ਬੱਚੇ ਪੜਾਓI ਤੁਸੀਂ ਪਹਿਲਾਂ ਆਪਣੇ ਮਨ ਨਾਲ ਸਮਝੌਤਾ ਕਰੋ ਕੀ ਕਰਨਾ ਚਾਹੋੰਦੇ ਹੋਣ? ਫਿਰ ਉਸਦੇ ਅਧਾਰ ਤੇ ਪਲੈਨ ਕਰੋ ਕੀ ਕਿੰਨੇ ਸਮੇਂ ਵਿੱਚ ਕੰਮ ਕਾਮਜ਼ਾਬ ਹੋਵੇਗਾ?

ਸੋਵੀਅਤ ਰੂਸ ਦੀ ਕਾਮਜਾਬੀ ਤੋਂ ਬਾਅਦ ਬਹੁਤੇ ਦੇਸ਼ਾਂ ਨੇ ਪਲਾਨਿੰਗ ਸ਼ੁਰੂ ਕੀਤੀ, ਜਿਨ੍ਹਾਂ ਵਿੱਚ ਹਿੰਦੋਸਤਾਨ ਵੀ ਇੱਕ ਮੁਲਕ ਸੀI ਇਸ ਦਾ ਮਤਲਬ ਸੀ ਕੇ ਪਹਿਲਾਂ ਇਹ ਦੇਖੋ ਕੀ ਸਾਡੇ ਕੋਲ ਕੀ ਹੈ? ਸਾਡੀ ਆਰਥਿਕਤਾ ਦੇ ਕਿਹੜੇ ਖੇਤਰ ਵੱਧ ਦੌਲਤ ਪੈਦਾ ਕਰ ਸਕਦੇ ਹਨ ਜਿਸ ਨੂੰ ਅਸੀਂ ਦੂਸਰੇ ਖੇਤਰਾਂ ਵਿੱਚ ਲਗਾ ਸਕਦੇ ਹਾਂI ਕਿਸ ਖਿਤੇ ਵਿੱਚ ਅਸੀਂ ਪਛੜੇ ਹੋਏ ਹਾਂ? ਵਿਕਾਸ ਲਈ ਕਿਹੜੀਆਂ ਚੀਜਾਂ ਕਿਸ ਖੇਤਰ ਵਿੱਚ ਕਿੰਨੀਆਂ ਚਾਹੀਦੀਆਂ ਹਨ? ਹਰ ਖਿਤੇ ਲਈ ਟੀਚਿਆਂ ਲਈ ਪਲੈਨ ਜਰੂਰੀ ਹੈI ਅਸੀਂ ਕਿੰਨੇ ਚਿਰ ਵਿੱਚ ਇਸ ਪੱਧਰ ਤੋਂ ਉਸ ਪੱਧਰ ਤੱਕ ਪਹੁੰਚ ਸਕਦੇ ਹਾਂ? ਸਾਨੂੰ ਕੀ ਕਰਨਾ ਚਾਹੀਦਾ ਹੈ? ਕੀ ਨਹੀਂ ਕਰਨਾ ਚਾਹੀਦਾ? ਪੰਡਤ ਨੈਹਰੂ ਹੁਰਾਂ ਨੇ ਦੇਸ਼ ਦੇ ਵਿਕਾਸ ਦੀ ਨੀਂਹ ਬੜੀ ਮਜਬੂਤ ਰੱਖੀ, ਜਿਸਦਾ ਸੇਹਰਾ ਪਲਾਨਨਿੰਗ ਨੂੰ ਜਾਂਦਾ ਹੈI ਮਹਾਨ ਨੈਹਰੂ ਸੋਚਣੀ ਦੀ ਬਦੋਲਤ ਅੱਜ ਹਿੰਦੁਸਤਾਨ ਤਰੱਕੀ ਕਰ ਰਿਹਾ ਹੈI 

ਤੁਸੀਂ ਅੰਦਾਜਾ ਲਗਾਓ ਕੇ ਜੇਕਰ ਕੁਸ਼ ਕਰਨ ਦਾ ਪਲੈਨ ਹੀ ਨਹੀਂ ਤਾਂ ਸਵੇਰੇ ਉੱਠ ਕੇ ਕਰਨਾ ਹੈ? ਅਰਾਮ ਨਾਲ ਕੁੰਭਕਰਨ ਦੀ ਨੀਂਦ ਸੁਤੇ ਰਹੋI ਜਿਨ੍ਹਾਂ ਲੋਕਾਂ ਕੋਲ ਸਵੇਰੇ ਉੱਠ ਕੇ ਕੁਝ ਕਰਨ ਲਈ ਨਹੀਂ, ਉਨ੍ਹਾਂ ਕੋਲ ਉੱਠਣ ਦਾ ਮਕਸਦ ਖਤਮ ਹੋ ਜਾਂਦਾ ਹੈI ਜਿਨ੍ਹਾਂ ਕੋਲ ਕੁਝ ਪਲੈਨ ਹੋਵੇਗੀ ਕੀ ਅੱਜ ਕੀ ਕਰਨਾ ਹੈ? ਆਉਣ ਵਾਲੇ ਹਫਤਿਆਂ, ਮਹੀਨਿਆਂ, ਸਾਲ ਵਿੱਚ ਕੀ ਕਰਨਾ ਹੈ? ਉਨ੍ਹਾਂ ਨੂੰ ਆਪਣੀ ਮੰਜਿਲ ਸਾਫ ਦਿਸਣ ਲੱਗ ਪੈਂਦੀ ਹੈ, ਜਿਸ ਨਾਲ ਉਨ੍ਹਾਂ ਦਾ ਉਤਸ਼ਾਹ ਵਧਦਾ ਹੈI ਉਹ ਲੋਕ ਫੈਸਲੇ ਕਰਦੇ ਹਨ ਜਿਸ ਨਾਲ ਬੁੱਧੀ ਤੀਖਣ ਰਹਿੰਦੀ ਹੈI ਉਹ ਆਪਣੇ ਕੰਮ ਕਾਜ ਦੀ ਸਮੀਖਿਆ ਕਰਦੇ ਹਨI ਉਨ੍ਹਾਂ ਨੂੰ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਿੰਦਗੀ ਇੱਕ ਮਕਸਦ ਨਜਰ ਆਓਂਦੀ ਹੈI ਉਹ ਤੇ ਉਨ੍ਹਾਂ ਦਾ ਪਰਿਵਾਰ ਖੁਸ਼ੀ ਮਹਿਸੂਸ ਕਰਦੇ ਹਨI ਉਨ੍ਹਾਂ ਦੇ ਮਨ ਦੀਆ ਤਰੰਗਾਂ ਬੋਲਦੀਆਂ ਹਨ: “ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਅਰਾਮ ਨਹੀਂ ਬਹਿੰਦੇI”

ਛੋਟੀਆਂ ਗੱਲਾਂ ਬਾਰੇ ਨਾਹ ਸੋਚੋ: ਉੱਚੀਆਂ ਮੰਜਲਾ ਤੇ ਜਾਣ ਵਾਲੇ ਕਾਮਜ਼ਾਬ ਲੋਕ ਬਿਲਕੁਲ ਛੋਟੀਆਂ ਗੱਲਾਂ ਬਾਰੇ ਨਹੀਂ ਸੋਚਦੇI ਅਰਬ ਲੋਕਾਂ ਦੀ ਕਹਾਵਤ ਹੈ ਕੇ ਕਾਫਲਾ ਆਪਣੀ ਮੰਜਿਲ ਵੱਲ ਵਧਦਾ ਹੈ ਤੇ ਕੁਤੇ ਭੌਂਕਦੇ ਹਨI ਜਮਾਨੇ ਵਿੱਚ ਬਹੁਤ ਲੋਕਾਂ ਨੂੰ ਆਦਤ ਹੈ ਕੇ ਹਰ ਗੱਲ ਦੀ ਆਲੋਚਨਾ ਕਰਨੀI ਤੁਸੀਂ ਗਧੇ, ਬਜ਼ੁਰਗ ਤੇ ਬੱਚੇ ਦੀ ਕਹਾਣੀ ਜਰੂਰ ਸੁਣੀ ਹੋਵੇਗੀI ਬਜੁਰਗ ਤੇ ਇੱਕ ਛੋਟਾ ਬੱਚਾ ਗਧਾ ਲੈ ਕੇ ਇੱਕ ਪਿੰਡ ਵਿੱਚ ਦੀ ਗੁਜਰੇ ਤਾਂ ਲੋਕ ਕਹਿਣ ਲਗੇ “ਦੇਖੋ ਮੂਰਖਤਾ ਦੀ ਹੱਦ, ਚੰਗਾ ਭਲਾ ਗਧਾ ਕੋਲ ਹੈ ਫਿਰ ਵੀ ਦੋਨੋ ਜਾਣੇ ਤੁਰ ਕੇ ਨਾਲ ਜਾ ਰਹੇ ਹਨI” ਕਮਿੰਟ ਸੁਣ ਬਜ਼ੁਰਗ ਨੇ ਬੱਚੇ ਨੂੰ ਗਧੇ ਤੇ ਬਿਠਾ ਦਿੱਤਾ ਤੇ ਆਪ ਨਾਲ ਤੁਰਨ ਲੱਗ ਪਿਆI ਅਗਲੇ ਪਿੰਡ ਲੋਕ ਕਹਿਣ “ਦੇਖੋ ਛਲਾਰੂ ਜਿਹਾ ਆਪ ਗਧੇ ਤੇ ਬੈਠਾ ਹੈ ਵਿਚਾਰੇ ਬੁਢੇ ਬੰਦੇ ਨੂੰ ਤੁਰਨਾ ਪੈ ਰਿਹਾI” ਫਿਰ ਬਜ਼ੁਰਗ ਆਪ ਗਧੇ ਤੇ ਬੈਠ ਗਏ ਤੇ ਬੱਚਾ ਨਾਲ ਤੋਰ ਲਿਆI ਅਗਲੇ ਪਿੰਡ ਦੇ ਲੋਕ ਕਹਿਣ ਕੇ “ਧੌਲਾ ਝਾਟਾ ਫਿਰ ਵੀ ਅਕਲ ਦਮੜੀ ਦੀ ਨਹੀਂI ਆਪ ਮਜੇ ਨਾਲ ਗਧੇ ਤੇ ਬੈਠਾ ਹੈ, ਛੋਟਾ ਜਿਹਾ ਬੱਚਾ ਮਗਰ ਤੁਰ ਰਿਹਾ ਹੈI” ਬਜ਼ੁਰਗਾਂ ਨੇ ਬੱਚਾ ਵੀ ਗਧੇ ਤੇ ਬਿਠਾ ਲਿਆI ਅਗਲੇ ਪਿੰਡ ਦੇ ਲੋਕ ਕਹਿਣ ਕੇ “ਦੇਖੋ ਬੇ-ਰੇਹਮਤੀ, ਮਾੜੇ ਜਿਹੇ ਗਧੇ ਤੇ ਦੋ ਜਣੇ ਮਜੇ ਨਾਲ ਬੈਠੇ ਗਧੇ ਦੀ ਪਿੱਠ ਤੋੜ ਕੇ ਰਹਿਣਗੇI” ਬਜ਼ੁਰਗ ਤੇ ਬੱਚੇ ਨੇ ਅਖੀਰ ਗਧਾ ਆਪਣੇ ਮੋਢੇ ਤੇ ਚੱਕ ਲਿਆI ਇਸ ਲਈ ਹਰ ਛੋਟੀ ਗੱਲ ਵੱਲ ਧਿਆਨ ਦਿਓਂਗੇ ਤਾਂ ਲੋਕ ਗਧਾ ਚਕਾ ਕੇ ਹਟਣਗੇI

ਕਈ ਵਾਰ ਲੋਕਾਂ ਤੋਂ ਕਾਮਜ਼ਾਬ ਬੰਦਿਆਂ ਬਾਰੇ ਸੁਣਨ ਵਿੱਚ ਆਵੇਗਾ ਕੀ ਫਲਾਂ ਬੰਦਾ ਹਰ ਰੋਜ਼ ਮਸਰਾਂ ਦੀ ਦਾਲ ਹੈ ਖਾਂਦਾ ਹੈ, ਪੈਸਾ ਪਤਾ ਨਹੀਂ ਕੀ ਕਰਨਾ? ਜਿਹੜਾ ਬੰਦਾ ਇੱਕ ਵੱਡੇ ਮਿਸ਼ਨ ਤੇ ਲੱਗਿਆ ਹੋਵੇ ਉਹਨੂੰ ਸ਼ਾਇਦ ਸਿੰਪਲ ਤੇ ਸੇਹਤਮੰਦ ਖਾਣੇ ਵਿੱਚ ਅਨੰਦ ਆਓਂਦਾ ਹੋਵੇ ਜਾ ਇਹ ਕਹਿ ਲਵੋ ਉਹਦਾ ਖਾਣੇ ਵੱਲ ਬਹੁਤਾ ਧਿਆਨ ਹੀ ਨਾ ਹੋਵੇI ਸਾਡੇ ਲਈ ਖਾਣਾ ਇੱਕ ਜਰੂਰਤ ਹੈ ਜਿਸ ਤੋਂ ਬਿਨਾ ਸਰੀਰ ਤੇ ਦਿਮਾਗ਼ ਕੰਮ ਨਹੀਂ ਕਰਦੇI ਇਹ ਆਪਣੇ ਆਪ ਵਿੱਚ ਇੱਕ ਮੰਜਿਲ ਨਹੀਂ ਹੈI ਤੁਹਾਡੇ ਕੋਲ ਸੀਮਤ ‘ਐਨਰਜੀ’ ਹੈ, ਜਾਂ ਤੇ ਆਪਣੀ ਮੰਜਿਲ ਤੇ ਪਹੁੰਚਣ ਲਈ ਉਸਦਾ ਇਸਤੇਮਾਲ ਕਰੋ ਜਾਂ ਲੋਕਾਂ ਦੀਆ ਖਾਣੇ, ਪਹਿਰਾਵੇ ਬਾਰੇ ਗੱਲਾਂ ਬਾਰੇ ਸੋਚਣ ਤੇ ਫਿਕਰ ਕਰਨ ਲੱਗ ਜਾਵੋI ਜਿਵੇਂ ਕਾਰ ਇੱਕ ਆਵਾਜਾਈ ਦਾ ਸਾਧਨ ਹੈI ਤੁਸੀਂ ਇੱਕ ਜਗਾ ਤੋਂ ਦੂਸਰੀ ਜਗਾ ਪਹੁੰਚਣਾ ਹੈI ਜਿਸ ਵੀ ਤਰੀਕੇ ਨਾਲ ਤੁਸੀਂ ਅਰਾਮ ਨਾਲ ਤੇ ਛੇਤੀਂ ਪਹੁੰਚ ਸਕੋਂ, ਉਹੀ ਤਰੀਕਾ ਅਪਣਾਓI ਕੀ ਮਹਿੰਗੀ ਕਾਰ ਤੁਹਾਨੂੰ ਇੱਕ ਜਗਾ ਤੋਂ ਦੂਸਰੀ ਜਗਾ ਅਰਾਮ ਨਾਲ, ਸੁਰਖਿਅਤ ਤੇ ਛੇਤੀ ਪਹਚਉਂਦੀ ਹੈ ਜਾਂ ਮੈਟਰੋ, ਜੋ ਕਾਰ ਨਾਲੋਂ ਕਿਤੇ ਮਹਿੰਗੀ ਹੈ? ਆਇਨਸਟਾਈਨ ਨੇ ਸਾਰੀ ਉਮਰ ਕਾਰ ਨਹੀਂ ਲਈ, ਕੀ ਉਹਦੀ ਭੌਤਿਕ ਵਿਗਿਆਨ ਨੂੰ ਦੇਣ ਘਟ ਗਈ? ਰਣਧੀਰ ਕਪੂਰ ਆਪਣੀ ਇੰਟਰਵਿਊ ਵਿੱਚ ਦਸਦੇ ਹਨ: “ਮੈਂ ਨਵੀਂ ਕਾਰ ਲੈ ਕੇ ਆਪਣੇ ਪਿਤਾ-ਜੀ (ਰਾਜ ਕਪੂਰ) ਨੂੰ ਵਿਖਾਲਣ ਗਿਆI ਉਹਨਾਂ ਨੇ ਕਾਰ ਦੇਖੀ ਤੇ ਕਹਿਣ ਲਗੇ ‘ਬਹੁਤ ਸੋਨੀ ਕਾਰ ਹੈI’ ਮੈਂ ਆਖਿਆ ਪਿਤਾ ਜੀ ਤੁਸੀਂ ਵੀ ਇਸ ਤਰਾਂ ਦੀ ਚੰਗੀ ਕਾਰ ਲੈ ਲਵੋI ਉਹ ਕਹਿਣ ਲਗੇ ਬੇਟਾ ਤੇਰੀ ਪਹਿਚਾਣ ਲਈ ਕਾਰ ਦੀ ਜਰੂਰਤ ਹੈI ਮੈ ਤਾਂ ਬੱਸ ਵਿੱਚ ਵੀ ਚਲਾ ਜਾਵਾਂ, ਲੋਕ ਕਹਿਣਗੇ ਦੇਖੋ ਰਾਜ ਕਪੂਰ ਖੜ੍ਹਾ ਹੈI” ਪਹਿਚਾਣ ਤੁਹਾਡਾ ਕੰਮ ਤੇ ਪ੍ਰਾਪਤੀ ਹੈ, ਨਾ  ਕੇ ਕਪੜੇ ਜਾ ਕਾਰਾਂI ਜੇਕਰ ਕਾਰ ਕਰਕੇ ਤੁਹਾਡੀ ਪਹਿਚਾਣ ਹੋਵੇ ਤਾ ਸਮਝੋ ਤੁਸੀਂ ਕੁਝ ਨਹੀਂI ਮਿਲਖਾ ਸਿੰਘ ਸਾਈਕਲ ਤੇ ਜਾਂਦੇ ਵੀ ਚੈਮਪੀਅਨ ਸਨI

ਅੱਜ ਕਲ ਸੋਸ਼ਲ ਮੀਡੀਏ ਨੇ ਬਹੁਤ ਲੋਕਾਂ ਦਾ ਧਿਆਨ ਆਪਣੇ ਵੱਲ ਖਿਚਿਆ ਹੋਇਆ ਹੈI ਇਸ ਵਿੱਚ ਚੰਗੀਆਂ ਚੀਜ਼ਾਂ ਵੀ ਹਨ, ਪਰ ਮਾੜੀਆਂ ਜਿਆਦਾ ਹਨI ਬੇਹਲੇ ਲੋਕ, ਜਿਨ੍ਹਾਂ ਨੂੰ ਪਜਾਮੇ ਵਿੱਚ ਨਾਲਾ ਪਾਉਣਾ ਇੱਕ ‘ਸਪੇਸ ਸ਼ਟਲ’ ਬਣਾਉਣ ਬਰਾਬਰ ਹੈ, ਹਰ ਕਿਸੇ ਬਾਰੇ ਬੈਠੇ ਫੇਸਬੁੱਕ ਤੇ ਟੀਕਾ-ਟਿੱਪਣੀ ਕਰ ਰਹੇ ਹਨ ਜਾ ਟਿੱਕ-ਟਾਕ ਵਿੱਚ ਰੁਝੇ ਹੋਏ ਹਨI ਜੇ ਤੁਸੀਂ ਅਜਿਹੇ ਲੋਕਾਂ ਦੇ ਕੰਮੈਂਟ ਪੜ੍ਹਦੇ ਹੋਂ ਤੇ ਪ੍ਰੇਸ਼ਾਨ ਹੁੰਦੇ ਹੋ ਤਾ ਤੁਸੀਂ ਕੋਈ ਵੱਡੀ ਮੱਲ ਨਹੀਂ ਮਾਰ ਸਕਦੇI ਜਿਹੜੇ ਲੋਕਾਂ ਨੇ ਸੋਸ਼ਲ ਮੀਡਿਆ ਛੱਡਿਆ ਹੈ, ਉਹ ਦਿਮਾਗ਼ੀ ਪ੍ਰੇਸ਼ਾਨੀ ਤੋਂ ਬਚੇ ਰਹਿੰਦੇ ਹਨI ਤੁਸੀਂ ਆਪਣੀ ਮੰਜਿਲ ਦਾ ਰਸਤਾ ਫੇਸਬੁੱਕ ਤੇ ਬੈਠੇ ਬੰਦੇ ਦੇ ਹੱਥ ਨਹੀਂ ਦੇ ਸਕਦੇI ਫੇਸਬੁੱਕ ਵਾਲੇ ਕੋਲ ਫੇਸਬੁੱਕ ਤੇ ਪੰਜ ਹਜਾਰ ਦੋਸਤ ਹਨ, ਪਰ ਜਿਓੰਦਾ ਜਾਗਦਾ ਕੋਈ ਇੱਕ ਵੀ ਨਹੀਂI ਇਹੋ ਜਿਹੇ ਕਤੂਰੇ ਹਰ ਰਾਹ ਤੇ ਟਾਉਂ-ਟਾਉਂ ਕਰਦੇ ਹਨ ਪਰ ਕਾਫਲਾ ਚਲਦਾ ਰਹਿਣਾ ਚਾਹੀਦਾ ਹੈI ਜੇਕਰ ਊਠ ਤੋਂ ਉੱਤਰ ਕੇ ਹਰ ਕਤੂਰੇ ਦੇ ਸੋਟੀ ਮਾਰਨ ਲੱਗ ਪਏ ਤਾਂ ਕਾਫਲਾ ਅੱਗੇ ਨਹੀਂ ਤੁਰ ਸਕਦਾI

ਲੀਹ ਦੇ ਫ਼ਕੀਰ ਨਾ ਬਣੋ: ਕਾਮਜ਼ਾਬ ਲੋਕ ਕਦੇ ਵੀ ਲੀਹ ਦੇ ਫ਼ਕੀਰ ਨਹੀਂ ਹੁੰਦੇI ਉਹ ਹਮੇਸ਼ਾ ਸੁਆਲ ਕਰਦੇ ਹਨI ਉਨ੍ਹਾਂ ਲਈ ਇਹ ਵਿਆਖਿਆ ਕਾਫੀ ਨਹੀਂ ਕੇ ਰਵਾਇਤ ਅਨੁਸਾਰ ਏਦਾਂ ਹੀ ਹੁੰਦਾ ਹੈI ਉਹ ਜਰੂਰ ਪੁੱਛਣਗੇ ਕੇ ਕਿਉਂ ਹੁੰਦਾ ਹੈ? ਕਿਵੇਂ ਤੇ ਕਿਉਂ ਤੋਂ ਬਿਨਾ ਤੁਸੀਂ ਅਗੇ ਨਹੀਂ ਤੁਰ ਸਕਦੇI ਤੁਹਾਡੇ ਵਿੱਚ ਲਗਨ ਹੋਣੀ ਚਾਹੀਦੀ ਹੈ ਕੀ ਪੁੱਛੋਂ ਕੇ ਇਥੇ ਕਿਵੇਂ ਆਏ ਸੀ? ਅਗੇ ਕਿਵੇਂ ਜਾਣਾ ਹੈ ਤੇ ਕਿਉਂ ਜਾਣਾ ਹੈ? “ਨਾ ਮੈਂ ਤੀਹੋ ਰੋਜ਼ੇ ਰੱਖੇ ਤੇ ਨਾ ਤਸਬਾ ਖੜਕਾਇਆ, ਨਾ ਮੈ ਗੰਗਾ ਜਮੁਨਾ ਨਾਇਆ ਨਾ ਮੈ ਹੱਜ ਮੱਕੇ ਦਾ ਪਾਇਆ”. ਬੁੱਲੇ ਸ਼ਾਹ ਨੂੰ ਵੀ ਧਾਰਮਿਕ ਪਾਖੰਡੀ ਉਹੀ ਗੱਲਾਂ ਦੱਸਦੇ ਹੋਣੇ ਹਨ, ਜੋ ਸਾਰੀ ਦੁਨੀਆ ਨੂੰ ਦੱਸਦੇ ਸਨI ਪਰ ਉਨ੍ਹਾਂ ਸੁਆਲ ਕੀਤੇ ਤੇ ਉਚਾ ਰੁਤਬਾ ਹਾਸਿਲ ਕੀਤਾI ਜੇਕਰ ਤੁਸੀਂ ਸੁਆਲ ਨਾ ਕਰੋਗੇ ਤਾਂ ਭੇਡਾਂ ਦੀ ਕਤਾਰ ਵਿੱਚ ਹੋਵੋਗੇI ਲੀਹ ਦੇ ਫਕੀਰ ਬਹੁਤ ਸਮਾਂ ਭਾਰਾ ਸਮਾਨ ਆਪਣੇ ਮੋਢਿਆ ਤੇ ਚੁੱਕਦੇ ਰਹੇ ਪਰ ਕਿਸੇ ਨੇ ਇਸਦੇ ਉਲਟ ਸੋਚਿਆ ਕੇ ਕੋਈ ਤਰੀਕਾ ਲੱਭਿਆ ਜਾਵੇ ਕੇ ਸਮਾਨ ਚੁੱਕਣਾ ਅਸਾਨ ਹੋਵੇ ਅਜਿਹੀ ਸੋਚ ਨੇ ਪਹੀਏ ਦੀ ਕਾਢ ਕੱਢੀI

ਜੇਕਰ ਤੁਸੀਂ ਕੁਝ ਨਵਾਂ ਬਣਾਉਣਾ ਚਾਹੋੰਦੇ ਹੋ ਤਾਂ ਪੁਰਾਣੇ ਤੇ ਸੁਆਲ ਕਰੋI ਇਸ ਨਾਲ ਇੱਕ ਸੋਚ ਦਾ ਜਨਮ ਹੋਵੇਗਾ, ਜੋ ਹੋਰਨਾਂ ਤਰੀਕਿਆਂ ਤੇ ਵੀ ਗੋਰ ਕਰੇਗੀI ਆਇਨਸਟਾਈਨ ਕਹਿੰਦਾ ਸੀ ਕੇ ਮੂਰਖਤਾ ਉਹ ਹੁੰਦੀ ਹੈ ਕਿਸੇ ਚੀਜ ਨੂੰ ਵਾਰ ਵਾਰ ਇੱਕ ਢੰਗ ਨਾਲ ਕਰਨਾ ਤੇ ਹਰ ਵਾਰ ਆਸ ਰੱਖਣੀ ਕੇ ਨਤੀਜਾ ਵੱਖਰਾ ਹੋਵੇਗਾI ਜੇਕਰ ਤੁਸੀਂ ਕੁਝ ਨਵਾਂ ਨਹੀਂ ਕਰੋਗੇ ਤਾਂ ਕਾਮਜ਼ਾਬ ਨਹੀਂ ਹੋਵੋਗੇI ਪੁਰਾਣੇ ਤਰੀਕਿਆਂ ਨਾਲ ਕਰਨ ਲਈ ਅੱਸੀ ਫੀਸਦੀ ਜਨਤਾ ਬੈਠੀ ਹੈI ਜੇਕਰ ਤੁਸੀਂ ਉਨ੍ਹਾਂ ਨਾਲ ਮੁਕਾਬਲਾ ਕਰੋਗੇ ਤਾਂ ਉਨ੍ਹਾਂ ਤੁਹਾਨੂੰ ਆਪਣੀ ਮੂਰਖਤਾ ਨਾਲ ਬੁਰੀ ਤਰਾਂ ਮਾਰਨਾ ਹੈI ਉਨ੍ਹਾਂ ਪੁਰਾਣੇ ਤੌਰ ਤਰੀਕਿਆਂ ਦੇ ਆਲੇ ਦੁਆਲੇ ਇੱਕ ਲਖਸ਼ਮਨ ਰੇਖਾ ਬਣਾਈ ਹੋਈ ਹੈ, ਜਿਸ ਬਕਸੇ ਤੋਂ ਬਾਹਰ ਨਿਕਲਣ ਲਗੇ ਉਹ ਡਰਦੇ ਹਨI ਇਸ ਕਰਕੇ ਉਨ੍ਹਾਂ ਕਦੇ ਵੀ ਕਾਮਜਾਬੀ ਦਾ ਮੂੰਹ ਨਹੀਂ ਦੇਖਣਾI ਇਸਨੂੰ ਰਵਾਇਤ ਦਾ ਨਾਮ ਦੇ ਕੇ ਉਨ੍ਹਾਂ ਆਪਣੇ ਪੈਰਾਂ ਨੂੰ ਬੇੜੀਆਂ ਬੁੰਨ੍ਹੀਆਂ ਹੋਇਆ ਹਨI ਤੁਸੀਂ ਇਹ ਬੇੜੀਆਂ ਤੋੜ ਕੇ ਹੀ ਕਾਮਜ਼ਾਬ ਹੋ ਸਕਦੇ ਹੋI

ਬੇੜੀਆਂ ਤੋੜਨ ਲਈ ਦਿਮਾਗ ਦੀ ਲੋੜ ਹੈ, ਮਸਲ ਪਾਵਰ ਦੀ ਨਹੀਂI ਜਰਮਨ ਜਰਨੈਲ ਹੇਮਰਸਟੀਨ ਕਹਿੰਦਾ ਸੀ ਕੇ ਆਰਮੀ ਅਫਸਰ ਚਾਰ ਤਰਾਂ ਦੇ ਹੁੰਦੇ ਹਨI ਪਹਿਲੇ ਬਿਲਕੁਲ ਬਦਦਿਮਾਗ, ਜੋ ਭਾਰੀ-ਬੁਹਗਿਣਤੀ ਵਿਚ ਹਨI ਉਨ੍ਹਾਂ ਨੇ ਕਿਸੇ ਚੀਜ਼ ਨੂੰ ਸਵਾਲ ਨਹੀਂ ਕਰਨਾ, ਜਿਵੇਂ ਪਹਿਲੇ ਕਰਦੇ ਸਨ ਉਵੀ ਕਰੀ ਜਾਣਾI ਜਾਣੀ ਲੀਹ ਦੇ ਫਕੀਰI ਦੂਸਰੇ ਕਿਸਮ ਦੇ ਬੜੇ ‘ਐਨਰਜੇਟਿਕ’ ਪਰ ਬੇਵਕੂਫI ਇਹ ਆਰਮੀ ਲਈ ਬੜੇ ਘਾਤਕ ਸਿੱਧ ਹੁੰਦੇ ਹਨI ਜਿੰਨੀਆਂ ਵੀ ਗਲਤੀਆਂ ਹੋ ਸਕਦੀਆਂ ਹਨ ਕਰਨਗੇI ਤੀਸਰੀ ਕਿਸਮ ਹੈ ਦਿਮਾਗੀ ਅਫਸਰਾਂ ਦੀ ਜੋ ਬੜੇ ਅੱਛੇ ਸਟਾਫ ਅਫਸਰ ਬਣਦੇ ਹਨI ਹਰ ਕੰਮ ਬੜੀ ਬਰੀਕੀ ਨਾਲ ਕਰਨਗੇI ਚੋਥੇ ਹਨ ਆਲਸੀ ਪਰ ਦਿਮਾਗੀI ਇਹ ਜਰਨੈਲ ਬਣਦੇ ਹਨ, ਕਿਓੰਕੇ ਇਕ ਆਲਸੀ ਬੰਦਾ ਘੱਟ ਤੋਂ ਘੱਟ ਕੰਮ ਕਰਕੇ ਆਪਣੀ ਮੰਜਿਲ ਤੇ ਪਹੁੰਚਣਾ ਚਾਹੋੰਦਾ ਹੈI ਇਹ ਆਲਸੀ ਅਫਸਰ ਦਿਮਾਗੀ ਹਨ, ਇਸ ਕਰਕੇ ਕੋਈ ਤਰੀਕਾ ਕਢ ਲੈਂਦੇ ਹਨI

ਕਿਥੋਂ ਆਏ ਸੀ, ਕਿਥੇ ਜਾਣਾ ਹੈ: ਹਰ ਕਾਮਜਾਬ ਵਿਅਕਤੀ ਇਹ ਜਾਣਦਾ ਹੈ ਕੇ ਕਿਥੋਂ ਤੁਰਿਆ ਸੀ ਤੇ ਕਿਥੇ ਪਹੁੰਚਣਾ ਹੈ? ਅਕਸਰ ਇਤਿਹਾਸਕਰ ਕਹਿੰਦੇ ਹਨ ਕੇ ਅਗਰ ਅਸੀਂ ਇਹ ਨਹੀਂ ਜਾਣਦੇ ਕੇ ਸਾਡੇ ਨਾਲ ਪਿਛੋਕੜ ਵਿਚ ਕੀ ਹੋਇਆ, ਅਸੀਂ ਉਹ ਗਲਤੀਆਂ ਵਾਰ ਵਾਰ ਦੁਹਰਾਵਾਂਗੇI ਪੰਜਾਬੀ ਦੀ ਕਹਾਵਤ ਹੈ ਕੇ ਜੇ ਅਸੀਂ ਆਪਣੀਆਂ ਗਲਤੀਆਂ ਤੋਂ ਨਹੀਂ ਸਿੱਖਦੇ ਤਾਂ ਵਾਰ ਵਾਰ ਇਕੋ ਟੋਏ ਵਿਚ ਗਿਰਾਂਗੇI ਜਿਸ ਵਿਅਕਤੀ ਨੂੰ ਇਹ ਨਾ ਪਤਾ ਹੋਵੇ ਕੇ ਕਿਥੋਂ ਆਇਆ ਹੈ? ਉਸਨੂੰ ਇਹ ਵੀ ਨਹੀਂ ਪਤਾ ਹੁੰਦਾ ਕੀ ਕਿਥੇ ਜਾਣਾ ਹੈ?

ਸਾਰੇ ਵਿਅਕਤੀ ਇਕ ‘ਸਟਾਰਟਿੰਗ ਪੁਆਇੰਟ’ ਤੋਂ ਸ਼ੁਰੂ ਨਹੀਂ ਕਰਦੇI ਸੌ ਮੀਟਰ ਦੀ ਦੌੜ ਵਿਚ ਕੋਈ ਨੜੇਨਵੇਂ ਮੀਟਰ ਤੇ ਖੜ੍ਹਾ ਹੈ, ਤੇ ਕੋਈ ‘ਸਟਾਰਟਿੰਗ ਪੁਆਇੰਟ’ ਤੋਂ ਹਜ਼ਾਰ ਮੀਟਰ ਪਿੱਛੇ ਖੜ੍ਹਾ ਹੈI ਹਰ ਵਿਅਕਤੀ ਦੇ ਆਪਣੇ ਹਾਲਾਤ ਹਨ ਤੇ ਪਰਿਵਾਰਕ ਪਿਛੋਖੜ  ਵੱਖਰਾ ਹੈI ਬਿੱਲ ਗੇਟਸ ਦੇ ਬੇਟੇ ਨੂੰ ਜਿਸ ਜਗਾ ਪਹੁੰਚਣ ਲਈ ਦੋ ਕਦਮਾਂ ਦੀ ਲੋੜ ਹੈ, ਉਥੇ ਕਿਸੇ ਹੋਰ ਨੂੰ ਮੀਲਾਂ ਚਲ ਕੇ ਪਹੁੰਚਣਾ ਪਵੇਗਾI ਇਸ ਲਈ ਇਹ ਜਰੂਰੀ ਹੈ ਕੀ ਤੁਸੀਂ ਇਹ ਨਾ ਭੁਲੋ ਕੀ ਕਿਥੋਂ ਸ਼ੁਰੂ ਹੋਏ ਸੀ? ਤੇ ਕਿਥੇ ਜਾਣਾ ਹੈ? ਤੁਸੀਂ ਆਪਣਾ ਮੁਕਾਬਲਾ ਆਪਣੇ ਬਰਾਬਰ ਦਿਆਂ ਨਾਲ ਕਰੋ, ਨਾ ਕੇ ਬਿਲਕੁਲ ਟੀਸੀ ਤੇ ਬੈਠੇ ਬੰਦਿਆਂ ਨਾਲI ਪੰਜਾਬੀ ਵਿਚ ਕਹਿੰਦੇ ਹਨ ਕੇ ਚਾਦਰ ਦੇਖ ਕੇ ਪੈਰ ਪਸਾਰੋI ਤੁਸੀਂ ਰੀਸ ਆਇਨਸਟਾਈਨ ਜਾਂ ਵਾਰਨ ਬਫੇ ਦੀ ਕਰੋਗੇ ਤਾਂ ਨਿਰਾਸ਼ ਹੋ ਜਾਓਂਗੇI ਹਾਂ ਆਪਣੇ ਬਰਾਬਰ ਦਿਆਂ ਦੀ ਰੀਸ ਕਰੋਗੇ ਤਾ ਹੌਸਲਾ ਮਿਲੇਗਾI ਹੋ ਸਕਦਾ ਹੈ ਤੁਸੀਂ ਵੀ ਇਕ ਦਿਨ ਆਇਨਸਟਾਈਨ ਜਾਂ ਵਾਰਨ ਬਫੇ ਬਣ ਜਾਓਂ ਪਰ ਪਹਾੜ ਦੀ ਟੀਸੀ ਤੇ ਪਹੁੰਚਣ ਲਈ ਥੱਲੇ ਤੋਂ ਸ਼ੁਰੂ ਕਰਨਾ ਪੈਣਾ ਹੈI 

ਇਹ ਜਾਨਣਾ ਜਰੂਰੀ ਹੈ ਕੇ ਮੈਂ ਕਿਥੋਂ ਸ਼ੁਰੂ ਕੀਤਾ ਤੇ ਕਿਹੜੀਆਂ ‘ਸਟੇਜਾਂ’ ਵਿਚੋਂ ਲੱਗ ਕੇ ਕਿਥੇ ਪਹੁੰਚਣਾ ਹੈ? ਜੇਕਰ ਤੁਹਾਡੀ ਖਾਹਿਸ਼ ਪਹਿਲੇ ਕਦਮ ਤੋਂ ਬਾਅਦ ਦੂਸਰੇ ਕਦਮ ਨਾਲ ਦਸ ਮੀਲ ਪਹੁੰਚਣ ਦੀ ਹੈ ਤਾਂ ਤੁਸੀਂ ਅਸਲੀਅਤ ਤੋਂ ਬਹੁਤ ਦੂਰ ਹੋਂI ਇੰਝ ਨਹੀਂ ਹੁੰਦਾ, ਹਾਂ ਤੁਸੀਂ ਅਗੇ ਵਲ ਵਧਦੇ ਜਾਓਂਗੇ ਤਾਂ ਮੰਜਿਲ ਤੇ ਜਰੂਰ ਪਹੂੰਚੋਗੇI ਟੀਚੇ ਨਾ ਗੈਰ-ਅਸਲੀਅਤ ਵਾਲੇ ਹੋਣ ਤੇ ਨਾ ਹੀ ਨਿਰਾਸ਼ਾ ਵਾਲੇI ਕਾਹਲੀ ਅਗੇ ਟੋਏ ਦਾ ਮਤਲਬ ਹੀ ਹੈ ਕੇ ਆਪਣੀ ਕਾਮਜਾਬੀ ਦੇ ਰਾਹ ਪਲਾਨ ਨਾਲ ਸੰਭਲ ਕੇ ਤੁਰੋਗੇ ਤਾ ਕਾਮਜਾਬੀ ਜਰੂਰ ਮਿਲੇਗੀ, ਪਰ ‘ਸ਼ਾਰਟ-ਕ੍ਟ੍ਸ’ ਨਾਲ ਨਹੀਂI ਬੰਦੇ ਨੂੰ ਕਿਸੇ ਵੀ ਸਟੇਜ ਤੇ ਆਪਣੀ ਉਕਾਤ ਨਹੀਂ ਭੁਲਣੀ ਚਾਹੀਦੀI ਗਰੀਕ ਲਿਖਾਰੀ ਥੁਸੀਡਡਿਸ ਕਹਿੰਦਾ ਹੈ ਕੇ “ਤਕੜਾ ਉਹ ਕਰਦਾ ਹੈ ਜੋ ਕਰ ਸਕਦਾ ਹੈ, ਮਾੜਾ ਉਹ ਝੱਲਦਾ ਹੈ ਜੋ ਝੱਲਣਾ ਪੈਂਦਾ ਹੈI” ਕਿਥੋਂ ਸ਼ੁਰੂ ਕੀਤਾ ਸੀ ਕਿਥੇ ਪਹੁੰਚਣਾ ਹੈ? ਅਸਲੀਅਤ ਕਦੀ ਨਾ ਭੁਲੋI

ਸਮਝੌਤੇ ਦੀ ਕਲਾ: ਸਮਝੌਤਾ ਕਰਨਾ ਇਕ ‘ਡਿਪਲੋਮੈਟਿਕ’ ਯੋਗਤਾ ਹੈ, ਜੋ ਕਾਮਜਾਬ ਲੋਕ ਰੱਖਦੇ ਹਨI ਕਈ ਵਾਰ ਤੁਸੀਂ ਚਾਹੁੰਦੇ ਹੋ ਕੇ ਦੂਸਰੇ ਲੋਕ ਤੁਹਾਡੇ ਨਾਲ ਸਮਝੌਤਾ ਕਰਨ ਤੇ ਕਈ ਵਾਰ ਤੁਹਾਨੂੰ ਮਜਬੂਰਨ ਸਮਝੌਤਾ ਕਰਨਾ ਪੈਂਦਾ ਹੈI ਇਹ ਇਕ ਹਾਰ ਨਹੀਂ, ਸਗੋਂ ਇਕ ਦਾਅ-ਪੇਚ ਹੈ ਜੋ ਅਗੇ ਵਧਣ ਲਈ ਜਰੂਰੀ ਹੈI ਇਹ ਜਰੂਰੀ ਨਹੀਂ ਕੇ ਹਰ ਸਮਜੋਤੇ ਵਿਚ ਤੁਹਾਨੂੰ ਬਰਾਬਰ ਦਾ ਫਾਇਦਾ ਹੋਵੇ, ਹੋ ਸਕਦਾ ਹੈ ਕੇ ਕਈ ਵਾਰ ਜਿਆਦਾ ਫਾਇਦਾ ਹੋਵੇ ਤੇ ਕਈ ਵਾਰ ਘੱਟI ਸਮਝੌਤਾ ਕਰਨਾ ਵੀ ਇਕ ਕਲਾ ਹੈI ਮਹਾਰਾਜਾ ਰਣਜੀਤ ਸਿੰਘ ਵਾਰੇ ਇਕ ਬ੍ਰਿਟਿਸ਼ ਲੇਖਕ ਲਿਖਦਾ ਹੈ ਕੇ “ਇਸ ਅਨਪੜ ਰਾਜੇ ਨੇ ਸਾਡੇ ਪੜ੍ਹੇ-ਲਿਖੇ ਡਿਪਲੋਮੈਟਸ ਦੇ ਦਿਮਾਗ਼ ਘੁਮਾ ਕੇ ਰੱਖ ਦਿਤੇI” ਮਹਾਰਾਜੇ ਨੇ ਇਹ ਯੋਗਤਾ ਤਜਰਬੇ ਤੋਂ ਹਾਸਿਲ ਕੀਤੀ ਸੀI ਕਈ ਵਾਰ ਬਚਣ ਲਈ ਸਮਝੌਤਾ ਕਰਨਾ ਪੈਂਦਾ ਹੈI ਜੇਕਰ ਤੁਸੀਂ ਜਾਂ ਤੁਹਾਡਾ ਬਿਜ਼ਨੈੱਸ ਹੀ ਨਾ ਰਹੇ ਤਾਂ ਅਗੇ ਕੀ ਵਧਣਾ ਹੈI ਮਿਸਾਲ ਦੇ ਤੋਰ ਤੇ ਤੁਹਾਡੇ ਸਟੋਰ ਵਿਚ ਕੁਝ ਬੰਦੂਕਧਾਰੀ ਆਓਂਦੇ ਤੇ ਪੈਸੇ ਮੰਗਦੇ ਹਨI ਬਚਣ ਲਈ ਊਨਾ ਨੂੰ ਪੈਸੇ ਦੇਣ ਵਿਚ ਹੀ ਭਲਾ ਹੈI ਇਹ ਹਾਰ ਨਹੀਂ, ਇਹ ਵੀ ਇਕ ਸਮਝੌਤਾ ਹੈ ਜੋ ਤੁਸੀਂ ਆਪਣੀ ਜਾਨ ਬਚਾਉਣ ਲਈ ਕੀਤਾ ਹੈI

ਅਕਸਰ ਸਮਝੌਤੇ ਥੋੜੇ ਫਾਇਦੇ ਜਾਂ ਥੋੜੇ ਨੁਕਸਾਨ ਵਾਲੇ ਹੁੰਦੇ ਹਨI ਤੁਸੀਂ ਇਕ ‘ਜ਼ੀਰੋ-ਸਮ’ ਰਵਈਆ ਨਹੀਂ ਆਪਣਾ ਸਕਦੇ, ਜਿਸਦਾ ਮਤਲਬ ਹੈ ਕੇ ਸਮਝੌਤੇ ਵਿਚ ਇਕ ਧਿਰ ਨੂੰ ਸੌ ਫੀਸਦੀ ਫਾਇਦਾ ਹੈ ਤੇ ਦੂਸਰੀ ਨੂੰ ਸੌ ਫੀਸਦੀ ਨੁਕਸਾਨI ਸਮਝੌਤੇ ਅਕਸਰ ‘ਵੇਰੀਏਬਲ-ਸਮ’ ਹੁੰਦੇ ਹਨ, ਜਾਣੀ ਦੋਹਾਂ ਧਿਰਾਂ ਨੂੰ ਫਾਇਦੇ ਵਾਲੇI ਹਾਂ ਹੋ ਸਕਦਾ ਹੈ ਕੇ ਇਕ ਧਿਰ ਨੂੰ ਚਾਲੀ ਫੀਸਦੀ ਤੇ ਦੂਸਰੀ ਧਿਰ ਨੂੰ ਸੱਠ ਫੀਸਦੀ ਫਾਇਦਾ ਹੋਵੇ ਪਰ ਫਾਇਦੇ ਵਿਚ ਦੋਵੇਂ ਧਿਰਾਂ ਹਨI ਇਹ ਤੁਹਾਡੀ ਕਲਾ ਹੈ ਕੇ ਸਮਝੌਤਾ ਕਿਸ ਵਕਤ, ਕਿੰਝ ਕਰਦੇ ਹੋਂ? ਅਕਸਰ ਵਕਤ ਸਿਰ ਕੀਤਾ ਸਮਝੌਤਾ ਫਾਇਦੇਮੰਦ ਰਹਿੰਦਾ ਹੈ- ਵਕਤੋਂ ਖੂੰਜੀ ਡੂਮਣੀ ਤੇ ਗਾਵੈ ਆਲ-ਪਤਾਲI ਮੌਕੇ ਦੀ ਸ਼ਨਾਖਤ ਕਰਨੀ ਵੀ ਇਕ ਕਲਾ ਹੈI ਤੁਹਾਡੇ ਬਿਜ਼ਨੈੱਸ ਪਾਰਟਨਰ ਨੂੰ ਕੁਝ ਵਕਤੀ ਮਜਬੂਰੀਆਂ ਕਾਰਨ ਉਹ ਆਪਣਾ ਹਿੱਸਾ ਵੇਚਣ ਦੀ ਪੇਸ਼ਕਸ਼ ਕਰਦਾ ਹੈI ਇਨ੍ਹਾਂ ਹਾਲਾਤਾਂ ਵਿਚ ਤੁਹਾਡੇ ਕੋਲ ਬਹੁਤ ‘ਆਪਸ਼ਨ’ ਹਨI ਜੇਕਰ ਤੁਸੀਂ ਊਨਾ ਦਾ ਸਹੀ ਇਸਤੇਮਾਲ ਨਾ ਕੀਤਾ ਤਾਂ ਹੋ ਸਕਦਾ ਹੈ ਕੇ ਇਕ ਦਿਨ ਤੁਹਾਡੇ ਹਾਲਤ ਸਿਹਜੋਗੀ ਤੋਂ ਵੀ ਵੱਧ ਮਾੜੇ ਹੋਨI

ਡਿਪਲੋਮੈਟਿਕ ਸਕਿੱਲ ਕਿਸੇ ਵੀ ਸਮੇਂ ਵਰਤਮਾਨ ਤੇ ਭਵਿੱਖ ਦਾ ਪੁਲ ਹੁੰਦੀ ਹੈI ਜਿਹੜਾ ਵਿਅਕਤੀ ਅੱਜ ਮਜਬੂਰਨ ਤੁਹਾਡੇ ਨਾਲ ਸਮਝੌਤਾ ਕਰਨ ਲਈ ਤਿਆਰ ਹੈ, ਉਹੀ ਵਿਅਕਤੀ ਕੱਲ ਤੁਹਾਡੇ ਭਵਿੱਖ ਦੀ ਚਾਬੀ ਵੀ ਹੋ ਸਕਦਾ ਹੈI ਇਹ ਜਾਨਣਾ ਜਰੂਰੀ ਹੈ ਕੇ ਉਹ ਕਿਹੜੀਆਂ ਚੀਜਾਂ ਹਨ, ਜੋ ਪੁਲ ਮਜਬੂਤ ਬਣਾਈ ਰੱਖਣ? ਕਿਹੜੀਆਂ ਚੀਜ਼ਾਂ ਮੈਂ ਸਮਝੌਤੇ ਵਿਚ ਦੇ ਸਕਦਾ ਹਾਂ ਜਿਸ ਨਾਲ ਮੇਰਾ ਘੱਟ ਤੋਂ ਘੱਟ ਨੁਕਸਾਨ ਹੋਵੇ ਤੇ ਕਿਹੜੀਆਂ ਚੀਜਾਂ ਨਾਲ ਮੈਨੂੰ ਫਾਇਦਾ ਹੋ ਸਕਦਾ ਹੈ? ਇਹ ਸਬ ਕੁਝ ਸੋਚਣ ਤੋਂ ਪਹਿਲਾਂ ਤੁਹਾਨੂੰ ਆਪਣੇ ਆਪ ਨਾਲ ਸਮਝੌਤਾ ਕਰਨਾ ਪਵੇਗਾ ਕੀ ਹਉਮੈ ਕਿਵੇਂ ਛੱਡਣੀ ਹੈ? ਆਰਮੀ ਦਾ ਇਕ ਵੱਡਾ ਅਫਸਰ ਅਕਸਰ ਰਟਦਾ ਸੀ “ਬੰਦਿਆ ਨੀਵਾਂ ਹੋ ਕੇ ਚੱਲ”. ਉਹ ਕਹਿੰਦਾ ਕੇ ਵੱਡੇ ਅਹੁਦਿਆਂ ਨਾਲ ਜਿਆਦਾ ਆਕੜ ਆ ਜਾਂਦੀ ਹੈ, ਜੋ ਖਤਰਨਾਕ ਸਿੱਧ ਹੋ ਸਕਦੀ ਹੈI ਸਮਝੌਤਾ ਕਰਨ ਲਈ ਕਈ ਵਾਰ ਨੀਵੇ ਹੋ ਕੇ ਚਲਣਾ ਹੀ ਪੈਂਦਾ ਹੈI

ਹਮੇਸ਼ਾ ਸਿੱਖੋ: ਕਾਮਜਾਬ ਲੋਕ ਸਿੱਖਣ ਦੀ ਪ੍ਰੀਕਿਰਿਆ ਉਮਰ ਭਰ ਯਾਰੀ ਰੱਖਦੇ ਹਨI ਤੁਸੀਂ ਆਪਣੀ ‘ਪ੍ਰੋਫੈਸ਼ਨਲ’ ਪੜ੍ਹਾਈ ਵਿਚ ਵੀ ਜੋ ਸਿਖਿਆ ਹੈ, ਉਸਦੀ ਅਸਲੀ ਸਿਖਿਆ ਤਜਰਬੇ ਵਿਚੋਂ ਆਓਂਦੀ ਹੈI ਕਾਮਜਾਬ ਲੋਕ ਥੋੜੇ ਥੋੜੇ ਅਰਸੇ ਬਾਅਦ ਆਪਣੇ ਪਰਿਵਾਰ ਵਿਚ ਛੁੱਟੀ ਲੈ ਕੇ ਬੈਠਦੇ ਹਨ ਤੇ ਆਪਣੀ ‘ਪ੍ਰੋਫੈਸ਼ਨਲ-ਬਿਜ਼ਨਸ’ ਜਿੰਦਗੀ ਦਾ ਲੇਖਾ-ਜੋਖਾ ਕਰਦੇ ਹਨI ਇਹ ਅਰਸਾ ਕਈ ਬੰਦਿਆਂ ਲਈ ਹੋ ਸਕਦਾ ਤਿੰਨ ਮਹੀਨੇ ਹੋਵੇ, ਕਈਆਂ ਲਈ ਛੇ ਮਹੀਨੇ ਜਾਂ ਸਾਲ ਹੋਵੇI

ਸਭ ਤੋਂ ਪਹਿਲਾਂ ਹੈ ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤI ਜੇਕਰ ਤੁਹਾਡੀ ਸਿਹਤ ਠੀਕ ਨਹੀਂ ਤਾਂ ਕੁਝ ਵੀ ਹਾਸਿਲ ਕਰਨਾ ਮੁਸ਼ਕਿਲ ਹੈI ਇਸ ਲਈ ਪਹਿਲਾਂ ਆਪਣੀ ਸਿਹਤ, ਫਿਰ ਪਰਿਵਾਰ ਦੀ ਸੁਖ-ਸਾਂਦ ਤੇ ਫਿਰ ਸਮਾਜ ਦੇ ਭਲੇ ਲਈ ਜੋ ਵੀ ਹੋ ਸਕਦਾ ਹੈ ਕਰੋI ਅਰਸਤੂ ਕਹਿੰਦਾ ਸੀ ਕੇ ਜੋ ਮਨੁੱਖ ਸਮਾਜ ਵਿਚ ਨਹੀਂ ਰਹਿੰਦਾ ਉਹ ਦੇਵਤਾ ਜਾਂ ਪਸ਼ੂ ਹੈI ਹੁਣ ਮੋਨੋਵਿਗਾਨੀ ਦੱਸਦੇ ਹਨ ਕੀ ਪਸ਼ੂ ਵੀ ਇਕੱਠੇ ਰਹਿਣਾ ਚਾਹੋੰਦੇ ਹਨI ਜੇਕਰ ਸਮਾਜ ਸੁਖ ਸ਼ਾਂਤੀ ਨਾਲ ਤਰੱਕੀ ਨਹੀਂ ਕਰ ਰਿਹਾ ਤਾਂ ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਵੀ ਖੈਰ ਨਹੀਂI ਤੁਸੀਂ ਥੋੜੇ ਥੋੜੇ ਅਰਸੇ ਬਾਅਦ ਲੇਖਾ ਜੋਖਾ ਕਰੋ ਕੇ ਜੋ ਮੈਂ ਕਰ ਰਿਹਾ ਹਾਂ ਇਸ ਨਾਲ ਕੀ ਮੇਰੀ ਆਤਮਾ ਖੁਸ਼ ਹੈ? ਕੀ ਮੇਰਾ ਪਰਿਵਾਰ ਖੁਸ਼ ਹੈ? ਕੀ ਮੈਂ ਸਮਾਜ ਨੂੰ ਕੋਈ ਦੁੱਖ ਤਾਂ ਨਹੀਂ ਪਹੁੰਚਾ ਰਿਹਾ? ਫਿਰ ਸੋਚਣ ਦੀ ਲੋੜ ਹੈ ਮੈਂ ਕੀ ਠੀਕ ਕਰ ਰਿਹਾ ਹਾਂ ਤੇ ਕੀ ਗਲਤ ਕਰ ਰਿਹਾ ਹਾਂ? ਕੀ ਸਬ ਕੁਸ਼ ਮੇਰੀ ਆਸ ਤੇ ਪਲਾਨ ਅਨੁਸਾਰ ਹੋ ਰਿਹਾ ਹੈ? ਮੈਂ ਕਿਸ ਦਿਸ਼ਾ ਵਿਚ ਜਾ ਰਿਹਾ ਹਾਂ?

ਤੁਹਾਡੀ ਘਰੇਲੂ ਜਿੰਦਗੀ ਤੁਹਾਡੀ ‘ਪ੍ਰੋਫੈਸ਼ਨਲ-ਬਿਜ਼ਨਸ’ ਜਿੰਦਗੀ ਤੋਂ ਵੱਖ ਨਹੀਂI ਇਨਾ ਦਾ ਤਾਲ-ਮੇਲ ਹੋਣਾ ਬਹੁਤ ਜਰੂਰੀ ਹੈI ਸਮਾਜਿਕ ਪ੍ਰਾਣੀ ਦੀ ਘਰੇਲੂ ਤੇ ਸਮਾਜਿਕ ਜਿੰਦਗੀ ਵਿਚ ਵੀ ਤਾਲ-ਮੇਲ ਦੀ ਜਰੂਰਤ ਹੈI ਇਸ ਵਿਚ ਸਾਡੀ ਆਤਮਾ ਨੂੰ ਖੁਸ਼ੀ ਮਿਲਦੀ ਹੈI ਆਤਮਾ ਖੁਸ਼ ਹੋਣ ਨਾਲ ਅੱਗੇ ਵਧਣਾ ਸੌਖਾ ਹੈI ਇਹ ਸਬਕ ਜਿੰਦਗੀ ਜਿਉਣ ਲਈ ਬਹੁਤ ਅਹਿਮ ਹਨI ਜਿੰਦਗੀ ਇਕ ਛੋਟੀ ਤੇ ਗੈਰ-ਸਥਾਈ ਹੈ, ਇਸ ਨੂੰ ਸਥਾਈ ਬਣਾਉਣ ਲਈ ਜਿੰਦਗੀ ਭਰ ਦੁੱਖ ਨਾ ਝੱਲੋI ਸ਼ਾਇਦ ਇਹ ਕਾਮਜਾਬੀ ਦਾ ਸਭ ਤੋਂ ਵੱਡਾ ਸਬਕ ਹੈI

Show More

Related Articles

Leave a Reply

Your email address will not be published. Required fields are marked *

Back to top button
Translate »