ਲਾਹ ਤੇ ਉਲਾਂਭੇ: ਵੀਜ਼ੇ ’ਤੇ ਵੀਜ਼ਾ ਠਾਹ ਵੀਜ਼ਾ
ਕੋਵਿਡ ਤੋਂ ਬਾਅਦ ਇਮੀਗ੍ਰੇਸ਼ਨ ਨੇ ਦਿੱਤੇ ਲਗਪਗ 10 ਲੱਖ ਵਿਜ਼ਟਰ ਵੀਜ਼ੇ-114,000 ਅਰਜ਼ੀਆਂ ਰੱਦ
-ਹਰਜਿੰਦਰ ਸਿੰਘ ਬਸਿਆਲਾ-ਔਕਲੈਂਡ, 27 ਸਤੰਬਰ
ਇਮੀਗ੍ਰੇਸ਼ਨ ਨਿਊਜ਼ੀਲੈਂਡ ਸਰਕਾਰ ਨੇ ਕੋਵਿਡ ਖਤਮ ਹੋਣ ਤੋਂ ਬਾਅਦ ਦੁਬਾਰਾ ਸਰਹੱਦਾਂ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਲਗਪਗ 10 ਲੱਖ ਵਿਜ਼ਟਰ ਵੀਜੇ ਜਾਰੀ ਕਰਕੇ ਲੇਟ ਕੰਮ ਕਰਨ ਵਾਲੇ ਸਾਰੇ ਉਲਾਂਭੇ ਲਾਹ ਦਿੱਤੇ ਹਨ।
ਇਸ ਦੌਰਾਨ 114,00 ਅਰਜ਼ੀਆਂ ਨੂੰ ਰੱਦ ਵੀ ਕੀਤਾ ਗਿਆ। ਦੇਸ਼ ਦੇ ਬਾਰਡਰ 31 ਜੁਲਾਈ 2022 ਨੂੰ ਖੁੱਲ੍ਹੇ ਸਨ। 2024 ਵਿੱਚ ਵਿਜ਼ਟਰ ਵੀਜ਼ਾ ਅਰਜ਼ੀ ਦਾ ਫੈਸਲਾ ਕਰਨ ਲਈ ਔਸਤ ਸਮਾਂ ਸੱਤ ਕੰਮਕਾਜੀ ਦਿਨ ਰਿਹਾ ਹੈ।
ਨਿਊਜ਼ੀਲੈਂਡ ਆਉਣ ਦੇ ਚਾਹਵਾਨ ਲੋਕਾਂ ਦੀ ਮੰਗ ਬਹੁਤ ਜਿਆਦਾ ਹੈ। 2024 ਵਿੱਚ ਲਗਭਗ 350,000 ਵਿਜ਼ਟਰ ਵੀਜ਼ੇ ਹੁਣ ਤੱਕ ਮਨਜ਼ੂਰ ਕੀਤੇ ਜਾ ਚੁੱਕੇ ਹਨ। ਕੋਈ ਵੀ ਵਿਅਕਤੀ ਜੋ ਨਿਊਜ਼ੀਲੈਂਡ ਵਿੱਚ ਕ੍ਰਿਸਮਿਸ ਬਿਤਾਉਣਾ ਚਾਹੁੰਦਾ ਹੈ, ਆਪਣੀ ਵਿਜ਼ਟਰ ਵੀਜ਼ਾ ਅਰਜ਼ੀ 15 ਅਕਤੂਬਰ 2024 ਤੋਂ ਪਹਿਲਾਂ ਜਮ੍ਹਾ ਕਰਵਾ ਸਕਦਾ ਹੈ। ਜਿਹੜੇ ਲੋਕ ਨਿਊਜ਼ੀਲੈਂਡ ਵਿੱਚ ਚਾਈਨੀਜ਼ ਨਵੇਂ ਸਾਲ ਸਮੇਤ, ਨਵੇਂ ਸਾਲ ਦੀ ਸ਼ੁਰੂਆਤ ਕਰਨ ਦੀ ਇਥੇ ਉਮੀਦ ਰੱਖਦੇ ਹਨ, ਉਨ੍ਹਾਂ ਨੂੰ 15 ਨਵੰਬਰ, 2024 ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਸਿਫਾਰਸ਼ ਕੀਤੀ ਗਈ ਹੈ