ਧਰਮ-ਕਰਮ ਦੀ ਗੱਲ

ਮੇਰੇ ਅੰਮ੍ਰਿਤ ਛਕਣ ਦੇ ਪ੍ਰੇਰਨਾ-ਸਰੋਤ – ਜਸਵਿੰਦਰ ਸਿੰਘ ਰੁਪਾਲ



ਗੁਰਸਿੱਖੀ ਨਾਲ ਪਿਆਰ ਰੱਖਣ ਵਾਲੇ, ਗੁਰਬਾਣੀ ਪੜ੍ਹਨ ਵਾਲੇ, ਸ਼ਰਧਾਲੂ,
ਰੋਜ਼ਾਨਾ ਗੁਰੂ -ਘਰ ਜਾਣ ਵਾਲੇ ਬਹੁਤ ਸਾਰੇ ਸੱਜਣ ਅਜਿਹੇ ਹਨ ,ਜਿਹੜੇ
ਕਈ ਕਾਰਨਾਂ ਕਰਕੇ ਅੰਮ੍ਰਿਤ ਛਕਣ ਦਾ ਹੌਂਸਲਾ ਨਹੀਂ ਕਰਦੇ। ਉਹਨਾਂ ਦੇ
ਮਨ ਅੰਦਰ ਕੁਝ ਡਰ, ਝਿਜਕ, ਜਾਂ ਸ਼ੰਕੇ ਹੁੰਦੇ ਹਨ, ਜੋ ਉਹਨਾਂ ਨੂੰ
ਅੰਮ੍ਰਿਤਧਾਰੀ ਬਣਨ ਤੋਂ ਰੋਕਦੇ ਹਨ। ਮੈਂ ਅੱਜ ਪਾਠਕਾਂ ਨਾਲ ਆਪਣੇ ਮਨ
ਦੇ ਸ਼ੰਕੇ ਅਤੇ ਉਹ ਸ਼ੰਕੇ ਕਿਵੇਂ ਦੂਰ ਹੋਏ, ਸਾਂਝਾ ਕਰਨ ਜਾ ਰਿਹਾ ਹਾਂ–
ਸਾਡਾ ਪਰਿਵਾਰ ਸ਼ੁਰੂ ਤੋਂ ਹੀ ਧਾਰਮਿਕ ਖਿਆਲਾਂ ਦਾ ਸੀ, ਜਿਸ ਕਾਰਨ
ਪਾਠ ਕਰਨ ਦਾ ਅਭਿਆਸ ਮੈਨੂੰ ਛੋਟੇ ਹੁੰਦੇ ਨੂੰ ਹੀ ਹੋ ਗਿਆ ਸੀ। ਸੱਤਵੀਂ ਚ
ਪੜ੍ਹਦੇ ਨੂੰ ਹੀ ਭੈਣਾਂ ਨੇ ਉਤਸ਼ਾਹ ਦੇ ਕੇ ਗੁਰਦੁਆਰੇ ਸਪੀਕਰ ਵਿੱਚ ਪਾਠ
ਕਰਨ ਲਗਾ ਦਿੱਤਾ ਸੀ। ਵਾਹਿਗੁਰੂ ਦੀ ਕਿਰਪਾ ਨਾਲ ਹੀ ਮੇਰੀ ਆਵਾਜ
ਵੀ ਉੱਚੀ ਅਤੇ ਸਾਫ ਸੀ, ਅਤੇ ਉਚਾਰਣ ਵੀ ਸ਼ੁੱਧ। ਜਿਸ ਕਰਕੇ ਪਿੰਡ ਦੀਆਂ
2-4 ਬਜ਼ੁਰਗ ਔਰਤਾਂ ਸੁਖਮਨੀ ਸਾਹਿਬ ਦਾ ਪਾਠ ਸੁਣਨ ਸਾਡੇ ਘਰ ਵੀ
ਆ ਜਾਂਦੀਆਂ ਸਨ। ਗ੍ਰੰਥੀ ਸਿੰਘ ਦੀ ਪ੍ਰੇਰਨਾ ਅਤੇ ਹੌਂਸਲਾ-ਅਫਜਾਈ ਸਦਕਾ
ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਵੀ ਕਰਨ ਲੱਗ ਪਿਆ ਸੀ ਅਤੇ ਹੌਲੀ
ਹੌਲੀ ਸਹਿਜ-ਪਾਠ ਅਤੇ ਅਖੰਡ-ਪਾਠ ਵਿੱਚ ਰੌਲਾਂ ਵੀ ਲਗਾਉਣ ਲੱਗ ਗਿਆ
ਸੀ, ਪਰ ਇਸ ਸਭ ਦੇ ਬਾਵਜੂਦ ਅੰਮ੍ਰਿਤ ਛਕਣ ਦਾ ਮਨ ਨਹੀਂ ਸੀ ਬਣਿਆ…
ਮੈਂ ਉਦੋਂ ਦੀ ਸੋਚ ਅਨੁਸਾਰ ਅੰਮ੍ਰਿਤਧਾਰੀ ਇਨਸਾਨ ਨੂੰ ਇੱਕ ਪੂਰਨ
ਅਤੇ ਮੁਕੰਮਲ ਇਨਸਾਨ ਦੇ ਰੂਪ ਵਿੱਚ ਚਿਤਵਦਾ ਸੀ ਅਤੇ ਮੈਨੂੰ ਆਪਣਾ
ਆਪ ਐਸਾ ਪੁਰਖ ਨਹੀਂ ਸੀ ਲੱਗਦਾ, ਜਿਹੜਾ ਸੱਚਾ ਸੁੱਚਾ ਅਤੇ ਗੁਣਾਂ ਭਰਪੂਰ
ਹੋਵੇ। ਮੇਰੇ ਮਨ ਵਿੱਚ ਕੁਝ ਦੁਚਿਤੀਆਂ ਸਨ ਜਿਹਨਾਂ ਵਿਚੋਂ ਪਹਿਲੀ ਅਤੇ
ਮੁੱਖ ਸੀ-ਮਨ ਦੀ ਸ਼ੁੱਧਤਾ। ਮੇਰੇ ਖਿਆਲ ਵਿੱਚ ਇੱਕ ਵਿਕਾਰੀ ਅਤੇ ਔਗਣਾਂ
ਵਾਲੇ ਵਿਅਕਤੀ ਨੂੰ ਅੰਮ੍ਰਿਤ ਨਹੀਂ ਸੀ ਛਕਣਾ ਚਾਹੀਦਾ। ਦੂਸਰਾ ਸ਼ੰਕਾ ਸਰੀਰ

ਨੂੰ ਲੈ ਕੇ ਵੀ ਸੀ। ਕੀਂ ਮੈਂ ਪੰਜ ਕਕਾਰੀ ਰਹਿਤ ਰੱਖ ਸਕਾਂਗਾ ?? ਕੀ ਮੈਂ ਹਰ
ਰੋਜ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰ ਕੇ ਬਾਕਾਇਦਾ ਨਿੱਤਨੇਮ ਕਰ
ਸਕਾਂਗਾ ??? ਇਹੋ ਜਿਹੇ ਕੁਝ ਖਿਆਲ ਮੈਨੂੰ ਅੰਮ੍ਰਿਤ ਛਕਣ ਤੋੰ ਰੋਕਦੇ
ਰਹਿੰਦੇ ਸਨ।
1987 ਦੇ ਅਖੀਰ ਵਿੱਚ ਮੈਨੂੰ ਨੌਕਰੀ ਮਿਲ ਗਈ। ਮੇਰੀ ਪਹਿਲੀ
ਨਿਯੁਕਤੀ ਸਰਕਾਰੀ ਹਾਈ ਸਕੂਲ ਕਕਰਾਲਾ, ਜਿਲਾ ਪਟਿਆਲਾ
ਦੀ ਸੀ । ਸਕੂਲ ਵਿੱਚ ਵਿਹਲੇ ਪੀਰੀਅਡ ਸਮੇਂ ਜਾਂ ਅੱਧੀ ਛੁੱਟੀ ਸਮੇਂ
ਸਾਥੀਆਂ ਨਾਲ ਗੁਰਮਤਿ ਵਿਚਾਰਾਂ ਹੁੰਦੀਆਂ ਰਹਿੰਦੀਆਂ। ਸਟਾਫ
ਮੇਰੇ ਗੁਰਮਤਿ ਵਿਚਾਰਾਂ ਤੋਂ ਪ੍ਰਭਾਵਿਤ ਸੀ।
ਇੱਕ ਦਿਨ ਸਾਥੀ ਸ. ਰਘਬੀਰ ਸਿੰਘ ਜੀ(ਅੱਜ ਉਹ ਇਸ ਦੁਨੀਆਂ
ਤੇ ਨਹੀਂ ਹਨ, ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ) ਨੇ
ਕਿਹਾ,” ਜਸਵਿੰਦਰ ਸਿੰਘ ! ਤੁਸੀਂ ਹੁਣ ਅੰਮ੍ਰਿਤ ਵੀ ਛਕ ਹੀ ਲਵੋ।”
ਮੈਂ ਸਹਿਜ-ਸੁਭਾਅ ਹੀ ਅੰਦਰਲਾ ਡਰ ਜਾਹਰ ਕੀਤਾ, ” ਅਜੇ ਭਾਂਡਾ
ਤਿਆਰ ਨਹੀਂ ਹੋਇਆ।” ਮੇਰਾ ਇਸ਼ਾਰਾ ਹਿਰਦੇ ਦੀ ਸ਼ੁੱਧਤਾ ਵੱਲ ਸੀ,
ਰਘਬੀਰ ਸਿੰਘ ਜੀ ਨੇ ਵੀ ਸਹਿਜ ਨਾਲ ਹੀ ਜਵਾਬ ਦਿੱਤਾ, ” ਜੇ ਭਾਂਡਾ
ਤੁਸੀਂ ਆਪ ਤਿਆਰ ਕਰਨ ਦੇ ਸਮਰੱਥ ਹੋ, ਤਾਂ ਗੁਰੂ ਧਾਰਨ ਦੀ ਲੋੜ ਹੀ
ਕੀ ਹੈ ??? ਅਸੀਂ ਤਾਂ ਗੁਰੂ ਧਾਰਨਾ ਹੀ ਇਸ ਲਈ ਹੈ ਤਾਂ ਕਿ ‘ਭਾਂਡਾ’
ਤਿਆਰ ਹੋ ਸਕੇ। ਤੁਸੀਂ ਤਾਂ ਸਿਰਫ ਸਮਰਪਣ ਕਰ ਦੇਣਾ ਹੈ ਗੁਰੂ ਨੂੰ। ਬਾਕੀ
ਗੁਰੂ ਆਪ ਹੀ ਬਖਸ਼ਿਸ਼ ਕਰੇਗਾ।” ਮੈਂ ਉਹਨਾਂ ਦਾ ਜਵਾਬ ਸੁਣ ਕੇ ਚੁੱਪ ਹੋ
ਗਿਆ। ਮੈਨੂੰ ਲੱਗਿਆ ਕਿ ਉਹ ਬਿਲਕੁਲ ਠੀਕ ਕਹਿ ਰਹੇ ਹਨ। ਮੇਰੀ ਅਪਣੀ
ਕੀ ਸਮਰੱਥਾ ਹੈ ਕਿ ਮੈਂ ਹਿਰਦੇ ਨੂੰ ਸ਼ੁੱਧ ਕਰ ਸਕਾਂ। ਵਿਕਾਰਾਂ ਵੱਲੋਂ ਮੋੜਨ ਅਤੇ
ਗਣਾਂ ਨਾਲ ਜੋੜਨ ਦਾ ਕੰਮ ਤਾਂ ਗੁਰੂ ਹੀ ਕਰ ਸਕਦਾ ਏ। ਮੇਰਾ ਪਹਿਲਾ ਸ਼ੰਕਾ
‘ਮਨ ਬਾਰੇ’ ਦੂਰ ਹੋ ਗਿਆ।
ਕੁਝ ਸਮੇਂ ਪਿੱਛੋਂ ਹੀ ਗੁਰਦੁਆਰਾ ਭਗਤ ਨਾਮਦੇਵ, ਸਮਾਣੇ ਵਾਲਿਆਂ ਨੇ

ਰਾੜੇ ਵਾਲੇ ਸੰਤਾਂ ਦੇ ਦੀਬਾਨ ਲਗਵਾਏ।ਅਸੀਂ ਭਾਵੇਂ ਕਿਸੇ ਵੀ ਸੰਤ ਬਾਬੇ ਦੇ ਚੇਲੇ
ਨਹੀਂ ਪਰ ਗੁਰੂ ਦੀ ਗੱਲ ਜੋ ਵੀ ਸੁਣਾਉਂਦਾ, ਉਸ ਨੂੰ ਸੁਣਨ ਲਈ ਹਾਜਰ ਹੁੰਦੇ।
ਪਰਿਵਾਰ ਨਾਲ ਮੈਂ ਵੀ ਇਹ ਦੀਬਾਨ ਸੁਣਨ ਜਾਂਦਾ। ਭਾਈ ਬਲਜਿੰਦਰ ਸਿੰਘ
ਜੀ ਕਥਾ-ਕੀਰਤਨ ਕਰਦੇ। ਆਖਰੀ ਦਿਨ ਅੰਮ੍ਰਿਤ-ਸੰਚਾਰ ਰੱਖਿਆ ਹੋਣ ਕਰਕੇ
ਰੋਜ਼ਾਨਾ ਦੇ ਦੀਵਾਨ ਵਿੱਚ ਉਹ ਅੰਮ੍ਰਿਤ ਛਕਣ ਦੀ ਪ੍ਰੇਰਨਾ ਜਰੂਰ ਦਿੰਦੇ। ਇੱਕ
ਦਿਨ ਕਥਾ ਵਿਆਖਿਆ ਕਰਦੇ ਹੋਏ ਬੋਲੇ,” ਜਿਸ ਤਰਾਂ ਇੱਕ
ਲੜਕੀ ਵਿਆਹ ਕਰਵਾ ਕੇ ਮਾਂ ਬਣਨਾ ਅਤੇ ਬੱਚੇ ਨੂੰ ਲੋਰੀਆਂ
ਦੇਣਾ ਆਪਣੇ ਆਪ ਹੀ ਸਿੱਖ ਜਾਂਦੀ ਹੈ। ਕੋਈ ਉਸ ਨੂੰ ਸਿਖਾਉਂਦਾ
ਨਹੀਂ। ਇਸੇ ਤਰਾਂ ਅੰਮ੍ਰਿਤ ਛਕ ਕੇ ਪੰਜ-ਕਕਾਰੀ ਰਹਿਤ ਰੱਖਣਾ
ਤੁਸੀਂ ਆਪਣੇ ਆਪ ਹੀ ਸਿੱਖ ਜਾਵੋਗੇ। ਅੰਮ੍ਰਿਤ ਵੇਲੇ ਉੱਠ ਵੀ
ਹੋ ਜਾਏਗਾ ਅਤੇ ਇਸ਼ਨਾਨ ਕਰਕੇ ਨਿੱਤਨੇਮ ਵੀ ਹੋ ਜਾਏਗਾ।
ਇਹ ਗੁਰੂ ਦੀਆਂ ਬਖਸ਼ਿਸ਼ਾਂ ਹਨ।” ਉਹਨਾਂ ਦੀ ਦਿੱਤੀ ਹੋਈ
ਦਲੀਲ ਮੇਰੇ ਤਰਕਵਾਦੀ ਮਨ ਨੂੰ ਜਚ ਗਈ ਅਤੇ ਮੇਰਾ “ਤਨ”
ਨਾਲ ਸੰਬੰਧਿਤ ਸ਼ੰਕਾ ਵੀ ਦੂਰ ਹੋ ਗਿਆ। ਪਰ ਇਸ ਅੰਮ੍ਰਿਤ-
ਸੰਚਾਰ ਵਿੱਚ ਵੀ ਮੈਂ ਅੰਮ੍ਰਿਤ ਨਹੀਂ ਛਕਿਆ।
ਕੋਈ ਅਗੰਮੀ ਪ੍ਰੇਰਨਾ ਸੀ ਸ਼ਾਇਦ ਕਿ 2-3 ਮਹੀਨੇ ਮਗਰੋਂ ਹੀ
23 ਸਤੰਬਰ 1990 ਨੂੰ ਮੈਂ ਗੁਰਦੁਆਰਾ ਥੜਾ ਸਾਹਿਬ ਵਿਖੇ
ਦਮਦਮੀ ਟਕਸਾਲ ਵੱਲੋਂ ਹੋਏ ਅੰਮ੍ਰਿਤ ਸੰਚਾਰ ਸਮੇਂ ਅੰਮ੍ਰਿਤ
ਅਭਿਲਾਸ਼ੀਆਂ ਦੀ ਕਤਾਰ ਵਿਚ ਖੜ੍ਹਾ ਸੀ।
ਅੱਜ ਕਿੰਨੇ ਸਾਲਾਂ ਬਾਅਦ ਜਦੋਂ ਆਪਣਾ ਵਿਸ਼ਲੇਸ਼ਣ ਕਰਦਾ ਹਾਂ
ਤਾਂ ਇੱਕੋ ਜਵਾਬ ਸੁੱਝਦਾ ਹੈ ਕਿ ਜੇ ਅਜੇ ਤੱਕ ਪੂਰਨ ਗੁਣਵਾਨ ਨਹੀਂ
ਬਣ ਸਕਿਆ, ਅਜੇ ਵਿਕਾਰਾਂ ਤੋਂ ਪੀੜਤ ਹਾਂ, ਤਾਂ ਇੱਕੋ ਕਾਰਨ ਹੈ ਕਿ
ਗੁਰੂ ਨੂੰ ਪੂਰਾ ਸਮਰਪਣ ਨਹੀਂ ਦੇ ਸਕਿਆ। ਸੋਚਦਾ ਹਾਂ ਕਿ ਜਿਹੜਾ
ਵਿਦਿਆਰਥੀ ਆਪਣੇ ਅਧਿਆਪਕ ਦਾ ਦਿੱਤਾ ਸਬਕ ਯਾਦ ਕਰਦਾ ਹੈ

ਤਾਂ ਉਹ ਸਫਲ ਕਿਵੇਂ ਨਹੀਂ ਹੋਏਗਾ ???ਪਾਤਸ਼ਾਹ ਬਖਸ਼ਿਸ਼ ਕਰਨ ਅਤੇ
ਆਪਣੇ ਮਾਰਗ ਤੇ ਤੁਰਨ ਦੀ ਹਿੰਮਤ ਦੇਣ।

ਜਸਵਿੰਦਰ ਸਿੰਘ ਰੁਪਾਲ ਕੈਲਗਰੀ ਵਟਸਐਪ ਨੰਬਰ +919814715796

ਜਸਵਿੰਦਰ ਸਿੰਘ ਰੁਪਾਲ ਕੈਲਗਰੀ ਵਟਸਐਪ ਨੰਬਰ +919814715796

Show More

Related Articles

Leave a Reply

Your email address will not be published. Required fields are marked *

Back to top button
Translate »