ਐਧਰੋਂ ਓਧਰੋਂ

ਇੰਝ ਮਨਾਇਆ ‘ ਐਪਰਲ ਫੂਲ ‘ 

(ਹਾਸ – ਵਿਅੰਗ) ਇੰਝ ਮਨਾਇਆ ‘ ਐਪਰਲ ਫੂਲ ‘ 

_________________________________________

  ‘ਐਪਰਲ ਫੂਲ” ਵਾਲੇ ਦਿਨ ਪੇਂਡੂ ਅਤੇ ਸ਼ਹਿਰੀ ‘ ਬਿਮਾਰੀਆਂ  ” ਅਚਾਨਕ  ਹੋ ਗਈਆਂ ਇਕੱਠੀਆਂ ਅਤੇ ਉਨ੍ਹਾਂ ਨੇ ਆਪਸੀ ਵਾਰਤਾਲਾਪ ਕਰਦਿਆਂ ਇੰਝ ਮਨਾਇਆ ਫ਼ਿਰ ‘ ਐਪਰਲ ਫੂਲ ‘

          ਸ਼ਹਿਰੀ ਫਿੰਣਸੀ :- ਨੀਂ ਭੈਣੇ ਮੈਂ ਤਾਂ ਇੱਕ ਹਫਤੇ ਤੋਂ ਇਹੀ ਸੋਚ ਰਹੀ ਸੀ। ਕਿ ਮੈਂ ਕਿਸੇ ਥਾਣੇਦਾਰ ਦੇ ਗੁੱਟ ਜਾਂ ਬਾਂਹ-ਬੂਹ ਤੇ ਨਿਕਲਾ..! ਪਰ ਫੇਰ ਮੈਂ ਸੋਚਿਆ..! ਬਈ ਹੋਰ ਨਾਂ ਕਿਤੇ ਥਾਣੇਦਾਰ ਮੇਰੇ ਡੰਡੇ ਮਾਰ-ਮਾਰ ਕੇ ਮੂੰਹ ਸੇਕ ਦੇਵੇ.., ਤੇ ਨਾਲੇ ਇਹਨੂੰ ਕੀ ਇਨ੍ਹਾਂ ਨੇ ਤਾਂ ਬੰਦੇ ਹੀ ਕੁੱਟਣੇ ਹੁੰਦੇ ਨੇ, ਜੇ ਇਹਦੀ ਬਾਂਹ ਚਾਰ ਦਿਨ ਕੰਮ ਨਾਂ ਵੀ ਕਰੂਗੀ ਤਾਂ ਇਹ ਦੂਜਿਆਂ ਤੋਂ ਕਟਵਾ ਦੇਊ, ਫੇਰ ਮੈਂ ਹੌਂਸਲਾ ਜਿਹਾ ਕਰਕੇ ਆਪਣਾ ਪੈਂਤਰਾ ਬਦਲਿਆ ਅਤੇ ਸਿਆਉਣ ਫਿੰਣਸੀ ਦਾ ਰੂਪ ਧਾਰਿਆ ਤੇ ਆਪਣਾ ਮੂੰਹ ਕੀਤਾ ਪਹਾੜੀ ਕਿੱਕਰ ਦੀ ਸੂਲ ਵਾਂਗੂੰ ਤਿੱਖਾ ਤੇ ਲੈ ਲਿਆ ਫਿਰ ਥਾਣੇਦਾਰ ਦੀ ਪਿੱਠ ਤੇ ਜਨਮ.., ਜਦੋਂ ਮੈਂ ਪਹਿਲੇ ਦਿਨ ਲਿਆ ਜਨਮ ਤਾਂ ਥਾਣੇਦਾਰ ਨੇ ਮੈਨੂੰ ਪੋਲਾ-ਪੋਲਾ ਜਿਹਾ ਪਲੋਸਿਆ.., ਸਹੁੰ ਗੁਰੂ ਦੀ ਥਾਣੇਦਾਰ ਦੇ ਮਖ਼ਮਲ ਵਰਗੇ ਹੱਥ ਜਦੋਂ ਮੇਰੇ ਮੂੰਹ ਉੱਤੋਂ ਦੀ ਫਿਰੇ ‘ਤਾਂ ਬੜਾ ਨਿਘਾਸ ਜਿਹਾ ਆਇਆ ਕਰੇ। ਥਾਣੇਦਾਰ ਸਾਰਾ ਦਿਨ ਮੱਠਾ-ਮੱਠਾ ਪਲੋਸੀ ਤਾਂ ਗਿਆ , ਪਰ ਇੱਕ ਗੱਲੋਂ ਜੈ ਖਾਣੇਂ ਨੇ ਬੜਾ ਤੰਗ ਕੀਤਾ ਕਿ ਘੰਟੇ ਕੁ ਬਾਅਦ ਰੂਸ ਦੀ ਮਿਜ਼ਾਇਲ ਵਾਂਗੂੰ ਪੜੂੰ – ਪੜੂੰ ਕਰਕੇ ਮਿਸ ਕਾਲ ਵਾਲੀ ਅੱਥਰੂ ਗੈਸ ਛੱਡੀ ਜਾਵੇ। ਉਤੋਂ ਉਹਦੀ ਪੈਂਟ ਮੋਟੀ ਸੀ। ਮੇਰੇ ਤਾਂ ਭਾਈ ਉਹਨੇ ਨੱਕ ਵਿਚ ਦਮ ਕਰਤਾ.., ਫ਼ੇਰ ਮੈਂ ਹੌਂਸਲਾ  ਜਿਹਾ ਕਰਕੇ  ਰਾਤੋ-ਰਾਤ  ਦੂਸਰੇ ਦਿਨ ਤੱਕ ਆਪਣੇ ਅਜਿਹੇ ਪੈਰ ਪਸਾਰੇ ਕਿ ਥਾਣੇਦਾਰ ਇੱਕ ਤਾਂ ਪੀੜ ਨਾਲ ਹਾਏ – ਹਾਏ ਕਰੇ। ਉਤੋਂ ਮਿਸ ਕਾਲ ਮਾਰਨ ਨੂੰ ਤਰਸੇ। ਉਹ ਜਦੋਂ ਹੀ ਮਿਸ ਕਾਲ ਰਾਹੀਂ ਅੱਥਰੂ ਗੈਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇ, ਤਾਂ ਉਤੋਂ ਮੈਂ ਪੀੜ ਨਾਲ ਚੂੜੀ ਕੱਸ ਦਿਆ ਕਰਾਂ..! ਸਾਰਾ ਦਿਨ ਕਾਫ਼ੀ ਜੱਦੋ ਜਹਿਦ ਕਰਦਾ ਰਿਹਾ। ਮੈਂ ਮਨ ਵਿੱਚ ਸੋਚਿਆ ਕਰਾਂ ਕਿ ਅੱਜ ਤਾਂ ਰੱਤੀ ਭਰ ਵੀ ਫ਼ੂਕ ਨਹੀਂ ਨਿਕਲਣ ਦਿੰਦੀ..! ਕੱਲ੍ਹ ਤੇਰੀ ਵਾਰੀ ਸੀ ਹੁਣ ਮੇਰੀ ਵਾਰੀ ਏ,  ਪੂਰਾ ਇੱਕ ਹਫਤਾ ਤਾਂ ਮੈਂ ਥਾਣੇਦਾਰ ਦੀ ਪਿੱਠ ਤੇ ਬੜੇ ਲਏ ਝੂਟੇ.., ਬੜੇ ਤਰ੍ਹਾਂ-ਤਰ੍ਹਾਂ ਦੇ ਮਾਹੌਲ ਦੇਖੇ..! ਕਦੇ ਲੋਕਾਂ ਤੋਂ ਸ਼ਰਾਬਾਂ ਦੀਆਂ ਭੱਠੀਆਂ ਫੜਦਾ, ਪੋਸਤ , ਅਫੀਮ ਫੜਦਾ, ਨਾਕਿਆਂ ਤੇ ਲੋਕਾਂ ਦੀਆਂ ਜੇਬਾਂ…, ਹੋਰ ਬਹੁਤ ਸਾਰੇ ਜਾਇਜ਼-ਨਜਾਇਜ਼ ਕੰਮ ਦੇਖੇ ।ਪਰ ਇੱਕ ਕੰਮ ਤੋਂ ਮੈਨੂੰ ਬੜਾ ਹਰਖ ਆਇਆ ਕਿ ਬਈ ਥਾਣੇਦਾਰ  ਨੇ ਇੱਕ ਬਹੁਤ ਤਕੜੇ ਬਲੈਕੀਏ ਦੇ ਘਰ ਛਾਪਾ ਮਾਰਿਆ ਘੱਟੋ-ਘੱਟ ਪਸੇਰੀ ਦੇ ਕਰੀਬ ਅਫੀਮ ਫੜੀ, ਛਾਪੇ ਵੇਲੇ ਬਲੈਕੀਆ ਘਰ ਨਹੀਂ ਸੀ। ਅਜੇ ਥਾਣੇਦਾਰ ਅਫੀਮ ਫੜ੍ਹ ਕੇ ਥਾਣੇ ‘ਚ ਪਹੁੰਚਿਆ ਹੀ ਸੀ। ਕਿ ਪਲਾਂ ‘ਚ ਹੀ ਉਸ ਬਲੈਕੀਏ ਦੀ ਘੂੰ-ਘੂੰ ਕਰਦੀ ਗੱਡੀ ਥਾਣੇਦਾਰ ਦੇ ਕੁਆਟਰ ਮੂਹਰੇ ਆ ਖੜ੍ਹੀ, ਥਾਣੇਦਾਰ ਨੇ ਬਲੈਕੀਏ ਨਾਲ ਕਰਕੇ ਛੂੰ ਮੰਤਰ ਤੇ ਅਫੀਮ ਦੇ ਅਸਲੀ ਮੁਲਜ਼ਮ ਦੀ ਬਜਾਏ ਕੇਸ ਬਲੈਕੀਏ ਦੇ ਸੀਰੀ ਗਲ ਮੜ੍ਹ ਦਿੱਤਾ ਕਿਉਂਕਿ ਛਾਪੇ ਮੌਕੇ ਘਰ ਚੋਂ ਸੀਰੀ ਹੀ ਪੁਲਿਸ ਦੇ ਹੱਥ ਆਇਆ ਸੀ। ਵਿਚਾਰਾ ਹਨੱਕਾ ਸੀਰੀ ਤਰਲੇ ਮਿੰਨਤਾਂ ਕਰੇ।ਅਖੀਰ ਵਿਚਾਰੇ ਨੂੰ ਕਈ ਮਹੀਨੇ ਜੇਲ੍ਹ ਭੁਗਤਣੀ ਪਈ ਐ। ਪਰ ਊਂਂ ਥਾਣੇਦਾਰ ਨੇ ਸੀਰੀ ਨੂੰ ਸਮਝਾ ਦਿੱਤਾ ਸੀ। ਕਿ ਜਿਨ੍ਹਾਂ ਚਿਰ ਉਹ ਬਲੈਕੀਏ ਦੀ ਥਾਂ ਜੇਲ੍ਹ ‘ਚ ਰਹੇਗਾ। ਉਨ੍ਹਾਂ ਚਿਰ ਬਲੈਕੀਆ ਤੈਂਨੂੰ ਪਹਿਲਾਂ ਨਾਲੋਂ ਦੁੱਗਣੀ ਤਨਖਾਹ ਮਹੀਨਾ ਪ੍ਰਤੀ ਦਿੰਦਾ ਰਹੇਗਾ ਅਤੇ ਬਾਕੀ ਪਰਿਵਾਰ ਦਾ ਵੀ ਪੂਰਨ ਖ਼ਿਆਲ ਰੱਖੇਗਾ। ਪਰ ਦੂਜੇ ਦਿਨ ਮੈਂ ਹੋਰ ਪੈਰ ਪਸਾਰ ਲਏ,  ਪਰ ਸੁਆਦ ਆ ਗਿਆ ਭੈਣੇਂ ਮੈਂਨੂੰ ਵੀ ..ਕਿ ਥਾਣੇਦਾਰ ਜਦੋਂ ਵੀ ਕੁਰਸੀ ਜਾਂ ਬੈੱਡ ਵਗੈਰਾ ਤੇ ਬਹਿੰਦਾ ਹੈ ਉਦੋਂ ਹੀ ਆਏ…ਹਾਏ…ਆਏ… ਹਾਏ …! ਤੇ ਭੈਣੇਂ ਮੇਰਾ ਤਾਂ ਕੰਨਾਂ ਵਿੱਚ ਦੀ ਹਾਸਾ ਨਿਕਲਦੈ.. ਵਈ ਭਲਿਆ ਲੋਕਾ ਜਿੰਨ੍ਹਾਂ ਲੋਕਾਂ ਦੇ ਚਿੱਤੜ ਤੁਸੀਂ ਕੁੱਟ-ਕੁੱਟ ਕੇ ਪੁੱਠੇ ਕਾਲੇ ਤਵੇ ਵਰਗੇ ਕਰ ਦਿੰਦੇ ਆਂ, ਉਹ ਵੀ ਥੋਡੇ ਵਾਂਗੂੰ ਰੱਬ ਦੇ ਈ ਬੰਦੇ ਐ। ਉਨ੍ਹਾਂ ਦੇ ਪੀੜ ਨੀਂ ਲੱਗਦੀ.. ਹੁਣ ਰੋਜ਼ ਡਾਕਟਰ ਤੋਂ ਟੀਕੇ ਲਗਵਾਉੰਂਦਾ.. ਮੈਂਖਿਆ ਬੱਚੂ ਮਸੀਂ ਅੜਿੱਕੇ ਆਇਆਂ। ਮਜਾਜਾਂ ਨਾਲ ਜਾਊਂਗੀ।

           ਪੇਂਡੂ ਫਿੰਣਸੀ :- ਭੈਂਣੇ ਤੂੰ ਤਾਂ ਮਾਰਦੀ ਆਂ ਧੜੀ-ਧੜੀ ਦੀਆਂ ਗੱਲਾਂ। ਨਾਲੇ ਗੱਲਾਂ ਨਾ ਮਾਰੇ ਤਾਂ ਹੋਰ ਵੀ ਕਰੇਂ ਕੀ …। ਤੇਰਾ ਵਾਅ ਪਿਆ  ਥਾਣੇਦਾਰ ਨਾਲ.. ਤੇ ਤੂੰ ਲਾਈ ਰੱਖਿਆ ਥਾਣੇਦਾਰ ਨੂੰ ਮੂਹਰੇ.. ਤੇ ਭੈਣੇਂ ਮੇਰਾ ਤਾਂ ਵਾਹ ਪਿੰਡਾਂ ਵਾਲੇ ਇੱਕ ਪਿਓਰ ਦੇਸੀ ਜੱਟ ਨਾਲ  ਗਿਆ ਪੈ।  ਮੈਂ ਤਾਂ ਜੱਟ ਦੀ ਖੱਬੀ ਲੱਤ ਦੀ ਪਿੰਜਣੀਂ ਤੇ ਲੈ ਲਿਆ ਜਨਮ.. ਜੱਟ ਨੇ 20-25 ਦਿਨ ਤਾਂ ਕੁਝ ਗੌਲਿਆ ਈ ਨਾਂ.. ਮੈਂ ਮਾੜਾ ਜਿਹਾ ਵਧਿਆ ਕਰਾਂ.. ਜੱਟ ਖੇਤ ‘ਚ ਬੈਠਾ-ਬੈਠਾ ਮੈਂਨੂੰ ਦਾਤੀ ਨਾਲ ਹੀ ਖੁਰਚ ਦਿਆ ਕਰੇ… ਦੋ-ਤਿੰਨ ਵਾਰੀ ਮਾਂ ਦੇ ਪੁੱਤ ਨੇ ਮੇਰੇ ਵਧਣ ਸਾਰ ਹੀ ਦਾਤੀ ਨਾਲ ਮੇਰੀ ਧੌਣ ਲਾਹ ਕੇ ਔਹ ਮਾਰੀ… ਤੇ ਮੈਂ ਤਾਂ ਭੈਣੇਂ ਫਿਰ ਡਰਦੀ ਨੇ ਜੱਟ ਦੇ ਖੱਬੇ ਮੋਢੇ ਦੇ ਮੌਰਾਂ ‘ਚ ਆ ਡੇਰਾ ਲਾਇਆ… ਫੇਰ-ਫੇਰ ਮੇਰੇ 20-25 ਦਿਨ ਲੰਘ ਗਏ। ਮਾਂ ਦੇ ਪੁੱਤ ਨੇ ਪੁੱਛਿਆ ਹੀ ਨਾਂ ..। ਫੇਰ ਭੈਣੇਂ ਮੈਂ ਪੂਰੇ ਜ਼ੋਰ ਸ਼ੋਰ ਨਾਲ ਤਕੜੀ ਹੋ ਕੇ ਜ਼ੋਰ ਲਾਇਆ ਤੇ ਰਾਤੋ-ਰਾਤ ਬਣਗੀ ਪੇੜੇ ਜਿੱਡੀ.., ਪਰ ਮੇਰੇ ਨਾਲ ਜੱਟ ਨੇ ਉਹ ਭੈੜੀ ਕੀਤੀ… ਉਹ ਭੈੜੀ ਕੀਤੀ…, ‘ਅਖੇ ਚੀਂ…ਚੀਂ… ਮੇਰਾ ਪੂੰਝਾ ਸੜਿਆ ਕਿਉਂ ਪਰਾਇਆ ਖਿੱਚੜ ਖਾਧਾ’ ਵਾਲੀ ਗੱਲ ਹੋਈ ਮੇਰੇ ਨਾਲ। ਜਦੋਂ ਮੈਂ ਪੂਰੇ ਜੋਬਨ ਤੇ ਆਈ ਤਾਂ ਜੱਟ ਚੁੱਲ੍ਹੇ ‘ਚ ਰੱਖ ਇੱਕ ਪੱਕਾ ਰੋੜਾ ਤੱਤਾ ਕਰ ਲਿਆ ਕਰੇ.. ਤੇ ਗਰਮ ਗਰਮ ਮੇਰੇ ਮੂੰਹ ਉੱਤੇ ਦਿਆ ਕਰੇ। ਦਿਹਾੜੀ ‘ਚ 3-4 ਵਾਰ ਇਉਂ ਕਰੀ ਗਿਆ। ਮੇਰਾ ਤਾਂ ਭੈਣੇਂ ਸੇਕ ਨਾਲ ਨਿਕਲ ਗਿਆ ਹਲਦੂ.., ਜੱਟ ਤਾਂ ਜਾ ਕੇ ਬਹਿ ਗਿਆ ਦਿੱਲੀ ਧਰਨੇ ਵਿੱਚ ਤੇ ਡਾਕਟਰ ਦੀ  ਦੁਕਾਨ ਵੱਲ ਵੀ ਝਾਕਿਆ ਵੀ ਨਹੀਂ। ਆਪਾਂ ਲਾਏ ਕੰਨਾਂ ਨੂੰ ਹੱਥ.., ਬਈ ਦੁਬਾਰਾ ਜੱਟ ਦੇ ਪੇਸ਼ ਨਹੀਂ ਪੈਣਾਂ। ਮੈਂ ਤਾਂ ਭੱਜ ਕੇ ਮਸਾਂ ਜਾਨ ਬਚਾਈ ਏ।

              ਪੇਂਡੂ ਬੁਖਾਰ :- ਸ਼ਹਿਰੀ ਬੁਖਾਰ ਨੂੰ.., ਭਰਾ ਜੀ ਕੀ ਹਾਲ ਐ ਤੁਹਾਡਾ…?

      ਸ਼ਹਿਰੀ ਬੁਖਾਰ :- ਠੀਕ ਐ ਭਰਾ ਜੀ, ਪੂਰੇ ਪੰਜ ਦਿਨਾਂ ਤੋਂ ਐਸ਼ ਕਰ ਰਿਹਾ ਹਾਂ ਐਸ਼..! ਇੱਕ ਆੜ੍ਹਤੀਏ ਨੂੰ ਚੜਿਆ ਹੋਇਆ ਹਾਂ। ਇੱਕ ਜਿਮੀਦਾਰ ਇਸ ਆੜ੍ਹਤੀਏ ਦੇ ਪੈਸੇ ਗਿਆ ਮੁਕਰ…, ਤੇ ਜਦੋਂ ਦਿੱਤਾ ਆੜ੍ਹਤੀਏ ਨੇ ਜ਼ਿਮੀਦਾਰ ਖਿਲਾਫ ਪਰਚਾ..! ਤੇ ਜ਼ਿਮੀਦਾਰ ਨੇ ਡਰਦੇ ਮਾਰੇ ਨੇ ਇੱਕ ਛੋਟਾ ਜਿਹਾ ਰੁੱਕਾ ਲਿਖ ਕੇ ਆੜ੍ਹਤੀਏ ਦੇ ਖਿਲਾਫ ਆਪਣੀ ਪਾ ਲਿਆ ਕੁੜਤੇ ਦੀ ਜੇਬ ‘ਚ..! ਤੇ ਖੇਤ ਜਾ ਕੇ ਵਾਣ ਦੇ ਮੰਜੇ ਦੀ ਲਾਹੀ ਦੌਣ ਨਾਲ ਜਹਾਨੋਂ ਜ਼ਿੰਦਗੀ ਕਰ ਗਿਆ ਕੂਚ.., ਮਰਨੀਂ ਤਾਂ ਗਿਆ ਮਰ.., ਪਰ ਮਗਰਲਿਆਂ ਨੂੰ ਤਾਂ ਸੌਖੇ ਕਰ ਗਿਆ। ਇਹ ਸੇਠ ਆੜ੍ਹਤੀਆਂ ਉਦੇੰ ਦਾ ਸਹਿਮਿਆਂ ਵਾ ਮੰਜੇ ਤੇ ਪਿਆ ਡੇਢ ਲੱਖ ਨਕਦ ਮੂਲ ਅਤੇ ਪੰਜ ਲੱਖ ਵਿਆਜ… ਡੇਢ ਲੱਖ ਨਕਦ ਮੂਲ ਪੰਜ ਲੱਖ ਵਿਆਜ…, ਜਦੋਂ ਵਾਰ ਵਾਰ ਏਵੇਂ ਹੀ ਪੈਸੇ ਨੂੰ ਯਾਦ ਕਰ-ਕਰ ਗਿਲਝ ਦੇ ਆਂਡੇ ਜਿੱਡੇ-ਜਿੱਡੇ ਅੱਥਰੂ ਕੇਰੇ…, ਤਾਂ ਮੈਂ ਬੜੇ ਜ਼ੋਰ ਨਾਲ ਇਹ ਤੇ ਅਸਰ ਕਰਦੈਂ ਤੇ ਉੱਤੋਂ ਕਾਂਬੇ ਨਾਲ ਦੰਦ ਕੜਿਕਾ ਵੀ ਲਾਊਨੈਂ.. ਪਰ ਜਦੋਂ ਸੋਚ ਲਵੇਂ ਕਿ ਬਈ ਚਲੋ ਉਹ ਤਾਂ ਪੈਸੇ ਲੈ ਕੇ ਮਰਨ ਵਾਲਾ ਗਿਆ ਮਰ.., ਪਰ ਜੇ ਮੈਂਨੂੰ ਜੇਲ੍ਹ ਹੋ ਜਾਂਦੀ… ਪੁਲਿਸ ਫਿਰਦੀ ਘੜੀਸਦੀ… ਤਾਂ ਫਕੀਰ ਚੰਦਾ ਤੇਰਾ ਕੀ ਬਣਦਾ..! ਫ਼ੇਰ ਜਦੋਂ ਇਉਂ ਸੋਚੇ ਉਦੋਂ ਯਾਰ ਪਲਾਂ ‘ਚ ਹੀ ਬੂਹੇ ਮੂਹਰੇ ਜਾ ਖਲੋਵੇ ਨਾਲੇ ਮੈਂ ਸੋਚਦਾ ਹਾਂ ਕਰਾਂ ਕਿ ਲਾਲਾ ਜੀ ਤੁਸੀਂ ਵੀ ਅਨਪੜ੍ਹ ਜੱਟ ਨੂੰ ਵਿਆਜ਼ ਤੇ ਵਿਆਜ਼, ਵਿਆਜ਼ ਤੇ ਵਿਆਜ਼ ਲਗਾ – ਲਗਾ ਕੇ ਹੀ ਮੌਤ ਦੇ ਮੂੰਹ ਵੱਲ ਧੱਕਿਆ ਐ..! ਹੁਣ ਮੈਂ ਉਸਨੂੰ ਰੋਜ਼ ਨਵੇਂ-ਨਵੇਂ ਐਕਸ਼ਨ ਕਰਦਾ ਦੇਖਦਾ ਐਂ, ਜਦੋਂ ਨਰਸਾਂ ਸੇਠ ਦੇ ਟੀਕਿਆਂ ਨਾਲ ਪੁੜੇ ਪਾੜਦੀਆਂ ਨੇ ‘ਤਾਂ ਲਾਲਾ ਸਰਿੰਜ ਦੇਖ ਕੇ ਚਿੜੀ ਦੇ ਬੱਚੇ ਵਾਂਗ ਦੂਰੋਂ ਹੀ ਮੂੰਹ ਅੱਡ ਲੈਂਦਾ ਏ। ਤੁਸੀਂ ਸੁਣਿਓਂ ਤੁਹਾਡਾ ਕੀ ਹਾਲ ਐ…?

         ਪੇਂਡੂ ਬੁਖਾਰ :- ਬਈ ਭਾਵਾ ਹੁਣ ਸੁਣ ਲੈ ਮੇਰੀ ਗੱਲ…, ਬਈ ਮੈਂ ਪਰਸੋਂ ਚੜ੍ਹ ਗਿਆ ਇੱਕ ਦਿਨ ਪੇਂਡੂ ਜੱਟ ਨੂੰ…, ਬਈ ਜਦੋਂ ਪੂਰੇ ਜ਼ੋਰ ਨਾਲ ਚੜਿਆ। ਉਦੋਂ ਜੱਟ ਕਰਦਾ ਫਿਰਦਾ ਸੀ ਖੇਤ ‘ਚ ਲਸਣ ਦੀ ਗੋਡੀ …, ਤੇ ਮੇਰੇ ਚੜਨ ਸਾਰ ਹੀ ਪਤੰਦਰ ਲੱਗ ਪਿਆ ਰੋੜਿਆਂ ਵਾਲੇ ਵਾਹਣ ਵਿਚ ਲਿਟਣ , ਲੰਬਾ ਸਮਾਂ ਲਿਟੀ ਗਿਆ, ਲਿਟੀ ਗਿਆ , ਮੇਰੇ ਤਾਂ ਲਿਆ ਦਿੱਤਾ ਨਾਸੀਂ ਧੂੰਆਂ.., ਉਪਰੰਤ ਜੱਟ ਟਿਊਬਵੈੱਲ ਦੀ ਧਾਰ ਹੇਠਾਂ  ਗਿਆ ਬਹਿ…’ ਤੇ  ਭਰਾਵਾ ਮੈਂਨੂੰ ਤਾਂ ਭੱਜਣ ਨੂੰ ਰਾਹ ਹੀ  ਨਾ ਦਿਖਾਈ ਦੇਵੇ। ਮਸਾਂ ਭੱਜ ਕੇ ਆਇਆ ਮੈਂ ਤਾਂ …!

          ਖੰਗ:- ਲੈ ਭੈਣੇਂ ਮੈਂ ਤਾਂ ਇੱਕ ਬਾਣੀਏ ਨਾਲ ਜੋਕ ਵਾਂਗੂੰ ਪਿਛਲੇ 8-10 ਸਾਲ ਤੋਂ ਚਿੰਬੜੀ ਹੋਈ ਆਂ, ਕਿਉਂਕਿ ਬਾਣੀਆਂ ਪੀਦੈ ਕਦੇ ਬੀੜੀਆਂ, ਕਦੇ ਸਿਗਰਟ, ਕਦੇ ਹੁੱਕਾ ਵਗੈਰਾ-ਵਗੈਰਾ…, ਮੈਂ ਤਾਂ ਮਰਦਾਊ ਕਰ ਛੱਡਿਆ… ਚੰਗੀ ਤਰਾਂ ਖੰਗਣ ਜੋਗਾ ਵੀ ਨ੍ਹੀਂ ਛੱਡਿਆ…! ਕਦੇ ਕਿਸੇ ਡਾਕਟਰ ਕੋਲੇ… ਕਦੇ ਦਮੇ ਵਾਲੇ… ਕਦੇ ਛਾਤੀ ਵਾਲੇ… ਕਦੇ ਖ਼ੂਨ ਚੈੱਕ ਕਰਵਾਉਂਦਾ ਫਿਰੂ… ਕਦੇ ਐਕਸਰੇ ਹੁਣ ਡਾਕਟਰਾਂ ਨੇ ਬਾਣੀਏ ਨੂੰ ਦੱਸਿਆ। ਕਿ ਬਈ ਤੈਨੂੰ ਟੀ.ਵੀ ਬਣੀ ਹੋਈ ਐ..! ਨਾਲੇ ਸਿਗਰਟ ਬੀੜੀਆਂ ਨੇ ਫੇਫੜਿਆਂ ਅੰਦਰ ਸ਼ੇਕ ਕਰ ਰੱਖੇ ਨੇ.. ਇੱਕ ਪਾਸੇ ਦਾ ਫੇਫੜਾ ਅੱਧਾ ਤੇ ਦੂਜੇ ਪਾਸੇ ਦਾ ਪੂਰਾ ਖਤਮ ਹੋ ਗਿਐ..। ਹੁਣ ਮੈਂ ਬਲਗਮ ਦਾ ਰੂਪ ਧਾਂਰਨ ਕਰ ਲਿਆ ਵਿਚਾਰਾ ਬਾਣੀਆਂ ਮੈਨੂੰ ਬੜੇ ਮਾਣ-ਸਤਿਕਾਰ ਨਾਲ ਸ਼ਿੰਕ ਵਿੱਚ ਪੋਲਾ ਜਿਹਾ ਸੁੱਟੂ ਫ਼ੇਰ ਜਾਂ ਤਾਂ ਮੈਂ ਉੱਥੇ ਸਿੰਕ ਵਿੱਚ ਹੀ ਲੱਤਾਂ ਅੜਾ ਕੇ ਜੰਮ ਜਾਨੀਂ ਐਂ, ਜਾਂ ਫਿਰ ਕਈ-ਕਈ ਦਿਨ ਸਿੰਕ ਦੇ ਹੇਠਲੇ ਪਾਸੇ ਪੀਂਘੇ ਵਾਂਗੂੰ ਲਮਕ ਕੇ ਝੂਟੇ ਲਈ ਜਾਨੀਂ ਐਂ.., ਰੋਜ਼ ਪੂਰਾ 5-7 ਸੌ ਦੀ ਦਵਾਈ ਖਾਂਦੈਂ ਬਾਣੀਆਂ..। ਪਰ ਮੈਂ ਹੁਣ ਇਹਨੂੰ ਛੱਡਣਾ ਨਈਂ.. ਹਰ ਵਕਤ ਆਵਦੇ ਕੋਲੇ ਮਿਸ਼ਰੀ ਰੱਖਦੈ.. ਵਿਕਸ ਦੀ ਗੋਲੀ ਚੂਸਦੈ.., ਬੜੇ ਚੋਜ਼ ਕਰਦੈ…।   ਸੌਂਫ, ਮੁਲੱਠੀ, ਲੌਂਗ, ਲੈਂਚੀਆਂ, ਦਾਲਚੀਨੀ ਵਾਲੀ ਚਾਹ ਪੀਦੈਂ…! ਮੈਂਨੂੰ ਤਾਂ ਫੁੱਲ ਨਜ਼ਾਰੇ ਐ।

         ਪੇਂਡੂ ਖੰਗ :- ਲੈ ਭੈਣੇ ਮੇਰਾ ਤਾਂ ਇੱਕ ਦਿਨ ਇੱਕ ਜੱਟ ਨਾਲ ਵਾਅ ਗਿਆ ਪੈ..। ਜਦੋਂ ਮੈਂ ਦਿਖਾਇਆ ਆਪਣਾ ਜਲਵਾ..! ਜੱਟ ਨੇ ਤਾਂ ਮਹੀਨਾ ਸਾਰਾ ਗੌਲ਼ਿਆ ਈ ਨਾਂ.., ਨਾ ਕਿਸੇ ਡਾਕਟਰ ਕੋਲ ਗਿਆ।ਅਖੀਰ ਭੈਣੇਂ ਮੈਂ ਬਣਗੀ ਗਾੜੇ ਦਹੀਂ ਦੇ ਫੁੱਟ ਵਰਗੀ…!  ਜੱਟ ਮੈਨੂੰ ਪੂਰੇ ਜ਼ੋਰ ਨਾਲ ਛਾਤੀ ਚੋਂ ਕੱਢ ਰੂੜੀ ਤੇ ਫੋਕੇ ਰੌਂਦ ਵਾਂਗੂੰ ਵਗਾ ਕੇ ਮਾਰਿਆ ਕਰੇ..! ਮੇਰੇ ਥੱਲੇ ਡਿੱਗਣ ਸਾਰ ਜੱਟ ਦੇ ਗਵਾਂਢੀਆਂ ਦੀ ਰੱਖੀ ਕਾਲੀ ਕੁੱਕੜੀ ਮੈਨੂੰ ਫਟਾਫਟ ਈ ਇਉਂ ਚਵਲ ਦੇਵੇ ਜਿਵੇਂ ਅੰਗਰੇਜ਼ ਲੋਕ ਬਬਲ ਗਮ ਚਵਦੇ ਹੁੰਦੇ ਨੇ…! ਭੈਣੇ ਐਨੀ ਮਾੜੀ ਕਿਸਮਤ ਮੇਰੀ…, ਜੱਟ ਨੇ ਪਹਿਲਾਂ ਤਾਂ ਕਾਲਾ ਲੂਣ ਚੂਸ-ਚੂਸ ਕੇ ਮੇਰਾ ਰਹਿਣਾ ਹੀ ਦੁੱਭਰ ਕੀਤੈ। ਫੇਰ 10 ਕੁ ਪੈਸਿਆਂ ਦੀ ਲਿਆਇਆ ਹੱਟੀ ਤੋਂ ਫਟਕੜੀ ਤੇ ਫਟਕੜੀ ਨੂੰ ਕਰਕੇ ਖਿੱਲ ਗਰਮ ਪਾਣੀ ਨਾਲ ਜਦੋਂ ਵਰਤੀ ਸਿਰਫ ਦੋ ਡੰਗ ਤੇ ਭੈਣੇਂ ਮੇਰਾ ਤਾਂ ਅੱਜ ਤੱਕ ਪੇਂਡੂਆਂ ਜੱਟਾਂ ਵੱਲ ਝਾਕਣ ਨੂੰ ਜੀਅ ਨਈਂ ਕੀਤੈ।

           ਦਰਦ ਸ਼ਹਿਰੀ :- ਭਾਈ ਮੈਂ ਤਾਂ ਸ਼ਹਿਰ ਦੇ ਸਰਕਾਰੀ ਰਾਸ਼ਨ ਡਿਪੂ ਚੈੱਕ ਕਰਨ ਵਾਲੇ ਇੰਸਪੈਕਟਰ ਨੂੰ ਇਸ ਕਰਕੇ ਚੜਿਆ ਹੋਇਆ ਹਾਂ ਕਿ ਬਈ ਭਲਿਉ ਲੋਕੋ…, ਤੁਸੀਂ ਅੱਜ ਤੋਂ ਦੋ ਦਹਾਕੇ ਪਹਿਲਾਂ ਗਰੀਬਾਂ ਦੀ ਬਥੇਰੀ ਖੰਡ ਖਾਧੀ 10 ਰੁਪੈ ਕਿੱਲੋ ਵਾਲੀ ਦੁਕਾਨ ਦੁਕਾਨਾਂ ਨੂੰ 15-18 ਰੁਪੈ ‘ਚ ਵੇਚ ਦਿੰਦਾ ਸੀ ਤੇ ਦੁਕਾਨਦਾਰ ਅਗਾਂਹ ਦੁੱਗਣੇ ‘ਚ ਵੇਚਦਾ ਹੁੰਦਾ ਸੀ। ਹੁਣ ਤਾਂ ਜੱਬ ਈ ਮੁੱਕ ਗਿਆ। ਬਈ ਉਹ ਵੀ ਉੱਪਰੋਂ ਹੋਗੀ ਬੰਦ ਤੇ ਮਿੱਟੀ ਦਾ ਤੇਲ ਬਾਕੀ ਸਾਬਨ, ਦਾਲਾਂ, ਚੌਲ ਆਦਿ ਸਭ ਡਕਾਰ ਜਾਂਦੇ ਸੀ ਅਤੇ ਹੁਣ ਦੇ ਸਮੇਂ ਵਿੱਚ ਤੁਸੀਂ ਗ਼ਰੀਬਾਂ ਦੀ ਸਰਕਾਰੀ ਕਣਕ ਚਟਮ ਕਰ ਜਾਂਦੇ ਹੋ…! ਪਹਿਲਾਂ ਭਾਈ ਮੈਂ ਉਹਦੇ ਸਿਰ ‘ਚ ਵੜਿਆ ਇੰਸਪੈਕਟਰ ਕਦੇ ਮੂਵ, ਕਦੇ ਬਾਮ, ਕਦੇ ਕੁਸ਼ ਤੇ ਕਦੇ ਕੁਸ਼ ਮੱਥੇ, ਪੁੜਪੜੀਆਂ ਤੇ ਮਾਲਿਸ਼ ਕਰਿਆ ਕਰੇ…, ਫੇਰ ਮੈਂ ਹੌਲੀ ਕੁ ਦੇਣੇ ਵਾਅ ਗੋਲਾ ਜਿਹਾ ਮਤਲਬ ਗੈਸ ਤੇਜ਼ਾਬ ਬਣ ਕੇ ਉਹਦੇ ਢਿੱਡ ‘ਚ ਰਿਝਿਆ ਕਰਾਂ… ਇੰਸਪੈਕਟਰ ਕਦੇ ਮਾਝਾ, ਕਦੇ ਲਿਮਕਾ, ਕਦੇ ਫਲਾਂ ਦੇ ਜੂਸ ਕਦੇ, ਹਾਜ਼ਮੇਦਾਰ ਦਵਾਈਆਂ ਪੀਆ ਕਰੇ। ਫੇਰ ਮੈਂ ਚਾਰ ਕੁ ਦਿਨਾਂ ਬਾਅਦ ਚਲਾ ਗਿਆ ਉਹਦੇ ਜਮਾਂ ਢਿੱਡ ਦੇ ਵਿਚਾਲੇ ਤੇ ਭਰਾਵਾ ਬਹੁਤ ਤਪਾਇਆ। ਜਦੋਂ ਮੈਂ ਰੇਸ ਫੜਿਆ ਕਰਾਂ ਇੰਸਪੈਕਟਰ ਚਾਕੂ ਵਾਂਗੂੰ ਇੱਕਠਾ ਹੋ ਜਾਇਆ ਕਰੇ ਤੇ ਫੇਰ ਮੈਂ (ਟੱਟੀਆਂ) ਦਸਤ ਦਾ ਰੂਪ ਧਾਰਿਆ ਤੇ ਇੰਸਪੈਕਟਰ ਨੂੰ ਪੰਜਾਂ ਮਿੰਟਾਂ ‘ਚ 3 ਵਾਰ ਟੱਟੀ ਕਰਦਾ ਏ। ਅਜੇ ਨਾਲਾ ਹੱਥ ਚ ਹੀ ਹੁੰਦਾ ਕਿ ਉਦੋਂ ਨੂੰ ਫ਼ੇਰ…!  ਪਾਣੀ ਐਨ ਖਤਮ ਮਤਲਬ ਨਚੋੜ ਕੇ ਹਟੂ..! ਜਿਹੜਾ ਗਰੀਬਾਂ ਦਾ ਹੱਕ ਮੂਹਰ ਦੀ ਖਾਧਾ ਉਹ ਮਗਰ ਦੀ ਕੱਢੂੰ…!  ਹੁਣ ਹਰ ਰੋਜ਼ ਡਾਕਟਰ ਤੋਂ ਗੁਲੂਕੋਜ਼ ਦੀਆਂ ਬੋਤਲਾਂ ਲਵਾਉਂਦਾ ਫਿਰਦਾ ਏ।

              ਪੇਂਡੂ ਦਰਦ :- ਭਰਾਵਾਂ ਸਾਡੀ ਕਾਹਦੀ ਪੇਂਡੂਆਂ ਦੀ ਜ਼ਿੰਦਗਾਨੀ ਐ…, ਇੱਕ ਦਿਨ ਮੈਂ ਚੜ੍ਹ ਗਿਆ ਭਰਾ ਇੱਕ ਪੇਂਡੂ ਕੋਹਲੂ ਚਲਾਉਣ ਵਾਲੇ ਤੇਲੀ ਜੱਟ ਨੂੰ..! ਸਾਡਾ ਤਾਂ  ਭਰਾਵਾ ਜ਼ਿਆਦਾ ਲੱਗਭਗ ਜੱਟਾਂ ਨਾਲ ਈ ਵਾਅ ਪੈਂਦਾ ਐ..! ਪਰ ਇਹ ਤੇਲੀ ਜੱਟ ਇਉਂ ਸੀ ਕਿ ਉਸ ਜੱਟ ਦਾ ਤੇਲ ਕੱਢਣ ਵਾਲਾ ਕੋਹਲੂ ਲਾਇਆ ਹੋਇਆ ਸੀ। ਪਹਿਲਾਂ ਤਾਂ ਭਰਾਵਾ ਮੈਂ ਵੀ  ਤੇਰੇ ਵਾਂਗੂੰ ਉਹਦੇ ਸਿਰ ‘ਚ ਵੜਿਆ..! ਪਤੰਦਰ ਜੱਟ ਨੇ ਤਾਂ ਨੱਕ ਵਿੱਚ ਸਰੋਂ ਦਾ ਤੇਲ ਪਾਅ – ਪਾਅ ਕੇ ਉਤੋਂ ਨਸਵਾਰ ਦੀਆਂ ਚੂੰਡੀਆਂ ਲੈ ਲੈ ਕੇ ਮੇਰਾ ਤਾਂ ਹੁਲੀਆ ਹੀ ਬੁਰੀ ਤਰ੍ਹਾਂ ਵਿਗਾੜ ਕੇ ਰੱਖ ਦਿੱਤਾ। ਆਪਾਂ ਤਾਂ ਫਟਾਫਟ ਭਰਾਵਾ ਸਿਰ ਚੋਂ ਟਪੂਸੀ ਮਾਰ ਕੇ ਤੇਰੇ ਵਾਂਗ ਪੇਟ ਗੈਸ ਦਾ ਭੇਸ ਧਾਰ ਲਿਆ। ਫੇਰ ਪਤੰਦਰ ਤੇਲੀ ਜੱਟ ਨੇ ਕਾਲ਼ਾ ਲੂਣ ਮਿਰਚ ਪਾ ਲੱਸੀ ਪੀ-ਪੀ ਕੇ ਮੇਰੀ ਇਸ ਤਰ੍ਹਾਂ ਚੰਗੀ ਲਸਰ ਲਵਾਈ ਜਿਵੇਂ ਉਹ ਤੇਲ ਕੱਢਦੇ ਸਮੇਂ ਸਰੋਂ ਦੀ ਫ਼ਸਲ ਦਾ ਕਚੂੰਬਰ ਕੱਢਦਾ ਹੁੰਦਾ ਏ ਅਤੇ ਦੂਸਰੇ ਦਿਨ ਤੇਲੀ  ਜਦੋਂ ਉਹ ਸਰੋਂ ਚੁੱਕਣ ਲਈ ਪੈਦਲ ਹੀ ਖੇਤ ਵੱਲ ਨੂੰ ਜਾ ਰਿਹਾ ਸੀ ਤਾਂ ਮੈਂ ਗੈਸ ਗੋਲਾ ਤੋਂ ਪੇਟ ਦਰਦ ਉਪਰੰਤ ਮੈਂ ਵੀ ਤੇਰੇ ਵਾਂਗੂੰ ਦਸਤ (ਟੱਟੀਆਂ) ਦਾ ਰੂਪ ਧਾਰਿਆ। ਤੇਲੀ ਜੱਟ ਤਾਂ ਪਤੰਦਰ ਵਾਹਣ ‘ਚ ਧੁੱਪੇ ਤਿੱਖੜ ਦੁਪਹਿਰ ਤੱਕ ਹੀ ਬੈਠਾ ਰਿਹਾ ਅਤੇ ਉਤੋਂ ਮਿਰਜ਼ੇ ਦੀਆਂ ਵਾਰਾਂ ਲਾਈ ਗਿਆ ਨਾਲੇ ਆਖੀ ਜਾਵੇ ਕਿ ਬਈ ਅੱਜ ਮਸਾਂ ਪੇਟ ਸਾਫ ਹੋਣ ਲੱਗਾ ਏ ਜਦੋਂ ਫਿਰ ਮੈਂ ਕੁਝ ਆਪਣਾ ਜ਼ਿਆਦਾ ਈ ਜ਼ੋਰ ਵਧਾਇਆ..! ਤਾਂ ਤੇਲੀ ਜੱਟ ਨੇ ਕੁੜਤੇ ਦੇ ਖੀਸੇ ਚੋਂ ਕੱਢਿਆ ਪੋਸਤ ਵਾਲਾ ਲਿਫਾਫਾ ਕੱਢਿਆ ਤੇ ਲਾ ਕੇ ਕਾਰਡ .., ਕਰਤਾ  ਚੱਕਾ ਜਾਮ..! ਬਈ ਫਿਰ ਉਹ ਦਿਨ ਗਏ ਤੇ ਆਹ ਆਏ..! ਆਪਾਂ ਨਹੀਂ ਕਦੇ ਜੱਟ ਵੱਲ ਅੱਖ ਪੱਟ ਕੇ ਵੀ ਝਾਕੇ ਭਾਵੇਂ ਕੋਲ ਹੀ ਖੜ੍ਹਾ ਰਵੇ। ਨਾਲੇ ਇੱਥੇ ਮੈਨੂੰ ਇਹ ਵੀ ਮਹਿਸੂਸ ਹੋਇਆ ਕਿ ਲੋਕ ਏਸੇ ਕਰਕੇ ਸਾਡੇ ਦੇਸ਼ ਵਿੱਚ ਪੋਸਤ ਦੀ ਖੇਤੀ ਕਰਨ ਲਈ ਢੰਡੋਰਾ ਪਿੱਟ ਰਹੇ ਹਨ।

          ਚਲੋ ਠੀਕ ਹੈ ਬਾਈ.., ਜੈ ਹੋ.., ਅਗਲੀ ਬਾਤ ਚੀਤ ਕਦੇ ਫ਼ੇਰ ਸਹੀ।

ਡਾ ਸਾਧੂ ਰਾਮ ਲੰਗੇਆਣਾ

ਲੇਖ਼ਕ : – ਡਾ ਸਾਧੂ ਰਾਮ ਲੰਗੇਆਣਾ ਪਿੰਡ ਲੰਗੇਆਣਾ ਕਲਾਂ ਜ਼ਿਲ੍ਹਾ ਮੋਗਾ 9878117285

Show More

Related Articles

Leave a Reply

Your email address will not be published. Required fields are marked *

Back to top button
Translate »