ਕੈਨੇਡਾ ਚੋਣਾਂ : ਕਾਰਨੀ ਦਾ ਕ੍ਰਿਸ਼ਮਾ !


ਕੈਨੇਡਾ ਵਿੱਚ ਹਾਲ ਹੀ ਵਿੱਚ ਹੋਈਆਂਆਮ ਚੋਣਾਂ ਦੌਰਾਨ ਮਾਰਕ ਕਾਰਨੀ ਦੀ ਅਗਵਾਈ ਵਿੱਚ ਲਿਬਰਲ ਪਾਰਟੀ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਇੰਗਲੈਂਡ ਅਤੇ ਕੈਨੇਡਾ ਵਿੱਚ ਸੈਂਟਰਲ ਬੈਂਕ ਦੇ ਗਵਰਨਰ ਰਹੇ ਮਾਰਕ ਕਾਰਨੀ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਾਂਭੇ ਕਰਕੇ ਲਿਬਰਲ ਪਾਰਟੀ ਦਾ ਆਗੂ ਚੁਣਿਆ ਗਿਆ ਸੀ। ਉਹਨਾਂ ਨੇ ਆਪਣੇ ਸਿਰਫ਼ ਦੋ ਕੁ ਮਹੀਨਿਆਂ ਦੇ ਕਾਰਜਕਾਲ ਦੌਰਾਨ ਹੀ ਲਿਬਰਲ ਪਾਰਟੀ ਨੂੰ ਇੱਕ ਵਾਰ ਫਿਰ ਸੱਤਾ ਦੇ ਨਜ਼ਦੀਕ ਲਿਆ ਖੜ੍ਹਾ ਕਰ ਦਿੱਤਾ ਹੈ । ਭਾਂਵੇ ਇਹਨਾਂ ਚੋਣਾਂ ਵਿੱਚ ਕਿਸੇ ਵੀ ਸਿਆਸੀ ਪਾਰਟੀ ਨੂੰ ਸਪੱਸ਼ਟ ਬਹੁਮਤ ਹਾਸਲ ਨਹੀਂ ਹੋਇਆ ਹੈ ਪਰੰਤੂ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮਾਰਕ ਕਾਰਨੀ ਦੀ ਅਗਵਾਈ ਵਿੱਚ ਇੱਕ ਵਾਰ ਫਿਰ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ । ਕੈਨੇਡਾ ਦੀ 45ਵੀਂ ਪਾਰਲੀਮੈਂਟ ਦੇ ਗਠਨ ਲਈ ਹੋਈਆਂ ਚੋਣਾਂ ਵਿੱਚ ਲਿਬਰਲ ਪਾਰਟੀ ਨੂੰ 169 ਸੀਟਾਂ ਤੇ ਜਿੱਤ ਹਾਸਲ ਹੋਈ ਹੈ ਜਦਕਿ ਕੰਜ਼ਰਵੇਟਿਵ 144 ਸੀਟਾਂ ਲੈ ਕੇ ਦੂਜੇ ਨੰਬਰ ਤੇ ਰਹੇ ਹਨ ।

ਖੱਬੇ ਪੱਖੀ ਨਿਊ ਡੈਮੋਕ੍ਰੇਟਸ ਨੂੰ ਭਾਰੀ ਕਸਾਰਾ ਲੱਗਾ ਹੈ । ਪਿਛਲੀ ਵਾਰ ਨਿਊ ਡੈਮੋਕ੍ਰੇਟਸ ਕੋਲ 25 ਸੀਟਾਂ ਸਨ ਅਤੇ ਸੱਤਾ ਦਾ ਸੰਤੁਲਨ ਨਿਊ ਡੈਮੋਕ੍ਰੇਟਸ ਦੇ ਸਮਰਥਨ ਨਾਲ ਹੀ ਬਣਿਆ ਹੋਇਆ ਸੀ । ਸਮੇ – ਸਮੇਂ ਤੇ ਡਾਵਾਂਡੋਲ ਹੁੰਦੀ ਰਹੀ ਲਿਬਰਲ ਸਰਕਾਰ,ਹੁਣ ਤੱਕ ਨਿਊ ਡੈਮੋਕ੍ਰੇਟਸ ਦੀ ਭਾਈਵਾਲੀ ਸਦਕਾ ਹੀ ਚੱਲਦੀ ਆ ਰਹੀ ਸੀ। ਆਮ ਲੋਕਾਂ ਲਈ ਦੰਦਾਂ ਦੀ ਦੇਖਭਾਲ ਅਤੇ ਇਲਾਜ (ਡੈਂਟਲ ਕੇਅਰ) ਵਰਗੀਆਂ ਲੋੜਾਂ ਨਿਊ ਡੈਮੋਕ੍ਰੇਟਸ ਸਦਕਾ ਹੀ ਹਾਸਲ ਹੋਣੀਆਂ ਸ਼ੁਰੂ ਹੋਈਆਂ। ਕੈਨੇਡੀਅਨਜ਼ ਕਈ ਯੂਨੀਵਰਸਲ ਫਾਰਮਾਕੇਅਰ ਲੈ ਕੇ ਆਉਣਾ ਜਗਮੀਤ ਸਿੰਘ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਰਿਹਾ । ਪਰੰਤੂ ਹਾਸਲ ਹੋਏ ਨਤੀਜਿਆਂ ਮੁਤਾਬਕ ਐਨ. ਡੀ.ਪੀ. ਨੂੰ ਸਿਰਫ਼ ਸੱਤ ਸੀਟਾਂ ਨਾਲ ਹੀ ਸਬਰ ਕਰਨਾ ਪਿਆ ਹੈ। ਪਾਰਟੀ ਆਗੂ ਜਗਮੀਤ ਸਿੰਘ ਖੁਦ ਆਪਣੀ ਸੀਟ ਵੀ ਹਾਰ ਗਏ ਹਨ । ਬਰਨਬੀ ਸੈਂਟਰ ਹਲਕੇ ਤੋਂ ਤੀਜੇ ਸਥਾਨ ‘ਤੇ ਰਹੇ ਜਗਮੀਤ ਸਿੰਘ ਨੂੰ ਅਸਤੀਫ਼ਾ ਦੇਣ ਦਾ ਐਲਾਨ ਕਰਨਾ ਪਿਆ ਹੈ ਅਤੇ ਨਾਲ ਹੀ ਪਾਰਟੀ 12 ਤੋਂ ਘੱਟ ਸੀਟਾਂ ਹਾਸਲ ਕਰਕੇ ਆਪਣਾ ਇੱਕ ਸਿਆਸੀ ਦਲ ਵਜੋਂ ਬਣਦਾ ਰੁਤਬਾ ਵੀ ਗੁਆ ਚੁੱਕੀ ਹੈ। ਇਹਨਾਂ ਚੋਣਾਂ ਵਿੱਚ ਐਨ.ਡੀ.ਪੀ. ਨੂੰ ਸਭ ਤੋਂ ਵੱਧ ਸਿਆਸੀ ਖੋਰਾ ਲਿਬਰਲਜ਼ ਨੇ ਹੀ ਲਾਇਆ ਹੈ। ਕੰਜ਼ਰਵੇਟਿਵਜ਼ ਨੂੰ ਸੱਤਾ ਵਿੱਚ ਆਉਣ ਤੋਂ ਰੋਕਣ ਲਈ ਐਨ. ਡੀ. ਪੀ. ਨੇ ਆਪਣੀ ਹੋਂਦ ਤੱਕ ਖ਼ਤਰੇ ਵਿੱਚ ਪਾ ਲਈ ।
ਮਾਰਕ ਕਾਰਨੀ ਦੇ ਲਿਬਰਲ ਆਗੂ ਬਨਣ ਤੋਂ ਪਹਿਲਾਂ ਪਾਰਟੀ ਅੰਦਰੂਨੀ ਖਿਚੋਤਾਣ ਦਾ ਸ਼ਿਕਾਰ ਹੋਈ ਪਈ ਸੀ । ਪਾਰਟੀ ਅੰਦਰਲੇ ਕਈ ਛੋਟੇ-ਵੱਡੇ ਆਗੂਆਂ ਦਾ ਜਸਟਿਨ ਟਰੂਡੋ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਹਟਾਉਣ ਲਈ ਜ਼ੋਰ ਲੱਗਾ ਹੋਇਆ ਸੀ। ਪਾਰਟੀ ਅੰਦਰਲੇ ਦਬਾਅ ਅਤੇ ਨਾਰਾਜ਼ ਹੋਏ ਕੈਨੇਡੀਅਨ ਲੋਕਾਂ ਦੇ ਵਿਰੋਧ ਅੱਗੇ ਝੁਕਦਿਆਂ ਆਖ਼ਰ ਜਸਟਿਨ ਟਰੂਡੋ ਨੂੰ ਆਪਣਾ ਅਹੁਦਾ ਤਿਆਗਣਾ ਪਿਆ ਸੀ ਪਰੰਤੂ ਜਾਂਦੇ-ਜਾਂਦੇ ਉਹ ਆਪਣਾ ਪ੍ਰਭਾਵ ਵਰਤ ਕੇ ਆਪਣੇ ਸਲਾਹਕਾਰ ਰਹੇ ਉੱਘੇ ਅਰਥ ਸ਼ਾਸਤਰੀ ਮਾਰਕ ਕਾਰਨੀ ਨੂੰ ਪਾਰਟੀ ਦੀ ਵਾਗਡੋਰ ਸੰਭਾਲਣ ਵਿੱਚ ਕਾਮਯਾਬ ਰਹੇ ।

ਮਾਰਕ ਕਾਰਨੀ ਨੂੰ ਕਿਉਂਕਿ ਪਾਰਲੀਮੈਂਟ ਅੰਦਰ ਬੈਠਣ ਲਈ ਮੈਂਬਰ ਬਨਣ ਦੀ ਲੋੜ ਸੀ, ਇਸ ਲਈ ਉਨ੍ਹਾਂ ਆਪਣੀ ਸਿਆਸੀ ਸੂਝ ਮੁਤਾਬਕ ਫ਼ੈਸਲਾ ਲੈੰਦਿਆ ਖੁਦ ਮੈਂਬਰ ਬਨਣ ਲਈ ਜ਼ਿਮਨੀ ਚੋਣ ਕਰਵਾਉਣ ਦੀ ਬਜਾਏ ਪੂਰੇ ਮੁਲਕ ਅੰਦਰ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ। ਦੂਜੇ ਪਾਸੇ ਗੁਆਂਡੀ ਮੁਲਕ ਅਮਰੀਕਾ ਵਿੱਚ ਡੋਨਲਡ ਟਰੰਪ ਦੇ ਦੁਬਾਰਾ ਸੱਤਾ ਵਿੱਚ ਆਉਣ ਕਾਰਨ ਕੈਨੇਡਾ ਦੇ ਸਿਆਸੀ ਹਾਲਾਤ ਵੀ ਬਦਲ ਗਏ । ਟਰੰਪ ਨੇ ਰਾਸ਼ਟਰਪਤੀ ਦੀ ਕੁਰਸੀ ‘ਤੇ ਬੈਠਦਿਆਂ ਹੀ ਅਮਰੀਕਾ ਵਿੱਚ ਆਯਾਤ ਕੀਤੀਆਂ ਜਾਣ ਵਾਲੀਆਂ ਵਸਤਾਂ ਉੱਪਰ ਟੈਰਿਫ ਲਗਾਉਣ ਵਰਗੇ ਆਪਹੁਦਰੇ ਅਜਿਹੇ ਫੈਸਲੇ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਜਿਸਦਾ ਅਸਰ ਗੁਆਂਢੀ ਮੁਲਕਾਂ ਤੋਂ ਇਲਾਵਾ ਅਮਰੀਕਾ ਵਾਸੀਆਂ ‘ਤੇ ਵੀ ਪੈਣਾ ਸ਼ੁਰੂ ਹੋ ਗਿਆ । ਅਜਿਹੇ ਹਾਲਾਤਾਂ ਵਿੱਚ ਕੈਨੇਡੀਅਨ ਲੋਕਾਂ ਨੂੰ ਇੱਕ ਅਜਿਹੇ ਮਜ਼ਬੂਤ ਆਗੂ ਦੀ ਲੋੜ ਸੀ ਜੋ ਟਰੰਪ ਦੀਆਂ ਇੱਕਪਾਸੜ ਨੀਤੀਆਂ ਖਿਲਾਫ਼ ਖੜ੍ਹਾ ਹੋ ਸਕੇ । ਲਿਬਰਲ ਆਗੂ ਕਾਰਨੀ ਨੇ ਕੈਨੇਡੀਅਨਾਂ ਅੰਦਰ ਵੜੇ ਟਰੰਪ ਦੇ ਭੈਅ ਨੂੰ ਖ਼ਤਮ ਕਰਨ ਲਈ ਆਪਣੀ ਚੋਣ ਮੁਹਿੰਮ ਦੌਰਾਨ ਟਰੰਪ ਨੂੰ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀਆਂ ਤਕਰੀਰਾਂ ਵਿੱਚ ਇੱਕ ਅਜਿਹੇ ਆਗੂ ਦੀ ਚੋਣ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਜਾਂਦਾ ਰਿਹਾ ਜੋ ਟਰੰਪ ਨੂੰ ਟੱਕਰ ਦੇ ਸਕੇ । ਟਰੰਪ ਦੀਆਂ ਨੀਤੀਆਂ ਅਤੇ ਕੈਨੇਡਾ ਨੂੰ ਅਮਰੀਕਾ ਦਾ 51 ਵਾਂ ਸੂਬਾ ਬਣਾਉਣ ਦੀਆਂ ਨਿੱਤ ਦਿਨ ਦਿੱਤੀਆਂ ਜਾਂਦੀਆਂ ਦਬਿਸ਼ਾਂ ਤੋ ਸਤਾਏ ਹੋਏ ਲੋਕਾਂ ਨੇ ਆਖਰ ਮਾਰਕ ਕਾਰਨੀ ਵਿੱਚ ਆਪਣਾ ਭਵਿੱਖ ਦੇਖਿਆ ।
ਇਹਨੀਂ ਦਿਨੀ ਕੈਨੇਡਾ ਵਿੱਚ ਇੱਕ ਵਿਲੱਖਣ ਕਿਸਮ ਦੀ ਦੇਸ਼ ਭਗਤੀ ਦੀ ਭਾਵਨਾ ਦੇਖਣ ਨੂੰ ਮਿਲੀ, ਕੈਨੇਡੀਅਨ ਅਵਾਮ ਨੇ ਅਮਰੀਕਨ ਉਤਪਾਦਾਂ ਦੇ ਅਸਿੱਧੇ ਬਾਈਕਾਟ ਅਤੇ ਮੁਲਕ ਅੰਦਰ ਹੀ ਪੈਦਾ ਕੀਤੇ ਗਏ ਸਮਾਨ ਦੀ ਖਰੀਦਦਾਰੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ । ਮੁਲਕ ਅੰਦਰ ਚੋਣਾਂ ਦਾ ਬਿਗਲ ਵੱਜਦਿਆਂ ਹੀ ਮਾਰਕ ਕਾਰਨੀ ਨੇ ਕੈਨੇਡੀਅਨ ਲੋਕਾਂ ਦੀ ਇਸ ਦੇਸ਼-ਭਗਤੀ ਦੀ ਭਾਵਨਾ ਨੂੰ ਠੁੰਮਣਾਂ ਦੇਣਾ ਸ਼ੁਰੂ ਕਰ ਦਿੱਤਾ ਜਿਸਦਾ ਫਲ਼ ਹੁਣ ਤਾਜ਼ਾ ਸਾਹਮਣੇ ਆਏ ਚੋਣ ਨਤੀਜਿਆਂ ਵਿੱਚ ਦੇਖਣ ਨੂੰ ਮਿਲਿਆ। ਲਿਬਰਲਜ਼ ਦੇ ਪੱਖ ਵਿੱਚ ਆਏ ਚੋਣ ਨਤੀਜਿਆਂ ਮਗਰੋਂ ਦਿੱਤੇ ਗਏ ਆਪਣੇ ਪਹਿਲੇ ਭਾਸ਼ਣ ਵਿੱਚ ਵੀ ਕਾਰਨੀ ਨੇ ਕੈਨੇਡੀਅਨਾਂ ਨੂੰ ਖੁਦ ਨੂੰ ਵਧੇਰੇ ਮਜ਼ਬੂਤ ਕਰਨ ਦੀ ਗੱਲ ਕੀਤੀ । ਉਨ੍ਹਾਂ ਆਪਣੀ ਭਾਵਪੂਰਤ ਤਕਰੀਰ ਵਿੱਚ ਕਿਹਾ ਕਿ ਕੈਨੇਡਾ ਦੇ ਅਮਰੀਕਾ ਨਾਲ ਉਹ ਪੁਰਾਣੇ ਨਿੱਘੇ ਰਿਸ਼ਤਿਆਂ ਦਾ ਸਮਾਂ ਹੁਣ ਲੱਦ ਗਿਆ ਹੈ । ਹੁਣ ਸਾਨੂੰ ਇਸ ਰਿਸ਼ਤੇ ਨੂੰ ਨਵੇਂ ਸਿਰੇ ਤੋਂ ਪ੍ਰੀਭਾਸ਼ਤ ਕਰਨਾ ਪਵੇਗਾ।ਉਨ੍ਹਾ ਕਿਹਾ ਕਿ “ਅਸੀਂ ਹੁਣ ਅਮਰੀਕੀ ਧੋਖੇ ਦੇ ਝਟਕੇ ਤੋਂ ਬਾਹਰ ਨਿਕਲ ਆਏ ਹਾਂ, ਪਰ ਅਸੀਂ ਉਹ ਸਬਕ ਕਦੇ ਨਾਂ ਭੁੱਲੀਏ।” ਮਾਰਕ ਕਾਰਨੀ ਨੇ ਇੱਕ ਵਾਰ ਫੇਰ ਸਪੱਸ਼ਟ ਕੀਤਾ ਕਿ ਅਮਰੀਕਾ ਦੀ ਮਨਸ਼ਾ ਕੈਨੇਡਾ ਦੇ ਧਰਤੀ ਹੇਠਲੇ ਖਣਿਜ ਪਦਾਰਥਾਂ ਅਤੇ ਕੁਦਰਤੀ ਸਰੋਤਾਂ ਉੱਪਰ ਕਬਜ਼ਾ ਕਰਨ ਦੀ ਹੈ ਪਰ ਉਹ ਟਰੰਪ ਦੀ ਅਜਿਹੀ ਕਿਸੇ ਹਸਰਤ ਨੂੰ ਪੂਰੀ ਨਹੀਂ ਹੋਣ ਦੇਣਗੇ।
ਉਨ੍ਹਾਂ ਕਿਹਾ ਕਿ ਅਸੀਂ ਆਪਣੇ ਆਪ ਨੂੰ ਉਹ ਸਭ ਕੁਝ ਦੇ ਸਕਦੇ ਹਾਂ ਜੋ ਅਮਰੀਕਾ ਕਦੇ ਨਹੀਂ ਦੇ ਸਕਦਾ। ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੇ ਆਗੂ ਵੱਲੋਂ ਟਰੰਪ ਦੀਆਂ ਨੀਤੀਆਂ ਦੀ ਖੁੱਲ੍ਹ ਕੇ ਆਲੋਚਨਾ ਕਰਨ ਦੀ ਜ਼ੁਰਅੱਤ ਨਾ ਜੁਟਾ ਸਕਣ ਅਤੇ ਮਾਰਕ ਕਾਰਨੀ ਨੂੰ ‘ਕਾਰਬਨ ਕਾਰਨੀ ‘ ਨਾਮ ਨਾਲ ਸੰਬੋਧਨ ਕਰਨ ਵਰਗੇ ਬਚਕਾਨਾ ਬਿਆਨ ਦੇਣ ਨਾਲ ਸੂਝਵਾਨ ਕੈਨੇਡੀਅਨ ਵੋਟਰਾਂ ਦਾ ਸਮਰਥਨ ਪਾਰਟੀ ਤੋਂ ਦੂਰ ਹੋ ਗਿਆ । ਇੱਥੋਂ ਤੱਕ ਕਿ ਕਿਸੇ ਹੱਦ ਤੱਕ ਨਿਊ ਡੈਮੋਕ੍ਰੇਟਸ ਅਤੇ ਗਰੀਨ ਪਾਰਟੀ ਦੇ ਸਮਰਥਕਾਂ ਨੇ ਵੀ ਮਾਰਕ ਕਾਰਨੀ ਨੂੰ ਟਰੰਪ ਨੂੰ ਕਰਾਰੀ ਟੱਕਰ ਦੇਣ ਵਾਲੇ ਇੱਕ ਮਜ਼ਬੂਤ ਆਗੂ ਵਜੋਂ ਦੇਖਿਆ ।
ਕੈਨੇਡੀਅਨ ਵੋਟਰਾਂ ਨੇ ਲਗਾਤਾਰ ਚੌਥੀ ਵਾਰ ਲਿਬਰਲ ਪਾਰਟੀ ਨੂੰ ਮੁਲਕ ਦੀ ਨੁਮਾਇੰਦਗੀ ਕਰਨ ਲਈ ਚੁਣਿਆ ਹੈ । ਲਿਬਰਲਜ਼ ਦੀ ਜਿੱਤ ਮਗਰੋਂ ਹੁਣ ਸਾਰਾ ਮੁਲਕ ਕਾਰਨੀ ਵੱਲੋਂ ਦਿੱਤੇ ਗਏ ਭਰੋਸੇ ਵੱਲ ਦੇਖ ਰਿਹਾ ਹੈ। 373 ਸੀਟਾਂ ਵਾਲੀ ਕੈਨੇਡੀਅਨ ਪਾਰਲੀਮੈਂਟ ਵਿੱਚ ਘੱਟ ਗਿਣਤੀ ਸਰਕਾਰ ਬਣਾਉਣ ਲਈ ਲਿਬਰਲਜ਼ ਨੂੰ ਇੱਕ ਵਾਰ ਫਿਰ ਨਿਊ ਡੈਮੋਕ੍ਰੇਟਸ ਜਾਂ ਬਲਾਕ ਕਿਊਬੈਕ ਤੋਂ ਹਮਾਇਤ ਹਾਸਲ ਕਰਨ ਦੀ ਲੋੜ ਪਵੇਗੀ। ਹੁਣ ਨਵੀਂ ਲੀਡਰਸ਼ਿਪ ਸਾਹਮਣੇ ਟਰੰਪ ਟੈਰਿਫਾਂ ਤੋਂ ਇਲਾਵਾ ਹਾਊਸਿੰਗ, ਆਵਾਸ, ਸਿਹਤ ਸੁਧਾਰਾਂ ਅਤੇ ਅਰਥਚਾਰੇ ਨੂੰ ਹੁਲਾਰਾ ਦੇਣ ਵਰਗੀਆਂ ਵੱਡੀਆਂ ਚੁਣੌਤੀਆਂ ਹਨ। ਮਾਰਕ ਕਾਰਨੀ ਕੈਨੇਡੀਅਨਜ਼ ਨੂੰ ਅਗਵਾਈ ਦੇਣ ਦੇ ਨਾਲ-ਨਾਲ ਵਿਸ਼ਵ ਵਿਆਪੀ ਭੂਮਿਕਾ ਨਿਭਾਉਣ ਦੇ ਰੌਂਅ ਵਿੱਚ ਨਜ਼ਰ ਆ ਰਹੇ ਹਨ । ਹਾਲ ਹੀ ਵਿੱਚ ਉਨ੍ਹਾਂ ਯੂਕਰੇਨ ਦੇ ਰਾਸ਼ਟਰਪਤੀ ਯੇਲੈਂਸਕੀ ਨਾਲ ਗੱਲਬਾਤ ਕੀਤੀ ਹੈ । ਕਾਰਨੀ ਅਗਲੇ ਹਫ਼ਤੇ ਵਾਸ਼ਿੰਗਟਨ ਜਾ ਰਹੇ ਹਨ ਜਿੱਥੇ ਉਨ੍ਹਾਂ ਦੀ ਅਮਰੀਕੀ ਸਦਰ ਡੋਨਲਡ ਟਰੰਪ ਨਾਲ ਮੁਲਾਕਾਤ ਹੋਣੀ ਤੈਅ ਹੋਈ ਹੈ। ਕਾਰਨੀ ਦੇ ਪ੍ਰਧਾਨ ਮੰਤਰੀ ਚੁਣੇ ਜਾਣ ਮਗਰੋਂ ਕੀਤੀ ਜਾਣ ਵਾਲੀ ਇਸ ਸਿੱਧੀ ਮੁਲਾਕਾਤ ਵਿੱਚ ਦੁਵੱਲੇ ਵਪਾਰ ਅਤੇ ਕਾਰੋਬਾਰ ਨਾਲ ਜੁੜੇ ਮੁੱਦਿਆਂ ਤੋਂ ਇਲਾਵਾ ਟਰੰਪ ਵੱਲੋਂ ਲਗਾਏ ਗਏ ਟੈਰਿਫਾਂ ਦਾ ਮਸਲਾ ਵੀ ਵਿਚਾਰੇ ਜਾਣ ਦੀ ਸੰਭਾਵਨਾ ਹੈ। ਬਦਲੇ ਰਾਜਸੀ ਸਮੀਕਰਨਾਂ ਤਹਿਤ ਨਵੀ ਲੀਡਰਸ਼ਿਪ ਕਿਸ ਤਰਾਂ ਤਬਦੀਲੀ ਦੀ ਵਾਹਕ ਬਣਦੀ ਹੈ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰੇਗਾ ।
ਗੁਰਬਾਜ ਸਿੰਘ ਬਰਾੜ 1 604 617 2252