ਹੱਡ ਬੀਤੀਆਂ

ਜਦੋਂ ਕਲਰਕ ਬਾਦਸ਼ਾਹ ਨੇ ਸਿੱਖਿਆ ਮੰਤਰੀ ਨੂੰ ਟਿੱਚ ਜਾਣਿਆ।


ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)

2012 ਤੋਂ ਲੈ ਕੇ 2017 ਵਾਲੀ ਅਕਾਲੀ ਸਰਕਾਰ ਵੇਲੇ ਮੇਰੀ ਪੋਸਟਿੰਗ ਤਕਰੀਬਨ 4 ਸਾਲ ਬਤੌਰ ਐਸ.ਪੀ. ਸਬ ਡਵੀਜ਼ਨ
ਮਲੋਟ ਜਿਲ੍ਹਾ ਮੁਕਤਸਰ ਸਾਹਿਬ ਵਿਖੇ ਰਹੀ ਸੀ। ਇਸ ਤੋਂ ਪਹਿਲਾਂ ਮੈਂ ਐਸ.ਪੀ. ਡਿਟੈੱਕਟਿਵ ਬਰਨਾਲਾ ਸੀ। ਬਰਨਾਲੇ
ਤੋਂ ਮੇਰੀ ਬਦਲੀ ਇੱਕ ਘਟੀਆ ਬੰਦੇ ਨੇ ਜਾਣ ਬੁੱਝ ਕੇ ਮਲੋਟ ਕਰਵਾਈ ਸੀ। ਮਲੋਟ ਸਬ ਡਵੀਜ਼ਨ ਵਿਖੇ ਐਸ.ਪੀ. ਦੀ
ਸੈਂਕਸ਼ਨਡ ਪੋਸਟ ਤਾਂ ਸੀ ਪਰ ਉਸ ਵਾਸਤੇ ਕੋਈ ਰਿਹਾਇਸ਼ ਜਾਂ ਦਫਤਰ ਨਹੀਂ ਸੀ। ਮੇਰੇ ਤੋਂ ਪਹਿਲਾਂ ਵੀ ਦੋ ਤਿੰਨ
ਐਸ.ਪੀਜ਼ ਦੀ ਪੋਸਟਿੰਗ ਉਥੇ ਹੋਈ ਸੀ ਪਰ ਉਹ ਦੋ ਚਾਰ ਹਫਤਿਆਂ ਵਿੱਚ ਹੀ ਬਦਲੀ ਕਰਵਾ ਕੇ ਦੌੜ ਗਏ ਸਨ। ਇਸ
ਦਾ ਸਭ ਤੋਂ ਵੱਡਾ ਕਾਰਨ ਬਾਦਲ ਪਿੰਡ ਦਾ ਮਲੋਟ ਸਬ ਡਵੀਜ਼ਨ ਵਿੱਚ ਹੋਣਾ ਤੇ ਦਿਨ ਰਾਤ ਪੈਣ ਵਾਲੀ ਵੀ.ਆਈ.ਪੀ.
ਡਿਊਟੀ ਸੀ। ਮੈਂ ਵੀ ਬਦਲੀ ਕਰਾਉਣ ਵਾਸਤੇ ਬਹੁਤ ਯਤਨ ਕੀਤੇ ਪਰ ਗੱਲ ਨਾ ਬਣੀ। ਮਹੀਨੇ ਡੇਢ ਮਹੀਨੇ ਵਿੱਚ ਮੈਂ
ਥਾਣਾ ਲੰਬੀ ਦੇ ਕਵਾਟਰਾਂ ਵਿੱਚ ਰਿਹਾਇਸ਼ ਅਤੇ ਥਾਣਾ ਸਦਰ ਮਲੋਟ ਦੇ ਅੰਦਰ ਦਫਤਰ ਤਿਆਰ ਕਰ ਲਿਆ। ਇਸ ਕੰਮ
ਵਿੱਚ ਮੇਰੀ ਥਾਣਾ ਲੰਬੀ ਦੇ ਐਸ.ਐਚ.ਉ. ਗੁਰਪ੍ਰੀਤ ਸਿੰਘ ਬੈਂਸ (ਹੁਣ ਡੀ.ਐਸ.ਪੀ) ਨੇ ਬਹੁਤ ਮਦਦ ਕੀਤੀ ਸੀ।
ਘਟੀਆ ਬੰਦੇ ਨੇ ਆਪਣੀ ਜਾਚੇ ਮੈਨੂੰ ਉਥੇ ਫਸਾਇਆ ਸੀ ਪਰ ਇਹ ਪੋਸਟਿੰਗ ਮੇਰੇ ਬਹੁਤ ਕੰਮ ਆਈ
ਤੇ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਉੱਪ ਮੁੱਖ ਮੰਤਰੀ ਤੱਕ ਮੇਰੀ ਸਿੱਧੀ ਪਹੁੰਚ ਬਣ
ਗਈ। ਉਸ ਵੇਲੇ ਹਾਲਾਤ ਅਜਿਹੇ ਸਨ ਕਿ ਲੰਬੀ ਹਲਕੇ ਦਾ ਕੋਈ ਆਮ ਬੰਦਾ ਵੀ ਪੰਜਾਬ ਦੇ ਕਿਸੇ ਡੀ.ਸੀ. ਜਾਂ
ਐਸ.ਐਸ.ਪੀ. ਨੂੰ ਫੋਨ ਕਰ ਦਿੰਦਾ ਸੀ ਜਾਂ ਕਿਸੇ ਕੰਮ ਚਲਾ ਜਾਂਦਾ ਸੀ ਤਾਂ ਹੜਕੰਪ ਮੱਚ ਜਾਂਦਾ ਸੀ। ਅਫਸਰ
ਖੁਦ ਉਸ ਨੂੰ ਬਾਹਰੋਂ ਲੈਣ ਲਈ ਆਉਂਦੇ ਸਨ। ਮੋਹਾਲੀ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਸਰਕਾਰੀ ਸਕੂਲ ਟੀਚਰ ਦੀ
ਪੋਸਟਿੰਗ ਕਰਾਉਣੀ ਡੀ.ਸੀ. ਲੱਗਣ ਨਾਲੋਂ ਵੀ ਔਖੀ ਹੈ। ਉੱਚ ਅਫਸਰਾਂ ਦੀਆਂ ਪਤਨੀਆਂ ਜਾਂ ਵੱਡੇ ਸਿਫਾਰਸ਼ੀ ਹੀ
ਇਥੇ ਪੋਸਟਿੰਗ ਕਰਾ ਸਕਦੇ ਹਨ। ਮੇਰਾ ਇੱਕ ਦੋਸਤ ਮੋਹਾਲੀ ਰਹਿੰਦਾ ਸੀ ਜਿਸ ਦੀ ਪਤਨੀ ਮੋਹਾਲੀ ਤੋਂ ਕਾਫੀ
ਦੂਰ ਰਾਜਪੁਰੇ ਨੇੜਲੇ ਕਿਸੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੱਗੀ ਹੋਈ ਸੀ। ਲੰਿਕ ਸੜਕ ਦੀ ਹਾਲਤ ਬਹੁਤ ਭੈੜੀ ਸੀ ਜਿਸ
ਕਾਰਨ ਆਉਣ ਜਾਣ ਵਿੱਚ ਹੀ ਦੋ ਢਾਈ ਘੰਟੇ ਲੱਗ ਜਾਂਦੇ ਸਨ। ਇੱਕ ਦਿਨ ਮੈਂ ਛੁੱਟੀ ਲੈ ਕੇ ਮੋਹਾਲੀ ਆਇਆ
ਹੋਇਆ ਸੀ ਤਾਂ ਉਹ ਵੀ ਆ ਗਿਆ। ਚਾਹ ਪਾਣੀ ਛਕਣ ਤੋਂ ਬਾਅਦ ਉਸ ਨੇ ਮੈਨੂੰ ਆਪਣੀ ਸਮੱਸਿਆ ਦੱਸੀ
ਤੇ ਵੰਗਾਰਿਆ ਕਿ ਤੇਰੇ ਬਾਦਲ ਸਾਹਿਬ ਦੇ ਹਲਕੇ ਵਿੱਚ ਲੱਗਣ ਦਾ ਕੀ ਫਾਇਦਾ ਹੈ ਜੇ ਤੇਰੀ ਭਾਬੀ ਦੀ ਬਦਲੀ
ਮੋਹਾਲੀ ਨਾ ਹੋਈ ਤਾਂ।
ਇਥੇ ਇਹ ਦੱਸਣਾ ਬਣਦਾ ਹੈ ਕਿ ਟੀਚਰਾਂ ਦੀ ਬਦਲੀ ਤਾਂ ਹੀ ਹੁੰਦੀ ਹੈ ਜੇ ਅੱਗੇ ਪੋਸਟ ਖਾਲੀ
ਹੋਵੇ। ਪੁਲਿਸ ਵਾਂਗ ਨਹੀਂ ਕਿ ਜਿਸ ਦਾ ਜੋਰ ਚੱਲਦਾ ਹੈ ਉਹ ਦੂਸਰੇ ਨੂੰ ਪੁੱਟ ਕੇ ਆਪ ਲੱਗ ਜਾਂਦਾ ਹੈ। ਉਸ ਦੀ
ਪਤਨੀ ਸਾਇੰਸ ਟੀਚਰ ਸੀ ਤੇ ਉਸ ਨੇ ਮੈਨੂੰ ਦੱਸਿਆ ਕਿ ਫਲਾਣੇ ਸਕੂਲ ਵਿੱਚ ਇੱਕ ਪੋਸਟ ਖਾਲੀ ਹੈ। ਮੇਰੀ ਸਵਰਗੀ
ਜਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨਾਲ ਬਹੁਤ ਬਣਦੀ ਸੀ। ਸੋਮਵਾਰ ਨੂੰ ਮੈਂ ਵਾਪਸ ਚਲਾ ਗਿਆ ਤੇ ਸਿੱਧਾ
ਜਥੇਦਾਰ ਸਾਹਿਬ ਕੋਲ ਪਹੁੰਚ ਗਿਆ। ਉਨ੍ਹੀਂ ਦਿਨੀ ਸ. ਦਲਜੀਤ ਸਿੰਘ ਚੀਮਾ ਨਵੇਂ ਨਵੇਂ ਹੀ ਸਿੱਖਿਆ ਮੰਤਰੀ
ਬਣੇ ਸਨ ਤੇ ਉਨ੍ਹਾਂ ਦੀ ਕੋਲਿਆਂਵਾਲੀ ਨਾਲ ਚੰਗੀ ਮਿੱਤਰਤਾ ਸੀ। ਮੈਂ ਉਨ੍ਹਾਂ ਨੂੰ ਸਾਰੇ ਹਾਲਾਤ ਦੱਸ
ਦਿੱਤੇ ਤੇ ਟੀਚਰ ਦਾ ਨਾਮ ਤੇ ਕਿੱਥੋਂ ਕਿੱਥੇ ਬਦਲੀ ਕਰਾਉਣੀ ਹੈ, ਇੱਕ ਚਿੱਟ ‘ਤੇ ਲਿਖ ਕੇ ਫੜਾ ਦਿੱਤਾ। ਕੁਦਰਤੀ
ਜਥੇਦਾਰ ਸਾਹਿਬ ਚੰਡੀਗੜ੍ਹ ਹੀ ਜਾ ਰਹੇ ਸਨ। ਦੁਪਹਿਰੇ 2 ਕੁ ਵਜੇ ਉਨ੍ਹਾਂ ਦਾ ਫੋਨ ਆਇਆ ਕਿ ਮੈਂ ਚੀਮਾ
ਸਾਹਿਬ ਦੇ ਦਫਤਰ ਬੈਠਾ ਹਾਂ। ਉਨ੍ਹਾਂ ਨੇ ਡੀ.ਈ.ਉ. ਮੋਹਾਲੀ ਨੂੰ ਇਸ ਬਦਲੀ ਸਬੰਧੀ ਫੋਨ ਕੀਤਾ ਹੈ ਜਿਸ ਨੇ
ਸਬੰਧਿਤ ਕਲਰਕ ਤੋਂ ਪੁੱਛ ਕੇ ਦੱਸਿਆ ਹੈ ਕਿ ਉਸ ਸਕੂਲ ਵਿੱਚ ਤਾਂ ਕੀ, ਸਾਰੇ ਮੋਹਾਲੀ ਸ਼ਹਿਰ ਵਿੱਚ ਸਾਇੰਸ ਟੀਚਰ
ਦੀ ਕੋਈ ਪੋਸਟ ਖਾਲੀ ਨਹੀਂ ਹੈ।

ਮੈਂ ਜਥੇਦਾਰ ਸਾਹਿਬ ਨੂੰ ਕਿਹਾ ਕਿ ਕੋਈ ਗੱਲ ਨਹੀਂ ਅੱਜ ਤੁਸੀਂ ਰਹਿਣ ਦਿਉ। ਮੈਂ ਕਲ੍ਹ
ਤੱਕ ਤੁਹਾਨੂੰ ਇਸ ਸਬੰਧੀ ਲਿਖਤੀ ਦਸਤਾਵੇਜ਼ ਮੁਹੱਈਆ ਕਰਵਾ ਦੇਵਾਂਗਾ। ਮੈਂ ਆਪਣੇ ਦੋਸਤ ਨੂੰ
ਫੋਨ ਕੀਤਾ ਕਿ ਭਰਾਵਾ ਡੀ.ਈ.ਉ. ਦਫਤਰ ਨੇ ਤਾਂ ਨਾਂਹ ਕਰ ਦਿੱਤੀ ਹੈ, ਜੇ ਤੇਰੇ ਕੋਲ ਇਸ ਸਬੰਧੀ ਕੋਈ ਦਸਤਾਵੇਜ਼
ਹਨ ਤਾਂ ਮੈਨੂੰ ਵਟਸਐਪ ਕਰ ਦੇ। ਉਹ ਉਸੇ ਵੇਲੇ ਸਰਗਰਮ ਹੋ ਗਿਆ ਤੇ ਕਿਸੇ ਤਰਾਂ ਢਾਹ ਭੰਨ ਕਰ ਕੇ ਉਸ
ਚਿੱਠੀ ਦੀ ਕਾਪੀ ਮੈਨੂੰ ਭੇਜ ਦਿੱਤੀ ਜਿਹੜੀ ਉਸ ਸਕੂਲ ਦੇ ਪ੍ਰਿੰਸੀਪਲ ਨੇ ਡੀ.ਈ.ਉ. ਨੂੰ ਲਿਖੀ ਹੋਈ ਸੀ ਕਿ ਸਾਡੇ
ਸਕੂਲ ਵਿੱਚ ਸਾਇੰਸ ਟੀਚਰ ਦੀ ਇੱਕ ਪੋਸਟ ਖਾਲੀ ਹੈ, ਕ੍ਰਿਪਾ ਕਰ ਕੇ ਕਿਸੇ ਟੀਚਰ ਨੂੰ ਇਥੇ ਨਿਯੁੱਕਤ ਕੀਤਾ ਜਾਵੇ।
ਅਸਲ ਵਿੱਚ ਉਹ ਚਿੱਠੀ ਸਬੰਧਿਤ ਕਲਰਕ ਨੇ ਘੁੱਟ ਲਈ ਸੀ ਕਿਉਂਕਿ ਉਹ ਉਥੇ ਰੋਪੜ ਤੋਂ ਆਪਣੀ ਸਾਲੀ ਦੀ ਬਦਲੀ
ਕਰਵਾਉਣੀ ਚਾਹੁੰਦਾ ਹੈ। ਸ਼ਾਮ ਨੂੰ ਮੈਨੂੰ ਜਥੇਦਾਰ ਸਾਹਿਬ ਦਾ ਫੋਨ ਆ ਗਿਆ ਕਿ ਮੈਂ ਘਰ ਆ
ਗਿਆ ਹਾਂ ਤੇ ਜੇ ਦਸਤਾਵੇਜ਼ ਮਿਲ ਗਏ ਹਨ ਤਾਂ ਆ ਜਾਉ।
ਮੈਂ ਉਸੇ ਵੇਲੇ ਕੋਲਿਆਂਵਾਲੀ ਪਹੁੰਚ ਗਿਆ ਤੇ ਚਿੱਠੀ ਉਨ੍ਹਾਂ ਨੂੰ ਦਿਖਾ ਦਿੱਤੀ। ਉਹ
ਕਿੰਨਾਂ ਚਿਰ ਹੈਰਾਨੀ ਨਾਲ ਉਸ ਚਿੱਠੀ ਵੱਲ ਵੇਖਦੇ ਰਹੇ ਤੇ ਫਿਰ ਬੋਲੇ ਕਿ ਲੋਕ ਵਾਕਿਆ ਹੀ ਸਹੀ ਕਹਿੰਦੇ ਹਨ ਕਿ
ਕਲਰਕ ਜੋ ਚਾਹੇ ਕਰ ਸਕਦੇ ਹਨ। ਉਨ੍ਹਾਂ ਨੇ ਚੀਮਾ ਸਾਹਿਬ ਨੂੰ ਫੋਨ ਕਰ ਕੇ ਸਾਰੀ ਗੱਲ ਦੱਸ ਕੇ ਨਿਹੋਰਾ
ਮਾਰਿਆ, “ਹੱਦ ਹੋ ਗਈ ਚੀਮਾ ਸਾਹਿਬ, ਤੁਸੀਂ ਕਰ ਲਿਆ ਮੰਤਰੀਪੁਣਾ। ਧਾਨੂੰ ਤਾਂ ਧਾਡੇ ਮਹਿਕਮੇ ਦੇ
ਕਲਰਕ ਹੀ ਕੁਝ ਨਹੀਂ ਸਮਝਦੇ।” ਇਹ ਸੁਣ ਕੇ ਚੀਮਾ ਸਾਹਿਬ ਦੇ ਤਨ ਬਦਨ ਨੂੰ ਅੱਗ ਗਈ ਤੇ ਕਿਹਾ ਕਿ ਫੌਰਨ ਚਿੱਠੀ
ਮੈਨੂੰ ਵਟਸਐਪ ਕਰ ਦਿਉ। ਮੈਂ ਚਿੱਠੀ ਜਥੇਦਾਰ ਸਾਹਿਬ ਦੇ ਫੋਨ ‘ਤੇ ਭੇਜ ਦਿੱਤੀ ਤੇ ਉਨ੍ਹਾਂ ਨੇ ਚੀਮਾ
ਸਾਹਿਬ ਨੂੰ ਭੇਜ ਦਿੱਤੀ। ਹੁਣ ਚੰਡੀਗੜ੍ਹ ਚੀਮਾ ਸਾਹਿਬ ਨੇ ਕਿਸ ਕਿਸ ਅਫਸਰ ਦੀ ਕੀ ਕੀ ਕਲਾਸ ਲਗਾਈ ਤੇ ਉਸ ਕਲਰਕ
ਦਾ ਕੀ ਬਣਿਆ, ਇਹ ਤਾਂ ਮੈਨੂੰ ਪਤਾ ਨਹੀਂ ਪਰ ਸਵੇਰੇ ਅੱਠ ਵਜੇ ਮੇਰੇ ਦੋਸਤ ਦਾ ਫੋਨ ਆ ਗਿਆ ਕਿ ਬਦਲੀ
ਹੋ ਗਈ ਹੈ। ਮੈਂ ਸੋਚਿਆ ਕਿ ਐਵੇਂ ਟਿੱਚਰਾਂ ਕਰ ਰਿਹਾ ਹੈ। ਸਰਕਾਰੀ ਦਫਤਰ ਤਾਂ ਦਸ ਵਜੇ ਖੁਲ੍ਹਦੇ ਹਨ, ਇਹ
ਅੱਠ ਵਜੇ ਆਰਡਰ ਕਿਵੇਂ ਆ ਗਏ? ਮੈਂ ਥੋੜ੍ਹਾ ਜਿਹਾ ਖਿਝ੍ਹ ਕੇ ਕਿਹਾ ਕਿ ਮੈਂ ਕੋਸ਼ਿਸ਼ ਤਾਂ ਕਰ ਹੀ ਰਿਹਾ
ਹਾਂ, ਦੋ ਚਾਰ ਦਿਨ ਸਬਰ ਤਾਂ ਕਰ ਲੈ। ਪਰ ਉਹ ਖੁਸ਼ੀ ਨਾਲ ਖੀਵਾ ਹੋਇਆ ਉੱਚੀ ਉੱਚੀ ਬੋਲਣ ਲੱਗਾ ਕਿ ਸੱਚੀਂ ਹੋ
ਗਈ ਹੈ। ਮੈਨੂੰ ਹੁਣੇ ਡੀ.ਈ.ਉ. ਦਫਤਰ ਦਾ ਮੁਲਾਜ਼ਮ ਆਰਡਰ ਫੜਾ ਕੇ ਗਿਆ ਹੈ। ਜਦੋਂ ਤੱਕ ਉਸ ਨੇ
ਮੈਨੂੰ ਆਰਡਰਾਂ ਦੀ ਕਾਪੀ ਵਟਸਐਪ ਨਾ ਕੀਤੀ, ਮੈਨੂੰ ਯਕੀਨ ਨਾ ਆਇਆ।
ਬਲਰਾਜ ਸਿੰਘ ਸਿੱਧੂ ਏ.ਆਈ.ਜੀ. (ਰਿਟਾ)
ਪੰਡੋਰੀ ਸਿੱਧਵਾਂ 9501100062

Show More

Related Articles

Leave a Reply

Your email address will not be published. Required fields are marked *

Back to top button
Translate »