ਭਾਰਤ ਵਿੱਚ ਵਿਆਹੀਆਂ ਪਾਕਿਸਤਾਨੀ ਮਾਵਾਂ ਆਪਣੇ ਬੱਚੇ ਅਤੇ ਪਰਿਵਾਰ ਛੱਡਕੇ ਬਾਰਡਰ ਟੱਪਣ ਲਈ ਮਜ਼ਬੂਰ ਹੋਈਆਂ

ਨਵੀਂ ਦਿੱਲੀ (ਪੰਜਾਬੀ ਅਖ਼ਬਾਰ ਬਿਊਰੋ) ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ 1 ਮਈ ਨੂੰ ਅਟਾਰੀ ਸਰਹੱਦ ਮੁਕੰਮਲ ਤੌਰ ’ਤੇ ਬੰਦ ਕੀਤੇ ਜਾਣ ਤੋਂ ਪਹਿਲਾਂ ਆਖਰੀ ਦਿਨ ਲਗਪਗ 300 ਤੋਂ ਵੱਧ ਵਿਅਕਤੀ ਦੋਵਾਂ ਦੇਸ਼ਾਂ ਤੋਂ ਆਪੋ ਆਪਣੇ ਮੁਲਕਾਂ ਵਿੱਚ ਵਾਪਸ ਪਰਤੇ ਹਨ। ਦੇਸ਼ ਵਾਪਸੀ ਕਰਨ ਵਾਲਿਆਂ ਵਿੱਚ ਜੰਮੂ ਕਸ਼ਮੀਰ ਸੂਬੇ ਤੋਂ ਕਈ ਅਜਿਹੇ ਵਿਅਕਤੀ ਸਨ, ਜਿਨ੍ਹਾਂ ਨੂੰ ਉਥੋਂ ਦੇ ਪ੍ਰਸ਼ਾਸਨ ਵੱਲੋਂ ਜਬਰੀ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਵਿੱਚ ਕੱੁਝ ਮਾਵਾਂ ਅਜਿਹੀਆਂ ਸਨ, ਜਿਨ੍ਹਾਂ ਦੀ ਨਾਗਰਿਕਤਾ ਤਾਂ ਪਾਕਿਸਤਾਨੀ ਹੈ, ਪਰ ਉਹ ਵਿਆਹੀਆਂ ਭਾਰਤ ਵਿੱਚ ਹੋਈਆਂ ਹਨ।

ਉਨ੍ਹਾਂ ਦੇ ਬੱਚੇ ਅਤੇ ਪਰਿਵਾਰ ਭਾਰਤ ਵਿੱਚ ਹਨ। ਉਨ੍ਹਾਂ ਨੂੰ ਵਾਪਸ ਭੇਜਣ ਸਮੇਂ ਪਰਿਵਾਰ ਰੋ ਕੁਰਲਾ ਰਹੇ ਸਨ।ਇਸ ਦੇ ਨਾਲ ਹੀ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਹੈ। ਭਾਰਤ ਨੇ ਪਾਕਿਸਤਾਨੀ ਏਅਰਲਾਈਨਾਂ ਵੱਲੋਂ ਰਜਿਸਟਰਡ, ਸੰਚਾਲਿਤ, ਮਲਕੀਅਤ ਤੇ ਲੀਜ਼ ’ਤੇ ਲਏ ਗਏ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕੀਤਾ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਭਾਰਤੀ ਏਅਰਲਾਈਨਾਂ ਦੇ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਚੁੱਕਾ ਹੈ। ਇਹ ਪਹਿਲਗਾਮ ਅੱਤਵਾਦੀ ਹਮਲੇ ਨੂੰ ਲੈ ਕੇ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਚੁੱਕੇ ਗਏ ਕਦਮਾਂ ਖਿਲਾਫ ਜਵਾਬ ਵਿੱਚ ਸੀ। ਭਾਰਤ ਨੇ 22 ਅਪਰੈਲ ਨੂੰ ਪਹਿਲਗਾਮ ਅੱਤਵਾਦੀ ਹਮਲੇ, ਜਿਸ ਵਿੱਚ 26 ਸੈਲਾਨੀਆਂ ਦੀ ਜਾਨ ਜਾਂਦੀ ਰਹੀ ਸੀ, ਤੋਂ ਅਗਲੇ ਦਿਨ ਹੋਰ ਸਖ਼ਤ ਕਦਮ ਚੁੱਕਣ ਦੇ ਨਾਲ-ਨਾਲ ਸਿੰਧੂ ਜਲ ਸੰਧੀ ਨੂੰ ਵੀ ਮੁਅੱਤਲ ਕਰ ਦਿੱਤਾ ਸੀ।