ਦੀਵਾਲੀ ਬਾਰੇ ਕੁਝ ਰੌਚਿਕ ਤੱਥ

ਆਓ ਜਾਣੀਏ ਦੀਵਾਲੀ ਬਾਰੇ ਕੁਝ ਰੌਚਿਕ ਤੱਥ

ਪਿਆਰੇ ਪਾਠਕੋ ! ਤੁਸੀਂ ਜਾਣਦੇ ਹੀ ਹੋ ਕਿ ਦੀਵਾਲੀ ਰੌਸ਼ਨੀਆਂ,ਮਠਿਆਈਆਂ ਅਤੇ ਖ਼ੁਸੀਆਂ ਦਾ ਤਿਉਹਾਰ ਹੈ | ਇਹ ਤਿਉਹਾਰ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ 14 ਸਾਲ ਦਾ ਬਨਵਾਸ ਖ਼ਤਮ ਹੋਣ ਪਿੱਛੋਂ ਅਯੱੁਧਿਆ ਵਾਪਸ ਪਰਤਣ ਅਤੇ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਜੀ ਦੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋਣ ਦੀ ਖ਼ੁਸ਼ੀ ਵਿੱਚ ਦੇਸ਼ ਤੇ ਵਿਦੇਸ਼ ਵਿੱਚ ਵੱਸੇ ਸਮੂਹ ਭਾਰਤੀਆਂ ਵੱਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਹੀ ਜਾਂਦਾ ਹੈ | ਆਓ ਇਸ ਪਾਵਨ ਤਿਉਹਾਰ ਨਾਲ ਜੁੜੇ ਕੁਝ ਹੋਰ ਬੇਹੱਦ ਰੌਚਿਕ ਅਤੇ ਜਾਣਕਾਰੀ ਭਰਪੂਰ ਤੱਥਾਂ ਨੂੰ ਜਾਣੀਏ
L ਸ੍ਰੀ ਰਾਮ ਚੰਦਰ ਜੀ ਹੱਥੋਂ ਮੁਕਤੀ ਪਾਉਣ ਵਾਲੇ ਲੰਕਾ ਦੇ ਰਾਜਾ ਰਾਵਣ ਦੀ ਜਨਮ ਅਤੇ ਕਰਮ ਭੂਮੀ ਸ੍ਰੀ ਲੰਕਾ ਵਿਖੇ ਵੀ ਭਾਰਤ ਦੀ ਤਰ੍ਹਾਂ ਇਸ ਦਿਨ ਪੂਰੇ ਮੁਲਕ ਵਿੱਚ ਛੱੁਟੀ ਰੱਖੀ ਜਾਂਦੀ ਹੈ ਤੇ ਸ੍ਰੀ ਲੰਕਾ ਵਿਖੇ ਵੱਸਦੇ ਤਾਮਿਲ ਲੋਕਾਂ ਵੱਲੋਂ ਇਸ ਦਿਨ ਦੀਵੇ ਅਤੇ ਮੋਮਬੱਤੀਆਂ ਜਗਾ ਕੇ ਮਠਿਆਈਆਂ ਵੰਡੀਆਂ ਜਾਂਦੀਆਂ ਹਨ | ਉਹ ਲੋਕ ਇਹ ਵਿਸ਼ਵਾਸ਼ ਕਰਦੇ ਹਨ ਕਿ ਦੀਵੇ ਆਦਿ ਜਗਾਉਣਾ ਅਸਲ ਵਿੱਚ ‘ਆਸਵੰਦ ਹੋਣ‘ , ‘ਰੌਸ਼ਨ ਭਵਿੱਖ ਹੋਣ ‘ ਅਤੇ ‘ ਆਉਣ ਵਾਲੀ ਖ਼ੁਸ਼ਹਾਲੀ‘ ਦਾ ਪ੍ਰਤੀਕ ਹੈ |
L ‘ਨੇਵਾਰ ਬੋਧੀ‘ ਨਾਮਕ ਸ੍ਰੇਣੀ ਦੇ ਬੁੱਧ ਧਰਮ ਦੇ ਪੈਰੋਕਾਰ ਜੋ ਭਾਰਤ ਸਮੇਤ ਜ਼ਿਆਦਾ ਕਰਕੇ ਨੇਪਾਲ ਵਿੱਚ ਵੱਸਦੇ ਹਨ,ਉਹ ਇਸ ਦਿਨ ਨੂੰ ਬੱੁਧ ਧਰਮ ਦਾ ਇੱਕ ਪਾਵਨ ਦਿਨ ਮੰਨ ਕੇ ਰੌਸ਼ਨੀ ਦੇ ਪ੍ਰਤੀਕ ਦੀਵੇ ਤੇ ਮੋਮਬੱਤੀਆਂ ਜਗਾਉਂਦੇ ਹਨ | ਉਹ ਮੰਨਦੇ ਹਨ ਕਿ ਇਸੇ ਹੀ ਦਿਨ ਤੀਜੀ ਸ਼ਤਾਬਦੀ ਈਸਾਪੂਰਵ ਵਿੱਚ ਸਮਰਾਟ ਅਸ਼ੋਕ ਨੇ ਬੱਧ ਧਰਮ ਦਾ ਮਾਰਗ ਅਪਣਾਇਆ ਸੀ ਅਤੇ ਨਾ ਕੇਵਲ ਆਪ ਹਿੰਸਾ ਦਾ ਤਿਆਗ ਕੀਤਾ ਸੀ ਸਗੋਂ ਅਸੰਖਾਂ ਹੋਰ ਲੋਕਾਂ ਨੂੰ ਵੀ ਅਹਿੰਸਾ ਅਤੇ ਪ੍ਰੇਮ ਦਾ ਪਾਠ ਪੜ੍ਹਾਉਣ ਲਈ ਉਹ ਘਰੋਂ ਨਿਕਲ ਪਿਆ ਸੀ |
L ਜੈਨ ਧਰਮ ਦੇ ਪੈਰੋਕਾਰ ਇਸ ਦਿਨ ਨੂੰ ਆਪਣੇ ਸਭ ਤੋਂ ਪਿਆਰੇ ਤੀਰਥੰਕਰ ਸੁਆਮੀ ਮਹਾਂਵੀਰ ਦੇ ਬ੍ਰਹਮ ਗਿਆਨ ਹਾਸਿਲ ਕਰਨ ਅਤੇ ਮੋਕਸ਼ ਭਾਵ ਮੁਕਤੀ ਹਾਸਿਲ ਕਰਨ ਦੇ ਦਿਨ ਵਜੋਂ ਸ਼ਰਧਾਪੂਰਵਕ ਮਨਾਉਂਦੇ ਹਨ | ਜੈਨੀ ਲੋਕ ਵੀ ਰੌਸ਼ਨੀਆਂ ਕਰਦੇ ਹਨ ਤੇ ਇਹ ਮੰਨਦੇ ਹਨ ਕਿ ਦੀਪਕ ਅਤੇ ਮੋਮਬੱਤੀਆਂ ਆਦਿ ਦੀ ਰੌਸ਼ਨੀ,ਸੁਆਮੀ ਮਹਾਂਵੀਰ ਜੀ ਦੇ ਪਵਿੱਤਰ ਬ੍ਰਹਮ ਗਿਆਨ ਦੀ ਪ੍ਰਚੰਡ ਲੋਅ ਦੀ ਹੀ ਪ੍ਰਤੀਕ ਹੈ |
L ਇਸ ਦਿਨ ਦੇਸ਼–ਵਿਦੇਸ਼ ਵਿੱਚ ਵੱਸੇ ਭਾਰਤੀਆਂ ਵੱਲੋਂ ‘ਧਨ–ਸੰਪਤੀ ਦੀ ਦੇਵੀ‘ ਕਹੀ ਜਾਂਦੀ ‘ਮਾਤਾ ਲਕਸ਼ਮੀ‘ ਜੀ ਦੀ ਪੂਜਾ ਕੀਤੀ ਜਾਂਦੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਦੀਵਾਲੀ ਦਾ ਦਿਨ ਮਾਤਾ ਲਕਸ਼ਮੀ ਜੀ ਦਾ ਜਨਮ ਦਿਨ ਵੀ ਹੁੰਦਾ ਹੈ ਤੇ ਇਸੇ ਹੀ ਦਿਨ ਉਨ੍ਹਾ ਦੀ ਸ਼ਾਦੀ ਭਗਵਾਨ ਵਿਸ਼ਨੂੰ ਜੀ ਨਾਲ ਹੋਈ ਹੋਣ ਕਰਕੇ, ਇਹ ਦਿਨ ਉਨ੍ਹਾ ਦੀ ਸ਼ਾਦੀ ਦੀ ਵਰ੍ਹੇਗੰਢ ਵੀ ਹੁੰਦਾ ਹੈ | ਇਸ ਦਿਨ ਪੱਛਮੀ ਬੰਗਾਲ ਦੇ ਵਾਸੀ ਮਾਤਾ ਲਕਸ਼ਮੀ ਦੀ ਪੂਜਾ ਕਰਨ ਦੀ ਥਾਂ ਮਾਤਾ ਦੁਰਗਾ ਜਾਂ ਕਾਲੀ ਮਾਤਾ ਦੀ ਪੂਜਾ ਕਰਦੇ ਹਨ |
L ਹਿੰਦੂ ਧਰਮ ਦੀ ਮਾਨਤਾਵਾਂ ਅਨੁਸਾਰ ਦੀਵਾਲੀ ਦੇ ਹੀ ਦਿਨ ਮਹਾਂਭਾਰਤ ਕਾਲ ਵਿੱਚ ਭਗਵਾਨ ਕ੍ਰਿਸ਼ਨ ਨੇ ‘ਨਰਕਾਸੁਰ‘ ਨਾਮਕ ਖ਼ਤਰਨਾਕ ਰਾਖ਼ਸ਼ ਨੂੰ ਮਾਰ ਕੇ ਲੋਕਾਂ ਨੂੰ ਉਸਦੇ ਜ਼ੁਲਮਾਂ ਤੋਂ ਨਿਜਾਤ ਦਿਵਾਈ ਸੀ ਤੇ ਖ਼ੁਸ਼ ਹੋ ਕੇ ਲੋਕਾਂ ਨੇ ਦੇਸੀ ਘਿਓ ਦੇ ਦੀਵੇ ਜਗਾਏ ਸਨ |
L ਸਾਲ 2020 ਵਿੱਚ ਤਿੰਨ ਹਜ਼ਾਰ ਕਰੋੜ ਰੁਪਏ ਦੇ ਮੱੁਲ ਦੇ ਪਟਾਕੇ ਭਾਰਤ ਵਿੱਚ ਬਣਾਏ ਗਏ ਸਨ ਤੇ ਸਾਲ 2022 ਵਿੱਚ ਛੇ ਹਜ਼ਾਰ ਕਰੋੜ ਰੁਪਏ ਦੇ ਪਟਾਕੇ ਬਣਾਏ ਤੇ ਵੇਚੇ ਗਏ ਸਨ ਪਰ ਸਾਲ 2024 ਵਿਚ ਭਾਰਤ ਅੰਦਰ ਕਾਨੂੰਨੀ ਅਤੇ ਗ਼ੈਰ–ਕਾਨੂੰਨੀ ਬਣਾਏ ਗਏ ਅਤੇ ਵੇਚੇ ਗਏ ਪਟਾਕਿਆਂ ਦੀ ਅੰਦਾਜ਼ਨ ਕੀਮਤ 15 ਹਜ਼ਾਰ ਕਰੋੜ ਮੰਨੀ ਗਈ ਸੀ ਜਿਸ ਵਿੱਚੋਂ 6 ਹਜ਼ਾਰ ਕਰੋੜ ਰੁਪਏ ਦੇ ਪਟਾਕੇ ਤਾਂ ‘ਪਟਾਕਾ ਨਗਰੀ‘ ਵਜੋਂ ਜਾਣੇ ਜਾਂਦੇ ਦੱਖਣ ਭਾਰਤ ਦੇ ਸਿਵਾਕਾਸੀ ਵਿਖੇ ਬਣਾਏ ਗਏ ਸਨ ਤੇ ਉਨ੍ਹਾ ਦਾ ਇਹ ਉਤਪਾਦਨ ਉਸ ਤੋਂ ਪਿਛਲੇ ਵਰ੍ਹੇ ਨਾਲੋਂ ਸੱਤ ਫ਼ੀਸਦੀ ਜ਼ਿਆਦਾ ਸੀ | ਇਹ ਅੰਕੜੇ ਚੀਕ–ਚੀਕ ਕੇ ਦੱਸਦੇ ਹਨ ਕਿ ਭਾਰਤ ਦੇ ਲੋਕ ਤਿਉਹਾਰ ਮਨਾਉਣ ਦੀ ਖ਼ੁਸ਼ੀ ਵਿਚ ਪਟਾਕਿਆਂ ਨੂੰ ਅੱਗ ਲਾਉਣ ਦੇ ਨਾਲ–ਨਾਲ ਕਿਵੇਂ ਹਰ ਸਾਲ ਆਪਣੀ ਮਿਹਨਤ ਨਾਲ ਕਰੋੜਾਂ ਰੁਪਿਆਂ ਨੂੰ ਵੀ ਪਟਾਕਿਆਂ ਦੇ ਰੂਪ ਵਿਚ ਅੱਗ ਲਗਾ ਕੇ ਫ਼ੂਕ ਰਹੇ ਹਨ ਤੇ ਆਪਣੇ ਹੀ ਸਾਹ ਲੈਣ ਲਈ ਲੋੜੀਂਦੇ ਵਾਤਾਵਰਣ ਦਾ ਘਾਣ ਕਰਕੇ ਕਿਸ ਕਦਰ ਆਪਣਾ ਹੀ ਜਿਊਣਾ ਮੁਹਾਲ ਕਰ ਰਹੇ ਹਨ |
ਸੋ ਸਮੂਹ ਪਾਠਕਾਂ ਨੂੰ ਇਹ ਪੁਰਜ਼ੋਰ ਬੇਨਤੀ ਹੈ ਕਿ ਉਹ ਦੀਵਾਲੀ ਜਿਹੇ ਪਾਵਨ ਤਿਉਹਾਰ ਨੂੰ ਖ਼ੁਸ਼ੀਆਂ ਅਤੇ ਰੌਸ਼ਨੀਆ ਦਾ ਤਿਉਹਾਰ ਸਮਝ ਕੇ ਮਨਾਉਣ ਤੇ ‘ਹਰੀ ਦੀਵਾਲੀ‘ ਮਨਾਉਣ ਲਈ ਅੱਗੇ ਆਉਣ | ਹਰੀ ਦੀਵਾਲੀ ਤੋਂ ਭਾਵ ਹੈ ਕਿ ‘ਪਟਾਕਿਆਂ ਨੂੰ ਕਰੋ ਨਾਂਹ‘ ਤੇ ਦੀਵਾਲੀ ਮੌਕੇ ਹੋਰ ਨਵੇਂ ਪੌਦੇ ਲਗਾ ਕੇ ‘ਵਾਤਾਵਰਣ ਨੂੰ ਕਹੋ ਹਾਂ‘ | ਸੋ ਆਓ ਅੱਜ ਅਸੀਂ ਸਾਰੇ ਪ੍ਰਣ ਕਰੀਏ ਅਤੇ ਯਤਨ ਕਰੀਏ ਕਿ ਇਹ ਦੀਵਾਲੀ ਸਭ ਲਈ ‘ਸੁਰੱਖਿਅਤ,ਹਰਿਆਵਲ ਭਰੀ ਅਤੇ ਖ਼ੁਸ਼ੀਆਂ ਭਰੀ‘ ਹੋਵੇ | ਇਸ ਦਿਨ ਪਟਾਕੇ ਚਲਾ ਕੇ ਨਾ ਤਾਂ ਪ੍ਰਦੂਸ਼ਣ ਫ਼ੈਲਾਇਆ ਜਾਵੇ ਤੇ ਨਾ ਹੀ ਪਟਾਕਿਆਂ ਦੇ ਸ਼ੋਰ ਨਾਲ ਮਰੀਜ਼ਾਂ,ਬਜ਼ੁਰਗਾਂ ਅਤੇ ਨਿੱਕੜੇ ਬੱਚਿਆਂ ਨੂੰ ਪ੍ਰੇਸ਼ਾਨ ਕੀਤਾ ਜਾਵੇ | ਇਸ ਦਿਨ ਨੂੰ ਨਫ਼ਰਤ ਭੁਲਾ ਕੇ ਪਿਆਰ ਵੰਡਣ ਅਤੇ ਨਿਰਾਸ਼ਾ ਛੱਡ ਕੇ ਆਸ ਦਾ ਦੀਪਕ ਜਗਾਉਣ ਦੇ ਰੂਪ ਵਿੱਚ ਮਨਾਇਆ ਜਾਵੇ ਅਤੇ ਆਪਣੇ ਨਾਲ–ਨਾਲ ਸਰਬੱਤ ਦਾ ਭਲਾ ਵੀ ਕੀਤਾ ਜਾਵੇ |
ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ
410,ਚੰਦਰ ਨਗਰ, ਬਟਾਲਾ |
ਮੋਬਾ : 97816-46008




