ਪਤੀ ਪਤਨੀ ਦੇ ਪਵਿੱਤਰ ਰਿਸ਼ਤੇ ਨੂੰ ਤੋੜਦੇ ਹਨ ਨਸ਼ੇ


ਦੁਨੀਆਂ ਦੀ ਸਥਾਪਤੀ ਅਤੇ ਇਨਸਾਨੀ ਵਾਧੇ ਵਾਸਤੇ ਵਿਆਹ ਦਾ ਵੱਡਾ ਮਹੱਤਵ ਹੈ, ਇਹੋ ਕਾਰਨ ਹੈ ਕਿ ਪਤੀ ਪਤਨੀ ਦੇ ਰਿਸਤੇ ਨੂੰ ਪਵਿੱਤਰ ਰਿਸਤਾ ਮੰਨਿਆਂ ਜਾਂਦਾ ਹੈ। ਸਦੀਆਂ ਤੋ ਭਾਵੇਂ ਵਿਆਹ ਲਈ ਵਿਚੋਲੇ ਦਾ ਵੀ ਅਹਿਮ ਰੋਲ ਰਿਹਾ ਹੈ, ਪਰੰਤੂ ਫਿਰ ਵੀ ਇਸ ਨੂੰ ਸੰਜੋਗਾਂ ਨਾਲ ਜੋੜ ਕੇ ਵੇਖਿਆ ਜਾਂਦਾ ਹੈ। ਸਿੱਖ ਧਰਮ ਅਨੁਸਾਰ ਜਦ ਅਨੰਦ ਕਾਰਜ ਦੀ ਰਸਮ ਹੁੰਦੀ ਹੈ ਤਾਂ ਉਦੋਂ ਵੀ ਸਬਦ ਗਾਇਣ ਕੀਤਾ ਜਾਂਦਾ ਹੈ, ‘‘ਨਾਨਕ ਸਤਗੁਰੂ ਤਿਨਾ ਮਿਲਾਇਆ, ਜਿਨ ਧੁਰੋਂ ਪਇਆ ਸੰਜੋਗ।ਲੂਲੂਲੂਲੂ’’ ਇਹੋ ਕਾਰਨ ਸੀ ਕਿ ਪਤੀ ਪਤਨੀ ਇਸ ਰਿਸਤੇ ਨੂੰ ਕਾਇਮ ਰੱਖਣ ਲਈ ਹਰ ਯਤਨ ਕਰਦੇ ਸਨ, ਪਰ ਹੁਣ ਇਸ ਪਵਿੱਤਰ ਰਿਸਤੇ ਵਿੱਚ ਤਰੇੜਾਂ ਆਉਣੀਆਂ ਸੁਰੂ ਹੋ ਗਈਆਂ ਹਨ ਅਤੇ ਇਹ ਰੁਝਾਨ ਏਨਾ ਵਧ ਗਿਆ ਹੈ ਕਿ ਰੋਜਾਨਾ ਇਹ ਰਿਸਤੇ ਟੁੱਟ ਰਹੇ ਹਨ, ਤਲਾਕ ਹੋ ਰਹੇ ਹਨ।
ਅਦਾਲਤਾਂ ਵਿੱਚ ਵੱਡੀ ਵਿਣਤੀ ਵਿੱਚ ਤਲਾਕ ਦੇ ਕੇਸ ਚੱਲ ਰਹੇ ਹਨ, ਥਾਨਿਆਂ ਵਿੱਚ ਰੋਜਾਨਾਂ ਅਜਿਹੇ ਮੁਕੱਦਮੇ ਦਰਜ ਹੋ ਰਹੇ ਹਨ। ਪਰ ਸਵਾਲ ਇਹ ਨਹੀਂ ਕਿ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਬਲਕਿ ਚਿੰਤਾ ਇਸ ਗੱਲ ਦੀ ਹੈ ਕਿ ਵਾਧਾ ਕਿਉਂ ਹੋ ਰਿਹਾ ਹੈ। ਵੱਖ ਵੱਖ ਕੇਸਾਂ ਦੀ ਘੋਖ ਪੜਤਾਲ ਕਰਨ ਤੋਂ ਇਹ ਗੱਲ ਸਪਸ਼ਟ ਹੋਈ ਹੈ ਕਿ ਤਲਾਕ ਦੇ ਭਾਵੇਂ ਹੋਰ ਵੀ ਕਈ ਕਾਰਨ ਹਨ, ਪਰ ਸਭ ਤੋਂ ਵੱਡਾ ਕਾਰਨ ਨਸ਼ੇ ਹਨ।
ਦਾਜ ਦਹੇਜ ਦੀ ਮੰਗ, ਸਹੁਰੇ ਪਰਿਵਾਰ ਦਾ ਅੱਖੜ ਸੁਭਾਅ, ਪਤੀ ਪਤਨੀ ਦੀ ਉਮਰ ਦਾ ਫਰਕ, ਦੋਵਾਂ ਦੇ ਸੁਭਾਅ ਦਾ ਅੰਤਰ, ਦੋਵਾਂ ਦੀ ਵਿੱਦਿਅਕ ਯੋਗਤਾ ਦਾ ਫਰਕ, ਸਹੁਰੇ ਘਰ ਵਿੱਚ ਲੱਗਣ ਵਾਲੀਆਂ ਬੰਦਸਾਂ, ਪਤੀ ਜਾਂ ਪਤਨੀ ਦੇ ਸਾਦੀ ਤੋ ਪਹਿਲਾਂ ਕਿਸੇ ਹੋਰ ਨਾਲ ਬਣੇ ਜਿਨਸੀ ਸਬੰਧ, ਪੁੱਤਰ ਪਰਾਪਤੀ ਦੀ ਤਮੰਨਾ, ਮਰਦਾਨਾ ਕਮਜੋਰੀ ਆਦਿ ਅਨੇਕਾਂ ਕਾਰਨ ਹਨ, ਜੋ ਇਸ ਰਿਸਤੇ ਵਿੱਚ ਅਜਿਹੀਆਂ ਤਰੇੜਾਂ ਪਾ ਦਿੰਦੇ ਹਨ ਅਤੇ ਨੌਬਤ ਤਲਾਕ ਤੱਕ ਪਹੁੰਚ ਜਾਂਦੀ ਹੈ। ਜੇਕਰ ਤਲਾਕ ਲੈਣਾ ਅਸੰਭਵ ਹੋ ਜਾਵੇ ਤਾਂ ਅਜਿਹੇ ਹਾਲਾਤਾਂ ਵਿੱਚ ਮਾਮਲਾ ਖੁਦਕਸੀ ਜਾਂ ਕਤਲ ਦਾ ਕਾਰਨ ਵੀ ਬਣ ਜਾਂਦਾ ਹੈ ਅਤੇ ਸਾਰਾ ਪਰਿਵਾਰ ਜੇਲ੍ਹਾਂ ਵਿੱਚ ਰੁਲ੍ਹਣ ਲਈ ਮਜਬੂਰ ਹੋ ਜਾਂਦਾ ਹੈ।

ਬਹੁਤ ਸਾਰੇ ਕੇਸ ਅਜਿਹੇ ਹਨ, ਜਿਹਨਾਂ ਵਿੱਚ ਪਤੀ ਪਤਨੀ ਦਰਮਿਆਨ ਵਿਆਹ ਤੋ ਕੁਝ ਦਿਨਾਂ ਵਿੱਚ ਹੀ ਝਗੜਾ ਹੋ ਜਾਂਦਾ ਹੈ ਅਤੇ ਫਿਰ ਦਰਖਾਸਤਾਂ ਦਾ ਸਿਲਸਿਲਾ ਸੁਰੂ ਹੋ ਜਾਂਦਾ ਹੈ। ਜਿਹਨਾਂ ਵਿੱਚ ਆਮ ਤੌਰ ਤੇ ਪਤਨੀ ਵੱਲੋਂ ਹੋਰ ਦਾਜ ਦਹੇਜ ਮੰਗਣ ਦੇ ਹੀ ਦੋਸ ਲਗਾਏ ਹੁੰਦੇ ਹਨ, ਪਰ ਜਦ ਸਮਝੌਤੇ ਲਈ ਪੰਚਾਇਤਾਂ ਜੁੜਦੀਆਂ ਹਨ ਤਾਂ ਪਤਨੀ ਦੁਖੀ ਮਨ ਨਾਲ ਪਤੀ ਨੂੰ ਮਰਦਾਨਗੀ ਪੱਖੋਂ ਖਤਮ ਹੋਣ ਨੂੰ ਜੱਗ ਜਾਹਰ ਕਰ ਦਿੰਦੀ ਹੈ, ਅਜਿਹਾ ਸੁਣਨ ਤੇ ਪਤਵੰਤੇ ਵਿਅਕਤੀ ਵੀ ਸਮਝੌਤੇ ਤੋ ਪਾਸੇ ਹੋ ਜਾਂਦੇ ਹਨ। ਭਾਵੇਂ ਔਰਤ ਸ਼ਰਮ ਮਹਿਸੂਸ ਕਰਦੀ ਦਰਖਾਸਤਾਂ ਵਿੱਚ ਅਜਿਹੇ ਦੋਸ਼ ਲਾਉਣ ਤੋ ਸੰਕੋਚ ਕਰਦੀ ਹੈ, ਪਰ ਇਨਸਾਫ ਦੀ ਪ੍ਰਾਪਤੀ ਲਈ ਸੱਚ ਉਸਨੂੰ ਕਿਸੇ ਨਾ ਕਿਸੇ ਦਿਨ ਸਾਹਮਣੇ ਲਿਆਉਣਾ ਹੀ ਪੈਂਦਾ ਹੈ।
ਅਜਿਹਾ ਮਾਮਲਾ ਕਈ ਮਹੀਨੇ ਪਹਿਲਾਂ ਇੱਕ ਥਾਨੇ ਪਹੁੰਚਿਆ। ਮੁੰਡੇ ਅਤੇ ਕੁੜੀ ਦੇ ਮਾਪਿਆਂ ਨੂੰ ਪੰਚਾਇਤ ਸਮੇਤ ਬੁਲਾਇਆ ਗਿਆ। ਘਰ ਵਸਦਾ ਰੱਖਣ ਲਈ ਬਹੁਤਾ ਜੋਰ ਕੁੜੀ ਤੇ ਹੀ ਲਾਇਆ ਜਾ ਰਿਹਾ ਸੀ। ਪੰਚਾਇਤੀ ਵਿਅਕਤੀ ਕਹਿ ਰਹੇ ਸਨ ਇਕੱਲਾ ਮੁੰਡਾ ਹੈ, ਦਸ ਕਿੱਲੇ ਜ਼ਮੀਨ ਆਉਂਦੀ ਹੈ, ਘਰ ਚੰਗਾ ਟਰੈਕਟਰ ਹੈ, ਹਥਣੀਆਂ ਵਰਗੀਆਂ ਮੱਝਾਂ ਹਨ, ਭਾਈ ਹੋਰ ਤੈਨੂੰ ਕੀ ਚਾਹੀਦਾ ਹੈ। ਕੁੜੀ ਨੀਵੀਂ ਪਾਈ ਸੋਚੀ ਜਾ ਰਹੀ ਸੀ, ਪਰ ਜਵਾਬ ਨਹੀਂ ਸੀ ਦੇ ਰਹੀ। ਆਖ਼ਰ ਥਾਨੇਦਾਰ ਨੇ ਵੀ ਕੁੜੀ ਨੂੰ ਕਿਹਾ ਭਾਈ ਸੁਣ ਜੋ ਸਿਆਣੇ ਬੰਦੇ ਕਹਿੰਦੇ ਹਨ ਠੀਕ ਹੈ, ਤੂੰ ਸਮਝੌਤਾ ਕਰ ਲੈ। ਪਰ ਕੁੜੀ ਕਹਿੰਦੀ ‘ਨਹੀਂ ਜੀ ਹੋ ਨਹੀਂ ਸਕਦਾ।’ ਥਾਨੇਦਾਰ ਥੋੜਾ ਗੁੱਸੇ ਜਿਹੇ ਵਿੱਚ ਬੋਲਿਆ, ‘ਕਿਉਂ ਨਹੀਂ ਹੋ ਸਕਦਾ, ਹੋਰ ਤੂੰ ਕੀ ਚਾਹੁੰਦੀ ਹੈਂ।’ ਬੱਸ! ਕੁੜੀ ਦਾ ਸਬਰ ਟੁੱਟ ਗਿਆ ਅਤੇ ਉਹ ਅੱਖਾਂ ਚੋਂ ਹੰਝੂਆਂ ਦੀਆਂ ਧਰਾਲਾਂ ਵਹਾਉਂਦੀ ਬੋਲੀ, ‘ਮੇਰਾ ਵਿਆਹ ਮਰਦ ਨਾਲ ਕੀਤਾ ਹੈ ਜਾਂ ਕਿੱਲਿਆਂ ਨਾਲ? ਜੋ ਮਰਦ ਤੋਂ ਮਿਲਣਾ ਚਾਹੀਦਾ ਹੈ ਉਹ ਕਿੱਲੇ ਨਹੀਂ ਦੇ ਸਕਦੇ।’’ ਇਹ ਸੁਣ ਕੇ ਸਭ ਚੁੱਪ ਹੋ ਗਏ ਅਤੇ ਤਲਾਕ ਦੀ ਕਾਰਵਾਈ ਸੁਰੂ ਹੋ ਗਈ। ਇਹ ਇੱਕ ਹੀ ਨਹੀਂ, ਨਿੱਤ ਦਿਨ ਹੀ ਅਜਿਹੇ ਮਾਮਲੇ ਥਾਨਿਆਂ ਅਦਾਲਤਾਂ ਵਿੱਚ ਸਾਹਮਣੇ ਆਉਂਦੇ ਹਨ।
ਇੱਕ ਔਰਤ ਹੋਰ ਸਭ ਕੁਝ ਤਾਂ ਸੰਜੋਗਾਂ ਦੇ ਵੱਸ ਕਹਿ ਕੇ ਬਰਦਾਸਤ ਕਰ ਸਕਦੀ ਹੈ, ਅੱਤ ਦੀ ਗਰੀਬੀ ਹੰਢਾ ਸਕਦੀ ਹੈ ਤੰਗੀਆਂ ਤਰੁਸ਼ੀਆਂ ਝੱਲ ਸਕਦੀ ਹੈ ਭੁੱਖੀ ਰਹਿ ਸਕਦੀ ਹੈ ਪਰਿਵਾਰ ਪਾਲਣ ਲਈ ਸਖਤ ਮਿਹਨਤ ਕਰ ਸਕਦੀ ਹੈ, ਪਰ ਉਹ ਇਹ ਬਰਦਾਸਤ ਨਹੀਂ ਕਰ ਸਕਦੀ ਕਿ ਉਸਦਾ ਪਤੀ ਔਲਾਦ ਪੈਦਾ ਕਰਨ ਦੇ ਵੀ ਕਾਬਲ ਨਾ ਹੋਵੇ, ਜਿਸਨੂੰ ਉਹ ਸਹੀ ਅਰਥਾਂ ਵਿੱਚ ਮਰਦ ਸਮਝਦੀ ਹੈ। ਹੁਣ ਸਵਾਲ ਉਠਦਾ ਹੈ ਕਿ ਅੱਜ ਦੇ ਨੌਜਵਾਨਾਂ ਵਿੱਚ ਮਰਦਾਵੀਂ ਕਮਜੋਰੀ ਕਿਉਂ ਵਧ ਰਹੀ ਹੈ ? ਇਸ ਲਈ ਜੁਮੇਵਾਰ ਹਨ ਨਸ਼ੇ।
ਪੰਜਾਬ ਵਿੱਚ ਇੱਕ ਤਰ੍ਹਾਂ ਨਾਲ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨਸ਼ਾ ਤਾਂ ਭਾਵੇਂ ਕੋਈ ਵੀ ਚੰਗਾ ਨਹੀਂ, ਫਿਰ ਵੀ ਸਰਾਬ ਅਫੀਮ ਜਵਾਨੀ ਤੇ ਐਨਾ ਮਾੜਾ ਅਸਰ ਨਹੀਂ ਪਾਉਂਦੇ ਸਨ, ਜਿਹਨਾਂ ਕਿ ਮੌਜੂਦਾ ਦੌਰ ਵਿੱਚ ਚੱਲ ਰਹੇ ਨਸ਼ੇ ਚਰਸ, ਸਮੈਕ, ਚਿੱਟਾ, ਟੀਕੇ, ਨਸ਼ੀਲੀਆਂ ਦਵਾਈਆਂ ਆਦਿ ਪਾ ਰਹੀਆਂ ਹਨ। ਇਹ ਨਸ਼ੇ ਹੀ ਅਜਿਹੇ ਹਨ ਜੋ ਨੌਜਵਾਨਾਂ ਦੀ ਮਰਦਾਵੀਂ ਤਾਕਤ ਖੋਹ ਰਹੇ ਹਨ। ਮਾਪੇ ਆਪਣੇ ਨਸ਼ਈ ਪੁੱਤਰ ਬਾਰੇ ਸਭ ਕੁਝ ਜਾਣਦੇ ਹੋਏ ਵੀ ਪਰਿਵਾਰ ਦੀ ਪੀੜ੍ਹੀ ਵਧਾਉਣ ਦੀ ਗਰਜ ਨਾਲ ਉਸਦਾ ਵਿਆਹ ਕਰ ਦਿੰਦੇ ਹਨ, ਪਰ ਕੁਝ ਦਿਨਾਂ ਬਾਅਦ ਹੀ ਘਰ ਵਿੱਚ ਕਲੇਸ ਸੁਰੂ ਹੋ ਜਾਂਦਾ ਹੈ ਅਤੇ ਆਖਰ ਤਲਾਕ ਨਾਲ ਹੀ ਪਰਿਵਾਰ ਦਾ ਖਹਿੜਾ ਛੁੱਟਦਾ ਹੈ।
ਸੋ ਲੋੜ ਹੈ ਕਿ ਤਲਾਕ ਦੇ ਮਾੜੇ ਰੁਝਾਨ ਨੂੰ ਰੋਕਣ ਲਈੇ ਸਰਕਾਰਾਂ ਠੋਸ ਕਦਮ ਉਠਾਉਣ, ਮਾਪੇ ਬੱਚਿਆਂ ਵੱਲ ਵਿਸੇਸ਼ ਧਿਆਨ ਦੇਣ ਅਤੇ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਵੀ ਇਸ ਅਹਿਮ ਮੁੱਦੇ ਵੱਲ ਉਚੇਚਾ ਧਿਆਨ ਦੇ ਕੇ ਲੋਕਾਂ ਨੂੰ ਜਾਗਰੂਕ ਕਰਨ, ਤਾਂ ਜੋ ਵਸਦੇ ਘਰਾਂ ਨੂੰ ਉਜੜਣ ਤੋ ਬਚਾਇਆ ਜਾ ਸਕੇ।
ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913