ਪੰਜਾਬੀ ਸਾਹਿਤ ਦੀ ਪੂਰਨਮਾਸ਼ੀ ਨਾਵਲਕਾਰ ਜਸਵੰਤ ਸਿੰਘ ਕੰਵਲ


ਜਸਵੰਤ ਸਿੰਘ ਕੰਵਲ ਪੰਜਾਬੀਆਂ ਦਾ ਹਰਮਨ ਪਿਆਰਾ ਅਤੇ ਸੰਸਾਰ ਪ੍ਰਸਿੱਧ ਪੰਜਾਬੀ ਦਾ ਚਰਚਿਤ ਨਾਵਲਕਾਰ ਹੋਏ ਹਨ ।ਜਸਵੰਤ ਸਿੰਘ ਕੰਵਲ ਦਾ ਜਨਮ 27 ਜੂਨ 1919 ਨੂੰ ਪਿੰਡ ਢੁੱਡੀਕੇ ਵਿੱਚ ਹੋਇਆ ।ਜਸਵੰਤ ਸਿੰਘ ਕੰਵਲ ਬੇਸ਼ਕ ਦਸਵੀਂ ਦੀ ਪੜ੍ਹਾਈ ਵਿੱਚ ਛੱਡ ਕੇ ਮਲਾਇਆ ਚਲੇ ਗਏ। ਪਰ ਉਹਨਾਂ ਦੇ ਨਾਵਲ ਯੂਨੀਵਰਸਿਟੀਆਂ ਵਿੱਚ ਲੱਗੇ । ਉਹਨਾਂ ਦੇ ਨਾਵਲਾਂ ‘ਤੇ ਪੀਐਚਡੀ ਹੋਈਆਂ। ਜਸਵੰਤ ਸਿੰਘ ਕੰਵਲ ਦਾ ਸਖਸ਼ੀਅਤ ਗੁਣ ਸੀ ਕਿ ਉਹ ਹਰ ਪ੍ਰਸੰਸ਼ਕ ਨੂੰ ਤਪਾਕ ਨਾਲ ਮਿਲਦੇ। ਖੁੱਲ ਕੇ ਗੱਲਾਂ ਵੀ ਕਰਦੇ ਅਤੇ ਖ਼ਤਾਂ ਦਾ ਜਵਾਬ ਵੀ ਦਿੰਦੇ। ਓਹਨਾ ਅੱਸੀ ਸਾਲ ਦੀ ਲੇਖਣੀ ਦੀ ਉਮਰ ਵਿੱਚ ਅੱਸੀ ਪੁਸਤਕਾਂ ਲਿਖੀਆਂ। ਓਹਨਾ ਕੋਲ ਬਲਰਾਜ ਸਾਹਨੀ ,ਸ਼ਿਵ ਬਟਾਲਵੀ ਤੇ ਹੋਰ ਉੱਚ ਕੋਟੀ ਦੇ ਸਾਹਿਤਕਾਰ , ਕਲਾ ਕਾਰ ਤੇ ਗ਼ਦਰੀ ਬਾਬੇ ਵੀ ਆਉਂਦੇ ਸਨ। ਉਹ ਬਹੁਤ ਲੇਖਕਾਂ ਦੇ ਪ੍ਰੇਰਨਾ ਸਰੋਤ ਬਣੇ।ਉਹਨਾਂ ਪਹਿਲਾਂ ਕਵਿਤਾਵਾਂ ਵੀ ਲਿਖੀਆਂ। ਕਹਾਣੀਆਂ ਵੀ ਲਿਖੀਆਂ।ਕਹਾਣੀਆਂ ਦੀ ਪੁਸਤਕ ਵੀ ਆਈ।
ਕੰਵਲ ਨਵੇਂ ਲੇਖਕਾਂ ਨੂੰ ਸਾਹਿਤ ਪੜ੍ਹਨ ਦੀ ਸਲਾਹ ਦਿੰਦੇ ਕਿ ਪੜ੍ਹਨ ਨਾਲ ਹੀ ਸ਼ਬਦ ਉਪਜਦੇ ਹਨ।ਉਹ ਖ਼ੁਦ ਲਾਹੌਰ ਤੋਂ ਪੁਸਤਕਾਂ ਲੈਣ ਜਾਂਦੇ ਅਤੇ ਸ਼ਾਮ ਨੂੰ ਪਿੰਡ ਆ ਜਾਂਦੇ। ਕੰਵਲ ਨੇ 47 ਦੇ ਹੱਲੇ ਵੇਲੇ ਆਪਣੇ ਪਿੰਡ ਚ ਮੁਸਲਮਾਨਾਂ ਦੀ ਮੱਦਦ ਕੀਤੀ। ਕੱਟਾ ਵੱਡੀ ਨੀ ਹੋਣ ਦਿੱਤੀ।

ਉਹ ਮਲਾਇਆ ਤੋਂ ਵਾਪਸ ਆ ਕੇ ਸਾਹਿਤ ਨੂੰ ਸਮਰਪਿਤ ਹੋ ਗਏ ।ਉਹਨਾਂ ਨੇ ਕਵਿਤਾ ,ਕਹਾਣੀ ,ਰੇਖਾ ਚਿੱਤਰ ਅਤੇ ਸਭ ਤੋਂ ਵੱਧ ਨਾਵਲ ਵਿਧਾ ਤੇ ਲਿਖਿਆ। ਇਕ ਫਰਵਰੀ 2020 ਨੂੰ ਇਕ ਸਦੀ ਭੋਗ ਕੇ ਇਸ ਸੰਸਾਰ ਤੋਂ ਰੁਖ਼ਸਤ ਹੋਏ ਪੰਜਾਬੀ ਦੇ ਨਾਵਲਕਾਰ ਡਾਕਟਰ ਜਸਵੰਤ ਸਿੰਘ ਕੰਵਲ ਪੰਜਾਬੀ ਦੇ ਪੜ੍ਹੇ ਜਾਣ ਵਾਲੇ ਸਹਿਤਕਾਰਾਂ ਵਿੱਚੋਂ ਪਹਿਲੇ ਨੰਬਰ ‘ ਤੇ ਸਨ। ਉਹਨਾਂ ਨੇ ਪੰਜਾਬ ਦੇ ਵਿੱਚ ਵੱਖ ਵੱਖ ਸਮੇਂ ਵਿੱਚ ਚੱਲੇ ਸੰਘਰਸ਼ਾਂ ਨੂੰ ਕਲਮਬੱਧ ਕੀਤਾ । ਉਹਨਾਂ ਨਕਸਲਬਾੜੀ,ਖੱਬੇ ,ਸੱਜੇ, ਸਿੱਖ ਸੰਘਰਸ਼ ਤੇ ਪੰਜਾਬ ਦੇ ਦਰਦੀ ਵਜੋਂ ਉਸ ਵੇਲੇ ਤੇ ਨਾਵਲ ਲੇਖ ਰਚੇ। ਉਹਨਾਂ ਚ ਐਨੀ ਲੇਖਣ ਸ਼ਕਤੀ ਸੀ ਕਿ ਬੰਦਾ ਉਹਨਾਂ ਦੇ ਹੀਰੋ ਤੇ ਪਾਤਰਾਂ ਵਰਗਾ ਹੋਣਾ ਲੋਚਦਾ। ਉਹਨਾਂ ਦੇ ਲਹਿਰਾਂ ਵੇਲ਼ੇ ਦੇ ਨਾਵਲ ਲਹਿਰਾਂ ਨੂੰ ਅੱਗੇ ਤੋਰਨ ਦੇ ਲਖਾਇਕ ਬਣੇ।ਉਹਨਾਂ ਦੇ ਨਾਵਲ ਪਾਲੀ ,ਪੂਰਨਮਾਸ਼ੀ ,ਲਹੂ ਦੀ ਲੋਅ, ਤੌਸ਼ਾਲੀ ਦੀ ਹੰਸੋ ,ਐਨਿਆ ਚੋਂ ਉਠੋ ਸੂਰਮਾ ਆਦਿ ਅਨੇਕਾਂ ਨਾਵਲ ਹਨ ਜਿਨਾਂ ਦੇ ਪਾਤਰ, ਵਾਰਤਾਲਾਪ ਪਾਠਕਾਂ ਨੂੰ ਅੱਜ ਚੇਤੇ ਹਨ। ਓਹਨਾ ਦੇ ਨਾਵਲਾਂ ਦੀ ਖਾਸੀਅਤ ਸੀ ਕਿ ਪੇਂਡੂ ਮਾਹੌਲ ਚਿਤਰਨ ਕਰਕੇ ਪੇਂਡੂ ਤੇ ਪੜ੍ਹਨ ਚ ਰੁਚੀ ਰੱਖਣ ਵਾਲੇ ਆਮ ਲੋਕਾਂ ਨੂੰ ਵੀ ਸਾਹਿਤ ਨਾਲ ਜੋੜ ਦਿੰਦੇ। ਕੰਵਲ ਦੇ ਨਾਵਲ ਲੋਕ ਖਰੀਦ ਖਰੀਦ ਪੜ੍ਹਦੇ ਸਨ।ਕੰਵਲ ਜੀ ਨੂੰ ਰਾਇਲਟੀ ਵੀ ਮਿਲਦੀ ਰਹੀ।
ਜਸਵੰਤ ਸਿੰਘ ਕੰਵਲ ਪੰਜਾਬ ਦੇ ਹਾਲਾਤਾਂ ਤੋਂ ਬੇਹਦ ਚਿੰਤਤ ਸਨ। ਉਹਨਾਂ ਪੰਜਾਬੀਓ ਜੀਣਾ ਹੈ ਕਿ ਮਰਨਾ ,ਪੰਜਾਬ ਤੇਰਾ ਕੀ ਬਣੂ ਆਦਿ ਵਾਰਤਕ ਪੁਸਤਕਾਂ ਲਿਖੀਆਂ । ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਤਰੱਕੀ ਚੜ੍ਹਦਾ ਕਲਾ ਵੇਖਣ ਦਾ ਉਹਨਾਂ ਦਾ ਸੁਪਨਾ ਸੀ।
ਕੰਵਲ ਪਿੰਡ ਦਾ ਸਰਪੰਚ, ਕੇਂਦਰੀ ਪੰਜਾਬੀ ਲੇਖਕ ਸਭਾ ਦਾ ਪ੍ਰਧਾਨ, ਸਕੱਤਰ ,ਸਰਪ੍ਰਸਤ ਰਹੇ।ਉਹ ਪਿੰਡ ਦੇ ਟੂਰਨਾਮੈਂਟ ਦਾ ਰੈਫਰੀ ਹੁੰਦੇ,ਨਾਲ ਕਲਾਬਾਜ਼ੀਆਂ ਲਾਉਂਦੇ।ਕਦੇ ਤਾਸ਼ ਖੇਡਣ ਵਾਲਿਆਂ ਵਿੱਚ ਬੈਠੇ ਹੁੰਦੇ ਸਰ ਕੁੱਟਦੇ ।ਕਦੇ ਖਾਮੋਸ਼ ਹੋਕੇ ਆਰਾਮ ਕੁਰਸੀ ਤੇ ਦੁਨੀਆਂ ਨੂੰ ਵਾਚਦੇ ਅਤੇ ਸਾਹਿਤ ਸਮੁੰਦਰ ਚ ਚੂਬੀਆਂ ਲਾਉਂਦੇ।
ਉਹਨਾਂ ਦੇ ਆਮ ਲੋਕ,ਫਿਲਮੀ,ਸਾਹਿਤਕਾਰ ਤੇ ਸੰਘਰਸ਼ੀ ਲੋਕ ,ਨੌਜਵਾਨ ਤੇ ਬਾਬੇ ਵੀ ਦੋਸਤ ਮਿੱਤਰ ਸਨ। ਉਹ ਲੰਬੇ ਲੰਝੇ ਦਰਸ਼ਨੀ ਦਿੱਖ ਵਾਲੇ ਜਬ੍ਹੇ ਵਾਲੇ ਪੁਰਖ ਸਨ। ਉਹਨਾਂ ਤੋਂ ਵੱਡੀਆਂ ਸਿਆਸੀ ,ਸਮਾਜਕ ,ਸਾਹਿਤਕ ਸਖਸ਼ੀਅਤਾਂ ਵੀ ਸਲਾਹ ਮਸ਼ਵਰਾ ਲੈਣ ਆਉਂਦੀਆਂ ਸਨ। ਪਾਠਕ ਆਪਣੇ ਹਰਮਨ ਪਿਆਰੇ ਨਾਵਲਕਾਰ ਨੂੰ ਮਿਲਣ ਦਰਸ਼ਨ ਕਰਨ ਵੀ ਆਉਂਦੇ ਸਨ।
ਕੰਵਲ ਨੂੰ ਤੌਸ਼ਾਲੀ ਦੀ ਹੰਸੋ ਨਾਵਲ ਕਰਕੇ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਇਸ ਤੋਂ ਬਿਨਾਂ ਪੰਜਾਬੀ ਸਾਹਿਤ ਸ਼੍ਰੋਮਣੀ ਪੁਰਸਕਾਰ ,ਸ਼੍ਰੋਮਣੀ ਪੰਜਾਬੀ ਸਾਹਿਤਕਾਰ ,ਪੰਜਾਬੀ ਸਾਹਿਤ ਅਕਾਦਮੀ ਵੱਲੋਂ ਸਰਬ ਸ੍ਰੇਸ਼ਟ ਸਾਹਿਤਕਾਰ ,ਗਿਆਨੀ ਲਾਲ ਸਿੰਘ ਪੁਰਸਕਾਰ ,ਸੰਤ ਸਿੰਘ ਸੇਖੋ ਪੁਰਸਕਾਰ ਆਦਿ ਅਨੇਕਾਂ ਪੁਰਸਕਾਰ ਮਿਲੇ । ਢੁੱਡੀਕੇ ਕਾਲਜ ਤੇ ਪ੍ਰਿੰਸੀਪਲ ਸਰਵਨ ਸਿੰਘ ਨਾਲ ਉਹਨਾਂ ਦਾ ਖਾਸ ਮੋਹ ਸੀ। ਪ੍ਰਿੰਸੀਪਲ ਦੀ ਕੁਰਸੀ ਤੇ ਵੀ ਉਹਨਾਂ ਹੀ ਬਿਠਾਇਆ ਸੀ।
ਜਸਵੰਤ ਸਿੰਘ ਕੰਵਲ ਆਪਣੀ ਸਾਹਿਤਕ ਆਲੋਚਨਾ ਵੀ ਹੱਸ ਕੇ ਸੁਣਦੇ। ਉਹ ਸਭ ਤੋਂ ਵੱਡੇ ਪੁਰਸਕਾਰ ਸਨਮਾਨ ਆਪਣੇ ਪਾਠਕਾਂ ਦਾ ਪਿਆਰ ਮੰਨਦੇ ਸਨ ।ਉਹਨਾਂ ਨੇ ਐਮਰਜੰਸੀ ਪਿੱਛੋਂ 77/78 ਚ ਭਾਸ਼ਾ ਵਿਭਾਗ ਵੱਲੋਂ ਐਲਾਨ ਕੀਤਾ ਹੋਇਆ ਪੁਰਸਕਾਰ ਵੀ ਪੰਜਾਬ ਵਿੱਚ ਸਰਕਾਰੀ ਜ਼ਬਰ ਦੇ ਵਿਰੋਧ ਵਿਚ ਠੁਕਰਾ ਦਿੱਤਾ ਸੀ।
ਪੰਜਾਬ ਕਲਾ ਪਰੀਸ਼ਦ ਵੱਲੋਂ ਉਹਨਾਂ ਦੇ 100 ਸਾਲਾ ਤੇ ਪੰਜਾਬ ਦਾ ਗੌਰਵ ਸਨਮਾਨ ਦਿੱਤਾ ਗਿਆ ।ਉਸ ਸਮੇਂ ਉਹਨਾਂ ਦੀ ਹਾਲਤ ਪੂਰੀ ਨਾਜ਼ੁਕ ਸੀ।ਮੈ ਉਹਨਾਂ ਦੇ ਘਰ ਗਿਆ ਉਹਨਾਂ ਦੇ ਬੇਟੇ ਬਾਈ ਸਰਬਜੀਤ ਵੀ ਸਨ। ਓਹਨਾ ਕੋਲ ਬੁੱਢਾ ਸ਼ੇਰ ਪੁਸਤਕ ਪਈ ਸੀ ਤੇ ਕੰਵਲ ਆਪ ਵੀ ਉਂਝ ਹੀ ਪਏ ਸਨ ਜਿਵੇਂ ਬੁੱਢਾ ਸ਼ੇਰ ਪਿਆ ਹੋਵੇ । ਮੈ ਦੌਧਰ ਕਾਲਜ ਚ ਲੈਕਚਰਾਰ ਹੋਣ ਕਰਕੇ ਕੰਵਲ ਸਾਹਿਬ ਕੋਲ ਜਾਂਦਾ ਹੁੰਦਾ ਸੀ। ਢੁੱਡੀਕੇ ਕਾਲਜ ਚ ਪ੍ਰੋ ਰਮਨ,ਪ੍ਰੋ ਜਸਪਾਲ ਜੀਤ ਹੁਰਾਂ ਕਰਕੇ ਮੇਰੀ ਸਮਾਗਮਾਂ ਚ ਆਉਣੀ ਜਾਣੀ ਕਰਕੇ ਕੰਵਲ ਦੇ ਬੇਟੇ ਨਾਲ ਵੀ ਨੇੜਤਾ ਹੋ ਗਈ।
ਮੋਗਾ ਦੇ ਲਿਖਾਰੀ ਸਭਾ ਵੱਲੋਂ ਉਹਨਾਂ ਦੇ ਜਨਮ ਦਿਨ ਮੌਕੇ ਬਲਦੇਵ ਸਿੰਘ ਸੜਕਨਾਮਾ,ਡਾਕਟਰ ਸੁਰਜੀਤ ਬਰਾੜ,ਨਰਿੰਦਰ ਸ਼ਰਮਾ,ਪਰਸ਼ੋਤਮ ਪੱਤੋਂ ਆਦਿ ਨਾਲ ਵੀ ਜਾਂਦਾ ਰਿਹਾ ਹਾਂ।
ਇਕ ਵਾਰ ਅਸੀਂ ਪੰਜਾਬੀ ਲੇਖਕ ਸਭਾ ਨਿਹਾਲ ਸਿੰਘ ਵਾਲਾ ਵਲੋਂ ਮੋਗੇ ਸਾਹਿਤਕ ਸਮਾਗਮ ਵਿੱਚ ਬਚਿੰਤ ਕੌਰ ਜੀ ਦਾ ਸਨਮਾਨ ਕੀਤਾ ਸੀ। ਮੇਰੇ ਪਾਪਾ ਜੀ ਤੇ ਹੋਰ ਸਖਸ਼ੀਅਤਾਂ ਨੂੰ ਪ੍ਰਧਾਨਗੀ ਮੰਡਲ ਚ ਬਿਠਾਉਣ ਕਰਕੇ ਮੈ ਸਰੋਤਿਆਂ ਵਿਚ ਬੈਠਾ ਸੀ,ਸਨਮਾਨ ਕਰਨ ਵੇਲੇ ਕੰਵਲ ਜੀ ਨੇਅਵਾਜ਼ ਮਾਰੀ ਪ੍ਰਧਾਨ ਆ ਬਈ ਆ ਰੌਂਤਾ।
ਬੜੀਆਂ ਯਾਦਾਂ ਹਨ ਕੰਵਲ ਜੀ ਨਾਲ ,ਉਹ ਆਪਣੇ ਪਾਠਕਾਂ ਦੇ ਮਨਾਂ ਵਿਚ ਹਜੇ ਵੀ ਪੂਰਨਮਾਸ਼ੀ ਦੇ ਚੰਦ ਵਾਂਗ ਚਾਨਣੀ ਵੰਡ ਰਹੇ ਹਨ।
ਕੰਵਲ ਜੀ ਦੇ ਸਪੁੱਤਰ ਸਰਬਜੀਤ ਸਿੰਘ ,ਉਹਨਾਂ ਦੀ ਨੂੰਹ ਕੰਵਲ ਦੇ ਪਾਠਕਾਂ ,ਉਪਾਸ਼ਕਾਂ ਦੀ ਪੂਰੀ ਖਾਤਿਰਦਾਰੀ ਕਰਦੇ ਸਨ। ਓਹਨਾ ਦੀ ਯਾਦ ਵਿੱਚ ਪੂਰਨਮਸ਼ੀ ਮੇਲਾ ਵੀ ਲਗਦਾ ਆ ਰਿਹਾ ਹੈ। ਬੜੇ ਨਾਮੀ ਸਾਹਿਤਕਾਰ ,ਉਹਨਾਂ ਦੇ ਪ੍ਰਸੰਸ਼ਕ ਹਾਜ਼ਰੀ ਭਰਦੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਅਜੀਤਵਾਲ ਮਾਰਗ ਦਾ ਨਾਮ ਜਸਵੰਤ ਸਿੰਘ ਕੰਵਲ ਜੀ ਦੇ ਨਾਮ ਤੇ ਰੱਖਿਆ ਜਾਵੇ। ਕੋਈ ਸਾਹਿਤਕ ਇਮਾਰਤ ,ਹਾਲ ,ਉਹਨਾਂ ਦਾ ਬੁੱਤ ਆਦਿ ਯਾਦਗਰ ਬਣਾਈ ਜਾਵੇ।
ਰਾਜਵਿੰਦਰ ਰੌਂਤਾ 9876486187




