ਫੂਹੜ ਕਾਮੇਡੀ ਤੋਂ ਹੱਟ ਕੇ ਇਕ ਵਿਅੰਗ ਫਿਲਮ ਹੈ – “ ਇਲਤੀ “


ਸੁਰਿੰਦਰ ਸ਼ਰਮਾਂ ਮੁੱਲਾਂਪੁਰ ਵਲੋਂ ਭੰਡਾਂ ਦੇ ਰੂਪ ਵਿੱਚ ਇੱਕ ਸ਼ਾਨਦਾਰ ਫਿਲਮ ਵਾਰਿੰਦਰ ਰਾਮਗੜ੍ਹੀਆ ਦੀ ਨਿਰਦੇਸ਼ਨਾ ਹੇਠ ਪਿਛਲੇ ਦਿਨੀ ਫ਼ਿਲਮ ਜਗਤ ਵਿੱਚ ਹਾਜ਼ਰ ਹੁੰਦੇ ਹੋਏ ਲਾ ਮਿਸਾਲ ਸੁਨੇਹਾ ਦਿੰਦੀ ਪ੍ਰਤੀਤ ਹੁੰਦੀ ਹੈ ।ਇਸ ਫ਼ਿਲਮ ਦਾ ਨਾਂ ਹੈ “ ਇਲਤੀ “ (illti )
ਇਲਤੀ ਫਿਲਮ ਦੀ ਸ਼ੁਰੂਆਤ ਆਦਿਵਾਸੀ ਜਾਂ ਆਦਿ ਮਨੁੱਖ ਤੋਂ ਸ਼ੁਰੂ ਹੁੰਦੀ ਹੈ ਤੇ ਮਨੁੱਖ ਪੱਥਰਾਂ ਤੋਂ ਹਥਿਆਰ ਬਣਾ ਕੇ (ਕੁਹਾੜਾ) ਜੰਗਲ ਕੱਟ ਕੇ ਆਦਿ ਮਾਨਵਾਂ ਵਿੱਚ ਪਹਿਲੀ ਜਿੱਤ ਦਾ ਇਜ਼ਹਾਰ ਕਰਦਾ ਲਗਦਾ ਹੈ ਤੇ ਫਿਰ ਅੱਗੇ ਪਹੀਏ ਬਣਾਉਣ ਕੇ ਰੇੜੀ ਨੁਮਾ ਯੰਤਰ ਬਣਾ ਕੇ ਨਵੀਂ ਤਕਨੀਕ ਦਾ ਆਗਾਜ਼ ਕਰਦਾ ਨਜ਼ਰ ਆਉਂਦਾ ਹੈ ਤੇ ਇੰਨੇ ਨੂੰ ਭੰਡਾਂ ਦੇ ਘਰ ਇਲਤੀ ਨਾਂ ਦਾ ਬੱਚਾ ਪੈਦਾ ਹੁੰਦਾ ਹੀ ਭੰਡ ਬਾਪੂ ਨੂੰ ਕਹਿੰਦਾ ਕਿ ਜੰਮ ਤਾਂ ਲਿਆ ਹੁਣ ਸਾਂਭ ਵੀ ਲਵੇਂਗਾ ।ਜਲਦੀ ਹੀ ਵੱਡਾ ਹੋ ਇੱਲਤਾਂ ਕਰਦਾ ਕਰਦਾ ਪਿਆਰ ਕਰ ਬਹਿੰਦਾ ਹੈ ਤੇ ਮਾਂ ਬਾਪ ਨੂੰ ਵਿਆਹ ਲਈ ਮਨਾਉਂਦਾ ਹੈ ਤੇ ਫਿਲਮ ਆਪਣੇ ਅਸਲੀ ਰੂਪ ਵਿੱਚ ਆਉਂਦੀ ਹੋਈ ਜੰਗਲਾਂ ਨੂੰ ਕੱਟਣ ਵਿੱਚ ਸ਼ਾਮਲ ਸਰਕਾਰਾਂ ਦੇ ਨੁਮਾਇੰਦੇ ਐਮ ਪੀ,ਸਰਪੰਚ ਦੇ ਰੂਪ ਵਿੱਚ ਸਰਮਾਏਦਾਰ ਤੇ ਪੁਲਿਸ ਦੇ ਠਾਣੇਦਾਰ ਦੇ ਰੂਪ ਵਿੱਚ ਸਟੇਟ ਮਸ਼ੀਨਰੀ ਦੇ ਰੋਲ ਨੂੰ ਬਾਖੂਬੀ ਨੰਗਾ ਕਰਦੀ ਹੈ ।

ਸਰਮਾਏਦਾਰੀ ਵਿੱਚ ਰਿਸ਼ਤਿਆਂ ਦੇ ਟੁੱਟਣ ਨੂੰ ਬਾਖੂਬੀ ਬਿਆਨ ਕਰਦੀ ਲਾਲਚੀਪੁਣੇ ਦੀ ਚਰਮਸੀਮਾਂ ਤੇ ਪਹੁੰਚੇ ਚਾਚੇ ਨੂੰ ਪਬਲਿਕ ਅੱਗੇ ਪੇਸ਼ ਕੀਤਾ ਜਾਂਦਾ ਹੈ ਤੇ ਸਰਦਾਰਾਂ/ਸਰਮਾਏਦਾਰਾਂ ਵੱਲੋਂ ਘਰਾਂ ਤੇ ਕਬਜ਼ਾ ਕਰਾਉਣ ਤੋਂ ਲੈਕੇ ਜੰਗਲਾਂ ਤੇ ਕਬਜ਼ਾ ਕਰਾਉਣ ਦੇ ਸਰਵੇ ਕਰਵਾਏ ਜਾਂਦੇ ਹਨ ਇਹ ਸਾਰੇ ਕੰਮ ਸਰਕਾਰੀ ਸ਼ਹਿ ਪਲ ਰਹੇ ਗੁੰਡਿਆਂ ਵਲੋਂ ਕੀਤੇ ਜਾ ਰਹੇ ਹਨ ਤੇ ਪੁਰਾਣਾ ਬੋਹੜ ਜੋ ਸੜਕਾਂ ਦੇ ਮੋੜ ਵਿੱਚ ਆ ਕੇ ਡਿੱਕਾ ਬਣਦਾ ਸੀ ਨੂੰ ਕੱਟਣ ਵੇਲੇ ਫ਼ਿਲਮ ਦੇ ਹੀਰੋ ਇਲਤੀ ਵਲੋਂ ਆਪਣੇ ਪਿਆਰ ਕਰਨ ਵਾਲੀ ਕੁੜੀ ਨੂੰ ਇਹ ਕਹਿਣਾ ਕਿ ਤੇਰੇ ਪਿਆਰ ਅਤੇ ਜੰਗਲ ਵਿੱਚੋਂ ਇੱਕ ਚੁਨਣਾਂ ਪਿਆ ਤਾਂ ਮੈਂ ਜੰਗਲ ਚੁਣਦਾ ਹਾਂ ਤਾਂ ਉਹ ਕੁੜੀ ਵੀ ਜੰਗਲ ਬਚਾਉਣ ਦੀ ਹਾਮੀ ਭਰਦੀ ਹੋਈ ਘਰ ਛੱਡ ਇਲਤੀ ਨਾਲ ਹੋ ਤੁਰਦੀ ਹੈ ਤੇ ਅਖੀਰ ਜੰਗਲ ਬਚਾਉਣ ਦਾ ਸੁਨੇਹਾ ਦਿੰਦੀ ਫਿਲਮ ਅੱਜ ਦੇ ਹਾਕਮਾਂ ਦਾ ਚੰਗੀ ਤਰਾਂ ਹੀਜ ਪਿਆਜ਼ ਨੰਗਾ ਕਰਦੀ ਹੋਈ ਜੰਗਲਾਂ ਦੇ ਬੇਸ਼ੁਮਾਰ ਕੀਮਤੀ ਖਣਿਜਾਂ ਨੂੰ ਬਹੁਕੌਮੀ ਕੰਪਨੀਆਂ ਨੂੰ ਲੁਟਾਉਣ ਤੋਂ ਵਰਜਦੀ ਹੈ ।ਲੋਕਾਂ ਨੂੰ ਆਪਣੇ ਜੰਗਲੀ ਜੀਵਨ ਵਿੱਚ ਆਪਣੇ ਮੁਤਾਬਕ ਜ਼ਿੰਦਗੀ ਜਿਉਣ ਦੀ ਮੰਗ ਕਰਦੀ ਪ੍ਰਤੀਤ ਹੁੰਦੀ ਹੈ ।

ਬੇਸ਼ੱਕ ਇਹ ਫਿਲਮ ਭਾਵੇਂ ਕੁਝ ਆਮ ਲੋਕਾਂ ਨੂੰ ਨਾ ਚੰਗੀ ਲੱਗੀ ਹੋਵੇ ਪਰ ਇਸ ਨੂੰ ਦੂਜੇ ਏਂਗਲ ਤੋਂ ਦੇਖਣ ਤੋਂ ਪਤਾ ਚਲਦਾ ਹੈ ਕਿ ਅੱਜ ਸਰਮਾਏਦਾਰਾਂ ਨੂੰ ਇਥੋਂ ਦੀਆਂ ਸਰਕਾਰਾਂ ਨੇ ਸਾਰਾ ਕੁਝ ਵੇਚ ਦਿੱਤਾ ਹੈ।ਲੋਕਾਂ ਤੋਂ ਓਹਨਾ ਦੇ ਵਸੀਲੇ ਖੋਹੇ ਜਾ ਰਹੇ ਹਨ ।ਤੇ ਜਿੰਨਾ ਚਿਰ ਤੱਕ ਆਮ ਲੋਕ ਇਸ ਵਿਰੁੱਧ ਉਠਦੇ ਨੀ ,ਬੋਲਦੇ ਨੀ ਉਨ੍ਹੀਂ ਦੇਰ ਇਸ ਸਭ ਕੁਝ ਨੂੰ ਬਚਾਇਆ ਨਹੀਂ ਜਾ ਸਕਦਾ ਹੈ।ਇਹੋ ਸੁਨੇਹਾ ਇਸ ਫਿਲਮ ਵਿਚ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਹ ਫੂਹੜ ਕਾਮੇਡੀ ਤੋਂ ਹੱਟ ਕੇ ਇਕ ਵਿਅੰਗ ਫਿਲਮ ਹੈ।

ਸੁਰਿੰਦਰ ਸ਼ਰਮਾ ਇਕ ਸਟੇਜ ਦਾ ਜਾਣਿਆ ਪਹਿਚਾਣਿਆ ਚੇਹਰਾ ਹੈ ਜਿਹਨੂੰ ਅਸੀਂ ਪਿਛਲੇ 40 ਸਾਲਾਂ ਤੋਂ ਪੰਜਾਬ ਦੀਆਂ ਇਨਕਲਾਬੀ ਸਟੇਜਾਂ ਤੇ ਆਪਣੀ ਕਲਾ ਦੇ ਜੌਹਰ ਦਿਖਾਉਂਦੇ ਨੂੰ ਦੇਖਦੇ ਆ ਰਹੇ ਹਾਂ।ਅੱਜ ਭੰਡਾ ਦੇ ਰੂਪ ਵਿਚ ਵੱਡੇ ਪਰਦੇ ਤੇ ਦੇਖ ਕੇ ਬਹੂਤ ਚੰਗਾ ਲਗਿਆ।
ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜੀਆ ਨੇ ਕੀਤਾ ਹੈ ਜੋਕਿ 23 ਸਾਲ ਦਾ ਯੰਗ ਮੁੰਡਾ ਹੈ।ਲੇਖਕ ਨੂੰ ਵੀ ਦਾਦ ਦੇਣੀ ਬਣਦੀ ਹੈ।ਫਿਲਮ ਵਿਚ ਮੁੱਖ ਭੂਮਿਕਾ ਵਿਚ ਜਗਤੀਤ ਸੰਧੂ,ਅਤੇ ਤਣੀਆਂ ਨਾਂ ਦੀ ਕੁੜੀ ਨੇ ਨਿਭਾਈ ਹੈ।ਬਹੂਤ ਵਧੀਆ ਐਕਟਿੰਗ ਕੀਤੀ ਹੈ।ਇਸ ਫਿਲਮ ਵਿਚ ਪੰਜਾਬੀ ਥੀਏਟਰ ਦੇ ਬਹੂਤ ਸਾਰੇ ਕਲਾਕਾਰ ਦੇਖਣ ਨੂੰ ਮਿਲੇ ਜਿਵੇਂ ਭੰਡਾਂ ਦੇ ਰੂਪ ਵਿਚ ਪਿਓ ਸੁਰਿੰਦਰ ਸ਼ਰਮਾ,ਮਾਂ ਅਨੀਤਾ ਦੇਵਗਨ,ਚਾਚਾ ਇੱਕਤਰ ਸਿੰਘ, ਤਾਇਆ ਬਸ਼ੀਰ ਦੀਨ ਅਤੇ ਹੋਰ ਵੀ ਬਹੁਤ ਸਾਰੇ।ਕੁਲ ਮਿਲਾ ਕੇ ਇੱਲਤੀ ਫਿਲਮ ਇਕ ਨਵਾਂ ਕਨਸੈਪਟ ਲੈਕੇ ਆਈ ਹੈ ਇਸ ਨੂੰ ਜਰੂਰ ਦੇਖਣਾ ਚਾਹੀਦਾ ਹੈ।
ਗੁਰਮੀਤ ਸਿੰਘ ਸੁਖਪੁਰਾ।
(9465915763)