ਮਰਦ ਵੀ ਥੱਕਦੇ ਹਨ–

ਮਰਦ ਵੀ ਥੱਕਦੇ ਹਨ: ਮਾਨਸਿਕ ਸਿਹਤ ਤੇ ਚੁੱਪ ਦੀ ਕ਼ੈਦ

ਕਰਮਜੀਤ ਕੌਰ ਢਿੱਲੋਂ
ਮਾਨਸਿਕ ਤਜਰਬੇਕਾਰ (Psychologist)
ਸਾਡਾ ਸਮਾਜ ਹਮੇਸ਼ਾ ਮਰਦ ਨੂੰ ਇੱਕ ਮਜ਼ਬੂਤ ਕਿਲੇ ਵਾਂਗ਼ ਵੇਖਦਾ ਆਇਆ ਹੈ—ਜੋ ਹਮੇਸ਼ਾ ਤਾਕਤਵਰ, ਅਟਲ, ਤੇ ਅਣਡਿੱਠਾ ਰਹੇ। ਪਰ ਕੀ ਇਹ ਸੰਭਵ ਹੈ ਕਿ ਕੋਈ ਹਰ ਵੇਲੇ ਮਜ਼ਬੂਤ ਰਹੇ?
ਮਰਦ ਵੀ ਥੱਕਦੇ ਹਨ। ਉਹ ਵੀ ਅੰਦਰੋਂ ਟੁੱਟਦੇ ਹਨ। ਪਰ ਅਫ਼ਸੋਸ, ਉਨ੍ਹਾਂ ਲਈ ਇਹ ਦਰਦ ਦਿਖਾਉਣਾ ਕਮਜ਼ੋਰੀ ਮੰਨੀ ਜਾਂਦੀ ਹੈ। ਜਦ ਮਰਦ ਰੋਣਾ ਚਾਹੁੰਦੇ ਹਨ, ਉਹ ਚੁੱਪ ਰਹਿ ਜਾਂਦੇ ਹਨ। ਅਜਿਹੀ ਚੁੱਪ, ਹੌਲੀ-ਹੌਲੀ ਉਨ੍ਹਾਂ ਦੀ ਆਤਮਾ ਨੂੰ ਖੋਖਲਾ ਕਰ ਜਾਂਦੀ ਹੈ।
ਇਹ ਲੇਖ ਇੱਕ ਕੋਸ਼ਿਸ਼ ਹੈ—ਉਨ੍ਹਾਂ ਅਣਸੁਣੀਆਂ ਆਵਾਜ਼ਾਂ ਨੂੰ ਮੰਚ ਦੇਣ ਦੀ, ਜੋ ਸਦੀਆਂ ਤੋਂ ਅੰਦਰ ਹੀ ਅੰਦਰ ਗੂੰਜ ਰਹੀਆਂ ਹਨ।
ਇਹ ਸੱਚ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਹੈ ਕਿ ਮਰਦ ਵੀ ਥੱਕਦੇ ਹਨ, ਮਰਦ ਵੀ ਰੋਦੇ ਹਨ, ਤੇ ਉਨ੍ਹਾਂ ਨੂੰ ਵੀ ਚਾਹੀਦੀ ਹੈ ਮਾਨਸਿਕ ਸੰਭਾਲ।
“ਮੈਂ ਠੀਕ ਹਾਂ” — ਇਹ ਵਾਕ ਪੁਰਸ਼ ਕਿੰਨੀ ਵਾਰ ਕਹਿੰਦੇ ਹਨ, ਅਤੇ ਅੰਦਰੋ ਟੁੱਟਿਆ ਹੋਇਆ ਮਹਿਸੂਸ ਕਰਦੇ ਹਨ । ਸਾਡਾ ਸਮਾਜ ਮਰਦ ਨੂੰ ਇੱਕ ਅਜਿਹੀ ਮੂਰਤੀ ਦੇ ਤੌਰ ’ਤੇ ਤਿਆਰ ਕਰਦਾ ਹੈ ਜੋ ਕਦੇ ਵੀ ਟੁੱਟ ਨਹੀਂ ਸਕਦਾ, ਜੋ ਹਮੇਸ਼ਾ ਸਹਾਰਾ ਦਿੰਦਾ ਹੈ, ਪਰ ਕਦੇ ਕਿਸੇ ਤੋਂ ਸਹਾਰਾ ਨਹੀਂ ਲੈਂਦਾ।
ਇਹ ਚੁੱਪਚਾਪ ਝੱਲਣ ਦੀ ਸੰਸਕ੍ਰਿਤੀ, ਅੱਜ ਮਰਦਾਂ ਦੀ ਮਾਨਸਿਕ ਸਿਹਤ ਲਈ ਸਭ ਤੋਂ ਵੱਡਾ ਖ਼ਤਰਾ ਬਣ ਚੁੱਕੀ ਹੈ।
ਮਾਲੀ ਜਿੰਮੇਵਾਰੀ: ਤਣਾਅ ਦੀ ਗੂੰਜ
ਪਰਿਵਾਰ ਚਲਾਉਣਾ, ਬੱਚਿਆਂ ਦੀ ਸਿੱਖਿਆ, ਵੱਡੀਆਂ ਉਮੀਦਾਂ ਤੇ ਸਮਾਜਕ ਦਬਾਅ — ਇਹ ਸਭ ਪੁਰਸ਼ ਦੇ ਮੰਨ ਤੇ ਨਿੱਤ ਵੱਡਾ ਬੋਝ ਪਾਉਂਦੇ ਹਨ। ਉਹ ਆਪਣੀਆਂ ਖੁਸ਼ੀਆਂ, ਮਨੋਰੰਜਨ ਤੇ ਆਰਾਮ ਨੂੰ ਪਿੱਛੇ ਛੱਡ ਕੇ ਦਿਨ-ਰਾਤ ਕਮਾਉਣ ਵਿੱਚ ਲੱਗੇ ਰਹਿੰਦੇ ਹਨ। ਕਈ ਵਾਰ ਅਜਿਹੀ ਮਾਲੀ ਥਕਾਵਟ ਡਿਪਰੈਸ਼ਨ, ਐਂਜ਼ਾਇਟੀ ਜਾਂ ਅਸਫਲਤਾ ਦੇ ਭਾਵ ਪੈਦਾ ਕਰ ਦਿੰਦੀ ਹੈ।
ਰਿਸ਼ਤੇ: – ਜ਼ਿੰਮੇਵਾਰੀਆਂ ਦਾ ਬੋਝ
ਮਰਦ ਪਤੀ, ਪਿਤਾ, ਪੁੱਤਰ, ਭਰਾ ਹੋਣ ਦੇ ਕਿਰਦਾਰ ਨਿਭਾਉਂਦੇ ਹੋਏ ਅਕਸਰ ਆਪਣੇ ਆਪ ਨੂੰ ਭੁੱਲ ਜਾਂਦੇ ਹਨ।
ਉਹ ਰਿਸ਼ਤਿਆਂ ਨੂੰ ਨਿਭਾਉਣ ਦੀ ਚਾਹ ਵਿੱਚ ਆਪਣੇ ਅੰਦਰ ਪੈਦਾ ਹੋ ਰਹੇ ਖ਼ਾਲੀਪਨ, ਤਣਾਅ ਜਾਂ ਅਣਸੁਣੇ ਦਰਦ ਬਾਰੇ ਕਿਸੇ ਨੂੰ ਦੱਸਦੇ ਨਹੀਂ।
ਅਸਲ ’ਚ ਉਹ ਨਹੀਂ ਜਾਣਦੇ ਕਿ ਕਿਵੇਂ ਗੱਲ ਕਰਨੀ ਹੈ — ਕਿਉਂਕਿ ਉਨ੍ਹਾਂ ਨੂੰ ਕਦੇ ਸਿਖਾਇਆ ਹੀ ਨਹੀਂ ਗਿਆ।
ਸਮਾਜਕ ਮਾਪਦੰਡ: -“ਮਰਦ ਕਦੇ ਰੋਂਦੇ ਨਹੀਂ”
ਇਹ ਸਭ ਤੋਂ ਵਿਸ਼ੇਲ-ਮਾਨਤਾ ਵਾਲਾ ਝੂਠ ਹੈ। ਰੋਣਾ ਇਕ ਪ੍ਰਕਿਰਤਕ ਅਹਿਸਾਸ ਹੈ ਜੋ ਦਿਲ ਦੇ ਭਾਰ ਨੂੰ ਹਲਕਾ ਕਰਦਾ ਹੈ। ਪਰ ਜਦ ਮਰਦ ਰੋਂਦੇ ਹਨ, ਉਹਨਾਂ ਨੂੰ ਉਹਨਾਂ ਦੀ ਮਰਦਾਨਗੀ ਨਾਲ ਤੋਲਿਆ ਜਾਂਦਾ ਹੈ। ਜੋ ਕਿ ਸਰਾਸਰ ਗਲਤ ਹੈ। ਚੁੱਪ, ਆਹਿਸਤਾ ਆਹਿਸਤਾ ਓਹਨਾਂ ਨੂੰ ਅੰਦਰੋਂ ਖਾ ਜਾਂਦੀ ਹੈ। ਮਰਦਾਂ ’ਚ ਆਤਮਹੱਤਿਆ ਦੀ ਦਰ ਤੇ ਨਸ਼ਿਆਂ ਵੱਲ ਵਾਧਾ, ਇਸ ਚੁੱਪ ਦੇ ਹੀ ਨਤੀਜੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਇਹ ਨਜਦੀਕੋਂ ਦੇਖਿਆ ਹੈ। ਜਦੋਂ ਮੈਂ ਸਿਰਫ਼ ਡੇਢ ਸਾਲ ਦੀ ਸੀ, ਮੇਰੀ ਮਾਂ ਦੀ ਮੌਤ ਹੋ ਗਈ। ਲੋਕ ਸਾਨੂੰ ਵੇਖ ਕੇ ਤਰਸ ਖਾਂਦੇ ਸਨ, ਕਹਿੰਦੇ, “ਬੇਚਾਰੀ ਦੀ ਮਾਂ ਨਹੀਂ ਰਹੀ।”ਪਰ ਅਸਲ ਵਿੱਚ ਸਭ ਤੋਂ ਵੱਧ ਦੁੱਖ ਵਿਚ ਮੇਰੇ ਪਿਤਾ ਸਨ। ਉਨ੍ਹਾਂ ਨੇ ਕਦੇ ਵੀ ਆਪਣੇ ਦਰਦ ਨੂੰ ਬਿਆਨ ਨਹੀਂ ਕੀਤਾ — ਉਹ ਸਦਾ ਚੁੱਪ ਰਹੇ।
ਉਹਨੂੰ ਲੱਗਦਾ ਸੀ ਕਿ ਉਨ੍ਹਾਂ ਨੂੰ ਮਜ਼ਬੂਤ ਬਣੇ ਰਹਿਣਾ ਚਾਹੀਦਾ ਹੈ, ਰੋਣਾ ਨਹੀਂ, ਟੁੱਟਣਾ ਨਹੀਂ। ਪਰ ਇਹ ਤਰੀਕਾ ਠੀਕ ਨਹੀਂ। ਦਰਦ ਨੂੰ ਦੱਬਣਾ ਨਹੀਂ, ਸਾਂਝਾ ਕਰਨਾ ਲਾਜ਼ਮੀ ਹੁੰਦਾ ਹੈ। ਜਿਹੜੀ ਚੁੱਪ ਨੂੰ ਅਸੀਂ ਮਰਦਾਨਗੀ ਸਮਝਦੇ ਹਾਂ, ਉਹ ਅਸਲ ਵਿੱਚ ਅੰਦਰੋਂ ਅਜਿਹੀ ਊਜਾੜੀ ਪੈਦਾ ਕਰ ਜਾਂਦੀ ਹੈ ਜੋ ਜਿੰਦਗੀ ਨੂੰ ਖੋਖਲਾ ਕਰ ਦਿੰਦੀ ਹੈ।
ਇਲਾਜ ਕੀ ਹੈ?
• ਮਰਦਾਂ ਨੂੰ ਸਿੱਖਣ ਦੀ ਲੋੜ ਹੈ ਕਿ ਗੱਲ ਕਰਨੀ ਕੋਈ ਕਮਜ਼ੋਰੀ ਨਹੀਂ।
• ਥੈਰੇਪੀ ਜਾਂ ਮਾਨਸਿਕ ਸਲਾਹਕਾਰ ਕੋਲ ਜਾਣਾ ਇੱਕ ਬਹੁਤ ਸਮਝਦਾਰ ਫੈਸਲਾ ਹੋ ਸਕਦਾ ਹੈ।
• ਪਤਨੀ, ਮਾਂ, ਭੈਣ, ਦੋਸਤ — ਹਰ ਔਰਤ ਨੂੰ ਚਾਹੀਦਾ ਹੈ ਕਿ ਆਪਣੇ ਜੀਵਨ ਦੇ ਮਰਦ ਦੀ ਸੁਣੇ, ਪਰਖੇ ਤੇ ਸਹਿਯੋਗ ਕਰੇ।
• ਮੀਡੀਆ, ਸਕੂਲ ਤੇ ਪਰਿਵਾਰ ਵਿਚ ਮਰਦਾਂ ਦੀ ਮਾਨਸਿਕ ਸਿਹਤ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ।
ਪੇਸ਼ੇਵਰ ਥੈਰੇਪੀਆਂ
CBT (Cognitive Behavioral Therapy)
ਨਕਾਰਾਤਮਕ ਵਿਚਾਰ-ਲੂਪ ਤੋੜਨਾ, ਪਾਜ਼ੀਟਿਵ ਸੋਚ ਵਿਕਸਿਤ ਕਰਨੀ
ਡਿਪ੍ਰੈਸ਼ਨ, ਐਂਜ਼ਾਇਟੀ ਆਦਿ ਵਿੱਚ ਲਾਭਦਾਇਕ ਹੁੰਦੀ ਹੈ । ਇਸ ਦੇ 8-12 ਸੈਸ਼ਨ, ਹਫ਼ਤਾਵਾਰ ਹੁੰਦੇ ਹਨ।
ਟਾਕ ਥੈਰੇਪੀ
ਸੁਰੱਖਿਅਤ ਸਪੇਸ ਵਿੱਚ ਦਿਲ ਖੋਲ੍ਹ ਕੇ ਗੱਲ ਕਰਨ ਨਾਲ ਵੀ ਬਹੁਤ ਫ਼ਾਇਦਾ ਮਿਲਦਾ ਹੈ ।ਇਹ ਹਲਕੇ-ਮਧਯਮ ਤਣਾਅ, ਦੁੱਖ-ਦਰਦ ਲਈ ਹੈ ।
ਗਰੁੱਪ ਥੈਰੇਪੀ (Men’s Support Group)
“ਮੈਂ ਕੱਲਾ ਨਹੀਂ” ਵਾਲਾ ਅਹਿਸਾਸ ਨਾਲ ਵੀ ਸਹਿਯੋਗ ਮਿਲਦਾ ਹੈ ।
ਹਫ਼ਤੇ / ਦੋ ਹਫ਼ਤੇ ਵਿੱਚ ਹੀ ਅਰਾਮ ਮਿਲਦਾ ਹੈ ।
Couples Therapy
ਦੰਪਤੀ ਥੈਰੇਪੀ ਰਿਸ਼ਤੇ ਵਿੱਚ ਸੰਚਾਰ, ਵਿਸ਼ਵਾਸ ਅਤੇ ਭੂਮਿਕਾਵਾਂ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦੀ ਹੈ।ਇਹ ਦੋਹਾਂ ਪਾਸਿਆਂ ਨੂੰ ਸੁਣਨ ਅਤੇ ਸਮਝਣ ਦਾ ਮੌਕਾ ਦਿੰਦੀ ਹੈ।
ਸਿਹਤਮੰਦ ਰਿਸ਼ਤੇ ਲਈ ਇਹ ਇਕ ਪ੍ਰਭਾਵਸ਼ਾਲੀ ਅਤੇ ਪੇਸ਼ੇਵਰ ਹੱਲ ਹੈ।
ਜੇ ਲੱਛਣ ਗੰਭੀਰ ਹੋਣ ਤਾਂ (ਹੱਤਿਆਵਾਦੀ ਵਿਚਾਰ, ਦਿਨ-ਚਰਿਆ ਪ੍ਰਭਾਵਿਤ), ਮਨੋਚਿਕਿਤਸਕ (psychiatrist) ਤੋਂ ਦਵਾਈ ਦੀ ਸਲਾਹ ਲੈਣਾ ਜ਼ਰੂਰੀ ਹੈ।
ਸਵੈ-ਸਹਾਇਤਾ ਤਕਨੀਕਾਂ Mindfulness / Meditation: 10-15 ਮਿੰਟ ਰੋਜ਼ਾਨਾ—ਸਾਹ ਤੇ ਧਿਆਨ ਨਾਲ ਕੋਰਲਿਸਟਰੋਲ ਘਟਦਾ ਤੇ ਧੀਰਜ ਵਧਦਾ ਹੈ ।
ਕਸਰਤ: ਹਫ਼ਤੇ ਵਿੱਚ 150 ਮਿੰਟ ਹਲਕੀ-ਟੂ-ਮੋਡਰੇਟ ਐਕਸਰਸਾਈਜ਼, ਡਿਜੀਟਲ ਡਾਈਟ: ਸ਼ਾਮ ਦੇ ਘੰਟਿਆਂ ‘ਚ ਸੋਸ਼ਲ ਮੀਡੀਆ/ਨਿਊਜ਼ ਘਟਾਓ; ਦਿਮਾਗ ਨੂੰ ਆਰਾਮ ਮਿਲਦਾ ਹੈ।
• Helplines: ਜੇਕਰ ਤੁਰੰਤ ਸਹਾਏਤਾ ਦੀ ਲੋੜ ਹੋਵੇ, ਨੈਸ਼ਨਲ ਸੂਸਾਇਡ ਪ੍ਰਵੈਂਸ਼ਨ ਲਾਈਨ ਜਾਂ ਸਥਾਨਕ helpline ਨੰਬਰ ‘ਤੇ ਕਾਲ ਕਰੋ। ਪਰਿਵਾਰ ਤੇ ਦੋਸਤਾਂ ਲਈ ਰੋਲ ਬਿਨਾਂ ਰੋਕ-ਟੋਕ ਸੁਣੋ — ਸਲਾਹ ਪਹਿਲਾਂ ਨਹੀਂ, ਸੁਣਨਾ ਪਹਿਲਾਂ।ਜਜ਼ਬਾਤ ਨੂੰ ਸਮਝੋ— “ਤੂੰ ਸਿਆਣਾ ਬਣ” ਨਾ ਕਹੋ। ਲੋੜ ਪੈਣ ਤੇ, ਮਾਂ, ਭੈਣ, ਜੀਵਨਸਾਥੀ ਨੂੰ ਥੈਰੇਪੀ ਵੱਲ ਪ੍ਰੇਰਿਤ ਕਰੋ
ਸੁਨੇਹਾ ਹਰ ਪੁਰਸ਼ ਲਈ
ਤੁਸੀਂ ਮਜ਼ਬੂਤ ਹੋ, ਪਰ ਤੁਹਾਡੀ ਭਾਵਨਾਵਾਂ ਵੀ ਜਾਇਜ਼ ਹਨ।
ਤੁਸੀਂ ਇਕ ਸਹਿਯੋਗ ਯੋਗ ਮਨੁੱਖ ਹੋ ਜੋ ਸੁਣਨ ਤੇ ਸਮਝਣ ਦੇ ਯੋਗ ਹੈ।
ਤੁਸੀਂ ਵੀ ਹੱਕ ਰੱਖਦੇ ਹੋ ਸੁੱਖ, ਸੰਤੁਲਨ ਅਤੇ ਆਤਮਿਕ ਆਰਾਮ ਦਾ।
ਆਓ ਖਾਮੋਸ਼ ਮਰਦਾਂ ਦੀ ਅਵਾਜ਼ ਬਣੀਏ। ਉਹਨਾਂ ਦੀ ਮਾਨਸਿਕ ਸਿਹਤ ਨੂੰ ਵੀ ਉਨ੍ਹਾਂ ਦੀ ਜ਼ਿੰਦਗੀ ਜਿਨਾਂ ਹੀ ਮਹੱਤਵ ਦੇਈਏ।
ਸੰਪਰਕ ਲਈ:
ਕਰਮਜੀਤ ਕੌਰ ਢਿੱਲੇ
ਮਾਨਸਿਕ ਤਜਰਬੇਕਾਰ (Psychologist)
ਫੋਨ: 97299-97717
ਈਮੇਲ: [email protected]