ਚੇਤਿਆਂ ਦੀ ਚੰਗੇਰ ਵਿੱਚੋਂ

ਯਾਦ ਉਨ੍ਹਾਂ ਨੂੰ ਕਰ ਲੋ ਜੋ ਪਰਤ ਘਰੀਂ ਨਾ ਆਏ

         

ਸਾਰੇ ਕੈਨੇਡਾ ਵਾਂਗ ਕੈਲਗਰੀ ਵਿੱਚ ਵੀ 30 ਸਤੰਬਰ ਨੂੰ `ਨੈਸ਼ਨਲ ਡੇ ਫਾਰ ਟੁੱਥ ਐਂਡ ਰੀਕੰਨਸੀਲੀਏਸ਼ਨ` ਵੱਡੇ ਪੱਧਰ `ਤੇ ਕਈ ਪ੍ਰੋਗਰਾਮ ਉਲੀਕ ਕੇ ਮਨਾਇਆ ਗਿਆ। ਇਸ ਨੂੰ `ਸੰਤਰੀ ਕਮੀਜ਼ ਦਿਵਸ` (Orange Shirt Day ) ਵੀ ਕਿਹਾ ਜਾਂਦਾ ਹੈ। ਇਸ ਦਿਨ ਮੂਲਨਿਵਾਸੀਆਂ ਤੋਂ ਇਲਾਵਾ ਆਮ ਕੈਨੇਡੀਅਨ ਲੋਕਾਂ ਨੇ ਵੀ ਸੰਤਰੀ ਰੰਗ ਦੇ ਕਮੀਜ਼ ਪਾ ਕੇ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਹ ਦਿਨ ਕੈਨੇਡਾ ਦੇ ਬਦਨਾਮ ਰਿਹਾਇਸ਼ੀ ਸਕੂਲਾਂ (Residential Schools) ਵਿੱਚ ਡੇਢ ਲੱਖ ਤੋਂ ਵੱਧ ਮੂਲਨਿਵਾਸੀ ਬੱਚਿਆਂ ਨਾਲ਼ ਹੋਏ ਅਣ-ਮਨੁੱਖੀ ਵਿਹਾਰ, ਜ਼ੁਲਮ, ਦਰਿੰਦਗੀ ਅਤੇ ਨਸਲਕੁਸ਼ੀ ਵਰਗੇ ਵਤੀਰੇ ਵੱਜੋਂ ਸ਼ਿਕਾਰ ਹੋਏ ਬੱਚਿਆਂ, ਬਚ ਕੇ ਨਿੱਕਲ਼ੇ ਬੱਚਿਆਂ ਅਤੇ ਸਦਮਾ-ਗ੍ਰਸਤ ਪਰਿਵਾਰਾਂ ਨੂੰ ਯਾਦ ਅਤੇ ਸਨਮਾਨਿਤ ਕਰਨ ਲਈ ਮਨਾਇਆ ਜਾਂਦਾ ਹੈ।  ਪਹਿਲਾ ਪ੍ਰੋਗਰਾਮ ਬੋਅ ਅਤੇ ਐਲਬੋਅ ਦਰਿਆਵਾਂ ਦੇ ਸੰਗਮ `ਤੇ ਸਵੇਰੇ ਨੌਂ ਵਜੇ ਸ਼ੁਰੂ ਹੋਇਆ। ਦੋਵਾਂ ਦਰਿਆਵਾਂ ਦੇ ਵਿੱਚਕਾਰ ਇੱਕ ਤੀਜਾ ਦਰਿਆ ਸੰਤਰੀ ਭਾਅ ਮਾਰਦੇ ਲੋਕਾਂ ਦਾ ਸੀ।

ਪਾਉਲਾ ਸਮਿੱਥ ਨੇ ਕਾਰਵਾਈ ਸ਼ੁਰੂ ਕਰਦਿਆਂ ਮਹਿਮਾਨਾਂ, ਕਲਾਕਾਰਾਂ ਅਤੇ ਭਾਰੀ ਗਿਣਤੀ ਵਿੱਚ ਆਏ ਲੋਕਾਂ ਦਾ  ਸਵਾਗਤ ਕੀਤਾ। ਬਲੈਕਫੁੱਟ ਕਨਫੈਡ੍ਰੇਸੀ ਤੋਂ ਪੀਕਾਨੀ ਨੇਸ਼ਨ ਦੇ ਲਿਉਨਾਰਡ ਵੀਜ਼ਲ ਟ੍ਰੈਵਲਰ ਨੇ ਰਿਹਾਇਸ਼ੀ ਸਕੂਲ ਸਿਸਟਮ ਦੇ ਸ਼ਿਕਾਰ ਬੱਚਿਆਂ ਅਤੇ ਪੀੜਤ ਮਾਪਿਆਂ ਦੀ ਹਿਰਦੇ-ਵਿੰਨ੍ਹਵੀਂ ਗਾਥਾ ਸੁਣਾਈ  ਅਤੇ ਇਸ  ਸਚਾਈ ਨੂੰ ਜਾਨਣ ਦੀ ਲੋੜ `ਤੇ ਜ਼ੋਰ ਦਿੱਤਾ।  ਇਸ ਮਗਰੋਂ ਉਨ੍ਹਾਂ ਬੱਚਿਆਂ ਨੂੰ, ਜੋ ਜ਼ਬਰਦਸਤੀ ਮਾਪਿਆਂ ਕੋਲ਼ੋਂ ਖੋਹ ਕੇ ਦੂਰ-ਦੁਰਾਡੇ ਸਕੂਲਾਂ ਵਿੱਚ ਤਾੜੇ ਗਏ ਪਰ ਮੁੜ ਕਦੇ ਘਰੀਂ ਨਾ ਆਏ, ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਬੇਬੀ ਫਲੈਟਜ਼ ਨੇ ਉਨ੍ਹਾਂ ਬੱਚਿਆਂ ਦੇ ਸਨਮਾਨ ਵਿੱਚ ਗੀਤ ਗਾਇਆ। ਕਾਇਨਾਈ ਨੇਸ਼ਨ ਦੀ ਐਲਡਰ ਰੂਬੀ ਈਗਲ ਚਾਈਲਡ ਨੇ ਆਪਣੀ ਅਤੇ ਆਪਣੇ ਪਰਿਵਾਰ ਦੀ ਇਨ੍ਹਾਂ ਸਕੂਲਾਂ ਤੋਂ ਪੀੜਤ ਹੋਣ ਦੀ ਦਾਸਤਾਨ ਸੁਣਾਈ।. ਉਸ ਨੇ ਵੀ ਇਸ ਭਿਆਨਕ ਸਚਾਈ ਨੂੰ ਮੰਨਣ ਅਤੇ ਮਲ੍ਹਮ ਲਾਉਣ (Healing) ਦੀ ਅਪੀਲ ਕੀਤੀ। ਰੂਬੀ ਨੇ ਕਿਹਾ ਕਿ ਸੁਲਾਹ-ਸਫ਼ਾਈ (Reconciliation) ਦੀ ਪ੍ਰਕਿਰਿਆ ਨੂੰ ਸੱਚੇ ਦਿਲੋਂ ਇਮਾਨਦਾਰੀ  ਨਾਲ ਅਮਲ ਵਿੱਚ ਲਿਆਂਦਾ ਜਾਵੇ। ਕੈਲਗਰੀ ਦੀ ਮੇਯਰ  ਜਿਉਤੀ  ਗੌਂਡਿਕ ਨੇ ਇਸੇ ਤਰ੍ਹਾਂ ਦੇ ਵਿਚਾਰ ਰਖਦਿਆਂ ਕਿਹਾ ਕਿ ਉਸ ਨੋ ਆਪਣੇ ਕਾਰਜਕਾਲ ਵਿੱਚ ਹਮੇਸ਼ਾ ਮੂਲਨਿਵਾਸੀਆਂ ਦੇ ਸਰੋਕਾਰਾਂ ਨੂੰ ਤਰਜੀਹ ਦਿੱਤੀ ਹੈ। ਮੇਟੀ ਕਲਾਕਾਰਾਂ ਨੇ ਵੀ ਪ੍ਰਦਰਸ਼ਨ ਕੀਤਾ। ਬੱਚਿਆਂ  ਨੇ ਪਾਉ-ਵਾਉ ਨਾਚ ਰਾਹੀਂ ਦਰਦਮਈ ਦ੍ਰਿਸ਼ ਨੂੰ ਉਜਾਗਰ ਕੀਤਾ। ਉਲਿਵੀਆ  ਟੇਲ ਫੈਦਰਜ਼  ਨੇ ਗੀਤ-ਸੰਗੀਤ ਰਾਹੀਂ ਭਾਵਨਾਤਮਕ ਮਾਹੌਲ ਸਿਰਜਿਆ। ਇੱਕ ਪਾਸੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਦੀਆਂ ਲੰਮੀਆਂ ਪੌੜੀਆਂ ਦੇ  ਉੱਤੇ ਸੰਤਰੀ ਰੰਗ ਦਾ ਵੱਡਾ ਕੈਨਵਸ ਤਾਣਿਆ ਗਿਆ ਜਿਸ ਉਪਰ ਹਜ਼ਾਰਾਂ ਪੀੜਤਾਂ ਦੇ ਨਾਮ ਉੱਕਰੇ ਹੋਏ ਸਨ। ਇਉਂ ਉਨ੍ਹਾਂ ਬੱਚਿਆਂ ਨੂੰ ਪੌੜ-ਸਲਾਮੀ (Ladder Salute) ਦਿੱਤੀ ਗਈ। ਟੀਪੀਆਂ  ਅਤੇ ਸਟਾਲਾਂ ਨਾਲ਼ ਭਰੇ ਵਿਸ਼ਾਲ ਮੈਦਾਨ ਵਿੱਚ ਸਾਰਾ ਦਿਨ ਮੇਲਾ ਲੱਗਿਆ ਰਿਹਾ।

Merylin at Contemporary
An Elder

ਦਿਨ ਦਾ ਦੂਜਾ ਪ੍ਰੋਗਰਾਮ ਬੋਅ ਦਰਿਆ ਕਿਨਾਰੇ ਪੀਸ ਬ੍ਰਿੱਜ ਤੋਂ ਕੰਟੈਂਪਰੇਰੀ ਕੈਲਗਰੀ ਤੱਕ ਦਾ ਮਾਰਚ ਸੀ ਜਿਸ ਵਿੱਚ ਬੇ-ਸ਼ੁਮਾਰ ਲੋਕਾਂ ਨੇ ਸੰਤਰੀ ਕਮੀਜ਼ਾਂ ਪਾ ਕੇ ਹਿੱਸਾ ਲਿਆ। ਕੰਪਲੈਕਸ ਵਿੱਚ ਮੂਲਨਿਵਾਸੀਆਂ ਦੀਆਂ ਸਟਾਲਾਂ ਤੋਂ ਇਲਾਵਾ ਇੱਕ ਥੀਏਟਰ ਵਿੱਚ `ਦ ਔਰੇਂਜ ਫਲਾਵਰ` ਨਾਂ ਦੀ ਫਿਲਮ ਚਲਾਈ ਜਾ ਰਹੀ ਸੀ ਜਦੋਂ ਕਿ ਦੂਜੇ ਵਿੱਚ ਨੇਟਿਵ-ਨਾਚ ਹੋ ਰਹੇ ਸਨ। ਚੌਥੀ ਸੰਧੀ(Treaty 4) ਖੇਤਰ ਸਸਕੈਚਵਨ ਤੋਂ ਆਈ ਐਲਡਰ ਮੇਰੀਲਿਨ ਸਵਾਲਾਂ ਦੇ ਜਵਾਬ  ਦੇ  ਰਹੀ ਸੀ।

ਤੀਜਾ ਪ੍ਰੋਗਰਾਮ ਯੂਨੀਵਰਸਿਟੀ ਆਫ ਕੈਲਗਰੀ ਦੇ ਰੋਸਜਾ ਸੈਂਟਰ ਵਿਖੇ ਆਯੋਜਿਤ ਕੀਤਾ ਗਿਆ। ਇੱਥੇ ਰੇਡੀਓ,  ਟੀ.ਵੀ. ਦੀ ਖੋਜੀ-ਪੱਤਰਕਾਰ ਅਤੇ ਕਈ ਇਨਾਮਾਂ ਦੀ ਜੇਤੂ ਲੇਖਿਕਾ ਐਂਜਲਾ ਸਟੈਰਿਟ ਨੇ ਆਪਣੀ ਹੱਡ-ਬੀਤੀ ਸੁਣਾਈ। ਉਸਨੇ ਦੱਸਿਆ ਕਿ ਕਿਵੇਂ ਉਹ ਹੋਰ ਕੁੜੀਆਂ / ਔਰਤਾਂ ਵਾਂਗ ਬੇ-ਘਰ, ਬੇ-ਆਸਰਾ ਹੋ ਕੇ ਥਾਂ-ਪਰ-ਥਾਂ ਭੁੱਖੀ-ਪਿਆਸੀ ਰੁਲ਼ਦੀ ਰਹੀ ਪਰ ਆਪਣੀ ਅੰਦਰੂਨੀ ਨਾਰੀ-ਸ਼ਕਤੀ ਅਤੇ ਦ੍ਰਿੜ੍ਹਤਾ ਕਾਰਨ ਕਰੜੇ ਸੰਘਰਸ਼ ਵਿੱਚੋਂ ਲੰਘ ਕੇ ਇਸ ਮੁਕਾਮ `ਤੇ ਪਹੁੰਚੀ ਹੈ। ਐਂਜਲਾ ਨੇ  ਦੱਸਿਆ ਕਿ ਉਸ ਨੇ ਖੋਜ ਕਰ ਕੇ ਮਾਰੀਆਂ  ਗਈਆਂ ਤੇ ਗੁੰਮਸ਼ੁਦਾ ਮੂਲਨਿਵਾਸੀ ਔਰਤਾਂ ਅਤੇ ਕੁੜੀਆਂ ਦੀ ਨਿਸ਼ਾਨਦੇਹੀ ਕਰ ਕੇ ਇਸ ਦੀ ਤਫ਼ਸੀਲ ਕਮਿਸ਼ਨ ਨੂੰ ਸੌਂਪੀ ਸੀ। ਉਸ ਦਾ ਨਿਰਨਾ ਸੀ ਕਿ ਮੂਲਨਿਵਾਸੀ ਔਰਤਾਂ ਅਤੇ ਕੁੜੀਆਂ ਦੀ ਸ਼ਕਤੀ, ਮਨੋਬਲ ਅਤੇ ਪ੍ਰਤਿਭਾ ਨੂੰ ਕੋਈ ਵੀ ਤਾਕਤ ਨਹੀਂ ਤੋੜ ਸਕਦੀ। ਯੂਨੀਵਰਸਿਟੀ ਦੇ ਪ੍ਰਧਾਨ ਡਾ. ਐਡ ਮੈਅਕਾਅਲੇ ਅਤੇ ਪ੍ਰੋਵੋਸਟ ਡਾ. ਮਾਈਕਲ ਹਾਰਟ ਨੇ ਵੀ ਵਿਚਾਰ ਰੱਖੇ।

ਪੀਕਾਨੀ ਨੇਸ਼ਨ ਦੇ ਐਲਡਰ ਰੈੱਡ ਕਰੋਅ ਸ਼ੂਅ ਨੇ ਉਨ੍ਹਾਂ ਸਕੂਲਾਂ  ਦੁਆਰਾ ਦਿੱਤੇ ਸਦਮੇ ਦਾ ਹੱਡੀਂ-ਹੰਢਾਇਆ ਬ੍ਰਿਤਾਂਤ ਸੁਣਾਇਆ ਅਤੇ ਕਿਹਾ ਕਿ ਸਚਾਈ ਨੂੰ  ਕਬੂਲ ਕਰਕੇ ਸੁਲਾਹ-ਸਫ਼ਾਈ (Reconciliation) ਨੂੰ ਅਮਲ ਵਿੱਚ ਲਿਆ ਕੇ ਸਾਰੇ ਰਲ਼ ਕੇ ਅੱਗੇ ਵਧੀਏ। ਕੈਲਗਰੀ ਪਬਲਿਕ ਲਾਇਬ੍ਰੇਰੀ ਦੀ ਚੀਫ਼ ਐਗਜ਼ੈਕਟਿਵ ਆਫ਼ੀਸਰ (C. E.O. ) ਸਾਰਾਹ ਮੈਲਿਉਰ ਨੇ ਯੂਨੀਵਰਸਿਟੀ ਦੇ ਸਹਿਯੋਗ ਨਾਲ਼ ਮੂਲਨਿਵਾਸੀਆਂ ਦੇ ਸਰੋਕਾਰਾਂ ਲਈ ਕੀਤੇ ਜਾ ਰਹੇ ਸਾਂਝੇ ਯਤਨਾਂ ਦਾ ਸੰਖੇਪ ਬਿਉਰਾ ਦਿੱਤਾ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਰਹੇ ਜਗਦੇਵ ਸਿੱਧੂ ਨੇ ਪਾਉਲਾ ਸਮਿੱਥ, ਰੂਬੀ ਈਗਲ ਚਾਈਲਡ, ਲਿਉਨਾਰਡ ਵੀਜ਼ਲ ਟ੍ਰੈਵਲਰ, ਮੈਰੀਲਿਨ, ਕੈਲਮ ਡਾਨ ਤੇ ਐਂਜਲਾ ਸਟੈਰਿਟ ਨੂੰ ਮਿਲ ਕੇ ਦੱਸਿਆ ਕਿ ਕਿਵੇਂ ਰੇਡੀਉ `ਰੈੱਡ ਐਫ ਐਮ` ਅਤੇ `ਪੰਜਾਬੀ ਅਖ਼ਬਾਰ`ਮੂਲਨਿਵਾਸੀਆਂ ਦੇ ਇਤਿਹਾਸ ਅਤੇ ਸਭਿਆਚਾਰ ਨੂੰ ਪੰਜਾਬੀ ਭਾਈਚਾਰੇ ਵਿੱਚ ਪਰਫੁੱਲਤ ਕਰਨ ਵਿੱਚ ਮੋਹਰੀ  ਰੋਲ ਨਿਭਾ ਰਹੇ ਹਨ। ਇਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੇ ਲਗਾਤਾਰ ਸੰਪਰਕ ਰੱਖਣ ਦੀ ਇੱਛਾ ਜ਼ਾਹਿਰ ਕੀਤੀ।

Show More

Related Articles

Leave a Reply

Your email address will not be published. Required fields are marked *

Back to top button
Translate »