ਲੋਕਾਂ ਦਾ ਇਕਬਾਲ

“ਵੱਡੇ-ਭਾਈ ਇਕਬਾਲ ਨੂੰ ਅੱਠਵੀਂ-ਬਰਸੀ ’ਤੇ ਯਾਦ ਕਰਦਿਆਂ”
(22 ਫਰਵਰੀ 1946-17 ਜੂਨ 2017)
ਅੱਠ ਵੱਰ੍ਹੇ ਪਹਿਲਾਂ, ਅੱਜ ਦੇ ਦਿਨ ‘ਇਕਬਾਲ’ ਸਾਥੋਂ ਵਿੱਛੜ ਗਿਆ! ਉਸ ਦੇ ਹੱਸੂੰ-ਹੱਸੂੰ ਕਰਦੇ ਚਿਹਰੇ ਦੀ ਲਾਲੀ, ਮਿੱਠੀਆਂ-ਮਿੱਠੀਆਂ ਮਨਮੋਹਣੀਆਂ-ਜੁਗਤਾਂ, ਰਸਭਿੰਨੀਆਂ-ਚੋਭਾਂ, ਤੇ ਗੁਣ-ਗੁਣਾਉਂਦੇ ਲਾਡਲੇ-ਬੋਲਾਂ ਦੇ ਝਉਲ਼ੇ ਅਕਸਰ ਹੀ ਦਿਨ-ਰਾਤ ਪੈਂਦੇ ਰਹਿੰਦੇ ਹਨ! ਇਕ ਵਾਰ ਜਹਾਨੋਂ ਤੁਰ ਗਿਆ ਮੁੜ ਕਦੇ ਕੋਈ ਵਾਪਿਸ ਨਹੀਂ ਪਰਤਿਆ! ਪਿੱਛੇ ਰਹਿ ਗਏ ਸਾਕ-ਸਬੰਧੀ ਹਮੇਸ਼ਾ ਲਈ ਮਨ ਹੀ ਮਨ, ਆਪਣੇ ਪਿਆਰਿਆਂ ਦੇ ਗੂੜੇ-ਰਿਸ਼ਤਿਆਂ ਦੀਆਂ ਟੁੱਟ ਗਈਆਂ ਰੇਸਮੀਂ-ਤੰਦਾਂ ਅਤੇ ਕੌੜੀਆਂ-ਮਿੱਠੀਆਂ ਯਾਦਾਂ ਦੀਆਂ ਘੁੰਮਣ-ਘੇਰੀਆਂ ਵਿੱਚ ਗੋਤੇ ਮਾਰਦੇ ਰਹਿੰਦੇ ਹਨ।
ਕੁਦਰਤ ਨੇ ‘ਇਕਬਾਲ’ ਨੂੰ ਬਹੁ-ਪੱਖੀ ਗੁਣਾਂ ਦਾ ਇੱਕ “ਅਣੋਖਾ-ਵਰਦਾਨ” ਬਖ਼ਸ਼ਿਆ ਹੋਇਆ ਸੀ! ਪ੍ਰਕਿਰਤੀ ਵੱਲੋਂ ਮਿਲ਼ੇ ਇਸ ਤੋਹਫ਼ੇ ਦੀ ਚਮਕ ਨੂੰ ਉਸ ਨੇ ਜਿਊਂਦੇ-ਜੀਅ ਨਾ ਤਾਂ ਮੱਧਮ ਪੈਣ ਦਿੱਤਾ ਅਤੇ ਨਾ ਹੀ ਸੂਤ-ਭਰ ਇੱਧਰ-ਉੱਧਰ ਸਿਰਕਣ ਤੇ ਖਿਸਕਣ ਦਿੱਤਾ! ਇਕਬਾਲ ਕੋਲ਼ ‘ਵਿਲੱਖਣ-ਲਫ਼ਜ਼ਾਂ’ ਦੀ ਬਹੁਤਾਤ ਦਾ ਇੱਕ ਅਣੋਖਾ-ਸਰਮਾਇਆ ਸੀ ਅਤੇ ਉਸ ਦੇ ਜ਼ਿਹਨ ਵਿੱਚ ਅੱਦਭੁਤ-ਸ਼ਬਦਾਂ ਦੀਆਂ ‘ਮੱਟੀਆਂ’ ਭਰੀਆਂ ਹੋਈਆਂ ਸਨ। ਉਹ ਜਿੱਥੇ ਇੱਕ ਖ਼ੂਬਸੂਰਤ ਸੁਰੀਲੀ-ਆਵਾਜ਼ ’ਚ ਤਰੱਨਮ ਦੀਆਂ ਬੂੰਦਾਂ ਛਿੜਕ ਕੇ ਮਹਿਫ਼ਲਾਂ ਨੂੰ ਮੁਗਧ ਕਰਨ ਵਾਲ਼ਾ ਰਸੀਲਾ-ਕਲਾਕਾਰ ਸੀ, ਉੱਥੇ ਸੁਰ, ਤਾਲ ਤੇ ਲੈਅ ਨੂੰ ਚੰਗੀ ਤਰ੍ਹਾਂ ਸਮਝਣ ਵਾਲ਼ਾ ਸਾਜ਼ਿੰਦਾ ਤੇ ਸੰਗੀਤਕ-ਰਸੀਆ ਵੀ ਸੀ।
ਉਹ ਇੱਕ ਬਹੁਤ ਹੀ ਵੱਧੀਆ ਬੁਲਾਰਾ ਤੇ ਤਰਕ਼ਸ਼ੀਲ-ਸੋਚ ਦਾ ਧਾਰਨੀ ਸੀ। ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਜ਼ਬਾਨਾਂ ਉੱਪਰ ਉਸ ਦੀ ਚੋਖ਼ੀ ਅਤੇ ‘ਹੁੰਦਲਹੇੜ-ਪਕੜ’ ਸੀ। ਉਸ ਨੂੰ ਵਿਦਿਅਕ-ਮਹਿਕਮੇਂ ਦਾ ਹਰਮਨ-ਪਿਆਰਾ ਤੇ ਤਜਰਬੇਕਾਰ ਅਧਿਆਪਕ ਹੋਣ ਦਾ ਮਾਣ ਵੀ ਪ੍ਰਾਪਤ ਸੀ। ਅੱੜੇ-ਥੁੱੜੇ ਦੀ ਝੱਟ ਦੇਣੇ ਬਾਂਹ ਫੜ ਕੇ ਮਦਦ ਕਰ ਦੇਣੀ ਉਸ ਦੇ ਸੁਭਾਓ ਦੀ ਇੱਕ ‘ਨਿਵੇਕਲੀ-ਖ਼ਾਸੀਅਤ’ ਸੀ!
ਇਕਬਾਲ ਨੇ ਆਪਣੇ ਟੀਚਿੰਗ-ਪੇਸ਼ੇ ਅਤੇ ਵਿਦਿਅਕ-ਖੇਤਰ ਵਿੱਚੋਂ ਪ੍ਰਾਪਤ ਕੀਤੇ ਹੁਨਰ, ਨਿਪੁੰਨਤਾ, ਮੁਹਾਰਤ ਤੇ ਤਜਰਬਿਆਂ ਦੀ ‘ਤਜੌਰੀ’ ਵਿੱਚੋਂ ਕਾਫ਼ੀ ਸਾਰੇ ਵੱਲ, ਢੰਗ, ਸੁਚੱਜ, ਤੇ ਜੁਗਤਾਂ ਦੇ “ਰੂੰਗਿਆਂ” ਦੀਆਂ ਮੁੱਠੀਆਂ ਭਰ-ਭਰ ਕੇ, ਮੇਰੀ ਸੁੰਨੀਂ ਪਈ “ਵਿਦਿਅਕ-ਝੋਲ਼ੀ” ਨੂੰ ਮਾਲੋ-ਮਾਲ ਕਰਕੇ ਇੱਕ ਸੁਹਿਰਦ-ਵੱਡੇ ਭਰਾ ਦੇ ਫ਼ਰਜ਼ ਨੂੰ ਅਦਾ ਕੀਤਾ। ਉਹ ਮੇਰੇ ਲਈ ‘ਲਾਈਟ-ਹਾਊਸ’ ਬਣਕੇ ਰੌਸ਼ਨਾਇਆ! ਉਸ ਦੀ ਯੋਗ-ਰਹਿਨਮਾਈ ਦੀ ਬਦੌਲਤ ਹੀ ਮੈਂਨੂੰ ਕੈਨਡਾ ਵਿੱਚ ਇੱਕ ਟੈਕਸੀ-ਡਰਾਈਵਰ ਤੋੰ ਟੀਚਰ ਬਣਨ ਦੇ ਮੌਕੇ ਨੇ ਗੋਦ ਵਿੱਚ ਲੈ ਕੇ ਹੱਲਾ-ਸ਼ੇਰੀ ਵਾਲ਼ਾ ਸਿਰ ਪਲੋਸਿਆ!
ਉਹ ਮੇਰਾ ਸੰਜੀਦਾ-ਸੰਗੀ, ਸੁਹਿਰਦ-ਉਸਤਾਦ, ਸੁਘੜ-ਸਲਾਹਕਾਰ, ਤੇ ਸਹੀ ਸੇਧ ਦੇਣ ਵਾਲ਼ਾ ਸੁਯੋਗ-ਸਰਬਰਾਹ ਸੀ! ਇਕਬਾਲ ਸਾਰੀ ਉਮਰ ਮੇਰੀ ‘ਨਰੋਈ-ਬਾਂਹ’ ਬਣਕੇ ਸਹਾਰਾ ਅਤੇ ਗਾਈਡ ਬਣਿਆ ਰਿਹਾ! ਵੱਡਾ-ਭਰਾ ਹੋਣ ਦੇ ਨਾਤੇ ਉਹ ਮੇਰੀ ਉਸਾਰੂ-ਟੋਕਾਈ ਕਰਦਾ, ਕਦੇ-ਕਦਾਈਂ ਮਿੱਠਾ-ਮਿੱਠਾ ਘੂਰਦਾ ਤੇ “ਸਹਿੰਦੀ-ਸਹਿੰਦੀ ਝਿੱੜਕ” ਦੀ “ਲਫ਼ਜ਼ੀ-ਛਮਕ” ਵੀ ਮਾਰ ਦਿੰਦਾ! ਇੱਕ ਚੰਗੇ, ਵਚਨਬੱਧ, ਸਮਰਪਤ, ਤੇ ਲਗਨ ਵਾਲ਼ੇ ਅਧਿਆਪਕ ਦੇ ਗੁਣਾ ਦੀ ‘ਡੰਗੋਰੀ’ ਵੀ ਇਕਬਾਲ ਨੇ ਹੀ ਮੇਰੇ “ਝਿਜਕਦੇ-ਹੱਥਾਂ” ਵਿੱਚ ਫੜਾਈ!
ਮੇਰੇ ਹਰ ਦੁੱਖ, ਤਕਲੀਫ਼, ਔਕੜ, ਤੇ ਮੰਦੇ-ਵਕ਼ਤ ਵਿੱਚ ਉਸ ਨੇ ਥੰਮਲਾ ਬਣਕੇ ਕੰਧਾ ਦਿੱਤਾ ਅਤੇ ਹਰ ਨਿੱਕੀ-ਵੱਡੀ ਖੁਸ਼ੀ ਤੇ ਚਾਅ ਨੂੰ ਦੂਣ-ਸਵਾਇਆ ਕਰਨ ਵਿੱਚ ਉਹ ਹਮੇਸ਼ਾ ਹੀ ‘ਰਾਮ ਚੰਦਰ’ ਬਣ ਕੇ ਬਹੁੜਿਆ! ਬੇਸ਼ਕ, ਜਿਸਮਾਨੀ ਤੌਰ ’ਤੇ ਉਹ ਇਸ ਸੰਸਾਰ ਵਿੱਚੋਂ ਤੁਰ ਗਿਆ ਹੈ, ਪਰ ਉਸ ਨਾਲ਼ ਜੁੜੀਆਂ ਯਾਦਾਂ ਵਿੱਚੋਂ ਉਛਲਦਾ ‘ਭਰਾਤਰੀ-ਮੋਹ’ ਮੇਰੇ ਮਨ ਵਿੱਚੋਂ ਕਦੇ ਵੀ ਮਨਫ਼ੀ ਨਹੀਂ ਹੋਵੇਗਾ! ਉਸ ਦੇ ਵਿਛੜ ਜਾਣ ਦੇ ਵੈਰਾਗ਼ ਦੀ ਸਿਤਾਰ “ਮਾਤਮੀਂ-ਧੁੰਨਾਂ” ਦੇ ਰਾਗ ਅਲਾਪਦੀ ਹੋਈ ਅਕਸਰ ਹੀ ਕਲਪ-ਕਲਪ ਕੇ ਕੂਕਦੀ ਰਹਿੰਦੀ ਹੈ!!!


(22 Feb 1946 – 17 June 2017)
– ਸੁਰਿੰਦਰ ਧੰਜਲ
ਸਾਗਰ ਦਾ ਇਕਬਾਲ ਸੀ
ਲੋਕਾਂ ਦਾ ਇਕਬਾਲ
ਕੱਲ੍ਹ ਵੀ ਸਾਡੇ ਨਾਲ ਸੀ
ਅੱਜ ਵੀ ਸਾਡੇ ਨਾਲ ॥
ਉਹ ਕਵਿਤਾ ਦਾ ਬਿਰਖ ਸੀ
ਹਰ ਪੱਤੀ, ਹਰ ਡਾਲ
ਵਿਰਲੇ ਟਾਵੇਂ ਉੱਗਮਦੇ
ਸਰਸਵਤੀ ਦੇ ਲਾਲ ॥
ਸਾਜ਼ ਸੰਗੀਤ ਸਨੇਹ ਸਭ
ਸੀ ਸੰਗਮ ਸੁਰਤਾਲ
ਰੋਸ਼ਨ ਉਸ ਦੀ ਸਿਰਜਣਾ
ਕਲਮ, ਕਲਾਮ, ਕਮਾਲ
ਉਹ ਨੰਗੇ ਧੜ ਜੂਝਿਆ
ਨਾ ਤਲਵਾਰ ਨਾ ਢਾਲ
ਅੱਜ ਵੀ ਜਗਮਗ ਕਰ ਰਿਹਾ
ਉਸਦਾ ਹਰਫ਼ ਜਲਾਲ ॥
💐ਮਿੱਤਰ ਇਕਬਾਲ ਦੀ ਅੱਠਵੀਂ ਬਰਸੀ💐(17-6-2025)
