ਹੁਣੇ ਹੁਣੇ ਆਈ ਖ਼ਬਰ

ਸਿੰਧੂ ਜਲ ਸਮਝੌਤਾ ਤੋੜਨ ਨੂੰ ਜੰਗੀ ਕਾਰਵਈ ਮੰਨਿਆ ਜਾਵੇਗਾ-ਪਾਕਿਸਤਾਨ

ਇਸਲਾਮਾਬਾਦ (ਪੰਜਾਬੀ ਅਖ਼ਬਾਰ ਬਿਊਰੋ) ਪਾਕਿਸਤਾਨ ਨੇ ਵੀਰਵਾਰ ਨੂੰ ਭਾਰਤੀ ਏਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ, ਵਾਹਗਾ ਸਰਹੱਦੀ ਰਸਤਾ ਬੰਦ ਕਰਦਿਆਂ ਹੀ ਪਾਕਿਸਤਾਨ ਨੇ ਭਾਰਤ ਨਾਲ ਸਾਰੇ ਵਪਾਰ ਨੂੰ ਮੁਅੱਤਲ ਕਰ ਦਿੱਤਾ। ਇਸ ਦੇ ਨਾਲ ਹੀ ਪਾਕਿਸਤਾਨ ਨੇ ਕਿਹਾ ਕਿ ਸਿੰਧੂ ਜਲ ਸਮਝੌਤਾ ( Indus Water Treaty) ਤਹਿਤ ਪਾਕਿਸਤਾਨ ਲਈ ਬਣਦੇ ਪਾਣੀ ਨੂੰ ਮੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ‘ਜੰਗੀ ਕਾਰਵਾਈ’ ਮੰਨਿਆ ਜਾਵੇਗਾ।ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਸਿੰਧ ਜਲ ਸੰਧੀ ਨੂੰ ਮੁਅੱਤਲ ਕਰਨ ਅਤੇ ਸਫ਼ਾਰਤੀ ਸਬੰਧਾਂ ਨੂੰ ਘਟਾਉਣ ਦੇ ਭਾਰਤ ਦੇ ਕਦਮ ਉਤੇ ਜਵਾਬ ਦੇਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Pakistan Prime Minister Shehbaz Sharif) ਦੀ ਪ੍ਰਧਾਨਗੀ ਹੇਠ ਹੋਈ ਕੌਮੀ ਸਲਾਮਤੀ ਕਮੇਟੀ (National Security Committee – NSC) ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤੇ ਗਏ ਹਨ।ਇਸ ਮੀਟਿੰਗ ਵਿੱਚ ਮੁਲਕ ਦੇ ਮੁੱਖ ਮੰਤਰੀਆਂ ਅਤੇ ਤਿੰਨਾਂ ਫ਼ੌਜਾਂ ਦੇ ਮੁਖੀਆਂ ਨੇ ਸ਼ਿਰਕਤ ਕੀਤੀ। ਐਨਐਸਸੀ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤੇ ਗਏ ਇੱਕ ਬਿਆਨ ਵਿਚ ਕਿਹਾ ਗਿਆ ਹੈ, “ਪਾਕਿਸਤਾਨ ਦੀ ਪ੍ਰਭੂਸੱਤਾ ਅਤੇ ਇਸਦੇ ਲੋਕਾਂ ਦੀ ਸੁਰੱਖਿਆ ਲਈ ਕਿਸੇ ਵੀ ਖਤਰੇ ਦਾ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ । ਜੰਮੂ-ਕਸ਼ਮੀਰ ਦੇ ਮਸ਼ਹੂਰ ਟੂਰਿਸਟ ਰਿਜ਼ਾਰਟ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਗਏ ਹੋਏ ਆਪਣੇ ਨਾਗਰਿਕਾਂ ਨੂੰ ਵਤਨ ਪਰਤ ਆਉਣ ਦੀ ਸਲਾਹ ਦਿੱਤੀ ਹੈ। ਗ਼ੌਰਤਲਬ ਹੈ ਕਿ ਇਸ ਦਹਿਸ਼ਤੀ ਹਮਲੇ ਵਿੱਚ 26 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਦੱਖਣੀ ਕਸ਼ਮੀਰ ਦੇ ਪਹਿਲਗਾਮ ਵਿੱਚ ਹਮਲਾ, ਇਸ ਸਾਲ ਜੰਮੂ-ਕਸ਼ਮੀਰ ਵਿੱਚ ਪਹਿਲੀ ਵੱਡੀ ਅੱਤਵਾਦੀ ਘਟਨਾ ਹੈ, ਜੋ ਫਰਵਰੀ 2019 ਵਿੱਚ ਪੁਲਵਾਮਾ ਵਿੱਚ 40 ਸੈਨਿਕਾਂ ਦੇ ਮਾਰੇ ਜਾਣ ਤੋਂ ਬਾਅਦ ਇਹ ਸਭ ਤੋਂ ਭਿਆਨਕ ਅੱਤਵਾਦੀ ਹਮਲਾ ਸੀ । ਇੱਕ ਅਧਿਕਾਰਤ ਬਿਆਨ ਵਿੱਚ ਵਿਦੇਸ਼ ਮੰਤਰਾਲੇ (MEA) ਨੇ ਕਿਹਾ, “ਭਾਰਤੀ ਨਾਗਰਿਕਾਂ ਨੂੰ ਪਾਕਿਸਤਾਨ ਦੀ ਯਾਤਰਾ ਕਰਨ ਤੋਂ ਬਚਣ ਦੀ ਸਖ਼ਤ ਸਲਾਹ ਦਿੱਤੀ ਜਾਂਦੀ ਹੈ। ਜਿਹੜੇ ਭਾਰਤੀ ਨਾਗਰਿਕ ਇਸ ਸਮੇਂ ਪਾਕਿਸਤਾਨ ਵਿੱਚ ਹਨ, ਉਨ੍ਹਾਂ ਨੂੰ ਵੀ ਜਲਦੀ ਤੋਂ ਜਲਦੀ ਭਾਰਤ ਪਰਤ ਆਉਣ ਦੀ ਸਲਾਹ ਦਿੱਤੀ ਜਾਂਦੀ ਹੈ।” ਇਸ ਦੌਰਾਨ, ਵਿਦੇਸ਼ ਮੰਤਰਾਲੇ ਦੇ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਨੇ ਪਾਕਿਸਤਾਨੀ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਨੂੰ ਫ਼ੌਰੀ ਤੌਰ ’ਤੇ ਮੁਅੱਤਲ ਕਰਨ ਦਾ ਫੈਸਲਾ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ, “ਭਾਰਤ ਵੱਲੋਂ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਸਾਰੇ ਮੌਜੂਦਾ ਵਾਜਬ ਵੀਜ਼ੇ 27 ਅਪਰੈਲ, 2025 ਤੋਂ ਰੱਦ ਕਰ ਦਿੱਤੇ ਗਏ ਹਨ।” ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨੀ ਨਾਗਰਿਕਾਂ ਨੂੰ ਜਾਰੀ ਕੀਤੇ ਗਏ ਮੈਡੀਕਲ ਵੀਜ਼ੇ ਵੀ ਸਿਰਫ 29 ਅਪਰੈਲ, 2025 ਤੱਕ ਹੀ ਵਾਜਬ ਹੋਣਗੇ। ਬਿਆਨ ਮੁਤਾਬਕ, “ਭਾਰਤ ਵਿੱਚ ਮੌਜੂਦ ਸਾਰੇ ਪਾਕਿਸਤਾਨੀ ਨਾਗਰਿਕਾਂ ਨੂੰ ਤਾਜ਼ਾ ਸੋਧੇ ਗਏ ਹੁਕਮਾਂ ਮੁਤਾਬਕ ਵੀਜ਼ੇ ਦੀ ਮਿਆਦ ਪੁੱਗਣ ਤੋਂ ਪਹਿਲਾਂ ਭਾਰਤ ਛੱਡ ਜਾਣਾ ਚਾਹੀਦਾ ਹੈ।”ਇਸੇ ਦੌਰਾਨ ਕਸ਼ਮੀਰ ਵਿਚ ਦਹਿਸ਼ਤੀ ਹਮਲੇ ਮਗਰੋਂ ਭਾਰਤ ਦੀਆਂ ਸਾਰੀਆਂ ਵਿਰੋਧੀ ਧਿਰਾਂ ਨੇ ਅੱਜ ਸਰਬ ਪਾਰਟੀ ਬੈਠਕ ਦੌਰਾਨ ਸਰਕਾਰ ਦੀ ਪਿੱਠ ’ਤੇ ਖੜ੍ਹਦਿਆਂ ਕਿਹਾ ਕਿ ਉਹ ਦਹਿਸ਼ਤਗਰਦਾਂ ਦੀ ਇਸ ਘਿਣਾਉਣੀ ਕਾਰਵਾਈ ਖਿਲਾਫ਼ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਪੂਰੀ ਹਮਾਇਤ ਕਰਦੀਆਂ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »