ਚੰਦਰਾ ਗੁਆਂਢ ਨਾ ਹੋਵੇ
ਪਾਕਿਸਤਾਨ ਨੂੰ ਡਰ ਐ ਕਿ ਭਾਰਤ ਉਸ ਉੱਪਰ ਹਮਲਾ ਕਰੇਗਾ

ਇਸਲਾਮਾਬਾਦ (ਪੰਜਾਬੀ ਅਖ਼ਬਾਰ ਬਿਊਰੋ) ਪਾਕਿਸਤਾਨ ਨੇ ‘ਭਰੋਸੇਯੋਗ ਖੁਫ਼ੀਆ ਜਾਣਕਾਰੀ’ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਨੂੰ ਲੈ ਕੇ ਭਾਰਤ ਉਸ ਖਿਲਾਫ਼ ਫੌਜੀ ਕਾਰਵਾਈ ਦੀ ਯੋਜਨਾ ਘੜ ਰਿਹਾ ਹੈ। ਪਾਕਿਸਤਾਨ ਨੇ ਨਾਲ ਹੀ ਭਾਰਤ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਵੀ ਇਸ ਦੇ ਸਿੱਟੇ ਭੁਗਤਣੇ ਹੋਣਗੇ। ਪਾਕਿਸਤਾਨ ਦੇ ਸੂਚਨਾ ਮੰਤਰੀ ਅਤਾ ਉਲ੍ਹਾ ਤਰਾਰ ਨੇ ਕਿਹਾ ਕਿ ਭਾਰਤ ਸਰਕਾਰ ਪਹਿਲਗਾਮ ਵਿੱਚ ਪਿਛਲੇ ਦਿਨੀਂ ਹੋਏ ਦਹਿਸ਼ਤੀ ਹਮਲੇ ਵਿੱਚ ਪਾਕਿਸਤਾਨ ਦੀ ਸ਼ਮੂਲੀਅਤ ਸਬੰਧੀ ‘ਬੇਬੁਨਿਆਦ ਤੇ ਮਨਘੜਤ ਦੋਸ਼ਾਂ’ ਦੇ ਅਧਾਰ ’ਤੇ ਹਮਲਾ ਕਰਨ ਦੀ ਤਿਆਰੀ ਕਰ ਰਹੀ ਹੈ।ਮੰਤਰੀ ਨੇ ਕਿਹਾ ਕਿ ਪਾਕਿਸਤਾਨ ਖ਼ੁਦ ਅਤਿਵਾਦ ਦੀ ਮਾਰ ਝੱਲਦਾ ਰਿਹਾ ਹੈ ਤੇ ਉਸ ਨੇ ਹਮੇਸ਼ਾ ਅਤਿਵਾਦ ਦੇ ਸਾਰੇ ਰੂਪਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਖ਼ੁਦ ਇੱਕ ਕਮਿਸ਼ਨ ਵੱਲੋਂ ‘ਇਤਬਾਰੀ, ਪਾਰਦਰਸ਼ੀ ਤੇ ਨਿਰਪੱਖ’ ਜਾਂਚ ਦੀ ਪੇਸ਼ਕਸ਼ ਕੀਤੀ ਹੈ, ਪਰ ਭਾਰਤ ਜਾਂਚ ਤੋਂ ਬਚ ਕੇ ਟਕਰਾਅ ਦਾ ਰਾਹ ਚੁਣ ਰਿਹਾ ਹੈ।