ਏਹਿ ਹਮਾਰਾ ਜੀਵਣਾ

ਚੰਦਰੀ ਬੁੜ੍ਹੀ ਵਰਗੇ ਨਾ ਬਣੀਏਂ ਆਪਾਂ !

ਇਕ ਚੰਦਰੀ ਬੁੜ੍ਹੀ ਵਰਗੇ ਨਾ ਬਣੀਏਂ ਆਪਾਂ !
 ਇਹ ਸਿਰਲੇਖ ਪੜ੍ਹਕੇ ਸ਼ਾਇਦ ਪਾਠਕਾਂ ਦੇ ਮਨ ਵਿਚ ਉਹ ਮਾਈ ਆ ਗਈ ਹੋਵੇ ਗੀ ਜਿਹਨੂੰ ਸਦਾ ਚੰਦਰੇ ਬੋਲ ਬੋਲਣ ਦੀ ਆਦਤ ਕਰਕੇ ਘਰ ਵਾਲ਼ਿਆਂ ਨੇ ਮੁੰਡੇ ਦੀ ਜੰਞ ਚੜ੍ਹਨ ਵੇਲੇ ਕਮਰੇ ਅੰਦਰ ਡੱਕ ਦਿੱਤਾ ਸੀ।ਪਰ ਸਾਰੀਆਂ ਰਸਮਾਂ ਨੇਪਰੇ ਚੜ੍ਹਨ ‘ਤੇ ਜਦ ਉਹਨੂੰ ਅੰਦਰੋਂ ਬਾਹਰ ਕੱਢਿਆ ਗਿਆ ਸੀ,ਉਹਨੇ ਫੇਰ ਵੀ ਵਿਅ੍ਹਾਂਦੜ ਮੁੰਡੇ ਦੇ ਘੋੜੀ ਚੜ੍ਹਨ ਵੇਲੇ,ਸਿਰ ਸਜੇ ਸਿਹਰੇ ‘ਚ ਨੁਕਸ ਕੱਢ ਦਿੱਤਾ ਸੀ-“ਵੇ ਆਹ ਸਿਹਰੇ ਨੂੰ ਤਾਂ ਸਹੀ ਤਰਾਂ ‘ਅੱਗ ਲਾ ਲੈ’ ਪਹਿਲਾਂ ?”
 ਏਦਾਂ ਦੀ ਹੀ ਫਿਤਰਤ ਵਾਲ਼ੀ ਮਾਤਾ ਸੀ ਮੇਰੇ ਇਕ ਜਾਣੂ ਸੱਜਣ ਦੀ।ਮੈਂ ਤੇ ਮੇਰਾ ਜਾਣੂ ਅਸੀਂ ਦੋਵੇਂ ਕਿਸੇ ਦੇ ਘਰੋਂ ਅਫਸੋਸ ਕਰਕੇ ਆ ਰਹੇ ਸਾਂ।ਉਹ ਮੈਨੂੰ ਦੱਸੇ ਅਖੇ ਯਾਰ ਕਿਆ ਗੱਲ ਕਰਨੀ ਐਂ…. ਜੇ ਪਿੰਡ ‘ਚ ਕੋਈ ਮੌਤ ਹੋ ਜਾਵੇ ਤਾਂ ਸਾਡੀ ਮਾਈ ਨੂੰ ਚਾਅ ਈ ਚੜ੍ਹ ਜਾਂਦਾ ਐ ! ਹਥਲੇ ਸਾਰੇ ਜਰੂਰੀ ਕੰਮ ਛੱਡ ਕੇ ਉਹ ਗਲ਼ੀਉ ਗਲ਼ੀ ਗੇੜੀ ਮਾਰਦੀ ਫਿਰਦੀ ਹੈ !

ਤਰਲੋਚਨ ਸਿੰਘ ‘ਦੁਪਾਲ ਪੁਰ’

‘ਕੁੜੇ ਬਚਿੰਤੀਏ ਪਤਾ ਲੱਗਾ ਤੈਨੂੰ ? ਫਲਾਣਾ ਸੂੰਹ ਸੁੱਤਾ ਪਿਆ ਈ ਰਹਿ ਗਿਆ ਕਹਿੰਦੇ….!’
   ਕੰਮੀਂ ਕਾਰੀਂ ਤੁਰੇ ਜਾਂਦਿਆਂ ਨੂੰ ਰੋਕ ਰੋਕ ਦੱਸੂ ਗੀ-
   ‘ਵੇ ਬੁੱਘਿਆ,ਕਹਿੰਦੇ ਫਲਾਣਾ ਫੁੜ੍ਹਕ ਗਿਆ ਰਾਤੀਂ….!’
   ਕਿਸੇ ਦਾ ਦਰਵਾਜਾ ਖੜਕਾ ਕੇ ‘ਭੈਣੇ ਘਰੇ ਈ ਐਂ ?’ ਪੁੱਛਦਿਆਂ ਮਰ ਗਏ ਪ੍ਰਾਣੀ ਦੀ ਸੂਚਨਾ ਦਊ ਗੀ !
   ‘ਹੈ ਹੈ ਕੁੜੇ…. ਖੌਰੇ ਇਲਾਜ ਖੁਣੋ ਈ ਚੱਲ ਵਸਿਆ ਫਲਾਣਾ…..!’
  ਜਾਣੂ ਮਿੱਤਰ ਕਹਿੰਦਾ,ਇੰਜ ਸਾਡੀ ਮਾਈ ਅੱਧੇ ਕੁ ਪਿੰਡ ਨੂੰ ‘ਸੁਣਾਉਣੀ’ ਸੁਣਾ ਕੇ ਫੇਰ ਮ੍ਰਿਤਕ ਦੇ ਘਰੇ ਜਾਂਦੀ ਹੁੰਦੀ ਐ !!
      ਸਿਆਣੇ ਕਹਿੰਦੇ ਨੇ ਭਾਵੇਂ ਉਹ ਸੱਚੀ ਹੀ ਹੋਵੇ ਪਰ ਚੰਦਰੀ ਗੱਲ ਮੂੰਹੋਂ ਵੀ ਨਹੀਂ ਕੱਢੀ ਦੀ !ਜਿਵੇਂ ਸਾਡੇ ਪਿੰਡਾਂ ਵਿਚ ਕੈਂਸਰ ਤੋਂ ਪੀੜਤ ਮਰੀਜ਼ ਬਾਰੇ ਏਦਾਂ ਕਿਹਾ ਜਾਂਦਾ ਹੈ ਕਿ ਫਲਾਣੇ ਨੂੰ ‘ਚੰਦਰੀ ਬੀਮਾਰੀ’ ਲੱਗ ਗਈ ਹੈ !
      ਮੇਰੇ ਕਹਿਣ ਦਾ ਮਤਲਬ ਹੈ ਕਿ ਕਲਹਿਣੇ ਜੰਗ ਦੀਆਂ ਮਨਹੂਸ ਖਬਰਾਂ/ਜਾਣਕਾਰੀਆਂ ਚਾਮ੍ਹਲ ਚਾਮ੍ਹਲ ਕੇ ਅੱਗੇ ਤੋਂ ਅੱਗੇ ਨਾ ਫੈਲਾਈਆਂ ਜਾਣ !

ਤਰਲੋਚਨ ਸਿੰਘ ‘ਦੁਪਾਲ ਪੁਰ’
78146-92724
 [email protected]

Show More

Related Articles

Leave a Reply

Your email address will not be published. Required fields are marked *

Back to top button
Translate »