ਪੰਜਾਬ ਦੇ ਹੀਰਿਆਂ ਦੀ ਗੱਲ

ਅਜੇ ਪਾਲ ਸਿੰਘ ਧਾਲੀਵਾਲ ਨੇ ਮਾਊਂਟ ਐਵਰੇਸਟ ਸਰ ਕਰਕੇ ਰਚਿਆ ਇਤਿਹਾਸ

ਸਰੀ ਦੇ ਅਜੇ ਪਾਲ ਸਿੰਘ ਧਾਲੀਵਾਲ ਨੇ ਮਾਊਂਟ ਐਵਰੇਸਟ ਸਰ ਕਰਕੇ ਰਚਿਆ ਇਤਿਹਾਸ: ਪਹਿਲੇ ਸਿੱਖ ਕੈਨੇਡੀਅਨ ਪੰਜਾਬੀ ਬਣਨ ਦਾ ਮਾਣ ਹਾਸਲ

ਸਰੀ, (ਹਰਦਮ ਮਾਨ) ਸਰੀ (ਕੈਨੇਡਾ) ਦੀ ਨਾਮਵਾਰ ‘ਧਾਲੀਵਾਲ ਲਾਅ ਫਰਮ’ ਦੇ ਮਾਲਕ ਅਤੇ ਜੈਤੋ (ਫ਼ਰੀਦਕੋਟ) ਇਲਾਕੇ ਦੇ ਜੰਮਪਲ ਸਰਦਾਰ ਅਜੇ ਪਾਲ ਸਿੰਘ ਧਾਲੀਵਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ’ਤੇ ਫ਼ਤਿਹ ਹਾਸਲ ਕਰਕੇ ਵਿਸ਼ਵ ਭਰ ਵਿੱਚ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ 20 ਮਈ 2026 ਨੂੰ ਸਮੁੰਦਰੀ ਤਲ ਤੋਂ 8848.86 ਮੀਟਰ ਦੀ ਉਚਾਈ ’ਤੇ ਸਥਿਤ ਇਸ ਦੁਨੀਆ ਦੀ ‘ਛੱਤ’ ਉੱਪਰ ਸਫ਼ਲਤਾਪੂਰਵਕ ਕਦਮ ਰੱਖ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ। ਇਸ ਅਦੁੱਤੀ ਅਤੇ ਦਲੇਰੀ ਭਰੀ ਪ੍ਰਾਪਤੀ ਨਾਲ ਉਹ ਮਾਊਂਟ ਐਵਰੇਸਟ ਸਰ ਕਰਨ ਵਾਲੇ ਪਹਿਲੇ ਸਿੱਖ ਕੈਨੇਡੀਅਨ ਪੰਜਾਬੀ ਬਣਗਏ ਹਨ।

ਮਾਊਂਟ ਐਵਰੈਸਟ ਫ਼ਤਹਿ ਕਰਕੇ ਵੈਨਕੂਵਰ ਪਰਤੇ ਅਜੇਪਾਲ ਧਾਲੀਵਾਲ ਦਾ ਹਵਾਈ ਅੱਡੇ ’ਤੇ ਭਰਵਾਂ ਸਵਾਗਤ–ਇਸ ਯਾਦਗਾਰੀ ਪਲਾਂ ਦੌਰਾਨ ਭਾਈਚਾਰੇ ਦੀਆਂ ਕਈ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਬਲਜਿੰਦਰ ਸੰਘਾ, ਹਰਮੀਤ ਖੁੱਡੀਆਂ, ਮਨਜੀਤ ਮੰਗਤ, ਅਮਨ ਬਰਾੜ, ਕਰਤਾਰ ਢਿੱਲੋਂ, ਸੰਜੇ ਰਾਣਾ, ਟਿੱਕਾ ਸਰਾਓਂ ਅਤੇ ਹਰਪ੍ਰੀਤ ਧਾਲੀਵਾਲ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਸ਼ਾਮਲ ਸਨ

ਸਰਦਾਰ ਅਜੇ ਪਾਲ ਸਿੰਘ ਧਾਲੀਵਾਲ ਦੀ ਇਹ ਇਤਿਹਾਸਕ ਸਫ਼ਲਤਾ ਕੋਈ ਇਤਫ਼ਾਕ ਨਹੀਂ, ਸਗੋਂ ਉਨ੍ਹਾਂ ਦੀ ਸਾਲਾਂ ਦੀ ਸਖ਼ਤ ਮਿਹਨਤ, ਅਟੁੱਟ ਹਿੰਮਤ, ਦ੍ਰਿੜ ਇਰਾਦੇ ਅਤੇ ਸਿਦਕ ਦਾ ਨਤੀਜਾ ਹੈ। ਕੈਨੇਡਾ ਵਿੱਚ ਕਾਨੂੰਨੀ ਖੇਤਰ (Law) ਦੇ ਰੁਝੇਵਿਆਂ ਭਰੇ ਪੇਸ਼ੇਵਰ ਜੀਵਨ ਵਿੱਚੋਂ ਸਮਾਂ ਕੱਢ ਕੇ, ਕੁਦਰਤ ਦੀਆਂ ਸਭ ਤੋਂ ਕਠਿਨ ਚੁਣੌਤੀਆਂ ਅਤੇ ਮਨਫ਼ੀ ਤਾਪਮਾਨ ਨਾਲ ਮੱਥਾ ਲਾਉਣਾ ਉਨ੍ਹਾਂ ਦੇ ਬੁਲੰਦ ਹੌਸਲੇ ਦੀ ਗਵਾਹੀ ਭਰਦਾ ਹੈ। ਉਨ੍ਹਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ, ਤਾਂ ਪੰਜਾਬੀ ਦੁਨੀਆ ਦੇ ਕਿਸੇ ਵੀ ਕੋਨੇ ਜਾਂ ਕਿਸੇ ਵੀ ਖੇਤਰ ਵਿੱਚ ਅਸੰਭਵ ਨੂੰ ਸੰਭਵ ਬਣਾਉਣ ਦਾ ਮਾਦਾ ਰੱਖਦੇ ਹਨ।
ਇਸ ਬੇਮਿਸਾਲ ਕਾਮਯਾਬੀ ਦੀ ਖ਼ਬਰ ਆਉਂਦਿਆਂ ਹੀ ਜਿੱਥੇ ਕੈਨੇਡਾ ਦੇ ਭਾਈਚਾਰੇ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ, ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਕਾਸਮ ਭੱਟੀ ਅਤੇ ਜੈਤੋ ਇਲਾਕੇ ਵਿੱਚ ਜਸ਼ਨ ਦਾ ਮਾਹੌਲ ਹੈ। ਇਹ ਮਾਣਮੱਤੀ ਪ੍ਰਾਪਤੀ ਸਿਰਫ਼ ਇੱਕ ਪਰਿਵਾਰ ਜਾਂ ਪਿੰਡ ਤੱਕ ਸੀਮਤ ਨਹੀਂ ਹੈ, ਸਗੋਂ ਇਸ ਨੇ ਦੁਨੀਆ ਭਰ ਵਿੱਚ ਵੱਸਦੇ ਸਮੂਹ ਪੰਜਾਬੀ ਅਤੇ ਸਿੱਖ ਭਾਈਚਾਰੇ ਦੇ ਸਿਰ ਫ਼ਖ਼ਰ ਨਾਲ ਉੱਚੇ ਕਰ ਦਿੱਤੇ ਹਨ। ਬਰਫ਼ੀਲੇ ਤੂਫ਼ਾਨਾਂ ਅਤੇ ਸਾਹ ਰੋਕ ਦੇਣ ਵਾਲੇ ਮੌਸਮ ਨੂੰ ਮਾਤ ਪਾ ਕੇ ਐਵਰੇਸਟ ਦੀ ਚੋਟੀ ’ਤੇ ਫ਼ਤਿਹ ਪਾਉਣਾ ਹਰ ਉਸ ਨੌਜਵਾਨ ਲਈ ਪ੍ਰੇਰਨਾ ਸਰੋਤ ਹੈ ਜੋ ਜ਼ਿੰਦਗੀ ਵਿੱਚ ਵੱਡੇ ਸੁਪਨੇ ਦੇਖਦਾ ਹੈ।
ਇਸ ਇਤਿਹਾਸਕ ਅਤੇ ਯਾਦਗਾਰੀ ਪ੍ਰਾਪਤੀ ’ਤੇ ਪਿੰਡ ਕਾਸਮ ਭੱਟੀ, ਜ਼ਿਲ੍ਹਾ ਫ਼ਰੀਦਕੋਟ, ਕੈਨੇਡਾ ਦੇ ਸਾਹਿਤਕ ਤੇ ਸਮਾਜਿਕ ਹਲਕਿਆਂ ਅਤੇ ਸਮੂਹ ਪੰਜਾਬੀਆਂ ਵੱਲੋਂ ਛੋਟੇ ਵੀਰ ਅਜੇ ਪਾਲ ਸਿੰਘ ਧਾਲੀਵਾਲ ਨੂੰ ਦਿਲੋਂ ਲੱਖ-ਲੱਖ ਮੁਬਾਰਕਾਂ ਅਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

Show More

Related Articles

Leave a Reply

Your email address will not be published. Required fields are marked *

Back to top button
Translate »