‘ ਡਬਲ ਐਲ ‘ ਦੇਵੇਗਾ ਨਵੀਂ ਪੀੜ੍ਹੀ ਨੂੰ ਸੇਧ

ਗਾਇਕ ਦਵਿੰਦਰ ਬਰਾੜ ਦਾ ਗੀਤ ‘ ਡਬਲ ਐਲ ‘ ਦੇਵੇਗਾ ਨਵੀਂ ਪੀੜ੍ਹੀ ਨੂੰ ਸੇਧ

ਬਠਿੰਡਾ , 18 ਜਨਵਰੀ ( ਸੱਤਪਾਲ ਮਾਨ ) : – ਅੱਜ ਦੇ ਚਕਾਚੌਂਧ ਯੁੱਗ ਵਿੱਚ ਮੌਜੂਦਾ ਸਮੇਂ ਦੀ ਨਵੀਂ ਪਨੀਰੀ ਸਾਡੇ ਪਿਛੋਕੜ ਨੂੰ ਭੁੱਲਦੀ ਜਾਂ ਰਹੀ ਹੈ ਅਤੇ ਉਸਨੂੰ ਸਾਡੇ ਸਮਾਜਿਕ ਰਿਸ਼ਤਿਆਂ ਤੇ ਸਰੋਕਾਰਾਂ ਦੀ ਕੁੱਝ ਵੀ ਸੂਝਬੂਝ ਨਹੀਂ ਰਹੀ। ਰਹਿੰਦੀ ਖੁਦੀਂ ਉਨ੍ਹਾਂ ਨੂੰ ਹੋਰ ਵਿਗਾੜਨ ਦੀ ਕਸਰ ਹੁਣ ਦੇ ਯੂਟਿਊਬਰ ਗਾਇਕ ਕਲਾਕਾਰਾਂ ਨੇ ਪੂਰੀ ਕਰ ਦਿੱਤੀ ਹੈ। ਹੁਣ ਦੇ ਬਹੁਤੇ ਗੀਤ ਹਥਿਆਰਾਂ ਦਾ ਦਿਖਾਵਾ ਕਰਨ ਵਾਲੇ ਅਤੇ ਆਪਣੇ ਪਰਿਵਾਰਾਂ ਤੋਂ ਬਾਗੀ ਹੋਣ ਦੇ ਸੰਦੇਸ਼ ਦਿੰਦੇ ਹਨ। ਪਰ ਇਸ ਸਭ ਕੁੱਝ ਦੇ ਉਲਟ ਕੁੱਝ ਅਜਿਹੇ ਗਾਇਕ ਵੀ ਦੇਖਣ ਤੇ ਸੁਨਣ ਨੂੰ ਮਿਲ ਜਾਂਦੇ ਹਨ , ਜੋ ਮੌਜੂਦਾ ਸਥਿਤੀ ਤੇ ਤੰਦ ਕਸਦਿਆਂ ਸਾਡੇ ਸਮਾਜ ਨੂੰ ਕੁੱਝ ਸੋਚਣ ਲਈ ਮਜਬੂਰ ਕਰਦੇ ਹਨ। ਇਸੇ ਲੜੀ ਵਿੱਚ ਆਉਂਦਾ ਹੈ ਬਠਿੰਡਾ ਦਾ ਇੱਕ ਗਾਇਕ ਦਵਿੰਦਰ ਬਰਾੜ। ਪੇਸ਼ੇ ਪੱਖੋਂ ਉਹ ਵਕਾਲਤ ਕਰਦਾ ਹੈ ਤੇ ਨਾਲੋਂ – ਨਾਲ ਉਹ ਗਾਉਣ ਦਾ ਵੀ ਸ਼ੌਕੀਨ ਹੈ। ਹੁਣ ਉਸਨੇ ਆਪਣਾ ਪਲੇਠਾ ਗੀਤ ‘ ਡਬਲ ਐਲ ‘ ਰਿਕਾਰਡ ਕਰਵਾਕੇ ਉਸਦੀ ਵੀਡੀਓ ਵੀ ਬਣਵਾਈ ਹੈ ਅਤੇ ਉਸਨੂੰ ਆਪਣੇ ਹੀ ਯੂਟਿਊਬ ਚੈਨਲ ਦਵਿੰਦਰ ਫਿਲਮਜ਼ ਤੇ ਰਿਲੀਜ਼ ਕੀਤਾ ਹੈ। ਇਸ ਗੀਤ ਦੇ ਬੋਲ ਇਉਂ ਹਨ …..
ਸਿਰਾਂ ਤੋਂ ਚੁੰਨੀਆਂ ਗਾਇਬ ਨੇ
ਤੇ ਤਨ ਤੋਂ ਲੀੜੇ ,
ਕੈਮਰੇ ਮੂਰਹੇ ਨੱਚਦੀਆਂ ਪਾ ਛੋਟੇ ਭੀੜੇ ,
ਦੇਖ ਨੈਟ ਤੋਂ ਪੈਸੇ ਆਵਦੇ ਨਾ ਕਿਰਤਾਂ ਵੱਲ ਧਿਆਨ ,
ਲੁਚਾ ਲੰਡਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ …………
ਗਾਇਕ ਦਵਿੰਦਰ ਬਰਾੜ ਦੇ ਇਸ ਗੀਤ ਦਾ ਪ੍ਰੋਡਿਊਸਰ ਹੈ ਗਮਦੂਰ ਹਾਂਸ ਤੇ ਸੰਗੀਤਕਾਰ ਵੀ ਇਹ ਖੁਦ ਗਮਦੂਰ ਹਾਂਸ ਹੈ। ਇਸਦੇ ਵੀਡੀਓ ਫਿਲਮਾਂਕਣ ਦੀ ਨਿਰਦੇਸ਼ਨਾ ਦਿੱਤੀ ਹੈ ਗੁਰਮੀਤ ਸਿੰਘ ਬੋਬੀ ਨੇ ਅਤੇ ਇਸ ਵਿੱਚ ਮੈਡਮ ਮਹਿਕਪ੍ਰੀਤ ਦਿਓਲ , ਅਨਮੋਲਪ੍ਰੀਤ ਕੌਰ , ਗਮਦੂਰ ਹਾਂਸ ਤੇ ਧਰਮਜੀਤ ਬਾਂਸਲ ਨੇ ਆਪਣੀਆਂ – ਆਪਣੀਆਂ ਪੇਸ਼ਕਾਰੀਆਂ ਕੀਤੀਆਂ ਹਨ। ਗਾਇਕ ਦਵਿੰਦਰ ਬਰਾੜ ਦਾ ਇਸ ਗੀਤ ਬਾਰੇ ਕਹਿਣਾ ਹੈ ਕਿ ਸੂਝਵਾਨ ਸਰੋਤੇ ਇਸ ਗੀਤ ਨੂੰ ਜਰੂਰ ਪਸੰਦ ਕਰਨਗੇ।




