ਏਹਿ ਹਮਾਰਾ ਜੀਵਣਾ

“ਪਿੰਡਾਂ ਦੇ ਨਾਵਾਂ ਨਾਲ ਮੁਹਾਵਰਿਆਂ ਦਾ ਸਬੰਧ”



ਬਠਿੰਡੇ ਜਿਲ੍ਹੇ ਦੇ ਕਈ ਪਿੰਡਾਂ ਦੇ ਨਾਵਾਂ ਨਾਲ ਜੁੜੇ ਹੋਏੇ ਕੁਝ ਮੁਹਾਵਰੇ /ਅਖਾਣ ਬਣੇ ਹੋਏ ਸਨ ਜੋ ਕਿ ਇਸ ਇਲਾਕੇ ਦੇ ਲੋਕਾਂ ਨੂੰ ਹੀ ਸਮਝ ਆ ਸਕਦੇ ਸੀ ਪਰ ਮੇਰੇ ਅਧਿਆਪਕ ਸਾਥੀ ਇਨ੍ਹਾਂ ਦੀ ਆਮ ਵਰਤੋਂ ਕਰਦੇ ਰਹਿੰਦੇ ਸੀ। ਇਨ੍ਹਾਂ ਵਿੱਚੋਂ ਜੋ ਮੈਂਨੂੰ ਯਾਦ ਰਹੇ ਉਹ ਇਹ ਹਨ:

1. ਮੰਗ ‘ਤਾ ਪੂਹਲੇ: ਇਹ ਉਦੋਂ ਕਿਹਾ ਜਾਂਦਾ ਸੀ ਜਦ ਕਿਸੇ ਨੂੰ ਅਜੇਹੀ ਮੁਸੀਬਤ ਪੈ ਜਾਂਦੀ ਜੋ ਲੰਮਾ ਅਰਸਾ ਚੱਲਣ ਵਾਲੀ ਹੁੰਦੀ। ਫੇਰ ਕਹਿੰਦੇ – ਫਲਾਣਾ ਤਾਂ ਮੰਗ ‘ਤਾ ਪੂਹਲੇ। ਇਸ ਅਖਾਣ ਦਾ ਅਧਾਰ ਇਹ ਸੀ ਕਿ ਕਿਸੇ ਸਮੇਂ ਪਿੰਡ ਪੂਹਲੇ ਨੂੰ ਕੋਈ ਪੱਕੀ ਸੜਕ ਨਹੀਂ ਜਾਂਦੀ ਸੀ ਅਤੇ ਜੇਕਰ ਕਿਸੇ ਦਾ ਸਾਕ ਪੂਹਲੇ ਹੋ ਜਾਂਦਾ ਤਾਂ ਸੋਹਰੇ ਆਣ-ਜਾਣ ਲੱਗੇ 8-10 ਮੀਲ ਕੱਚੇ ਰਾਹ ਪੈਦਲ ਜਾਣਾ ਪੈਂਦਾ ਸੀ।ਵਿਅੰਗ ਦੇ ਤੌਰ ਤੇ ਇਹ ਗੱਲ ਆਖੀ ਜਾਂਦੀ ਰਹੀ ਹੈ।

2. ਇਹ ਸਾਰੀਆਂ ਹਨੇਰੀਆਂ ਕਲਿਆਣਾਂ ਵਾਲੇ ਟਿੱਬਿਆਂ ਤੋਂ ਉਠਦੀਆਂ ਐ – ਜਦ ਪਤਾ ਹੁੰਦਾ ਕਿ ਸਾਰੀ ਸ਼ਰਾਰਤ ਦੀ ਜੜ੍ਹ ਫਲਾਣਾ ਬੰਦਾ ਹੀ ਹੈ। ਪਹਿਲੇ ਪਿੰਡ ਕਲਿਆਣ ਕੋਲ ਅਨੇਕਾਂ ਟਿੱਬੇ ਸੀ ਅਤੇ ਜਦ ਵੀ ਕਾਲੀ-ਬੋਲੀ ਹਨੇਰੀ ਆਉਂਦੀ ਤਾਂ ਸਾਰੇ ਇਹੋ ਸੋਚਦੇ ਸੀ ਬਈ ਇਹ ਹਨੇਰੀ ਦੀ ਸਾਰੀ ਰੇਤ ਉਨ੍ਹਾਂ ਟਿੱਬਿਆਂ ਤੋਂ ਹੀ ਆਉਂਦੀ ਹੈ।

3. ਜੋਗੇ ਵਿਆਹੇ ਹੋਣਾ – ਜੇਕਰ ਕੋਈ ਬਾਹਲੀ ਫੂੰ-ਫਾਂ ਵਿਖਾਉਂਦਾ ਤਾਂ ਉਸ ਨੂੰ ਕਹਿੰਦੇ – ਨਾਂ ਤੂੰ ਜੋਗੇ ਵਿਆਹਿਆ ਐਂ ? ਦਰਅਸਲ ਇਹ ਮੰਨਿਆ ਜਾਂਦਾ ਸੀ ਮਾਨਸਾ ਨੇੜੇ ਦੇ ਪਿੰਡ ਜੋਗੇ-ਰੱਲੇ ਦੀਆਂ ਔਰਤਾਂ ਬਹੁਤ ਖੂਬਸੂਰਤ ਹੁੰਦੀਆਂ ਸਨ। ਮਾਲਵੇ ਦੇ ਕਈ ਰਾਜਿਆਂ ਦੀਆਂ ਰਾਣੀਆਂ ਇਨ੍ਹਾਂ ਪਿੰਡਾਂ ਦੀਆਂ ਸਨ।

4. ਬੰਦਾ ਐਂ ਕਿ ਚੰਦਭਾਨ ਦਾ ਟੇਸ਼ਣ – ਜਦੋਂ ਕੋਈ ਮੂਰਖਤਾ ਵਿਖਾਵੇ ਤਾਂ ਉਸਨੂੰ ਕਿਹਾ ਜਾਂਦਾ ਹੈ ਕਿ ਤੂੰ ਬੰਦਾ ਐਂ ਕਿ ਚੰਦਭਾਨ ਦਾ ਟੇਸ਼ਣ ? ਇਸ ਬਾਰੇ ਚੰਦਭਾਨ ਦੇ ਬਾਸ਼ਿੰਦੇ ਨੇ ਦੱਸਿਆ ਕਿ ਜਦ ਫਿਰੋਜਪੁਰ-ਕੋਟ ਕਪੂਰਾ-ਬਠਿੰਡਾ ਰੇਲਵੇ ਲਾਈਨ ਬਣੀ ਤਾਂ ਆਮਤੌਰ ਤੇ ਸਟੇਸ਼ਨਾਂ ਦਾ ਘੱਟੋਂ-ਘੱਟ ਫਾਸਲਾ 10 ਮੀਲ/15 ਕਿਲੋਮੀਟਰ ਰੱਖਿਆ ਗਿਆ ਸੀ। ਕੋਟ ਕਪੂਰੇ ਤੋਂ ਅਗਲਾ ਸਟੇਸ਼ਨ ਸੀ ਜੈਤੋ, ਫੇਰ ਗੋਨਿਆਨਾ ਅਤੇ ਫੇਰ ਬਠਿੰਡਾ। ਕਹਿੰਦੇ ਚੰਦਭਾਨ ਦੇ ਕਿਸੇ ਬੰਦੇ ਨੇ ਰੇਲਵੇ ਦੇ ਕਿਸੇ ਅਫਸਰ ਦੀ ਬਹੁਤ ਸੇਵਾ ਕੀਤੀ ਤਾਂ ਅਫਸਰ ਨੇ ਖੁਸ਼ ਹੋਕੇ ਪੁੱਛਿਆ ਮੰਗ ਕੀ ਮੰਗਦਾ ਐਂ। ਉਹ ਕਹਿੰਦਾ- ਜੀ ਚੰਦਭਾਨ ਵਿਖੇ ਗੱਡੀ ਖੜ੍ਹਨ ਲਾ ਦਿਓ। ਇੱਥੇ ਸਟੇਸ਼ਨ ਤਾਂ ਬਣਿਆ ਹੋਇਆ ਨਹੀਂ ਸੀ। ਸੋ ਅਫਸਰ ਕਹਿੰਦਾ ਤੂੰ ਇੱਥੇ ਛੋਟਾ ਜਿਹਾ ਤੰਬੂ ਲਾ ਲੈ, ਗੱਡੀ ਰੋਕਣ ਲਈ ਮੈਂ ਹੁਕਮ ਕਰ ਦੇਉਂ। ਜਦ ਗੱਡੀ ਇੱਥੇ ਖੜ੍ਹਦੀ ਲੋਕ ਬਾਹਰ ਝਾਕ ਕੇ ਵੇਖਦੇ ਤਾਂ ਸਟੇਸ਼ਨ ਦੀ ਇਮਾਰਤ ਦੀ ਥਾਂ ਤੰਬੂ ਲੱਗਿਆ ਵੇਖ ਕੇ ਮਜਾਕ ਨਾਲ ਕਹਿੰਦੇ- ਉਏ, ਆਹ ਚੰਦਭਾਨ ਦਾ ਟੇਸ਼ਣ ਐ.ਫੇਰ ਹੋਲੇ ਹੋਲੇ ਇਹੋ ਸ਼ਬਦ ਮੂਰਖ ਬੰਦਿਆਂ ਲਈ ਵੀ ਵਰਤੇ ਜਾਣ ਲੱਗੇ।

ਜਸਵੀਰ ਸ਼ਰਮਾ ਦੱਦਾਹੂਰ

5. ਮੁੜ ਭੂੰਦੜ ਨਹੀਂ ਜਾਣਾ- ਕਿਸੇ ਕੰਮ ਤੋਂ ਬਿਨਾਂ ਮੁੜ ਇਸ ਪਿੰਡ ਨਹੀਂ ਜਾਣਾ ਕੰਨਾਂ ਨੂੰ ਹੱਥ ਲਾਏ। ਇਸ ਪਿੱਛੇ ਕਾਰਨ ਪਤਾ ਕਰਨ ਤੇ ਦੱਸਿਆ ਗਿਆ ਕਿ ਜੋ ਪੁਰਾਤਨ ਸਮਿਆਂ ਵਿੱਚ ਪਿੰਡਾਂ ਵਿੱਚ ਨਚਾਰ ਆਇਆ ਕਰਦੇ ਸਨ ਤੇ ਲੋਕਾਂ ਦੇ ਮਨੋਰੰਜਨ ਕਰਨ ਤੇ ਲੋਕ ਇਨਾਂ ਨੂੰ ਰੁਪੱਈਆ ਧੇਲੀ ਦੋ ਚਾਰ ਰੁਪਏ ਦੇ ਦਿੰਦੇ ਸਨ। ਕਹਿੰਦੇ ਹਨ ਕਿ ਓਹ ਇਸ ਤੋਂ ਨਾ ਖੁਸ਼ ਸਨ। ਇੱਕ ਵਾਰ ਇਸੇ ਗੱਲੋਂ ਖਾਰ ਖਾਂਦਿਆਂ ਇੱਕ ਰਾਤ ਸਾਰੀ ਰਾਤ ਨੱਚਣ ਤੇ ਵੀ ਲੋਕਾਂ ਵੱਲੋਂ ਇਨ੍ਹਾਂ ਨੂੰ ਕੁੱਝ ਨਹੀਂ ਦਿੱਤਾ ਤਾਂ ਹੀ ਇਹ ਅੱਲ ਪਈ ਸੀ ਕਿ ਫਿਰ ਇਥੇ ਕਦੇ ਵੀ ਨਹੀਂ ਆਉਣਾ ਕਿਉਂਕਿ ਇਥੋਂ ਸਾਨੂੰ ਕੁੱਝ ਮਿਲਦਾ ਨਹੀਂ ਭਾਵ ਸਾਡਾ ਘਰ ਨੀ ਪੂਰਾ ਹੁੰਦਾ।
ਉਂਝ ਇਹ ਪਿੰਡ ਬਾਬਾ ਭੂੰਦੜ ਜੀ ਦੇ ਨਾਮ ਤੇ ਵਸਿਆ ਹੋਇਆ ਇਤਿਹਾਸਕ ਪਿੰਡ ਹੈ ਤੇ ਇਸ ਪਿੰਡ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਛੋਹ ਵੀ ਪ੍ਪਤ ਹੈ।
ਇਸੇ ਤਰਾਂ ਪੰਜਾਬ ਦੇ ਹੋਰ ਪਿੰਡਾਂ ਦੇ ਨਾਵਾਂ ਤੇ ਵੀ ਕੁਝ ਅਖਾਣ ਜਰੂਰ ਹੋਣਗੇ..!

ਨਵਦੀਪ ਸੁੱਖੀ/
ਪੇਸ਼ਕਸ਼ ਜਸਵੀਰ ਸ਼ਰਮਾ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
9569149556

Show More

Related Articles

Leave a Reply

Your email address will not be published. Required fields are marked *

Back to top button
Translate »