ਏਹਿ ਹਮਾਰਾ ਜੀਵਣਾ

ਜੀਭ ਤੇ ਰੱਖਣ ਵਾਲੀ ਗੋਲੀ ਲਈ ਨਸ਼ੱਈਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ

 

ਮੋਹਨ ਸ਼ਰਮਾ

ਜਦੋਂ ਜਾਗੋ, ਓਦੋਂ ਸਵੇਰਾ

ਪੰਜਾਬ ਵਿੱਚ ਨਸ਼ਾ ਮੁਕਤ ਸਮਾਜ ਸਿਰਜਣ ਦਾ ਜਿਨ੍ਹਾਂ ‘ਰਾਮ ਰੌਲਾ’ ਪੈ ਰਿਹਾ ਹੈ, ਓਨ੍ਹੇ ਇਸ ਦੇ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ। ਇੱਕ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਜੀਭ ਤੇ ਰੱਖਣ ਵਾਲੀ ਗੋਲੀ (ਬੁਪਰੀਨੌਰਫਿਨ, ਮਿਥਾਡੋਨ ਅਤੇ ਆਡੋਨਿਕ) ਲੈਣ ਲਈ ਨਸ਼ੱਈਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਬਹੁਤ ਸਾਰੇ ਨਸ਼ੱਈ ਦਾਖ਼ਲ ਕਰਕੇ ਉਨ੍ਹਾਂ ਨੂੰ ਵੀ ਇਹ ਗੋਲੀਆਂ ਦਾ ਪ੍ਰਸ਼ਾਦ ਮੁਫ਼ਤ ਵੰਡਿਆ ਜਾਂਦਾ ਹੈ। ਦੂਜੇ ਪਾਸੇ ‘ਹੋਮ ਸਰਵਿਸ’ ਦੇਣ ਵਾਲੇ ਪ੍ਰਾਈਵੇਟ ਸੈਂਟਰ ਆਪਣੇ ਲੱਠਮਾਰਾਂ ਨੂੰ ਭੇਜ ਕੇ ਉਨ੍ਹਾਂ ਨੂੰ ਧੱਕੇ ਨਾਲ ਗੱਡੀ ਵਿੱਚ ਸੁੱਟ ਲਿਆਉਂਦੇ ਹਨ ਅਤੇ ਉਨ੍ਹਾਂ ਦੀ ‘ਭੁਗਤ ਸੰਵਾਰਨ ਦੀ ਸੇਵਾ’ ਉਹ ਲੱਠ ਮਾਰ ਰਾਹ ਵਿੱਚ ਹੀ ਸ਼ੁਰੂ ਕਰ ਦਿੰਦੇ ਹਨ। ਪੰਜ-ਛੇ ਮਹੀਨੇ ਉਹ ਅਜਿਹੇ ਤਸੀਹਾ ਕੇਂਦਰ ਵਿੱਚ ਰਹਿਕੇ ਨਰਕ ਭਰਿਆ ਜੀਵਨ ਬਤੀਤ ਕਰਦੇ ਹਨ। ਮਾਪੇ ਹਰ ਮਹੀਨੇ ਮੋਟੀ ਰਕਮ ਅਜਿਹੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਕੋਲ ਜਮ੍ਹਾ ਕਰਵਾਉਂਦੇ ਹਨ। ਜਦੋਂ ਮਾਪੇ ਆਪਣੇ ਨਸ਼ੱਈ ਪੁੱਤ ਨੂੰ ਮਿਲਣ ਲਈ ਕਹਿੰਦੇ ਹਨ ਤਾਂ ਉਨ੍ਹਾਂ ਨੂੰ ਸੀ.ਸੀ.ਟੀ.ਵੀ. ਕੈਮਰੇ ਵਿੱਚ ਮੁੰਡੇ ਦੀ ਫੋਟੋ ਵਿਖਾਉਂਦਿਆਂ  “ਰਿਕਵਰੀ ਜੋਨ ’ਚ ਐ” ਕਹਿਕੇ ਮਿਲਾਉਣ ਤੋਂ ਪਾਸਾ ਵੱਟ ਲਿਆ ਜਾਂਦਾ ਹੈ। ਦੂਜੇ ਪਾਸੇ ਅਜਿਹੇ ਨਸ਼ਾ ਛੁਡਾਊ ਕੇਂਦਰ ਵਿੱਚ ਤਸੀਹੇ ਝਲਦਿਆਂ ਨੌਜਵਾਨ ਨਸ਼ੱਈ ਮਾਪਿਆਂ ਪ੍ਰਤੀ ਵਿਦਰੋਹੀ ਸੁਰ ਧਾਰਨ ਕਰ ਲੈਂਦਾ ਹੈ। ਅਜਿਹੇ ਸੈਂਟਰ ਵਿੱਚੋਂ ਕਈ ਮਹੀਨੇ ਲਗਾਉਣ ਤੋਂ ਬਾਅਦ ਕੁੱਟ ਦਾ ਭੰਨਿਆ ਨੌਜਵਾਨ ਘਰ ਆ ਕੇ ਬਾਗੀ ਸੁਰ ਵਿੱਚ ਮਾਪਿਆ ਨੂੰ ਕਹਿੰਦਾ ਹੈ, “ਲਾ ਲਉ ਜਿਨਾਂ ਜ਼ੋਰ ਲਾਉਣੈ। ਮੈਂ ਨਹੀਂ ਛੱਡਦਾ ਨਸ਼ਾ” ਅਤੇ ਫਿਰ ਉਹ ਪਹਿਲੇ ਲੱਛਣਾਂ ਤੇ ਆ ਜਾਂਦਾ ਹੈ। ਦੂਜੇ ਪਾਸੇ ਸਰਕਾਰੀ ਨਸ਼ਾ ਛੁਡਾਊ ਕੇਂਦਰ ਵਿੱਚ ਜੋ ਜੀਭ ਤੇ ਰੱਖਣ ਵਾਲੀ ਗੋਲੀ ਦਿੱਤੀ ਜਾਂਦੀ ਹੈ, ਉਸ ਵਿੱਚ ਮਾਰਫਿਨ ਦਾ ਸਾਲਟ ਹੋਣ ਕਾਰਨ ਨਸ਼ੱਈ ਉਸ ਗੋਲੀ ਦਾ ਪੱਕੇ ਤੌਰ ਤੇ ਮੁਰੀਦ ਬਣ ਜਾਂਦਾ ਹੈ ਅਤੇ ਫਿਰ ਇਸ ਗੋਲੀ ਤੋਂ ਖਹਿੜਾ ਛੁਡਵਾਉਣ ਲਈ ਦਰ ਦਰ ਦੇ ਧੱਕੇ ਖਾਂਦਾ ਹੈ। ਉਂਜ ਜਿਆਦਾ ਸਮਾਂ ਇਹ ਗੋਲੀ ਖਾਣ ਨਾਲ ਸਰੀਰ ਤੇ ਕਈ ਹੋਰ ਮਾਰੂ ਅਸਰ ਵੀ ਪੈਂਦੇ ਹਨ। ਇੰਜ ਨਸ਼ਾ ਮੁਕਤ ਪੰਜਾਬ ‘ਕਾਗਜਾਂ’ ਵਿੱਚ ਪ੍ਰਗਤੀ ਤੇ ਹੈ ਪਰ ਅਮਲੀ ਤੌਰ ਤੇ ਨਸ਼ਿਆਂ ਦੀ ਓਵਰਡੋਜ਼ ਨਾਲ ਕਿਤੇ ਝਾੜੀਆਂ ਵਿੱਚ ਡਿੱਗੇ ਨੌਜਵਾਨ ਦੀ ਲਾਸ਼, ਕਿਤੇ ਕਿਸੇ ਖੋਲੇ ਵਿੱਚ ਮੂਧੇ ਮੂੰਹ ਡਿਗਿਆ ਨਸ਼ੱਈ, ਕਿਤੇ ਬਾਥਰੂਮ ਵਿੱਚ ਬੇਹੋਸ਼ ਹੋਇਆ ਨਸ਼ੱਈ, ਕਿਤੇ ਵਿਹੜੇ ਵਿੱਚ ਵਿਛੇ ਸੱਥਰ ਤੇ ਮਾਂ ਦੇ ਪੱਥਰਾਂ ਨੂੰ ਵੀ ਰੁਆਉਣ ਵਾਲੇ ਕੀਰਨੇ, ਕਿਤੇ ਆਪਣੇ ਇਕਲੌਤੇ ਵੀਰ ਦੀ ਲਾਸ਼ ਤੇ ਖੂਨ ਦੇ ਅੱਥਰੂ ਵਹਾਉਂਦੀ ਭੈਣ ਵੱਲੋਂ ਉਸਦੇ ਗੁੱਟ ਤੇ ਰੱਖੜੀ ਬੰਨਣ ਦਾ ਦਿਲ ਕੰਬਾਊ ਸੀਨ ਅਤੇ ਕਿਤੇ ਅਣਵਿਆਹੇ ਨੌਜਵਾਨ ਦੀ ਲਾਸ਼ ਤੇ ਸਿਹਰਾ ਬੰਨ੍ਹ ਕੇ ਉਸਦੀ ਅਰਥੀ ਨੂੰ ਸਮਸ਼ਾਨ ਭੂਮੀ ਲੈ ਕੇ ਜਾਣ ਸਮੇਂ ਹਜ਼ੂਮ ਦੀਆਂ ਨਮ ਹੋਈਆਂ ਅੱਖਾਂ ਨਾਲ ਨਸ਼ੱਈ ਪੰਜਾਬ ਦੀ ਦਰਦਨਾਕ ਤਸਵੀਰ ਸਾਹਮਣੇ ਆ ਜਾਂਦੀ ਹੈ। 

ਇੱਕ ਨਸ਼ਾ ਛੁਡਾਊ ਕੇਂਦਰ ਦੇ ਡਾਇਰੈਕਟਰ ਵਜੋਂ ਅੰਦਾਜ਼ਨ 18 ਸਾਲ ਦਾ ਸੇਵਾ ਨਿਭਾਉਂਦਿਆਂ ਸੈਂਟਰ ਵਿੱਚ ਸੰਗਰੂਰ ਜਿਲ੍ਹੇ ਦੇ ਨਾਲ ਨਾਲ ਪੰਜਾਬ ਦੇ ਬਾਕੀ ਜਿਲ੍ਹਿਆਂ, ਹਰਿਆਣਾ, ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਤੋਂ ਇਲਾਜ: ਲਈ ਆਏ ਨਸ਼ੱਈ ਮਰੀਜਾਂ ਨਾਲ ਵਾਹ ਪਿਆ ਹੈ। ਇਸ ਅਧਾਰ ਤੇ ਹੀ ਲਿਖ ਰਿਹਾ ਹਾਂ ਕਿ ਨਸ਼ਾ ਛੁਡਾਊ ਕੇਂਦਰ ਚਲਾਉਣ ਲਈ ਪ੍ਰਤੀਬੱਧਤਾ ਅਤੇ ਲੋਕ-ਹਿੱਤ ਦੀ ਭਾਵਨਾ ਨਾਲ ਲਬਰੇਜ਼ ਸਟਾਫ਼ ਅਤੇ ਮੁਖੀ ਦਾ ਹੋਣਾ ਜ਼ਰੂਰੀ ਹੈ। ਦਵਾਈਆਂ, ਮਹਿੰਗੇ ਟੈਸਟ ਅਤੇ ਭਾਰੀ ਫੀਸਾਂ ਦੀ ਅਦਾਇਗੀ ਕਰਨੀ ਉਨ੍ਹਾਂ ਮਾਪਿਆਂ ਵਾਸਤੇ ਬਹੁਤ ਹੀ ਮੁਸ਼ਕਲ ਹੈ ਜਿਨ੍ਹਾਂ ਦੀ ਆਰਥਿਕ ਹਾਲਤ ਪਹਿਲਾਂ ਹੀ ਕੱਖੋਂ ਹੌਲੀ ਅਤੇ ਪਾਣੀਉਂ ਪਤਲੀ ਹੈ। ਇਸ ਪੱਖ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ ਹੈ। 

ਦੂਜਾ ਅਹਿਮ ਪਹਿਲੂ ਨਸ਼ੱਈ ਮਰੀਜ਼ ਦੀ ਦ੍ਰਿੜ ਇੱਛਾ ਸ਼ਕਤੀ ਤੇ ਕੇਂਦਰਤ ਹੋਣਾ ਚਾਹੀਦਾ ਹੈ। ਇਸ ਪੱਖ ਤੋਂ ਨਸ਼ਾ ਛੁਡਾਊ ਕੇਂਦਰ ਵਿੱਚ ਪੀੜਤ ਨਸ਼ੱਈਆਂ ਨੂੰ ਧਰਮ, ਸਾਹਿਤ, ਕਿਰਤ ਅਤੇ ਖੇਡਾਂ ਨਾਲ ਜੋੜਣਾ ਬਹੁਤ ਜਰੂਰੀ ਹੈ। ਇਸ ਸਬੰਧੀ ਉਨ੍ਹਾਂ ਦੇ ਧਰਮ ਅਨੁਸਾਰ ਪਾਠ ਅਤੇ ਧਾਰਮਿਕ ਸਿਖਿਆ, ਉਸਾਰੂ ਸਾਹਿਤ, ਨਸ਼ਾ ਛੁਡਾਊ ਕੇਂਦਰ ਵਿੱਚ ਹੀ ਬਾਗ-ਬਾਨੀ ਅਤੇ ਬੂਟਿਆਂ ਦੀ ਸੰਭਾਲ, ਸਾਫ ਸਫਾਈ, ਕਿਸੇ ਲਾਹੇਵੰਦ ਕਿੱਤੇ ਦੀ ਟਰੇਨਿੰਗ ਅਤੇ ਖੇਡਾਂ ਲਈ ਯੋਗ ਪ੍ਰਬੰਧ ਕਰਨਾ ਅਤਿਅੰਤ ਜਰੂਰੀ ਹੈ। ਇਹ ਉਸਾਰੂ ਕ੍ਰਿਆਵਾਂ ਜਿੱਥੇ ਉਨ੍ਹਾਂ ਅੰਦਰ ਨਵੀਂ ਊਰਜਾ ਭਰਨਗੀਆਂ, ਉਥੇ ਹੀ ਜ਼ਿੰਦਗੀ ਜਿਉਣ ਦਾ ਚਾਅ ਵੀ ਪੈਦਾ ਹੋਵੇਗਾ। ਸਮੇਂ ਸਮੇਂ ਸਿਰ ਪ੍ਰੇਰਨਾ ਦਾਇਕ ਕਹਾਣੀਆਂ ਸੁਣਾਕੇ ਵੀ ਉਨ੍ਹਾਂ ਨੂੰ ਮੁਖ ਧਾਰਾ ਵਿੱਚ ਲਿਆਉਣ ਦੀ ਪ੍ਰੇਰਨਾ ਦੇਣੀ ਜਰੂਰੀ ਹੈ। ਇੰਜ ਕਰਦਿਆਂ ਵਿਹਲ ਤੋਂ ਛੁਟਕਾਰਾ ਪਾਕੇ ਇਹ ਸੋਚ ਵੀ ਉਨ੍ਹਾਂ ਦੇ ਅੰਗ ਸੰਗ ਰਹੇਗੀ:

ਬੰਦਾ ਕੰਮ ਕਰਦਾ ਲੋਹਾ।

ਬਹਿ ਗਿਆ ਤਾਂ ਗੋਹਾ।

ਪੈ ਗਿਆ ਤਾਂ ਮੋਇਆ।

ਨਸ਼ਾ ਮੁਕਤ ਹੋ ਰਹੇ ਨਸ਼ੱਈ ਮਰੀਜਾਂ ਅੰਦਰ ਚੰਗਾ ਪਤੀ, ਚੰਗਾ ਪੁੱਤ, ਚੰਗਾ ਬਾਪ ਅਤੇ ਚੰਗਾ ਨਾਗਰਿਕ ਬਣਨ ਦੀ ਪ੍ਰੇਰਨਾ ਤਦ ਹੀ ਦਿੱਤੀ ਜਾ ਸਕੇਗੀ ਜੇਕਰ ਇਲਾਜ ਕਰਨ ਵਾਲੇ ਰਹਿਨੁਮਾ ਆਪ ਉਨ੍ਹਾਂ ਲਈ ਰੋਲ ਮਾਡਲ ਦਾ ਫਰਜ਼ ਨਿਭਾਉਣਗੇ। ਸੰਸਥਾ ਦੇ ਮੁਖੀ ਦੀ ਇਸ ਸਮੇਂ ਰੋਲ ਮਾਡਲ ਵਾਲੀ ਭੂਮਿਕਾ ਬਹੁਤ ਹੀ ਅਹਿਮੀਅਤ ਰੱਖਦੀ ਹੈ। ਦੁਆ ਅਤੇ ਦਵਾਈ ਦੇ ਸੁਮੇਲ ਨਾਲ ਸਾਰਥਿਕ ਨਤੀਜੇ ਜਰੂਰ ਸਾਹਮਣੇ ਆਉਂਦੇ ਨੇ।

ਇਸ ਗੱਲ ਦਾ ਖਾਸ ਧਿਆਨ ਦਿੱਤਾ ਜਾਵੇ ਕਿ ਉਹ ਜਿੰਦਗੀ ਦੇ ਖਲਨਾਇਕ ਨਹੀਂ, ਪੀੜਤ ਹਨ। ਪੀੜਤ ਵਿਅਕਤੀ ਲਈ ਪਿਆਰ, ਹਮਦਰਦੀ, ਸੁਚੱਜਾ ਵਰਤਾਉ ਅਤੇ ਸਹੀ ਦੇਖ ਭਾਲ ਅਤਿਅੰਤ ਜਰੂਰੀ ਹੈ। ਇਹ ਸਭ ਕੁਝ ਉਨ੍ਹਾਂ ਨੂੰ ਨਸ਼ਾ ਮੁਕਤ ਕਰਨ ਵਿੱਚ ਸਹਾਈ ਹੋਵੇਗਾ। ਕਈ ਵਾਰ ਨਸ਼ੱਈ ਮਰੀਜ਼ ਨੂੰ ਬਾਹਰਲੇ ਮਾਹੌਲ ਜਾਂ ਪਰਿਵਾਰਕ ਮਾਹੌਲ ਵਿੱਚੋਂ ਹੀ ਅਜਿਹੀ ਮਾਨਸਿਕ ਸੱਟ ਵਜਦੀ ਹੈ ਕਿ ਉਹ ਆਪ ਹੀ ਨਸ਼ਾ ਮੁਕਤ ਹੋਣ ਲਈ ਦ੍ਰਿੜ ਸੰਕਲਪ ਕਰ ਲੈਂਦਾ ਹੈ। ਅਜਿਹੇ ਵਿਅਕਤੀ ਦਾ ਰਹਿਨੁਮਾ ਬਣਕੇ ਉਸ ਨੂੰ ਅਸਾਨੀ ਨਾਲ ਨਸ਼ਾ ਮੁਕਤ ਕੀਤਾ ਜਾ ਸਕਦਾ ਹੈ। ਇੱਕ 70 ਕੁ ਵਰ੍ਹਿਆਂ ਦਾ ਬਜ਼ੁਰਗ ਨਸ਼ਾ ਛੱਡਣ ਲਈ ਸੈਂਟਰ ਵਿੱਚ ਦਾਖ਼ਲ ਹੋ ਗਿਆ। ਦਾਖ਼ਲ ਕਰਵਾਉਣ ਲਈ ਉਸ ਦਾ ਨੌਜਵਾਨ ਇਕਲੌਤਾ ਪੁੱਤਰ ਨਾਲ ਆਇਆ ਸੀ। ਬਜ਼ੁਰਗ ਦੀ ਰਜ਼ਾਮੰਦੀ ਉਪਰੰਤ ਉਸਨੂੰ ਦਾਖ਼ਲ ਕਰ ਲਿਆ ਗਿਆ। ਦਾਖ਼ਲ ਕਰਨ ਵੇਲੇ ਇਹ ਖਿਆਲ ਜਰੂਰ ਆਇਆ ਕਿ ਇਸ ਬਜ਼ੁਰਗ ਨੇ ਆਪਣੀ ਉਮਰ ਦਾ ਵੱਡਾ ਹਿੱਸਾ ਨਸ਼ਿਆਂ ਦੇ ਲੇਖੇ ਲਾ ਦਿੱਤਾ। ਇਸ ਉਮਰ ਵਿੱਚ ਨਸ਼ਾ ਛੱਡਣ ਦਾ ਉਸਨੇ ਇਰਾਦਾ ਕਿਉਂ ਕੀਤਾ? ਦੋ ਤਿੰਨ ਦਿਨ ਬਾਅਦ ਜਦੋਂ ਸ਼ਾਮ ਨੂੰ ਨਸ਼ੱਈ ਮਰੀਜ਼ਾਂ ਨੂੰ ਯੋਗਾ, ਮੈਡੀਟੇਸ਼ਨ ਅਤੇ ਕਾਉਂਸਲਿੰਗ ਕਰਨ ਲਈ ਉਨ੍ਹਾਂ ਦੇ ਵਾਰਡ ਵਿੱਚ ਗਿਆ ਤਾਂ ਯੋਗ ਕਿਰਿਆਵਾਂ ਕਰਵਾਉਣ ਉਪਰੰਤ ਮੈਂ ਬੜੀ ਅਪਣੱਤ ਨਾਲ ਬਜ਼ੁਰਗ ਦਾ ਹੱਥ ਫੜਦਿਆਂ ਕਿਹਾ, “ਪ੍ਰੀਤਮ ਸਿਆਂ, ਤੁਹਾਨੂੰ ਇਸ ਉਮਰ ਵਿੱਚ ਨਸ਼ਾ ਛੱਡਣ ਦਾ ਖਿਆਲ ਕਿਵੇਂ ਆਇਆ” ਮੇਰੇ ਸਵਾਲ ਤੇ ਬਜ਼ੁਰਗ ਗੰਭੀਰ ਹੋ ਗਿਆ। ਉਸਨੇ ਗੱਚ ਭਰ ਕੇ ਕਿਹਾ, “ਥੋਡੇ ਕੋਲੋਂ ਕਾਹਦਾ ਲੁਕੋਅ ਐ ਜੀ। ਇਸ ਉਮਰ ਵਿੱਚ ਮੈਂ ਆਟੇ ਵਾਲੀ ਮਸ਼ੀਨ ਤੇ ਰਾਤ ਦੀ ਚੌਂਕੀਦਾਰੀ ਕਰਦਾ ਸੀ। ਜਿਹੜੇ ਪੈਸੇ ਉਥੋਂ ਮਿਲਦੇ, ਉਨ੍ਹਾਂ ਦਾ ਨਸ਼ਾ ਡੱਫ ਲੈਂਦਾ। ਮੁੰਡਾ ਵਿਆਹਿਆ ਵਰ੍ਹਿਆ ਹੈ। ਉਹ ਕਬੀਲਦਾਰੀ ਦਾ ਖ਼ਰਚ ਤੋਰੀ ਜਾਂਦਾ ਸੀ। ਹੁਣ ਇੱਕ ਤਾਂ ਨਸ਼ੇ ਮਹਿੰਗੇ ਹੋ ਗਏ ਅਤੇ ਦੂਜਾ ਮਿਲਾਵਟ ਵੀ ਹੋਣ ਲੱਗ ਗਈ। ਇਸੇ ਕਰਕੇ ਮੇਰੀ ਚੌਂਕੀਦਾਰ ਵਾਲੀ ਤਨਖ਼ਾਹ ਨਾਲ ਨਸ਼ੇ ਦਾ ਘਰ ਪੂਰਾ  ਨਹੀਂ ਸੀ ਹੁੰਦਾ। ਇੱਕ ਦਿਨ ਜਦੋਂ ਮੈਂ ਨਸ਼ੇ ਵਾਸਤੇ ਆਪਣੇ ਪੁੱਤ ਮੂਹਰੇ ਹੱਥ ਟੱਡੇ ਤਾਂ ਪੁੱਤ ਨੇ ਤਾਂ ਕੁਝ ਨਹੀਂ ਕਿਹਾ ਪਰ ਮੇਰੀ ਨੂੰਹ ਸੂਈ ਹੋਈ ਕੁੱਤੀ ਵਾਂਗੂੰ ਮੇਰੇ ਗਲ ਪੈ ਗਈ। ਉਹਨੇ ਗਰਜ਼ ਕੇ ਕਿਹਾ, “ ਬਾਪੂ, ਅਸੀਂ ਆਪਣਾ ਘਰ ਵੀ ਤੋਰਨੈ। ਥੋਡੇ ਨਸ਼ਾ ਡੱਫਨ ਵਾਸਤੇ ਕਿੱਥੋਂ ਲਿਆਈਏ ਰੋਕੜੀ ? ਆਪ ਤੁਸੀਂ ਕਦੇ ਵੀਹ ਰੁਪਏ ਦੀ ਸਬਜੀ ਵੀ ਘਰ ਨਹੀਂ ਲਿਆਏ। ਥੋੜੀ ਮੋਟੀ ਸ਼ਰਮ ਕਰੋ।” ਉਦੋਂ ਜੀ ਮੈਨੂੰ ਬਹੁਤ ਨਮੋਸ਼ੀ ਹੋਈ। ਜੀਅ ਕਰੇ ਬਈ ਇਹਦੇ ਨਾਲੋਂ ਤਾਂ …….। ਐਦੂੰ ਪਹਿਲਾਂ ਇੱਕ ਦਿਨ ਨਜ਼ਦੀਕੀ ਰਿਸ਼ਤੇਦਾਰੀ ’ਚ ਜਾਣਾ ਪਿਆ। ਉਨ੍ਹਾਂ ਦੇ ਕਮਰੇ ਵਿੱਚ ਬੈਠਿਆਂ ਮੈਨੂੰ ਦੂਜੇ ਕਮਰੇ ਵਿੱਚੋਂ ਆਪਣੇ ਰਿਸ਼ਤੇਦਾਰ ਦੀ ਅਵਾਜ਼ ਸੁਣੀ। ਉਹ ਆਪਣੇ ਪੁੱਤਰਾਂ ਨੂੰ ਕਹਿ ਰਿਹਾ ਸੀ, “ਆਪਣੇ ਬਟੂਏ ਸਾਂਭ ਲਉ ਚੰਗੀ ਤਰ੍ਹਾਂ। ਕਿਤੇ ਪ੍ਰੀਤਮ ਅਮਲੀ ਆਪਾਂ ਨੂੰ ਥੁੱਕ ਨਾ ਲਾ ਜੇ” ਫਿਰ ਉਹਨੇ ਡਾਢੀ ਹੀ ਮਿੰਨਤ ਨਾਲ ਕਿਹਾ, “ਹੁਣ ਥੋਡੀ ਸ਼ਰਨ ਆਇਆਂ। ਮੈਨੂੰ ਕੱਢੋ ਇਸ ਦਲਦਲ ਵਿੱਚੋਂ।” ਉਸ ਬਜ਼ੁਰਗ ਦੇ ਚਿਹਰੇ ਤੇ ਨਸ਼ਾ ਮੁਕਤ ਹੋਣ ਦਾ ਦ੍ਰਿੜ ਸੰਕਲਪ ਪ੍ਰਤੱਖ ਵਿਖਾਈ ਦੇ ਰਿਹਾ ਸੀ। ਉਹ ਬਜ਼ੁਰਗ ਹੋਰ ਦਾਖ਼ਲ ਮਰੀਜਾਂ ਲਈ ਵੀ ਪ੍ਰੇਰਨਾ ਸਰੋਤ ਬਣਿਆ। ਇੱਕ ਆਸ਼ਾਵਾਦੀ ਮਾਹੌਲ ਸਿਰਜਨ ਵਿੱਚ ਵੀ ਉਸਨੇ ਅਹਿਮ ਭੂਮਿਕਾ ਨਿਭਾਈ। ਡੇਢ ਕੁ ਮਹੀਨੇ ਵਿੱਚ ਪੂਰੀ ਤਰ੍ਹਾਂ ਨਸ਼ਾ ਮੁਕਤ ਹੋਣ ਉਪਰੰਤ ਉਸ ਨੂੰ ਵਿਦਾਅ ਕਰਨ ਵੇਲੇ ਇੱਕ ਸੰਖੇਪ ਪਰ ਭਾਵਪੂਰਨ ਸਮਾਗਮ ਕੀਤਾ ਗਿਆ। ਸ਼ਹਿਰ ਦੇ ਪਤਵੰਤੇ ਸ਼ਹਿਰੀ ਵੀ ਬੁਲਾਏ ਗਏ। ਉਸਨੂੰ ਘਰ ਲੈ ਕੇ ਜਾਣ ਲਈ ਉਸਦਾ ਪੁੱਤ ਅਤੇ ਨੂੰਹ ਵੀ ਆਏ। ਨਸ਼ਾ ਮੁਕਤ ਹੋਏ ਪ੍ਰੀਤਮ ਸਿੰਘ ਨੂੰ ਜਦੋਂ ਆਪਣੇ ਅਨੁਭਵ ਦੱਸਣ ਲਈ ਕਿਹਾ ਗਿਆ ਤਾਂ ਉਹ ਪੂਰੇ ਵਿਸ਼ਵਾਸ ਨਾਲ ਉੱਠਿਆ। ਚਿਹਰੇ ਤੇ ਇੱਕ ਜੇਤੂ ਮੁਸਕਰਾਹਟ ਲਿਆਉਂਦਿਆਂ ਉਸਨੇ ਕਿਹਾ, “ਸੱਚ ਮੁੱਚ ਨਸ਼ਿਆਂ ਦੇ ਜੰਜਾਲ ਵਿੱਚੋਂ ਨਿਕਲ ਕੇ ਮੇਰਾ ਨਵਾਂ ਜਨਮ ਹੋਇਆ ਹੈ। ਸੱਚ ਮੰਨਿਉ, ਹੁਣ ਤੱਕ ਮੈਂ ਨੇਰ੍ਹਾ ਹੀ ਢੋਂਦਾ ਰਿਹਾ ਹਾਂ। ਨਸ਼ਿਆਂ ਕਰਕੇ ਆਪਣੀ ਦੇਹ ਵੀ ਗਾਲ ਲਈ ਸੀ। ਘਰ ਦੇ ਸੁੱਖ ਨੂੰ ਵੀ ਤਹਿਸ਼ ਨਹਿਸ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਰਿਸ਼ਤੇਦਾਰਾਂ ਅਤੇ ਲੋਕਾਂ ਤੋਂ ਜਿਹੜੀ ਤੋਏ ਤੋਏ ਕਰਵਾਈ ਉਹ ਵੱਖਰੀ। ਇਥੋਂ ਦੇ ਸਟਾਫ਼ ਅਤੇ ਵੱਡੇ ਸਰ ਦਾ ਮੈਂ ਦੇਣਾ ਨਹੀਂ ਦੇ ਸਕਦਾ। ਮੇਰੀ ਚੰਗੀ ਕਿਸਮਤ ਹੈ ਕਿ ਹੁਣ ਮੈਂ ਨਸ਼ਾ ਛੱਡਕੇ ਥੋਡੇ ਵਰਗੇ ਭਲੇਮਾਣਸਾਂ ਵਿੱਚ ਬੈਠਣ ਦੇ ਯੋਗ ਹੋਇਆ ਹਾਂ। ਨਸ਼ਾ ਛੱਡਣ ਦੀ ਕੋਈ ਉਮਰ ਨਹੀਂ ਹੁੰਦੀ। ਬੱਸ, ਜਦੋਂ ਜਾਗੋ, ਓਦੋਂ ਹੀ ਸਵੇਰਾ।”

ਉਸ ਵੇਲੇ ਸੀਨ ਬਹੁਤ ਹੀ ਭਾਵੁਕ ਹੋ ਗਿਆ ਜਦੋਂ ਇੱਕ ਪਤਵੰਤੇ ਸਜਣ ਨੇ ਪੰਜ ਪੰਜ ਸੌ ਦੇ ਦੋ ਨੋਟ ਉਹਦੀ ਤਲੀ ਤੇ ਰਖਦਿਆਂ ਕਿਹਾ, “ਜਿੰਦਗੀ ਜਿੰਦਾਬਾਦ। ਇਹ ਮੇਰੇ ਵੱਲੋਂ ਇਨਾਮ ਹੈ ਤੈਨੂੰ।” ਪ੍ਰੀਤਮ ਸਿੰਘ ਨੇ ਉਹ ਨੋਟ ਧੰਨਵਾਦੀ ਸ਼ਬਦਾਂ ਨਾਲ ਫੜਕੇ ਆਪਣੀ ਨੂੰਹ ਨੂੰ ਦਿੰਦਿਆਂ ਕਿਹਾ, “ਲੈ ਧੀਏ, ਮੇਰੇ ਵੱਲੋਂ ਸ਼ਗਨ।” ਨੂੰਹ ਨੇ ਉਹ  ਨੋਟ ਫੜਕੇ ਪਹਿਲਾਂ ਆਪਣੇ ਮੱਥੇ ਨਾਲ ਲਾਏ। ਫਿਰ ਪ੍ਰੀਤਮ ਸਿੰਘ ਦੇ ਪੈਰੀਂ ਹੱਥ ਲਾਉਂਦਿਆਂ ਕਿਹਾ, “ਬਾਪੂ ਜੀ, ਅੱਜ ਭਾਗਾਂ ਵਾਲਾ ਦਿਨ ਹੈ। ਮੇਰੇ ਵਿਆਹ ਨੂੰ ਦਸ ਸਾਲ ਹੋ ਗਏ। ਦਸ ਸਾਲਾਂ ਵਿੱਚ ਪਹਿਲੀ ਵਾਰ ਤੁਸੀਂ ਇਹ ਸ਼ਗਨ ਦਿਤੈ। ਨਹੀਂ ਤਾਂ…….।” ਪੁੱਤ ਅਤੇ ਨੂੰਹ ਮੰਦ ਮੰਦ ਮੁਸਕਰਾ ਰਹੇ ਸਨ। 

ਜੇਤੂ ਅੰਦਾਜ ਵਿੱਚ ਬਜ਼ੁਰਗ ਪ੍ਰੀਤਮ ਸਿੰਘ ਆਪਣੀ ਨੂੰਹ ਪੁੱਤ ਨਾਲ ਘਰ ਜਾ ਰਿਹਾ ਸੀ। ਤੰਦਰੁਸਤ ਪ੍ਰੀਤਮ ਸਿੰਘ ਨੂੰ ਜਾਂਦਿਆਂ ਵੇਖਕੇ ਇਹ ਕਾਵਿ-ਸਤਰਾਂ ਮੇਰੇ ਅੰਗ-ਸੰਗ ਸਨ :

ਬੰਦਾ ਚਾਹੇ ਤਾਂ ਕੀ ਨਹੀਂ ਕਰ ਸਕਦਾ,

ਮੰਨਿਆ ਸਮਾਂ ਵੀ ਤੰਗ ਤੋਂ ਤੰਗ ਆਉਂਦੈ।

ਰਾਂਝਾ ਤਖ਼ਤ ਹਜ਼ਾਰਿਉਂ ਤੁਰੇ ਤਾਂ ਸਹੀ,

ਪੈਰਾਂ ਹੇਠ ਸਿਆਲਾਂ ਦਾ  ਝੰਗ ਆਉਂਦੈ।

ਕਿਸ਼ਨਪੁਰਾ ਬਸਤੀ, ਬਾਹਰ ਨਾਭਾ ਗੇਟ, ਸੰਗਰੂਰ।

ਸੰਪਰਕ : 94171-48866

Show More

Related Articles

Leave a Reply

Your email address will not be published. Required fields are marked *

Back to top button
Translate »