ਭਾਰਤ ਨੇ ਪਾਕਿਸਤਾਨ ਨਾਲ ਹੋਈਆਂ ਸਾਰੀਆਂ ਜੰਗਾਂ ਸਿੱਖ ਜਰਨੈਲਾਂ ਦੀ ਕਮਾਂਡ ਹੇਠ ਜਿੱਤੀਆਂ


ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਖੰਡੇ ਦੀ ਧਾਰ ਚੋਂ ਜਨਮੀਂ ਸਿੱਖ ਕੌਮ ਦੁਨੀਆਂ ਦੀਆਂ ਬਹਾਦਰ ਅਖਵਾਉਣ ਵਾਲੀਆਂ ਸਾਰੀਆਂ ਕੌਮਾਂ ਵਿੱੋਚੋਂ ਸਭ ਤੋਂ ਬਹਾਦਰ ਕੌਮ ਦੇ ਤੌਰ ਤੇ ਜਾਣੀ ਜਾਂਦੀ ਹੈ। ਸ਼੍ਰੀ ਗੁਰੂ ਗੋਬਿੰਦ ਸਾਹਿਬ ਵਲੋਂ ਲੜੇ ਗਏ ਯੁੱਧਾਂ ਤੋਂ ਲੈ ਕੇ ਅੱਜ ਤੱਕ ਬਹਾਦਰੀ ਨਾਲ ਲੜਦਿਆਂ ਸਿੱਖਾਂ ਨੇ ਅਣਗਿਣਤ ਸ਼ਹਾਦਤਾਂ ਦਿੱਤੀਆਂ ਹਨ। ਸਿੱਖਾਂ ਦਾ ਸੈਨਿਕ ਰੂਪ ਇਨ੍ਹਾਂ ਦੇ ਖੂਨ ਵਿਚ ਹੀ ਸਮਾਇਆ ਹੋਇਆ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸ਼ੇਰਾਂ ਵਰਗੇ ਜਰਨੈਲਾਂ, ਹਰੀ ਸਿੰਘ ਨਲੂਆ, ਜੱਸਾ ਸਿੰਘ ਰਾਮਗੜ੍ਹੀਆਂ, ਜੱਸਾ ਸਿੰਘ ਆਹਲੂਵਾਲੀਆਂ, ਸ਼ਾਮ ਸਿੰਘ ਅਟਾਰੀ ਆਦਿ ਵਰਗੇ ਅਜਿਹੇ ਜਰਨੈਲ ਸਨ ਜਿਨ੍ਹਾਂ ਦੇ ਨਾਂ ਤੋਂ ਦੁਸ਼ਮਣ ਨੂੰ ਕੰਬਣੀ ਛਿੜ ਜਾਂਦੀ ਸੀ। ਪਠਾਣੀਆਂ ਹਰੀ ਸਿਘ ਨਲੂਏ ਦਾ ਨਾਂ ਲੈ ਕੇ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਇਆ ਕਰਦੀਆਂ ਸਨ। ਇਨ੍ਹਾਂ ਜਰਨੈਲਾਂ ਦੇ ਬਾਹੂ ਬਲ ਸਦਕਾ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਬਲ ਕੰਧਾਰ ਤੋਂ ਲੈ ਕੇ ਲੇਹ ਲੱਦਾਖ ਤੱਕ ਫੈਲਿਆ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਡੋਗਰੇ ਗਦਾਰਾਂ ਦੀ ਵਜਾ੍ਹ ਕਰਕੇ ਸਿੱਖ ਫੌਜਾਂ ਜਿੱਤਕੇ ਵੀ ਹਾਰ ਗਈਆਂ ਅਤੇ ਇਹ ਰਾਜ ਅੰਗਰੇਜ਼ਾਂ ਦੇ ਕਬਜ਼ੇ ਵਿਚ ਆ ਗਿਆ। ਸਿੱਖਾਂ ਦੀ ਬਹਾਦਰੀ ਤੋਂ ਕਾਇਲ ਅੰਗਰੇਜ਼ਾਂ ਨੇ ਵੀ ਸਿੱਖਾਂ ਨੂੰ ਆਪਣੀ ਫੌਜ ਵਿਚ ਵੱਡੀ ਗਿਣਤੀ ਵਿਚ ਭਰਤੀ ਕੀਤਾ। ਅੰਗਰੇਜ਼ਾਂ ਦੀ ਫੌਜ ਵਿਚ ਸਿੱਖਾਂ ਦੀ ਗਿਣਤੀ 20-25 ਪ੍ਰਤੀਸ਼ਤ ਸੀ ਅਤੇ ਪਹਿਲੀ ਅਤੇ ਦੂਜੀ ਸੰਸਾਰ ਜੰਗ ਵਿਚ ਸਿੱਖ ਫੌਜਾਂ ਅੰਗਰੇਜ਼ਾਂ ਲਈ ਹਿੱਕ ਡਾਹ ਕੇ ਬਹਾਦਰੀ ਨਾਲ ਲੜੀਆਂ ਅਤੇ ਬਹਾਦਰੀ ਦੇ ਵੱਡੇ ਮੈਡਲ ਜਿੱਤੇ। ਇਨ੍ਹਾਂ ਦੋ ਵੱਡੀਆਂ ਜੰਗਾਂ ਵਿਚ 83005 ਸਿੱਖ ਸੈਨਿਕ ਸ਼ਹੀਦ ਹੋਏ ਅਤੇ 109045 ਸੈਨਿਕ ਜ਼ਖਮੀ ਹੋਏ। 1846-1922 ਤੱਕ ਪਹਿਲੇ ਸੰਸਾਰ ਯੁੱਧ ਵਿਚ 14 ਫਿਰੋਜ਼ਪੁਰ ਸਿੱਖ ਰਜਮੈਂਟ ਨੂੰ ਯੁੱਧ ਵਿਚ ਵਿਖਾਈ ਬਹਾਦਰੀ ਦੇ ਬਦਲੇ ਵਿਕਟੋਰੀਆ ਕਰਾਸ ਪਦਕ ਨਾਲ ਸਨਮਾਨਿਤ ਕੀਤਾ ਗਿਆ। 1897 ਵਿਚ 21 ਸਿੱਖ ਸੈਨਿਕਾਂ ਵਲੋਂ ਲੜਿਆ ਗਿਆ ਸਾਰਾਗੜ੍ਹੀ ਦਾ ਯੁੱਧ ਦੁਨੀਆਂ ਵਿਚ ਇਕ ਮਿਸਾਲ ਕਾਇਮ ਕਰ ਗਿਆ । 1947 ਵਿਚ ਭਾਰਤ ਆਜਾਦ ਹੋ ਗਿਆ ਅਤੇ ਇਸ ਵਿੱਚੋਂ ਅੰਗਰੇਜ਼ ਜਾਂਦੇ ਜਾਂਦੇ ਨਫਰਤ ਨਾਲ ਭਰੀ ਇਕ ਅੱਗ ਦੀ ਚੰਗਿਆੜੀ ਸੁੱਟਕੇ ਨਵਾਂ ਪਾਕਿਸਤਾਨ ਦੇਸ਼ ਬਣਾ ਗਏ। ਜਿਸਦੇ ਬਣਦਿਆਂ ਹੀ 1948 ਵਿਚ ਕਸ਼ਮੀਰ ਵਿਚ ਕਬਾਇਲੀਆਂ ਨੇ ਹੱਲਾ ਬੋਲ ਦਿੱਤਾ ਅਤੇ ਸਿੱਖ ਫੌਜਾਂ ਦੀ ਬਹਾਦਰੀ ਨਾਲ ਹੀ ਇਸ ਹਮਲੇ ਨੂੰ ਅਸਫਲ ਕੀਤਾ ਜਾ ਸਕਿਆ। ਸੰਨ 1962 ਚ ਹਿੰਦੀ ਚੀਨੀ ਭਾਈ ਭਾਈ ਕਹਿਣ ਵਾਲੇ ਚੀਨ ਨੇ ਭਾਰਤ ਤੇ ਹਮਲਾ ਕਰ ਦਿੱਤਾ। ਇੱਥੇ ਵੀ ਸੀਮਤ ਹਥਿਆਰਾਂ ਨਾਲ ਭਾਰਤੀ ਫੌਜਾਂ ਨੇ ਚੀਨੀਆਂ ਦੇ ਟਿੱਡੀ ਦਲਾਂ ਦਾ ਡਟਕੇ ਮੁਕਾਬਲਾ ਕੀਤਾ ਅਤੇ ਸੂਬੇਦਾਰ ਜੋਗਿੰਦਰ ਸਿੰਘ ਮਾਹਲਾ ਵਰਗੇ ਸੂਰਮਿਆਂ ਨੇ ਚੀਨੀ ਫੌਜ ਨੂੰ ਅੱਗੇ ਲਾਈ ਰੱਖਿਆ ਅਤੇ ਵੀਰਗਤੀ ਪ੍ਰਾਪਤ ਕੀਤੀ। ਭਾਰਤ ਅਜੇ ਇਸ ਜੰਗ ਤੋਂ ਸੰਭਲਿਆ ਵੀ ਨਹੀਂ ਸੀ ਕਿ ਪਾਕਿਸਤਾਨ ਨੇ ਸੰਨ 1965 ਵਿਚ ਅਪ੍ਰਰੇਸ਼ਨ ਜਿਬਰਾਲਟਰ ਤਹਿਤ ਕਜ਼ਮੀਰ ਵਿਚ ਆਪਣੀ ਫੌਜ ਭੇਜੀ । ਭਾਰਤੀ ਫੌਜ ਨੇ ਰਣਨੀਤਕ ਅਹਿਮੀਅਤ ਵਾਲੇ ਹਾਜੀਪੀਰ ਦੱਰੇ ਤੇ ਕਬਜ਼ਾ ਕਰ ਲਿਆ। ਇਸਦੇ ਨਾਲ ਪੱਛਮੀ ਮੋਰਚਾ ਵੀ ਖੁੱਲ੍ਹ ਗਿਆ। ਆਸਲ ਉਤਾੜ ਦੇ ਯੁੱਧ ਵਿਚ ਪਕਿਸਤਾਨ ਦੇ 100 ਪੈਟਨ ਟੈਂਕ ਤਬਾਹ ਹੋ ਗਏ ਜੋ ਅਮਰੀਕਾ ਦੇ ਬਣੇ ਸਨ ਤੇ ਉਸਨੂੰ ਇਹ ਘੁਮੰਡ ਸੀ ਕਿ ਇਸਨੂੰ ਕੋਈ ਨਹੀਂ ਤੋੜ ਸਕਦਾ । ਇਸ ਲੜਾਈ ਵਿੱਚ ਭਾਰਤੀ ਫੌਜ ਇੱਛੋਗਿੱਲ ਨਹਿਰ ਤੱਕ ਪਹੁੱਚ ਗਈ ਸੀ। ਇਸ ਜੰਗ ਦੀ ਅਗਵਾਈ ਲੈਫਨੀਨੈਂਟ ਜਨਰਲ ਹਰਬਖਸ਼ ਸਿੰਘ, ਮੇਜਰ ਜਨਰਲ ਗੁਰਬਖਸ਼ ਸਿੰਘ, ਏਅਰ ਮਾਰਸ਼ਲ ਅਰਜਨ ਸਿੰਘ , ਜਨਰਲ ਜੇ ਐਨ ਚੌਹਾਨ ਅਤੇ ਬਿ੍ਰਗੇਡੀਅਰ ਜੋਰਾਵਰ ਚੰਦ ਬਖਸ਼ੀ ਨੇ ਕੀਤੀ। ਇਸ ਜੰਗ ਵਿਚ ਵੀ ਸਿੱਖ ਫੌਜਾਂ ਦੀ ਅਹਿਮ ਭੂਮਿਕਾ ਰਹੀ। ਜੇਕਰ ਵਾਘਾ ਸਰਹੱਦ ਤੇ ਜਨਰਲ ਹਰਬਖਸ਼ ਸਿੰਘ ਦੀ ਕਮਾਂਡ ਹੇਠ ਲੜਦੀ ਸਿੱਖ ਰਜਮੈਂਟ ਨਾਂ ਹੁੰਦੀ ਤਾਂ ਪਾਕਿਸਤਾਨੀ ਫੌਜ ਦੀ ਪਹਿਲ ਕਦਮੀ ਨੂੰ ਰੋਕਣਾ ਮੁਸ਼ਕਿਲ ਸੀ ਅਤੇ ਸਹਿਜੇ ਹੀ ਉਨ੍ਹਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕਰ ਲੈਣਾ ਸੀ। ਪਾਕਿਸਤਾਨੀ ਫੌਜ ਦੇ ਸ਼ਕਤੀਸ਼ਾਲੀ ਹਮਲੇ ਨੂੰ ਵੇਖਦਿਆਂ ਜਨਰਲ ਹਰਬਖਸ਼ ਸਿੰਘ ਨੂੰ ਉੱਪਰੋਂ ਪਿੱਛੇ ਹਟਣ ਦੇ ਹੁਕਮ ਆ ਗਏ ਸਨ ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਸੀ ਅਤੇ ਜਵਾਬ ਵਿਚ ਆਖਿਆ ਸੀ ਕਿ ਅਸੀਂ ਨਨਕਾਣਾ ਸਾਹਿਬ ਤਾਂ ਗਵਾ ਬੈਠੇ ਹਾਂ ਪਰ ਜਿਉਂਦੇ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਚ ਕਿਸੇ ਨੂੰ ਪੈਰ ਨਹੀਂ ਧਰਨ ਦਿਆਂਗੇ। ਉਨ੍ਹਾਂ ਦੀ ਇਸ ਦਲੇਰੀ ਸਦਕਾ ਸਿੱਖ ਫੌਜ ਨੇ ਪਾਕਿਸਤਾਨ ਦੀਆਂ ਫੌਜਾਂ ਦਾ ਹਮਲਾ ਪਿਛਾੜ ਕੇ ਉਨ੍ਹਾਂ ਨੂੰ ਪਿੱਛੇ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ। ਫਿਰ 3 ਦਸੰਬਰ 1971 ਨੂੰ ਭਾਰਤ ਪਾਕਿ ਜੰਗ ਸ਼ੁਰੂ ਹੋਈ। ਇਸ ਜੰਗ ਦੀ ਅਗਵਾਈ ਲੈਫਨੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਨਰਲ ਸ਼ਾਹਬੇਗ ਸਿੰਘ ਨੇ ਕੀਤੀ। ਇਨ੍ਹਾਂ ਜਰਨੈਲਾਂ ਦੀ ਅਗਵਾਈ ਵਿਚ ਭਾਰਤੀ ਫੌਜ ਨੇ ਪੂਰਬੀ ਪਾਕਿਸਤਾਨ ਨੂੰ ਜਿੱਤਕੇ ਬੰਗਲਾ ਦੇਸ਼ ਦੇ ਨਾਂ ਹੇਠ ਆਜ਼ਾਦ ਦੇਸ਼ ਬਣਾ ਦਿੱਤਾ ਅਤੇ 1 ਲੱਖ ਪਾਕਿਸਤਾਨੀ ਫੌਜ ਜੋ ਜਨਰਲ ਅਬਦੁੱਲਾ ਖਾਨ ਨਿਆਜ਼ੀ ਦੀ ਕਮਾਂਡ ਹੇਠ ਲੜ ਰਹੀ ਸੀ ਅਤੇ ਉਸ ਕੋਲ ਕਈ ਮਹੀਨਿਆਂ ਲਈ ਲੜ ਸਕਣ ਦਾ ਰਾਸ਼ਨ ਅਤੇ ਅਮਨੀਸ਼ਨ ਮੌਜੂਦ ਸੀ ਪਰ ਫੇਰ ਵੀ ਇਨ੍ਹਾਂ ਸਿੱਖ ਜਰਨੈਲਾਂ ਦੀ ਬਦੌਲਤ ਹਥਿਆਰ ਸੁੱਟਵਾਕੇ ਦੁਨੀਆਂ ਭਰ ਦੇ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ। ਇਧਰ ਰਾਜਸਥਨ ਦੀ ਸਰਹੱਦ ਤੇ ਜੈਸਲਮੇਰ ਨੇੜੇ ਲੌਗੇਵਾਲਾ ਪੋਸਟ ਤੇ ਕੈਪਟਨ ਕੁਲਦੀਪ ਸਿੰਘ ਚਾਂਦਪੁਰੀ ਦੀ ਅਗਵਾਈ ਵਿਚ ਸਿਰਫ ਇਕ ਕੰਪਨੀ ਜਿਸ ਵਿਚ 120 ਜਵਾਨ ਹੁੰਦੇ ਹਨ, ਤਾਇਨਾਤ ਸਨ। ਪਾਕਿਸਤਾਨੀ ਫੌਜਾਂ ਨੇ ਇਸ ਸੁਰੱਖਿਆ ਕਮਜੋਰੀ ਨੂੰ ਭਾਂਪਦਿਆਂ ਇਸ ਪੋਸਟ ਤੇ ਰਾਤ ਸਮੇਂ ਭਾਰੀ ਟੈਂਕਾਂ ਨਾਲ ਹੱਲਾ ਬੋਲ ਦਿੱਤਾ ਪਰ ਕੈਪਟਨ ਕੁਲਦੀਪ ਸਿੰਘ ਚਾਂਦਪੁਰੀ ਦੀ ਅਗਵਾਈ ਚ 120 ਜਵਾਨਾਂ ਨੇ ਸਾਰੀ ਰਾਤ ਪਾਕਿਸਤਾਨੀ ਫੌਜ ਨੂੰ ਅੱਗੇ ਨਾਂ ਫਟਕਣ ਦਿੱਤਾ ਅਤੇ ਦਿਨ ਚੜ੍ਹਦਿਆਂ ਹੀ ਇੰਡੀਅਨ ਏਅਰ ਫੋਰਸ ਦੇ ਜਹਾਜ਼ਾਂ ਨੇ ਹੱਲਾ ਬੋਲਕੇ ਸਾਰੇ ਟੈਂਕ ਤਬਾਹ ਕਰ ਦਿੱਤੇ ਅਤੇ ਪਾਕਿਸਤਾਨੀ ਫੌਜ ਮੂੰਹ ਦੀ ਖਾਕੇ ਪਿੱਛੇ ਹਟ ਗਈ। ਜੇਕਰ ਇਹ 120 ਜਵਾਨ ਬਹਾਦਰੀ ਨਾਲ ਨਾਂ ਲੜਦੇ ਤਾਂ ਇੱਥੇ ਵੀ ਪਾਕਿਸਤਾਨੀ ਫੌਜ ਨੂੰ ਰੋਕਣ ਲਈ ਹੋਰ ਕੋਈ ਚਾਰਾ ਨਈਂ ਸੀ ਅਤੇ ਰਾਤੋ ਰਾਤ ਪਾਕਿਸਤਾਨੀ ਫੌਜਾਂ ਨੇ ਭਾਰਤੀ ਖੇਤਰ ਵਿਚ ਦੂਰ ਤੱਕ ਅੰਦਰ ਦਾਖਲ ਹੋ ਜਾਣਾ ਸੀ। ਫੇਰ ਮਈ ਤੋਂ ਜੁਲਾਈ 1999 ਤੱਕ ਲੜੀ ਗਈ ਕਾਰਗਿਲ ਜੰਗ ਵਿਚ ਵੀ 5062 ਮੀਟਰ ਦੀ ਉਚਾਈ ਵਾਲੀ ਚੋਟੀ ਟਾਈਗਰ ਹਿੱਲ ਨੂੰ ਪਾਕਿਸਤਾਨੀ ਘੁਸਪੈਠੀਆਂ ਦੇ ਕਬਜ਼ੇ ਚੋਂ ਛੁਡਾਉਣਾ ਇਕ ਚੁਣੌਤੀ ਸੀ। ਜਿਸਨੂੰ ਜਿੱਤਣ ਲਈ 8 ਸਿੱਖ ਰਜਮੈਂਟ, 2 ਨਾਗਾ ਅਤੇ 18 ਗ੍ਰਨੇਡੀਅਰ ਨੇ 12 ਘੰਟੇ ਦੇ ਸਖਤ ਮੁਕਾਬਲੇ ਪਿੱਛੋਂ ਇਸ ਚੋਟੀ ਨੂੰ ਜਿੱਤਕੇ ਤਿਰੰਗਾ ਝੰਡਾ ਲਹਿਰਾਇਆ। ਉਸ ਸਮੇਂ ਦੇ ਪਾਕਿਸਤਾਨੀ ਜਰਨੈਲਾਂ ਨੇ ਆਪਣੀਆਂ ਲਿਖਤਾਂ ਵਿਚ ਇਹ ਗੱਲ ਸਵੀਕਾਰ ਕੀਤੀ ਹੈ ਕਿ ਅਸੀਂ ਭਾਰਤ ਨਾਲ ਲੜੀਆਂ ਸਾਰੀਆਂ ਜੰਗਾਂ ਸਿੱਖਾਂ ਕਰਕੇ ਹਾਰੇ ਹਾਂ। ਹਾਲ ਹੀ ਵਿਚ ਹੋਈ ਕੁੱਝ ਦਿਨ ਦੀ ਜੰਗ ਵਿਚ ਵੀ ਏਅਰਚੀਫ ਮਾਰਸ਼ਲ ਅਮਨਪ੍ਰੀਤ ਸਿੰਘ ਦੀ ਹੀ ਅਹਿਮ ਭੂਮਿਕਾ ਰਹੀ।
ਗੁਰਭੇਜ ਸਿੰਘ ਚੌਹਾਨ
98143 06545