ਓਹ ਵੇਲ਼ਾ ਯਾਦ ਕਰ

ਮੇਲੇ ‘ਚ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ

ਦਰਸ਼ਕ ਮਨਾਂ ‘ਤੇ ਦੇਰ ਤੱਕ ਛਾਇਆ ਰਹੇਗਾ ਐਬਸਫੋਰਡ ਵਿਚ ਲਾਇਆ ‘ਮੇਲਾ ਵਿਰਸੇ ਦਾ’

ਮੇਲੇ ‘ਚ ਪੰਜਾਬ ਦੇ ਪੇਂਡੂ ਸੱਭਿਆਚਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਸਜਾਇਆ ਗਿਆ

ਸਰੀ, (ਹਰਦਮ ਮਾਨ)-ਪੰਜਾਬੀ ਵਿਰਸੇ ਨੂੰ ਕੈਨੇਡਾ ‘ਚ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਸੰਸਥਾ ‘ਵਿਰਸਾ ਫਾਊਂਡੇਸ਼ਨ’ ਵੱਲੋਂ 9ਵਾਂ ਸਲਾਨਾ ‘ਮੇਲਾ ਵਿਰਸੇ ਦਾ’ ਬੀਤੇ ਦਿਨ ਐਬਸਫੋਰਡ ਸ਼ਹਿਰ ਦੇ ਬਾਹਰਵਾਰ ਰਮਣੀਕ ਪਹਾੜੀਆਂ ਦੀ ਗੋਦ ਵਿਚ ਕਰਵਾਇਆ ਗਿਆ। ਮੇਲੇ ਦੇ ਖੁੱਲ੍ਹੇ ਪੰਡਾਲ ਵਿਚ ਪੰਜਾਬ ਬੇਹੱਦ ਖੂਬਸੂਰਤ ਅੰਦਾਜ਼ ਵਿਚ ਸਜਾ ਕੇ ਰੱਖੇ ਚਰਖੇ, ਚੱਕੀ, ਮਧਾਣੀ, ਮੰਜੇ, ਮੱਛਰਦਾਨੀ, ਪੁਰਾਣਾ ਚੁੱਲ੍ਹਾ ਚੌਂਕਾ, ਪੰਘੂੜਾ, ਪੀਂਘ, ਖੂਹ, ਵੰਗਾਂ, ਲਲਾਰੀ, ਪ੍ਰਾਇਮਰੀ ਸਕੂਲ ਅਤੇ ਹੋਰ ਕਈ ਦ੍ਰਿਸ਼ ਪੇਂਡੂ ਪੰਜਾਬੀ ਸੱਭਿਆਚਾਰ ਦੀ ਦਿਲਕਸ਼ ਤਸਵੀਰ ਪੇਸ਼ ਕਰ ਰਹੇ ਸਨ ਅਤੇ ਮੇਲੇ ਵਿਚ ਪਹੁੰਚੀਆਂ ਮੇਲਣਾਂ ਨੂੰ ਮੋਹ ਰਹੇ ਸਨ। ਸਮੁੱਚਾ ਮਾਹੌਲ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸੱਤਵੇਂ ਦਹਾਕੇ ਦੇ ਕਿਸੇ ਪਿੰਡ ਵਿਚ ਘੁੰਮ ਰਹੇ ਹੋਈਏ। ਇਕ ਪਾਸੇ ਸਜਾਈ ਵਿਸ਼ਾਲ ਸਟੇਜ ਉੱਪਰ ਵੱਖ ਵੱਖ ਗਾਇਕਾਂ ਅਤੇ ਹੋਰ ਕਲਾਕਾਰਾਂ ਵੱਲੋਂ ਗੀਤਾਂ, ਕੋਰੀਓਗ੍ਰਾਫੀਆਂ, ਗਿੱਧੇ, ਭੰਗੜੇ, ਜਾਗੋ ਵਿਆਹ ਵਰਗਾ ਮਾਹੌਲ ਸਿਰਜਿਆ ਜਾ ਰਿਹਾ ਸੀ।

ਦਸ਼ਮੇਸ਼ ਸਕੂਲ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਦੇ ਗਾਇਨ ਨਾਲ ਮੇਲੇ ਦਾ ਆਗਾਜ਼ ਹੋਇਆ। ਉਪਰੰਤ ਸਕੂਲੀ ਬੱਚੀ ਜਪਜੀ ਵੱਲੋਂ ‘ਮਾਂ ਬੋਲੀ ਮੇਰੀ ਪੰਜਾਬੀ’ ਕਵਿਤਾ ਸੁਣਾਈ, ਗੁਰਦੇਵ ਕੌਰ ਵੱਲੋਂ ਪੰਜਾਬ ਦੇ ਪੁਰਾਤਨ ਲੋਕ ਸਾਜ਼ ‘ਅਲਗੋਜੇ’ ਅਤੇ ‘ਵੰਝਲੀ’ ਨਾਲ ਪੇਸ਼ ਕੀਤੇ ਗੀਤ ਨੇ ਸਰੋਤਿਆਂ ਨੂੰ ਬੇਹੱਦ ਅਨੰਦਿਤ ਕੀਤਾ। ਨੌਜਵਾਨ ਗਾਇਕਾ ਸੁਰਲੀਨਾ ਅਤੇ ਸਾਥਣਾਂ ਵੱਲੋ ‘ਚੰਨ ਵੇ ਕਿ ਸ਼ੌਂਕਣ ਮੇਲੇ ਦੀ’ ਅਤੇ ‘ਗਲੀ ਗਲੀ ਵਣਜਾਰਾ ਫਿਰਦਾ’ ਗੀਤਾਂ ਰਾਹੀਂ ਅੱਧਖੜ੍ਹ ਉਮਰ ਦੇ ਸਰੋਤਿਆਂ ਦੀਆਂ ਯਾਦਾਂ ਨੂੰ ਹਲੂਣਿਆ। ਕੈਸ਼ ਤੇ ਪੈਨ ਚਾਹਲ, ਸ਼ਾਂਤੀ ਥੰਮਣ ਤੇ ਮਨਜੀਤ ਉੱਪਲ, ਜਸ ਗਰੇਵਾਲ ਤੇ ਰਜਿੰਦਰ ਕੌਰ ਦੀਆਂ ਜੋੜੀਆਂ ਨੇ ਵੀ ਗੀਤਾਂ ਦੀ ਛਹਿਬਰ ਲਾਈ। ਡਾਂਸ ਅਕੈਡਮੀ ਦੀਆਂ ਮੁਟਿਆਰਾਂ ਵੱਲੋਂ ਪੇਸ਼ ਕੀਤੇ ਗਏ ਗਿੱਧੇ ਅਤੇ ਅਨਮੋਲ ਰਤਨ ਦੀ ਟੀਮ ਵੱਲੋਂ ਪੇਸ਼ ਕੀਤੇ ਭੰਗੜੇ ਨੇ ਸੈਂਕੜੇ ਦਰਸ਼ਕਾਂ ਦੇ ਪੈਰ ਥਿਰਕਣ ਲਾ ਦਿੱਤੇ।

ਉੱਭਰਦੇ ਗਾਇਕ ਸਿਮਰ ਦਿਓਲ, ਏਕ ਨੂਰ ਧਾਲੀਵਾਲ ਅਤੇ ਉੱਘੀ ਗਾਇਕਾ ਦੀਪ ਕੌਰ ਨੇ ਵੀ ਆਪਣੀ ਕਲਾ ਰਾਹੀਂ ਹਾਜਰੀ ਲਵਾਈ। ਪ੍ਰਸਿੱਧ ਲੋਕ ਗਾਇਕਾ ਕਮਲਜੀਤ ਨੀਰੂ ਨੇ ਆਪਣੇ ਚਰਚਿਤ ਗੀਤ ‘ਭਿੱਜ ਗਈ ਕੁੜਤੀ ਲਾਲ ਗਿੱਧੇ ਵਿਚ ਨੱਚਦੀ ਦੀ’, ‘ਰੂੜਾ ਮੰਡੀ ਜਾਵੇ’ ਅਤੇ ‘ਸੀਟੀ ਤੇ ਸੀਟੀ ਵੱਜੀ’ ਨਾਲ ਕਈਆਂ ਦੇ ਦਿਲਾਂ ਦੀਆਂ ਸੀਟੀਆਂ ਵੱਜਣ ਲਾ ਦਿੱਤੀਆਂ ਅਤੇ ਮੁਟਿਆਰਾਂ ਨੂੰ ਆਪ ਮੁਹਾਰੇ ਨੱਚਣ ਲਾ ਦਿੱਤਾ।

ਮੇਲੇ ਦੇ ਇੱਕ ਕੋਨੇ ਵਿਚ ਸਜਾਏ ਬਾਜ਼ਾਰ ਕੱਪੜਿਆਂ, ਗਹਿਣਿਆਂ ਦੇ ਸਟਾਲ ਲਾਏ ਗਏ। ਗੁਲਾਟੀ ਪਬਲਿਸ਼ਰਜ਼ ਸਰੀ ਵੱਲੋਂ ਸਤੀਸ਼ ਗੁਲਾਟੀ ਅਤੇ ਹਰਦਮ ਮਾਨ ਨੇ ਕਿਤਾਬਾਂ ਦੀ ਪ੍ਰਦਰਸ਼ਨੀ ਲਾ ਕੇ ਮੇਲੇ ਦੇ ਸ਼ੋਕੀਨਾਂ ਨੂੰ ਸਾਹਿਤਕ ਕਿਰਤਾਂ ਨਾਲ ਜੁੜ ਕੇ ਆਪਣੀ ਸ਼ਖ਼ਸੀਅਤ ਨੂੰ ਨਿਖਾਰਨ ਦਾ ਸੱਦਾ ਦਿੱਤਾ। ਨਿਊ ਐਬੀ ਕੁਜ਼ੀਨ ਦੀ ਟੀਮ ਵੱਲੋਂ ਪਰੋਸੇ ਗਏ ਸਵਾਦਲੇ ਭੋਜਨ ਦਾ ਵੀ ਸਾਰਿਆਂ ਨੇ ਆਨੰਦ ਮਾਣਿਆ।

ਮੇਲੇ ਵਿਚ ਪਹੁੰਚ ਕੇ ਨੌਜਵਾਨ ਐਮ.ਪੀ. ਸੁਖਮਨ ਗਿੱਲ, ਪ੍ਰਸਿੱਧ ਵਿਦਵਾਨ ਡਾ. ਬਲਵਿੰਦਰ ਕੌਰ ਬਰਾੜ, ਬੀ.ਸੀ. ਦੇ ਪ੍ਰਸਿੱਧ ਬਿਜ਼ਨਸਮੈਨ ਅਤੇ ਸਮਾਜ ਸੇਵਕ ਜੇ. ਮਿਨਹਾਸ, ਦਵਿੰਦਰ ਬਚਰਾ, ਸੋਨੀ ਝਾਵਰ, ਕੈਲ ਦੁਸਾਂਝ, ਨਵਲਪ੍ਰੀਤ ਰੰਗੀ, ਰੇਡੀਓ ਹੋਸਟ ਬਲਜਿੰਦਰ ਅਟਵਾਲ, ਸੁਖਜੀਤ ਹੁੰਦਲ, ਪ੍ਰੋ. ਹਰਿੰਦਰ ਸੋਹੀ, ਡਾ. ਗੁਰਮਿੰਦਰ ਸਿੱਧੂ, ਨਾਵਲਕਾਰ ਹਰਕੀਰਤ ਕੌਰ ਚਾਹਲ, ਮੀਰਾ ਗਿੱਲ, ਜਸਬੀਰ ਮਾਨ, ਡਾ. ਜਸ ਮਲਕੀਤ, ਨਵਜੋਤ ਢਿੱਲੋਂ, ਪ੍ਰੀਤ ਅਟਵਾਲ ਪੂਨੀ, ਨਿਰਮਲ ਗਿੱਲ, ਪਰਮਿੰਦਰ ਸਵੈਚ, ਬਚਿੰਤ ਕੌਰ ਬਰਾੜ, ਲਿਸਬਰਨ ਮੈਨ, ਲਿੰਡਾ ਐਨਸ, ਤ੍ਰਿਪਤ ਅਟਵਾਲ, ਦੇਵ ਸਿੱਧੂ, ਜੈਸ ਗਿੱਲ, ਅਰਸ਼ ਕਲੇਰ, ਟੀਵੀ ਹੋਸਟ ਕੁਲਦੀਪ ਸਿੰਘ, ਪ੍ਰਭਜੋਤ ਕਾਹਲੋਂ, ਗੁਰਮੀਤ ਬੈਨੀਪਾਲ, ਭੰਗੜਾ ਕੋਚ ਜਸਵੀਰ ਸਿੰਘ, ਮਨਜੀਤ ਥਿੰਦ, ਹਰਨੀਤ, ਮੋਹਨ ਬਚਰਾ ਨੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਪ੍ਰਸੰਸਾ ਕੀਤੀ। ਬਲਜਿੰਦਰ ਗਿੱਲ ਅਤੇ ਹਰਸ਼ਰਨ ਧਾਲੀਵਾਲ ਨੇ ਮੰਚ ਦਾ ਸੰਚਾਲਨ ਬਾਖੂਬੀ ਅੰਦਾਜ਼ ਵਿਚ ਕੀਤਾ। ਅੰਤ ਵਿਚ ਫਾਊਂਡੇਸ਼ਨ ਦੀ ਪ੍ਰਧਾਨ ਧਰਮਵੀਰ ਧਾਲੀਵਾਲ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਸਾਰੇ ਸਹਿਯੋਗੀਆਂ, ਸਪਾਂਸਰਾਂ ਅਤੇ ਦਰਸ਼ਕਾਂ-ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।

Show More

Related Articles

Leave a Reply

Your email address will not be published. Required fields are marked *

Back to top button
Translate »