ਖ਼ਬਰ ਪੰਜਾਬ ਤੋਂ ਆਈ ਐ ਬਈ

ਹੜ੍ਹਾਂ ਦਾ ਕਹਿਰ ਅਤੇ ਵਿਧਾਇਕ ਤੇ ਪੁਲਿਸ ਅਪਰੇਸ਼ਨ 

O ਮੋਹਨ ਸ਼ਰਮਾ 

ਇਸ ਵੇਲੇ ਪੰਜਾਬ ਦੇ 23 ਜਿਲ੍ਹਿਆਂ ਵਿੱਚੋਂ 22 ਜ਼ਿਲਿਆਂ ਦੇ ਲੋਕ ਹੜ੍ਹਾਂ ਦੇ ਕਹਿਰ ਕਾਰਨ ਘਰੋਂ ਬੇਘਰ ਹੋ ਗਏ ਹਨ। ਇੱਕ ਪਾਸੇ ਹੜ੍ਹਾਂ ਕਾਰਨ ਪੰਜਾਬ ਬੇਹਾਲ ਹੈ। ਦੂਜੇ ਪਾਸੇ ਦਰਿਆ ਅਤੇ ਡੈਮ ਨੱਕੋ ਨੱਕ ਭਰੇ ਹੋਏ ਮਨੁੱਖੀ ਜਾਨ ਮਾਲ, ਪਸ਼ੂਆਂ ਅਤੇ ਫਸਲਾਂ ਦਾ ਨੁਕਸਾਨ ਕਰ ਰਹੇ ਹਨ।। ਲੋਕ ਭੈਅ ਭੀਤ ਹਨ। ਅਜਿਹਾ ਕਹਿਰ 1988 ਤੋਂ ਬਾਅਦ ਦੂਜੀ ਵਾਰ ਪੰਜਾਬੀਆਂ ਦੇ ਹਿੱਸੇ ਆਇਆ ਹੈ।11ਅਗਸਤ ਤੋਂ ਲਗਾਤਾਰ ਭਾਰੀ ਮੀਂਹ ਕਾਰਨ 1655 ਪਿੰਡਾਂ ਦੇ 3.55 ਲੱਖ ਲੋਕ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ। ਹੁਣ ਤਕ 37 ਲੋਕ ਹੜ੍ਹਾਂ ਦੀ ਲਪੇਟ ਵਿੱਚ ਆ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ ਅਤੇ ਕੁਝ ਵਿਅਕਤੀ ਲਾਪਤਾ ਵੀ ਹਨ ਇਨਾਂ ਹੜ੍ਹਾਂ ਕਾਰਨ 365 ਪਸ਼ੂਆਂ ਦੀ ਮੌਤ ਵੀ ਹੋ ਚੁੱਕੀ ਹੈ। 11750 ਮੁਰਗੀਆਂ ਵੀ ਹੜ੍ਹਾਂ ਦੀ ਮਾਰ ਕਾਰਨ ਮਰ ਗਈਆਂ ਹਨ। ਪਾਣੀ ਵਿੱਚ ਕਰੰਟ ਆਉਣ ਕਾਰਨ ਲੁਧਿਆਣੇ ਵਿੱਚ ਤਿੰਨ ਬੱਚਿਆਂ ਦੀ ਮੌਤ ਹੋ ਗਈ ਹੈ। ਘੱਗਰ ਦਰਿਆ ਖਤਰੇ ਦੇ ਨਿਸ਼ਾਨ ਤੋਂ ਟੱਪਣ ਕਾਰਨ ਪਟਿਆਲਾ ਜ਼ਿਲੇ ਦੇ 21 ਪਿੰਡ ਅਤੇ ਰਾਜਪੁਰਾ ਇਲਾਕੇ ਦੇ 10 ਪਿੰਡਾਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ। ਘੱਗਰ ਦਰਿਆ ਦੇ ਨਾਲ ਨਾਲ ਸਤਲੁਜ, ਰਾਵੀ, ਟਾਂਗਰੀ ਨਦੀ, ਚਿੱਟੀ ਵੇਈਂ ਦੇ ਕਈ ਥਾਵਾਂ ਤੋਂ ਟੁੱਟੇ ਬੰਨ੍ਹਾਂ ਕਾਰਨ ਫਸਲਾਂ ਅਤੇ ਘਰ ਢਹਿ ਢੇਰੀ ਹੋ ਰਹੇ ਹਨ। ਗੁਰਦਾਸਪੁਰ ਜ਼ਿਲ੍ਹੇ ਦੇ ਕਈ ਪਿੰਡਾਂ ਵਿੱਚ ਨੌ-ਨੌ ਫੁੱਟ ਪਾਣੀ ਵਗ ਰਿਹਾ ਹੈ। ਛੱਤਾਂ ਤੇ ਬੈਠੇ ਲੋਕ ਵੀ ਆਪਣੇ ਆਪ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ। ਹੜ੍ਹਾਂ ਕਾਰਨ ਰੇਲਾਂ ਦੀਆਂ ਪਟੜੀਆਂ ਉੱਪਰ ਵੀ ਪਾਣੀ ਵਗਣ ਕਾਰਨ ਰੇਲ ਮਾਰਗ ਵੀ ਪ੍ਰਭਾਵਿਤ ਹੋਇਆ ਹੈ ਅਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਰੇਲ ਮਾਰਗ ਠੱਪ ਹੋ ਗਿਆ ਹੈ। 

ਸਰਕਾਰ ਵੱਲੋਂ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ, ਜਿਸ ਅਨੁਸਾਰ 4.35 ਲੱਖ ਏਕੜ ਫਸਲਾਂ ਨੂੰ ਨੁਕਸਾਨ ਪੁੱਜਿਆ ਹੈ, ਜਿਸ ਵਿੱਚ ਗੁਰਦਾਸਪੁਰ ਜਿਲ੍ਹੇ ਵਿੱਚ ਇਕ ਲੱਖ ਏਕੜ ਅਤੇ ਅੰਮ੍ਰਿਤਸਰ ਵਿੱਚ 70537 ਏਕੜ ਫਸਲਾਂ ਦਾ ਨੁਕਸਾਨ ਸ਼ਾਮਿਲ ਹੈ। ਕਿਸਾਨਾਂ ਦੀਆਂ ਫਸਲਾਂ ਵਿੱਚ ਝੋਨਾ, ਮੱਕੀ, ਗੰਨਾ ਅਤੇ ਨਰਮੇ ਦੀਆਂ ਫਸਲਾਂ ਹੜ੍ਹਾਂ ਦੀ ਕਰੋਪੀ ਦਾ ਸ਼ਿਕਾਰ ਹੋਈਆਂ ਹਨ। ਇਸ ਭਾਰੀ ਨੁਕਸਾਨ ਨੇ ਸੂਬੇ ਦੀ ਆਰਥਿਕਤਾ ਅਤੇ ਵਾਤਾਵਰਨ ਨੂੰ ਵੀ ਡੂੰਘਾ ਝਟਕਾ ਦਿੱਤਾ ਹੈ। ਹੜ੍ਹਾਂ ਕਾਰਨ 845 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ ਅਤੇ 3254 ਹੋਰ ਘਰ ਡਿਗੂੰ ਡਿਗੂੰ ਦੀ ਹਾਲਤ ਵਿੱਚ ਹਨ। ਰਸਤੇ ਪੁੱਲ ਅਤੇ ਬਿਜਲੀ ਦੀਆਂ ਲਾਈਨਾਂ ਤਬਾਹ ਹੋਣ ਕਾਰਨ ਆਵਾਜਾਈ ਅਤੇ ਵਿਉਪਾਰ ਨੂੰ ਵੀ ਡੂੰਘੀ ਸੱਟ ਵੱਜੀ ਹੈ।

A flooded locality in Patiala, Punjab. Image Courtesy: PTI

ਪੰਜਾਬ ਦਾ ਤਕਰੀਬਨ ਹਰ ਕਿਸਾਨ ਔਸਤਨ 3.5 ਲੱਖ ਦਾ ਕਰਜ਼ਈ ਹੈ। ਫਸਲਾਂ ਦੀ ਬਰਬਾਦੀ ਨੇ ਉਸ ਦੀ ਹਾਲਤ ਪਾਣੀਉਂ ਪਤਲੀ ਕਰ ਦਿੱਤੀ ਹੈ। ਪਾਣੀ ਸੁੱਕਣ ਉਪਰੰਤ ਖੇਤਾਂ ਵਿੱਚ ਰੇਤੇ ਦੀ ਪਰਤ ਜੰਮਣ ਕਾਰਨ ਕਿਸਾਨਾਂ ਨੂੰ ਦੁਬਾਰਾ ਫਸਲ ਬੀਜਣ ਸਮੇਂ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ।

ਪੰਜਾਬ ਸਰਕਾਰ ਵੱਲੋਂ ਸਮਾਜ ਸੇਵਕਾਂ ਦੇ ਸਹਿਯੋਗ ਨਾਲ 171 ਰਾਹਤ ਕੈਂਪਾਂ ਵਿੱਚ 5167 ਲੋਕਾਂ ਨੂੰ ਪਹੁੰਚਾਇਆ ਗਿਆ ਹੈ ਅਤੇ 19597 ਲੋਕਾਂ ਨੂੰ ਹੜ੍ਹਾਂ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਰਾਹਤ ਕਾਰਜਾਂ ਲਈ ਆਮ ਲੋਕ, ਸਮਾਜ ਸੇਵਕ, ਫੌਜ, ਪੁਲਿਸ ਅਤੇ ਐਨ. ਡੀ. ਆਰ. ਐਸ ਦੇ ਜਵਾਨ ਤਨਦੇਹੀ ਨਾਲ ਲੱਗੇ ਹੋਏ ਹਨ। ਪੰਜਾਬ ਸਰਕਾਰ ਨੇ ਹੜ੍ਹ ਰਾਹਤ ਤੇ ਮੁੜ ਵਸੇਬੇ ਲਈ 71 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਦਰਮਿਆਨ ਪਹਿਲੇ ਪੜਾਅ ਵਿੱਚ 35.50 ਕਰੋੜ ਰੁਪਏ ਹਰ ਜਿਲ੍ਹੇ ਨੂੰ ਜਾਰੀ ਕੀਤੇ ਜਾ ਚੁੱਕੇ ਹਨ। ਕਈ ਥਾਵਾਂ ਤੇ ਰਾਹਤ ਕਾਰਜਾਂ ਲਈ ਕਿਸ਼ਤੀਆਂ ਅਤੇ ਥੈਲਿਆਂ ਦੀ ਘਾਟ ਰੜਕਦੀ ਹੈ। ਜਿਸ ਤਰੀਕੇ ਨਾਲ ਕਲਾਕਾਰ, ਸਮਾਜ ਸੇਵੀ, ਮੁਲਾਜ਼ਮ ਵਰਗ, ਪਤਰਕਾਰ ਭਾਈਚਾਰਾ ਅਤੇ ਸਮਾਜ ਦਾ ਹਰ ਵਰਗ ਇਸ ਸੰਕਟ ਦੀ ਘੜੀ ਵਿੱਚ ਅੱਗੇ ਆਏ ਹਨ, ਇਸ ਦੇ ਲਈ ਉਹ ਵਧਾਈ ਦੇ ਪਾਤਰ ਹਨ।

ਦੂਜੇ ਪਾਸੇ ਦੁਖਾਂਤਕ ਪੱਖ ਇਹ ਵੀ ਹੈ ਕਿ ਕੁਝ ਅਖੌਤੀ ਸਮਾਜ ਸੇਵਕ ਮੁਫ਼ਤ ਦੀ ਪ੍ਰਸ਼ੰਸ਼ਾ ਲਈ ਬਿਸਕੁਟਾਂ ਵਗੈਰਾ ਦੇ ਇੱਕ ਦੋ ਪੈਕਟ ਲੋੜਵੰਦਾਂ ਦੇ ਹੱਥਾਂ ਵਿੱਚ ਫੜਾ ਕੇ ਫੋਟੋ ਸੈਸ਼ਨ ਤੇ ਜ਼ੋਰ ਲਾ ਰਹੇ ਹਨ। ਦਰਅਸਲ ਅਜਿਹੇ ਦਾਨੀਆਂ ਦੀ ਸਥਿਤੀ ਇਸ ਤਰ੍ਹਾਂ ਦੀ ਹੈ:-

ਇਕ ਦੋ ਕੇਲੇ, ਇੱਕ ਅੱਧ ਪੈਕਟ ਸਾਡੇ ਹੱਥ ਫੜਾਕੇ।

ਅੰਨਦਾਤਾ ਉਹ ਬਣ ਜਾਂਦੇ ਨੇ ਇਕ ਫੋਟੋ ਖਿਚਵਾਕੇ।

ਇੱਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਕਈ ਸਮਾਜ ਦੋਖੀਆਂ ਨੇ ਇਸ ਦੁੱਖ ਦੀ ਘੜੀ ਦਾ ਆਰਥਿਕ ਲਾਭ ਲੈਣ ਦੀ ਕੋਸ਼ਿਸ਼ ਕੀਤੀ ਹੈ। ਕਈ ਭੱਦਰ ਪੁਰਸ਼ਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਆਪਣੇ ਬੈਂਕ ਖਾਤੇ ਦਾ ਨੰਬਰ ਦੇ ਕੇ ਪੈਸੇ ਭੇਜਣ ਦੀ ਅਪੀਲ ਕੀਤੀ ਹੈ। ਅਜਿਹੇ ਠੱਗਾਂ ਤੋਂ ਸੁਚੇਤ ਰਹਿਣਾ ਵੀ ਜਰੂਰੀ ਹੈ। 

ਹਾਂ, ਹੜ੍ਹਾਂ ਦੀ ਮਾਰੂ ਸਥਿਤੀ ਸਮੇਂ ਸਿਆਸੀ ਵਾਅ-ਵਰੋਲੇ ਦਾ ਜ਼ਿਕਰ ਕਰਨਾ ਵੀ ਜਰੂਰੀ ਹੈ। ਪੰਜਾਬ ਦੇ ਸਨੌਰ ਇਲਾਕੇ ਦਾ ਵਿਧਾਇਕ ਸਟੇਟ ਦੇ ਪ੍ਰਬੰਧਕੀ ਕੰਮਾਂ ਵਿੱਚ ਦਿੱਲੀ ਵਾਲੇ ਆਗੂਆਂ ਦੀ ਲੋੜ ਤੋਂ ਜ਼ਿਆਦਾ ਦਾਖਲ ਅੰਦਾਜ਼ੀ ਅਤੇ ਪੰਜਾਬ ਦੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਸੀ। ਇੱਕ ਨਵੰਬਰ ਨੂੰ ਉਸਨੇ ਟਾਂਗਰੀ ਨਦੀ ਤੇ ਕਿਸ਼ਤੀ ਵਿੱਚ ਬਹਿਕੇ ਬੁਲੰਦ ਆਵਾਜ਼ ਵਿੱਚ ਕਿਹਾ ਕਿ ਵਿਧਾਇਕਾਂ ਨੂੰ ਪੰਜਾਬ ਵਿੱਚ ਦਿੱਲੀ ਵਾਲਿਆਂ ਦੀ ਹਰ ਪ੍ਰਬੰਧਕੀ ਕੰਮ ਵਿੱਚ ਨਜਾਇਜ਼ ਦਾਖਲ ਅੰਦਾਜੀ ਵਿਰੁੱਧ ਆਵਾਜ਼ ਉਠਾਉਣੀ ਚਾਹੀਦੀ ਹੈ। ਉਸਨੇ ਇਹ ਵੀ ਕਿਹਾ ਕਿ ਦਿੱਲੀ ਵਾਲਿਆਂ ਦੀਆਂ ਨੀਲੀਆਂ ਫਿਲਮਾਂ ਵੀ ਮੇਰੇ ਕੋਲ ਹਨ ਅਤੇ ਸਮਾਂ ਆਉਣ ਤੇ ਮੈਂ ਨਸ਼ਰ ਵੀ ਕਰਾਂਗਾ। 

ਇੱਥੇ ਇਹ ਵੀ ਵਰਨਣਯੋਗ ਹੈ ਕਿ ਸਨੌਰ ਵਾਲਾ ਵਿਧਾਇਕ ਪੰਜਾਬ ਦੇ ਮੁੱਖ ਮੰਤਰੀ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਹੈ।

ਭਲਾਂ, ਦਿੱਲੀ ਵਾਲੇ ਇਹੋ ਜਿਹੇ ਚੁਭਵੇਂ ਸ਼ਬਦ ਕਿੰਝ ਬਰਦਾਸ਼ਤ ਕਰ ਲੈਂਦੇ? ਉਨਾਂ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇੱਕ ਨਵੰਬਰ ਨੂੰ ਹੀ ਜਬਰ ਜਨਾਹ ਦੇ ਕੇਸ ਵਿੱਚ ਧਾਰਾ 376 ਅਧੀਨ ਮੁਕਦਮਾ ਦਰਜ ਕਰਕੇ ਉਸਨੂੰ ਕਰਨਾਲ ਨੇੜੇ ਪਿੰਡ ਡਬਰੀ ਵਿੱਚੋਂ ਗ੍ਰਿਫਤਾਰ ਕਰਨ ਲਈ ਦੋ ਨਵੰਬਰ ਨੂੰ ਸਵੇਰੇ ਹੀ ਐਂਟੀ ਗੈਂਗਸਟਰ ਟਾਸਕ ਫੋਰਸ ਭੇਜੀ ਗਈ। ਮੁਕੱਦਮੇ ਦਾ ਪਿਛੋਕੜ 2021 ਵਿੱਚ ਵਿਧਾਇਕ ਵਿਰੁੱਧ ਦਿੱਤੀ ਉਹ ਅਰਜ਼ੀ ਸੀ ਜਿਸ ਵਿੱਚ ਔਰਤ ਨੇ ਦੋਸ਼ ਲਾਇਆ ਸੀ ਕਿ ਵਿਧਾਇਕ ਨੇ ਪਹਿਲੀ ਪਤਨੀ ਹੁੰਦਿਆਂ ਉਸ ਨਾਲ 2021 ਵਿੱਚ ਵਿਆਹ ਕਰਵਾ ਕੇ ਧੋਖਾ ਦਿੱਤਾ ਸੀ।

ਹੁਣ ਇੱਥੇ ਵਿਸਥਾਰ ਵਿੱਚ ਜਾਣ ਦੀ ਥਾਂ ਤੇ ਇਹ ਗੰਭੀਰ ਹੋ ਕੇ ਸੋਚਣ ਵਾਲੀ ਗੱਲ ਹੈ ਕਿ ਔਰਤ ਤਾਂ ਇਨਸਾਫ ਲਈ 2021 ਤੋਂ ਰੌਲਾ ਪਾ ਰਹੀ ਸੀ, ਮੁਕੱਦਮਾ ਦਰਜ ਉਦੋਂ ਹੁੰਦਾ ਹੈ ਜਦੋਂ ਉਹ ਦਿੱਲੀ ਵਾਲਿਆਂ ਦੇ ਵਿਰੁੱਧ ਬੋਲਦਾ ਹੈ। ਇਸ ਤੋਂ ਪਹਿਲਾਂ ਔਰਤ ਦੀ ਬੇਨਤੀ ਕਿਉਂ ਨਹੀਂ ਸੁਣੀ ਗਈ? ਲੋਕ ਇਹ ਵੀ ਕਹਿੰਦੇ ਹਨ ਕਿ ਜੇਕਰ ਉਹ ਦੋਸ਼ੀ ਸੀ, ਫਿਰ ਪਾਰਟੀ ਵੱਲੋਂ ਉਸਨੂੰ 2022 ਵਿੱਚ ਚੋਣ ਲੜਨ ਲਈ ਟਿਕਟ ਹੀ ਕਿਉਂ ਦਿੱਤੀ ਗਈ?

ਇਸ ਵੇਲੇ ਜਦੋਂ ਲੋਕ ਪੀੜ੍ਹਤ ਹਨ, ਘਰੋਂ ਬੇਘਰ ਹੋ ਕੇ ਦਰ ਦਰ ਦੀਆਂ ਠੋਕਰਾਂ ਖਾ ਰਹੇ ਨੇ, ਉਸ ਸਮੇਂ ਪੁਲਿਸ ਦੀ ਧਾੜ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਦੀ ਥਾਂ ਚੰਗਾ ਹੁੰਦਾ ਜੇ ਇਹ ਪੁਲਿਸ ਦਾ ਵੱਡਾ ਕਾਫ਼ਲਾ ਹੜ੍ਹ ਪੀੜਤਾਂ ਦੀ ਮਦਦ ਲਈ ਭੇਜਿਆ ਜਾਂਦਾ। ਸਤਾ ਵਿਰੁੱਧ ਆਵਾਜ਼ ਉਠਾਉਣ ਵਾਲੇ ਵਿਧਾਇਕ ਨੂੰ “ਸੂਤ” ਕਰਨ ਲਈ ਅਤੇ ਦੂਜੇ ਵਿਧਾਇਕਾਂ ਨੂੰ “ਸੁਨੇਹਾ” ਦੇਣ ਲਈ ਇਹ ਸਮਾਂ ਢੁਕਵਾਂ ਨਹੀਂ ਸੀ।

ਕਿਸ਼ਨਪੁਰਾ ਬਸਤੀ, ਨਾਭਾ ਗੇਟ ਬਾਹਰ, ਸੰਗਰੂਰ।

ਸੰਪਰਕ : 94171-48866

Show More

Related Articles

Leave a Reply

Your email address will not be published. Required fields are marked *

Back to top button
Translate »