ਏਹਿ ਹਮਾਰਾ ਜੀਵਣਾ
ਬਾਬੇ ਸੌ ਦਾ ਲੀਟਰ ਪੇਸ਼ਾਬ ਵੇਚ ਗਏ–

ਖ਼ਵਾਬ
ਸਾਥੋਂ ਦੁੱਧ ਦੇ ਵੱਟ ਨਾ ਹੋਏ ਪੰਜਾਹ ਟਕੇ,
ਬਾਬੇ ਸੌ ਦਾ ਲੀਟਰ ਪੇਸ਼ਾਬ ਵੇਚ ਗਏ।
ਐਕਸਰਸਾਇਜ ਦਾ ਮੁੱਲ ਵੱਟਿਆ ਪੂਰਾ,
ਸੰਤ ਸਵਾਮੀ ਸੌਦਾ ਬੇਹਿਸਾਬ ਵੇਚ ਗਏ।
ਸਾਡੇ ਅੰਨ ਦਾ ਪੂਰਾ ਨਾ ਮੁੱਲ ਮਿਲਿਆ,
ਗੋਹਾ ਮਹਿੰਗੇ ਭਾਅ ਜਨਾਬ ਵੇਚ ਗਏ।
ਸਾਡੇ ਰਾਹਾਂ ਵਿੱਚ ਬੀਜ ਕੇ ਦੁੱਖਾਂ ਦੇ ਕੰਡੇ,
ਉਹ ਬਹਾਰਾਂ ਦੇ ਫੁੱਲ ਗੁਲਾਬ ਵੇਚ ਗਏ।
ਖ਼ਾਤਰ ਕੁਰਸੀ ਭਾਈਆਂ ਤੋਂ ਵੰਡ ਕੇ ਭਾਈ,
ਲੀਡਰ ਸਤਲੁਜ ਰਾਵੀ ਚਨਾਬ ਵੇਚ ਗਏ।
ਸਾਡੇ ਖੂਹਾਂ ਦੀਆਂ ਖੋਹ ਕੇ ਸਾਥੋਂ ਟਿੰਡਾਂ,
ਬੰਦ ਬੋਤਲਾਂ ਚ ਕਰਕੇ ਆਬ ਵੇਚ ਗਏ।
ਝੂਠੇ ਵਾਅਦਿਆਂ ਦੇ ਵਿਖਾ ਸਾਨੂੰ ਸੁਪਨੇ,
ਲੀਡਰ ਸਾਡਾ ਰੰਗਲਾ ਪੰਜਾਬ ਵੇਚ ਗਏ।
ਭਰੋਸਿਆਂ ਦੀ ਨੀਂਦ ਚ ਸੁੱਤਾ ਰਿਹਾ ਸੋਨੀ,
ਸਾਡੇ ਹਿੱਸੇ ਦੇ ਉਹ ਸਾਰੇ ਖ਼ਵਾਬ ਵੇਚ ਗਏ।
ਜਸਵੀਰ ਸੋਨੀ-+91 94787 76938




