ਖ਼ਬਰ ਪੰਜਾਬ ਤੋਂ ਆਈ ਐ ਬਈ

ਬਰਨਾਲੇ ਰੁਕ ਜਾਂਦੀ ਵੰਦੇ ਭਾਰਤੇ-ਆਮ ਆਦਮੀ ਬੈਠ ਵਿੱਚ ਜਾਂਦਾ

ਗੁਰਮੀਤ ਸਿੰਘ ਸੁਖਪੁਰ

ਵੰਦੇ ਭਾਰਤ ਟਰੇਨ ਭਾਰਤੀ ਰੇਲਵੇ ਵਿੱਚ ਆਤਮਨਿਰਭਰ ਭਾਰਤ ਦੀ ਤਕਨੀਕ ਹੁਣ ਵਿਦੇਸ਼ੀ ਮਾਡਲਾਂ ਨਾਲ ਮੁਕਾਬਲੇ ਬਾਜ਼ੀ ਵਿੱਚ ਸ਼ੁਮਾਰ ਹੈ।ਇਹ ਟ੍ਰੇਨ 180 ਕਿੱਲੋਮੀਟਰ ਦੀ ਤੇਜ਼ ਰਫ਼ਤਾਰੀ ਟਰੇਨ ਹੈ।ਇਹ ਟਰੇਨ ਆਟੋਮੈਟਿਕ ਕਿਚਨ ਸਿਸਟਮ,ਜ਼ਰੂਰੀ ਸਿਹਤ ਬਟਨ ,ਹਰ ਕੋਚ ਵਿੱਚ ਸੀ ਸੀ ਟੀ ਵੀ ਕੈਮਰੇ,ਆਟੋ ਦਰਵਾਜ਼ੇ,ਸੈਂਸਰ ਸਿਸਟਮ,ਰਿਕਲਾਈਨਰ ਸੀਟਾਂ,ਕਵਚ ਸੁਰੱਖਿਆ ਪ੍ਰਣਾਲੀ,ਫ੍ਰੀ ਵਾਈ ਫਾਈ ,ਏਅਰੋਡਾਇਨਾਮਿੱਕ ਡਿਜ਼ਾਈਨ,ਏਸੀ ਕਲਾਈਮੇਟ ਕੰਟਰੋਲ,ਇਨਫੋਟੇਨਮੈਂਟ ਸਕਰੀਨ ਤੇ ਯੂ ਐਸ ਬੀ ਚਾਰਜਿੰਗ ਪੋਰਟ ਆਦਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ।
ਵੰਦੇ ਭਾਰਤ ਪ੍ਰੋਜੈਕਟ ਦਾ ਸਾਰਾ ਫੰਡ ਭਾਰਤੀ ਰੇਲਵੇ ਦੇ ਬਜਟ ਵਿੱਚੋਂ ਆਉਂਦਾ ਹੈ।ਇੱਕ ਟ੍ਰੇਨ ਦੀ ਤਿਆਰੀ ਤੇ ਲੱਗਭੱਗ 130 ਕਰੋੜ ਦਾ ਖਰਚ ਆਉਂਦਾ ਹੈ ਤੇ ਕੇਂਦਰ ਸਰਕਾਰ ਨੇ 2025 ਤੱਕ 400 ਵੰਦੇ ਭਾਰਤ ਟਰੇਨਾਂ ਬਣਾਉਣ ਦਾ ਲਕਸ਼ ਰੱਖਿਆ ਗਿਆ ਹੈ ਜਿਸ ਲਈ 55000 ਕਰੋੜ ਦਾ ਬਜਟ ਨਿਰਧਾਰਤ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਇਹ ਟਰੇਨਾਂ ਪਬਲਿਕ ਪ੍ਰਾਈਵੇਟ ਪਾਰਟਨਰਸਿੱਪ (PPP) ਦੇ ਤਹਿਤ ਚਲਾਈਆਂ ਜਾਣਗੀਆਂ। ਕੇਂਦਰ ਦੀ ਭਾਜਪਾ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਇਹ ਕਿਹਾ ਜਾ ਸਕਦਾ ਹੈ ਕਿ ਲੋਕਾਂ ਦੇ ਟੈਕਸਾਂ ਦੇ ਪੈਸਿਆਂ ਨਾਲ ਤਿਆਰ ਕਰਵਾਈਆਂ ਗਈਆਂ ਇਹ ਟਰੇਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਤੇ ਫਿਰ ਉਨ੍ਹਾਂ ਪੁੰਜੀਪਤੀਆਂ ਨੇ ਆਪਣੀ ਇੱਛਾ ਅਨੁਸਾਰ ਰੇਲਵੇ ਕਿਰਾਇਆ ਤੈਅ ਕਰਨਾ ਹੈ।ਸੋ ਜ਼ਾਹਰ ਹੈ ਕਿ ਆਧੁਨਿਕ ਸਹੂਲਤਾਂ ਨਾਲ ਲੈਸ ਇਹ ਮਹਿੰਗੀਆਂ ਟਰੇਨਾਂ ਵੰਦੇ ਭਾਰਤ ਆਮ ਲੋਕਾਂ ਦੀ ਯਾਤਰਾ ਲਈ ਨਹੀਂ ਹਨ ਬਲਕਿ ਅਮੀਰ ਵਿਉਪਾਰੀਆਂ ਤੇ ਸਰਦੇ ਵਰਦੇ ਲੋਕਾਂ ਲਈ ਹੀ ਹੈ।

ਮੈਂ ਬਰਨਾਲਾ ਸ਼ਹਿਰ ਦਾ ਨਿਵਾਸੀ ਬਹੁਤ ਖੁਸ਼ ਹਾਂ ਕਿ ਬਰਨਾਲਾ ਰੇਲਵੇ ਸਟੇਸ਼ਨ ਤੇ ਬੰਦੇ ਮਾਤਰਮ ਟਰੇਨ ਰੁਕਿਆ ਕਰੇਗੀ ਤੇ ਆਮ ਆਦਮੀ ਨੂੰ ਇਸ ਦਾ ਫ਼ਾਇਦਾ ਮਿਲੇਗਾ ਪਰ ਹੁਣ ਪਤਾ ਚੱਲਿਆ ਕਿ ਇਹ ਤਾਂ ਬਠਿੰਡਾ ਧੂਰੀ ਤੇ ਪਟਿਆਲੇ ਵਾਲੇ ਖ਼ਾਸ ਆਦਮੀਆਂ ਲਈ ਹੀ ਰੁਕੇਗੀ।ਭਰਾਵੋ ਮੈਂ ਕੁੱਝ ਕਹਿਣਾ ਚਾਹੁੰਦਾ ਹਾਂ ਪਰੰਤੂ ਤੁਸੀਂ ਕਹਿਣਾ ਕਿ ਕਾਮਰੇਡੋ ਕਿਸੇ ਗੱਲ ਨੂੰ ਤਾਂ ਚੰਗੀ ਕਹਿ ਦਿਆ ਕਰੋ ਪਤੰਦਰੋ ਕਿਉਂ ਸੌਂ ਖਾਦੀ ਹੈ ਹਰੇਕ ਸਰਕਾਰੀ ਕੰਮ ਨੂੰ ਭੰਡਣ ਦੀ।ਭਰਾਵੋ ਭੰਡਾ ਨੇ ਤਾਂ ਪਿਛਲੀਆਂ ਸਰਕਾਰਾਂ ਨੂੰ ਭੰਡ ਕਿ ਕਦੋਂ ਦੀ ਕੁਰਸੀ ਸੰਭਾਲੀ ਹੋਈ ਹੈ ਤੇ ਹੁਣ ਸੁੰਨੀ ਛੱਡਣ ਨੂੰ ਜੀਅ ਨਹੀਂ ਕਰਦਾ ।ਕਦੇ ਕਦੇ ਰਾਤ ਨੂੰ ਸੁਪਨੇ ਵਿੱਚ ਭੰਡ ਨੂੰ ਆਪਣੀ ਭੰਡੀ ਸੁਣ ਕੇ ਇੰਝ ਲੱਗਦਾ ਕਿ ਹੁਣ ਨੀਂ ਰਹਿਣੀ ਕੁਰਸੀ ਇਹ ਤਾਂ ਗਈਓ ਸਮਝੋ ।ਪਰ ਫਿਰ ਪਹਿਲੇ ਪਹਿਰੀਂ ਕੁੱਕੜ ਦੀ ਬਾਂਗ ਤੋਂ ਪਹਿਲਾਂ ਆਵਾਜ਼ ਆਉਂਦੀ ਏ ਕਿ ਸੁੰਨੀ ਨਾ ਛੱਡਿਆ ਕਰ ਵੇ ਕੋਈ ਚੁਪਕੇ ਜੇ ਬਹਿ ਜਾਵੇਗਾ। ਚਲੋ ਖੈਰ ਜਿਵੇਂ ਕਿਵੇਂ ਚਿੱਟਿਆਂ ਨੀਲਿਆਂ ਤੋਂ ਸੁਰਖੁਰੂ ਹੋਈ ਤਾਂ ਅਖੌਤੀ ਭਗਤਿਆਂ ਨੂੰ ਵੀ ਖੂਬ ਝੂਟੇ ਦਿੱਤੇ। ਪਰੰਤੂ ਲੋਕਾਂ ਦੀਆਂ ਅੱਖਾਂ ਜੋ ਦੇਖਣਾ ਲੋਚਦੀਆਂ ਸਨ ਉਹ ਦੇਖ ਨਾ ਸਕੀਆਂ।ਲੋਕਾਂ ਦੇ ਮਨਾਂ ਵਿੱਚ ਪੈਦਾ ਕੀਤੇ ਗਏ ਸੁਪਨੇ ਕੁਰਸੀ ਤੇ ਬਹਿੰਦਿਆਂ ਹੀ ਉੱਡ ਪੁੱਡ ਗਏ।
ਇਸਤੋਂ ਚੰਗਾ ਹੁੰਦਾ ਜੇ ਪਹਿਲੇ ਝੂਟੇ ਹੀ ਕਹਿ ਦਿੱਤਾ ਜਾਂਦਾ “ਓ ਮੇਰੇ ਸੋਹਣਿਆਂ ਸੱਜਣਾਂ ਓ ਮੇਰੇ ਸੋਹਣਿਆਂ ਮਿੱਤਰਾ ਜੋ ਤੂੰ ਲੋਚਦੈਂ ਮੈਥੋਂ ਉਹ ਮੈਥੋਂ ਹੋ ਨਹੀਂ ਸਕਣਾ” ਸੋ ਗੱਲ ਕਿਸੇ ਹੋਰ ਪਾਸੇ ਚਲੀ ਗਈ ਮੈਂ ਕਹਿਣਾ ਚਾਹੁੰਦਾ ਹਾਂ ਮੇਰੀ ਗੱਲ ਪੂਰੀ ਪੜਨ ਤੋਂ ਬਾਅਦ ਕੋਈ ਸਿੱਟਾ ਕੱਢ ਲਿਓ ਮੈਂ ਐਡਾ ਵੀ ਵਿਰੋਧਸਿਰੀਆ ਤਾਂ ਨਹੀਂ। ਭਰਾਵੋ ਨਵੀਂ ਟ੍ਰੇਨ ਚਲਾਉਣ ਦਾ ਫ਼ੈਸਲਾ ਕਹਿਣ ਲਈ ਤੁਹਾਡੀ ਭਲਾਈ ਲਈ ਏਸੀ ਚੇਅਰ ਤੇ ਗਰਮੀਂ ਤੋਂ ਬਚਾਉਣ ਵਾਲਾ ਬਦਾਮਾਂ ਵਾਲਾ ਠੰਢਾ ਦੁੱਧ ਹੈ ਪਰੰਤੂ ਇਸਦੀ ਮਲਾਈ ਨੋਟ ਬੰਦੀ ਵੇਲੇ ਤੇ ਕਰੋਨਾਂ ਵੇਲੇ ਵਾਂਗ ਹੀ ਕਿਤੇ ਹੋਰ ਬੈਠਿਆਂ ਨੇ ਛਕ ਛੱਡਣੀ ਹੈ। ਪਹਿਲਾਂ ਚਲਦੀ ਇੰਟਰਸਿਟੀ ਜਿਹੜੀ ਬਠਿੰਡਿਓਂ ਚੱਲ ਕੇ ਰਾਮਪੁਰਾ ,ਤਪਾ, ਬਰਨਾਲਾ, ਧੂਰੀ ਤੇ ਪਟਿਆਲਾ ਆਦਿ ਸਾਰੇ ਸਟੇਸ਼ਨਾਂ ਤੇ ਰੁਕਦੀ ਹੋਈ 6 ਘੰਟਿਆਂ ਵਿੱਚ ਦਿੱਲੀ ਪਹੁੰਚਾਉਂਦੀ ਸੀ ਤੇ ਸਿਰਫ਼ 150 ਰੁਪਈਏ ਵਿੱਚ। ਆਹ ਜੋ ਨਵੀਂ ਨਵੀਂ ਵਿਆਹੀ ਦੁਲਹਨ ਵਾਂਗ ਜਚਦੀ ਤੇ ਫੱਬਦੀ ਏ ਖ਼ਰਚੀਲੀ ਬਹੁਤ ਜੇ,ਇਹ ਬਠਿੰਡੇ ਤੋਂ ਦਿੱਲੀ ਤੱਕ ਲੱਗਭੱਗ 1250 ਰੁਪਏ ਵਿੱਚ ਪਹੁੰਚਾਵੇਗੀ।ਤੁਹਾਤੋਂ ਬਹੁਤੀ ਦੇਰ ਇਸਦੀ ਇਸ਼ਕੇ ਮਜਾਜੀ ਝੱਲੀ ਨਹੀਂ ਜਾਣੀ ਤੇ ਪਹਿਲਾਂ ਵਾਲੀ ਘੱਟ ਖ਼ਰਚੀਲੀ ,ਇਨ੍ਹਾਂ ਨੇ ਕਿਸੇ ਆਪਣੇ ਨਾਲ ਹੀ ਤੋਰ ਛੱਡਣੀ ਜੇ।ਫਿਰ ਤੁਸੀਂ ਅੱਖਾਂ ਤੇ ਹੱਥ ਧਰਕੇ ਰੋਈ ਜਾਂਦੇ ਇਹੀ ਕਹਿਣਾ ਨਹੀਂਓਂ ਭੁੱਲਣਾ ਵਿਛੋੜਾ ਸਾਨੂੰ ਤੇਰਾ ਨੀਂ ਸਸਤਿਆਂ ‘ਚ ਘਮਾਉਣ ਵਾਲੀਏ।ਜਿਥੋਂ ਤੱਕ ਇਸ ਟਰੇਨ ਦਾ ਬਰਨਾਲਾ ਸਟੇਸ਼ਨ ਤੇ ਰੁਕਣ ਦਾ ਮਾਮਲਾ ਹੈ,ਜ਼ਰਾ ਰੁਕੋ ਟਰੇਨ ਬਰਨਾਲੇ ਵੀ ਲਾਜ਼ਮੀ ਰੁਕੇਗੀ ਪਰੰਤੂ ਟਰੇਨ ਰੁਕਾਉਣ ਦੇ ਕਰੈਡਿਟ ਦਾ ਮਾਮਲਾ ਹੈ ਪਿਆਰੇ ! ਬੜੀ ਬੇਸ਼ਰਮ ਸਿਆਸਤ ਹੈ ਪਿਆਰੇ। ਟਰੇਨ ਨੂੰ ਰੁਕਵਾਉਣ ਲਈ ਪਹਿਲਾਂ ਮੰਗ ਕਰਵਾਈ ਜਾਵੇਗੀ ਤੇ ਢਿੱਲੋਂ ਸਾਹਿਬ ਤੱਕ ਪਹੁੰਚ ਕੀਤੀ ਜਾਵੇਗੀ,ਭਾਵੇਂ ਢਿੱਲੇ ਵੀ ਹੋਣ ਪਰੰਤੂ ਬਰਨਾਲੇ ਪਹੁੰਚਣ ਵਿੱਚ ਢਿੱਲ ਨਹੀਂ ਕਰਨਗੇ ਤੇ ਬਸ ਫਿਰ ਕੀ ਐਲਾਨ ਕਰਨਗੇ ਤੇ ਟਰੇਨ ਰੁਕੇਗੀ ਤੇ ਭਗਵੇਂ ਝੰਡੇ ਦਿਖਾਏ ਜਾਣਗੇ ਤੇ ਗੁਣਗਾਣ ਗਾਏ ਜਾਣਗੇ ਕਿ ਮੋਦੀ ਹੈ ਤੋ ਮੁਮਕਿਨ ਹੈ।
ਵਲੋਂ-: ਗੁਰਮੀਤ ਸਿੰਘ ਸੁਖਪੁਰ
(9465915763)
Sent from my iPhone

Show More

Related Articles

Leave a Reply

Your email address will not be published. Required fields are marked *

Back to top button
Translate »