ਸਮੁੰਦਰ ਦਾ ਕਿਨਾਰਾ

ਸਮੁੰਦਰ ਦਾ ਕਿਨਾਰਾ ਸਪੈਨਿਸ਼ ਬੈਂਕ ਵੈਨਕੂਵਰ

ਹਫਤੇ ਦਾ ਆਖਰੀ ਦਿਨ ਸੀ, ਬੱਚਿਆਂ ਨੂੰ ਛੁੱਟੀ ਸੀ ਤੇ ਇਸ ਲਈ ਉਹਨਾਂ ਨੇ ਪਹਿਲਾਂ ਹੀ ਵੈਨਕੂਵਰ ਜਾ ਕੇ ਘੁੰਮਣ ਦੀ ਯੋਜਨਾ ਬਣਾ ਲਈ ਸੀ। ਵੈਨਕੂਵਰ ਕੌਮਾਂਤਰੀ ਹਵਾਈ ਅੱਡਾ ਹੈ। ਸਮੁੰਦਰ ਟਾਪੂ ਰਿਚਮੰਡ ਬ੍ਰਿਟਿਸ਼ ਕਲੰਬੀਆ ਕਨੇਡਾ ਵਿੱਚ ਹੈ। ਉਸ ਦਿਨ ਸੂਰਜ ਸਵੇਰੇ 5.39 ਵਜੇ ਨਿੱਕਣਾ ਸੀ ਅਤੇ 8.58 ਸ਼ਾਮ ਨੂੰ ਛਿਪਣਾ ਸੀ। ਅਸੀਂ ਸਵੇਰੇ 11 ਕੁ ਵਜੇ ਤਿਆਰ ਹੋ ਕੇ ਸਰੀ ਤੋਂ ਵੈਨਕੂਵਰ ਲਈ ਰਵਾਨਾ ਹੋ ਗਏ। ਵੈਸੇ ਤਾਂ ਇਹ ਸਾਰਾ ਦੇਸ਼ ਹੀ ਹਰਾ ਭਰਿਆ ਹੈ, ਸਾਫ ਸੁਥਰਾ ਹੈ, ਇਥੇ ਕੁਦਰਤ ਦੀ ਬਖਸ਼ਿਸ਼ ਹੈ। ਸਭ ਤੋਂ ਪਹਿਲਾਂ ਅਸੀਂ ਮੈਕਗਲੈਨ ਆਰਥਰ ਵੈਨਕੂਵਰ ਪਹੁੰਚ ਗਏ। ਇਸ ਦਾ ਖੁੱਲਣ ਦਾ ਸਮਾਂ ਸਵੇਰੇ10 ਵਜੇ ਤੋਂ ਰਾਤ 9 ਵਜੇ ਤੱਕ ਦਾ ਹੈ। ਇਥੇ ਵੱਖ ਵੱਖ ਕੰਪਨੀਆਂ ਦੇ ਸਟੋਰ ਆਰਿੱਟ ਜੀਆ, ਬੌਸ, ਕੋਚ, ਜਿਮੀ ਚੂ, ਕੇਟ ਸਪੇਡ ਨਿਊਯਾਰਕ, ਮਾਈਕਲ ਕੋਰਜ਼, ਟੋਰੀ ਬਰਚ, ਮਾਰਕ ਜਾਕੋਬਜ, ਪੋਲੇ ਰੈਲਫ਼ ਲੌਰੈਨ, ਐਡੀਡਾਸ ਹਨ। ਇਥੇ ਰੈਸਟੋਰੈਂਟ ਬੀਬੋ ਪੀਜੀਰੀਆ, ਕੈਫੀ ਆਰਟੀ ਗਿਆਨੋ, ਕਸਟੀਲਾ ਚੀਜ਼ ਕੇਕ, ਚਾ ਹਾਊਸ, ਫੂਡ ਫੂਲ ਈਟਰੀ, ਹੂਗੋਜ਼ ਚੌਰਸ ਐਂਡ ਟੈਕੋਜ਼, ਜਾਪਾ ਡੋਗ, ਨੈਪਚੂਨ ਨੂਡਲ ਹਾਊਸ, ਸਟਾਰ ਬੱਕਸ ਹਨ। ਇਥੇ ਮਰਦਾਂ ਔਰਤਾਂ ਬੱਚਿਆਂ ਵਾਸਤੇ ਸਮਾਨ ਵੱਖ-ਵੱਖ ਸਟੋਰਾਂ ਵਿਚ ਲੈਸ ਕਰਕੇ ਮਿਲਦੇ ਹਨ। ਇੱਥੇ ਚੰਗੀ ਗੁਣਵੱਤਾ ਵਾਲੀਆਂ ਚੀਜ਼ਾਂ ਮਿਲਦੀਆਂ ਮਿਲਦੀਆਂ ਹਨ। ਇਥੇ ਵੱਖ-ਵੱਖ ਸ਼ੋਅ ਰੂਮ ਵਿੱਚ ਜਾ ਕੇ ਸ਼ਾਪਿੰਗ ਕਰਕੇ ਕਾਫੀ ਸਮਾਂ ਬਤੀਤ ਕੀਤਾ। ਇਥੇ ਕਈ ਘੰਟੇ ਲੰਘ ਗਏ। ਸਾਨੂੰ ਭੁੱਖ ਵੀ ਲੱਗ ਗਈ ਤੇ ਅਸੀਂ ਖਾਣਾ ਖਾ ਕੇ ਇਥੋਂ ਖਰੀਦੋ ਫਰੋਤ ਕਰਨ ਉਪਰੰਤ ਅਸੀਂ ਬਾਹਰ ਆ ਗਏ। ਇਸ ਦੇ ਬਿਲਕੁਲ ਸਾਹਮਣੇ ਏਅਰਪੋਰਟ ਸੀ ਅਤੇ ਇਸ ਦੇ ਬਾਹਰਵਾਰ ਇੱਕ ਸੜਕ ਏਅਰਪੋਰਟ ਦੇ ਨਾਲ ਨਾਲ ਜਾ ਰਹੀ ਸੀ ਤੇ ਕਾਫੀ ਅੱਗੇ ਜਾ ਕੇ ਹੋਰ ਵਹੀਕਲ ਖੜੇ ਸਨ। ਅਸੀਂ ਵੀ ਉਸ ਥਾਂ ਗੱਡੀ ਖੜਾ ਲਈ ਅਤੇ ਬਾਹਰ ਆ ਗਏ। ਏਅਰਪੋਰਟ ਦੀ ਚਾਰਵਾਰੀ ਦੀ ਫੈਂਸਿੰਗ ਕਰੀਬ15 ਫੁੱਟ ਉੱਚੀ ਲੱਗੀ ਹੋਈ ਸੀ। ਇਸ ਥਾਂ ਤੋਂ ਖੜ ਕੇ ਏਅਰਪੋਰਟ ਦੇ ਅੰਦਰ ਉਤਰਦੇ ਹਵਾਈ ਜਹਾਜ ਬਹੁਤ ਨੇੜੇ ਨਜ਼ਰ ਆ ਰਹੇ ਸਨ। ਹਵਾਈ ਜਹਾਜ ਪਹਿਲਾਂ ਕਾਫੀ ਦੂਰ ਤੋ ਹੌਲੀ ਹੌਲੀ ਨੇੜੇ ਆ ਕੇ ਹੇਠਾਂ ਉੱਤਰਦੇ ਹਨ। ਇਹ ਸੁੰਦਰ ਨਜ਼ਾਰਾ ਦੇਖ ਕੇ ਮਨ ਬਾਗੋ ਬਾਗ ਹੋ ਗਿਆ। ਇਹ ਨਜ਼ਾਰਾ ਜਹਾਜ ਵਿੱਚ ਬੈਠ ਕੇ ਨਹੀਂ ਆਉਂਦਾ ਇਹ ਤਾਂ ਜਹਾਜ ਉਤਰਦਿਆਂ ਨੇੜੇ ਖੜੋ ਕੇ ਆਉਂਦਾ ਹੈ। ਏਅਰਪੋਰਟ ਅਤੇ ਸਮੁੰਦਰ ਦੇ ਕਿਨਾਰੇ ਵਿਚਕਾਰ ਸੜਕ ਦੇ ਸਮੁੰਦਰ ਵਾਲੇ ਪਾਸੇ ਵੀ ਪੰਜ ਕੁ ਫੁੱਟ ਦਾ ਜੰਗਲਾ ਸੀ। ਇੱਥੇ ਹਰ ਪਾਸੇ ਆਮ ਲੋਕਾਂ ਦੀ ਸੁਰੱਖਿਆ ਲਈ ਪ੍ਰਬੰਧ ਕੀਤਾ ਹੋਇਆ ਸੀ। ਇਥੋਂ ਫਿਰ ਅਸੀਂ ਸਮੁੰਦਰ ਦੇ ਕਿਨਾਰੇ “ਸਪੈਨਿਸ਼ ਬੈਂਕ ਵੈਨਕੂਵਰ” ਵੱਲ ਨੂੰ ਚੱਲ ਪਏ। ਇਹ ਸਮੁੱਚਾ ਸਾਰਾ ਸ਼ਹਿਰ ਹੀ ਬਹੁਤ ਖੂਬਸੂਰਤ ਸੀ। ਅਸੀਂ ਸਮੁੰਦਰ ਦੇ ਕਿਨਾਰੇ ਪਹੁੰਚ ਕੇ ਗੱਡੀ ਪਾਰਕ ਕੀਤੀ ਅਤੇ ਇੱਥੇ ਥਾਂ ਥਾਂ ਤੇ ਪਾਰਕਿੰਗ ਪਰਚੀ ਆਨਲਾਈਨ ਪ੍ਰਾਪਤ ਕਰਨ ਲਈ ਪ੍ਰਬੰਧ ਕੀਤਾ ਹੋਇਆ ਹੈ। ਅਸੀਂ ਆਪਣੀ ਗੱਡੀ ਵਿੱਚੋਂ ਆਪਣੀ ਚਟਾਈ ਤੇ ਚਾਦਰ ਕੱਢੀ ਤੇ ਸਮੁੰਦਰ ਦੇ ਕਿਨਾਰੇ ਜਾ ਕੇ ਵਿਛਾ ਕੇ ਬੈਠ ਗਏ। ਅਸੀਂ ਇੱਕ ਵੱਡੀ ਛਤਰੀ ਉਪਰ ਤਾਣ ਲਈ ਅਤੇ ਇੱਕ ਕੁਰਸੀ ਬਾਹਰ ਕੱਢ ਕੇ ਰੱਖ ਲਈ। ਇੱਥੇ ਸਮੁੰਦਰ ਕਿਨਾਰੇ ਦਰਖਤਾਂ ਦੇ ਬਹੁਤ ਸਾਰੇ ਤਣੇ ਇੱਕ ਲੜੀ ਵਿੱਚ ਰੱਖੇ ਹੋਏ ਸਨ। ਬਹੁਤ ਸਾਰੇ ਸੈਲਾਨੀ ਇਹਨਾਂ ਤਣਿਆਂ ਦੇ ਉੱਪਰ ਬੈਠ ਕੇ ਧੁੱਪ ਦਾ ਆਨੰਦ ਮਾਣ ਰਹੇ ਸਨ। ਸਮੁੰਦਰ ਦੇ ਕਿਨਾਰੇ ਤੇ ਸਾਫ ਸੁਥਰੀ ਸੁੱਕੀ ਰੇਤਾ ਦਾ ਮੈਦਾਨ ਸੀ ਇਥੋਂ ਸਮੁੰਦਰ ਦਾ ਪਾਣੀ ਕਾਫੀ ਹੱਟਵਾਂ ਸੀ। ਅੱਜ ਸਮੁੰਦਰ ਬਿਲਕੁਲ ਸ਼ਾਂਤ ਸੀ। ਇਥੋਂ ਦਾ ਬਹੁਤ ਸੁੰਦਰ ਸੁਹਾਵਣਾ ਮੰਜਰ ਸੀ। ਇਥੇ ਕਈ ਬੱਚੇ ਨੈੱਟ ਲਾ ਕੇ ਵਾਲੀਬਾਲ, ਫੁਟਬਾਲ, ਬੈਡਮਿੰਟਨ, ਕ੍ਰਿਕਟ ਆਦਿ ਖੇਡ ਰਹੇ ਸਨ। ਛੋਟੇ ਬੱਚੇ ਆਪਣੀਆਂ ਹੋਰ ਖੇਡਾਂ ‘ਚ ਮਸਤ ਤੇ ਸਨ। ਸਾਈਕਲ ਦੇ ਸ਼ੌਕੀਨ ਨੌਜਵਾਨ, ਸਾਈਕਲ ਚਲਾ ਰਹੇ ਸਨ। ਹਰ ਕੋਈ ਆਪਣੀ ਮਰਜ਼ੀ ਅਨੁਸਾਰ ਮਸਤ ਸੀ। ਕੋਈ ਥੱਲੇ ਬੈਠਾ, ਕੋਈ ਕੁਰਸੀ ਤੇ ਬੈਠਾ, ਕੋਈ ਧੁੱਪ ਸੇਕ ਰਿਹਾ, ਕੋਈ ਛਤਰੀ ਥੱਲੇ ਛਾਵੇ ਬੈਠਾ, ਕੋਈ ਸਮੁੰਦਰ ਦੇ ਵਿੱਚ ਆਨੰਦ ਮਾਣ ਰਹੇ ਸੀ। ਕਈ ਨੌਜਵਾਨ ਸਮੁੰਦਰ ਦੇ ਕਿਨਾਰੇ ਭੱਜ ਕੇ ਸੈਰ ਕਰ ਰਹੇ ਸਨ। ਇਥੋਂ ਦਾ ਮੰਜ਼ਰ ਸ਼ਾਂਤ ਸੀ। ਹਰੇਕ ਆਪਣੀ ਆਜ਼ਾਦੀ ਅਨੁਸਾਰ ਵਿਅਸਤ ਸੀ। ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਕਿਸ਼ਤੀਆਂ ਚੱਲ ਰਹੀਆਂ ਸਨ, ਉਹਨਾਂ ਨੂੰ ਦੇਖ ਕੇ ਬੜਾ ਮਜ਼ਾ ਆ ਰਿਹਾ ਸੀ। ਵੱਡੇ ਸਮੁੰਦਰੀ ਜਹਾਜ ਉਥੇ ਖੜੇ ਸਨ ਅਤੇ ਬੰਦਰਗਾਹ ਤੇ ਜਾਣ ਲਈ ਇੰਤਜ਼ਾਰ ਵਿਚ ਸਨ। ਕੁੱਝ ਕੁ ਪ੍ਰਾਈਵੇਟ ਛੋਟੇ ਜਹਾਜ ਉੱਪਰ ਆਕਾਸ਼ ਵਿਚ ਉਡਾਰੀਆਂ ਮਾਰ ਰਹੇ ਸਨ ਅਤੇ ਉਹ ਉੱਪਰੋਂ ਹੀ ਕੁਦਰਤ ਦਾ ਨਜ਼ਾਰਾ ਦੇਖ ਰਹੇ ਸਨ। ਜਦੋਂ ਪਰਿਵਾਰ ਇਕੱਠੇ ਹੁੰਦੇ ਹੈ ਤਾਂ ਉਦੋਂ ਵੱਖਰਾ ਹੀ ਆਨੰਦ ਆਉਂਦਾ ਹੈ। ਅਸੀਂ ਇੱਥੇ ਸਾਰੇ ਇਕੱਠੇ ਸੀ ਬੜਾ ਸਕੂਨ ਮਿਲ ਰਿਹਾ ਸੀ। ਕੁੱਝ ਕੁ ਮੱਧਮ ਜਿਹੀ ਆਵਾਜ਼ ਦੇ ਵਿੱਚ ਕੁੱਝ ਨੌਜਵਾਨ ਨੱਚ ਕੁੱਦ ਕੇ ਸੰਗੀਤ ਦਾ ਆਨੰਦ ਲੈ ਰਹੇ ਸਨ। ਹਰੇਕ ਆਪਣੇ ਢੰਗ ਨਾਲ ਅਨੰਦ ਮਾਣ ਰਿਹਾ ਸੀ। ਪਾਰਕਿੰਗ ਵਾਲੇ ਸਥਾਨ ਦੇ ਨੇੜੇ ਆਈਸਕ੍ਰੀਮ ਦੀਆਂ ਗੱਡੀਆਂ ਖੜ੍ਹੀਆਂ ਸਨ। ਠੰਡ ਵਿੱਚ ਠੰਡੀ ਆਈਸਕ੍ਰੀਮ ਖਾਣ ਦਾ ਵੀ ਖੂਬ ਮਜਾ ਆਉਂਦਾ ਹੈ। ਅਸੀਂ ਕਿਨਾਰੇ ਤੇ ਬੈਠ ਕੇ ਸਮੁੰਦਰ ਪਾਰ ਪਹਾੜ ਦਾ ਕੁਦਰਤੀ ਦ੍ਰਿਸ਼ ਦਾ ਆਨੰਦ ਮਾਣਿਆ। ਇੱਥੇ ਅਸੀਂ ਕਾਫੀ ਸਮਾਂ ਬਤੀਤ ਕੀਤਾ ਇਹ ਸਾਰਾ ਇਲਾਕਾ ਵੈਨਕੂਵਰ ਦਾ ਹੈ ਇਥੋਂ ਸਮੁੰਦਰ ਦੇ ਕਿਨਾਰੇ ਦੇ ਨਾਲ ਨਾਲ ਸੜਕ ਤੇ ਚੱਲ ਪਏ। ਇਥੋਂ ਅਸੀਂ ਅੱਗੇ ਡਾਊਨ ਟਾਊਨ ਚਲੇ ਗਏ ਇਹ ਸਾਰਾ ਸ਼ਹਿਰ ਬਹੁਤ ਹੀ ਜਿਆਦਾ ਖੂਬਸੂਰਤ ਸੀ। ਹਰ ਪਾਸੇ ਚੌੜੀਆਂ ਸੜਕਾਂ ਅਤੇ ਟਰੈਫਿਕ ਲਾਈਟਾਂ ਨਾਲ ਸਾਰਾ ਸ਼ਹਿਰ ਭਰਪੂਰ ਸੀ। ਸਾਰਾ ਸ਼ਹਿਰ ਹੀ ਉੱਚੇ ਨੀਵੇਂ ਪੁੱਲਾਂ ਨਾਲ ਭਰਪੂਰ ਸੀ। ਸਾਰੇ ਨਾਗਰਿਕ ਨਿਯਮਾਂ ਦੀ ਪਾਲਣਾ ਕਰ ਰਹੇ ਸਨ। ਇੱਕ ਗੱਲ ਇੱਥੇ ਦੇਖਣ ਨੂੰ ਮਿਲਦੀ ਹੈ ਕਿ ਹਰ ਥਾਂ ਪੈਦਲ ਜਾਣ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਦੋਂ ਵੀ ਕੋਈ ਪੈਦਲ ਵਿਅਕਤੀ ਸੜਕ ਕ੍ਰਾਸ ਕਰਦਾ ਸੀ ਤਾਂ ਸਾਰੀਆਂ ਗੱਡੀਆਂ ਰੁਕ ਜਾਂਦੀਆਂ ਸਨ। ਇੱਥੇ ਪੈਦਲ ਜਾਣ ਵਾਲੇ ਨੂੰ ਪਹਿਲਾਂ ਜਾਣ ਦਿੱਤਾ ਜਾਂਦਾ ਹੈ। ਅੱਜ ਸਾਰਾ ਦਿਨ ਘੁੰਮ ਕੇ, ਤੋਰਾ ਫੇਰਾ ਕਰਕੇ ਬੜਾ ਆਨੰਦ ਆਇਆ। ਇਹ ਸਭ ਬੱਚਿਆਂ ਦੀ ਹਿੰਮਤ ਸੀ। ਸਮਾਂ ਕਾਫੀ ਹੋ ਗਿਆ ਸੀ, ਦਿਨ ਢਲ ਚੁੱਕਾ ਸੀ ਤੇ ਅਸੀਂ ਘਰ ਨੂੰ ਵਾਪਸੀ ਕਰ ਲਈ।
ਪਤਾ: ਮਕਾਨ ਨੰਬਰ 166, ਵਾਰਡ ਨੰਬਰ 29, ਗਲੀ ਹਜਾਰਾ ਸਿੰਘ ਮੋਗਾ-142001
ਵਟਸਐੱਪ: + 91- 97-810-40140




