ਏਹਿ ਹਮਾਰਾ ਜੀਵਣਾ

ਆਓ ਅਲਵਿਦਾ ਤੇ ਖੁਸ਼ ਆਮਦੀਦ ਦੇ ਮੌਕੇ ਬੀਤੇ ਦੇ ਸਬਕਾਂ ਨੂੰ ਪੱਲੇ ਬੰਨਦਿਆਂ ਅੱਗੇ ਵਧਿਆ ਜਾਵੇ



ਲੰਘੇ ਵਰ੍ਹੇ 2025 ਨੂੰ ਅਲਵਿਦਾ ਕਹਿੰਦਿਆਂ ਤੇ ਨਵੇਂ ਵਰ੍ਹੇ 2026 ਨੂੰ ਖ਼ੁਸ਼-ਆਮਦੀਦ ਕਹਿਣ ਲਈ ਬੀਤੇ ਦੇ ਸਬਕਾਂ ਤੋਂ ਸਿੱਖੀਏ। ਬੀਤੇ ਵਰ੍ਹੇ ਵਿੱਚ ਬਹੁਤ ਕੁੱਝ ਅਜਿਹਾ ਵਾਪਰਿਆ ਜਿਸਨੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ। ਇਜ਼ਰਾਈਲੀ ਹਾਕਮਾਂ ਵੱਲੋਂ ਫ਼ਲਸਤੀਨੀ ਲੋਕਾਂ ਦੇ ਕਤਲੇਆਮ ਅਤੇ ਅਣਮਨੁੱਖੀ ਵਿਵਹਾਰ, ਟਰੰਪ ਵਲੋਂ ਪੂਰੀ ਦੁਨੀਆਂ ਦੇ ਦੇਸ਼ਾਂ ਉੱਪਰ ਮੜ੍ਹੇ ਟੈਰਿਫ ਯੁੱਧ, ਰੂਸੀ-ਯੂਕਰੇਨ ਜੰਗ ਦੌਰਾਨ ਭਿਆਨਕ ਤਬਾਹੀ, ਪੂਰੀ ਦੁਨੀਆਂ ਦੇ ਮੁਲਕਾਂ ਤੇ ਪੰਜਾਬ ਵਿੱਚ ਪਰਵਾਸੀਆਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ, ਭਾਰਤ ਅੰਦਰ ਆਰ ਐਸ ਐਸ ਦੀ ਅਗਵਾਈ ਵਾਲੀ ਭਾਜਪਾ ਵੱਲੋਂ ਆਪਣੇ ਫ਼ਿਰਕੂ ਫਾਸ਼ੀ ਹੱਲੇ ਨੂੰ ਤੇਜ਼ ਕਰਦਿਆਂ ਘੱਟ ਗਿਣਤੀ ਤਬਕਿਆਂ ਖਾਸ ਕਰ ਮੁਸਲਮਾਨਾਂ ਨੂੰ ਗਿਣ ਮਿਥ ਕੇ ਨਿਸ਼ਾਨਾ ਬਨਾਉਣ ਆਦਿ ਤੋਂ ਇਲਾਵਾ ਭਾਰਤ ਦੇ ਸੂਬੇ ਮਨੀਪੁਰ ਵਿੱਚ ਔਰਤਾਂ ਤੇ ਢਾਹੇ ਗਏ ਜਬਰ, ਲੋਕ ਪੱਖੀ ਬੁੱਧੀਜੀਵੀਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨ੍ਹਾਂ ਵਜ੍ਹਾ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ਵਿੱਚ ਨਜ਼ਰਬੰਦ ਰੱਖਣਾ, ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਨਾ ਕਰਨਾ, ਜਲ ਜੰਗਲ਼ ਜ਼ਮੀਨਾਂ ਨੂੰ ਦੇਸੀ-ਬਦੇਸੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਲਈ ਆਦਿਵਾਸੀਆਂ/ਮਾਓਵਾਦੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ, ਲੋਕ ਪੱਖੀ ਚੈਨਲਾਂ ਦੇ ਪੱਤਰਕਾਰਾਂ ਤੇ ਬੁੱਧੀਜੀਵੀਆਂ ਤੇ ਦੇਸ਼ ਧ੍ਰੋਹ ਦੇ ਇਲਜ਼ਾਮ ਲਗਾ ਕੇ ਜੇਲ੍ਹਾਂ ਵਿੱਚ ਸੁੱਟਣਾ, ਔਰਤਾਂ ਖ਼ਿਲਾਫ਼ ਸੰਸਥਾਗਤ ਜੁਰਮਾਂ ਦਾ ਵਧਣਾ, ਕਿਸਾਨਾਂ-ਮਜਦੂਰਾਂ ਅਤੇ ਨੌਜਵਾਨਾਂ ਦੀਆਂ ਵਧ ਰਹੀਆਂ ਖ਼ੁਦਕੁਸ਼ੀਆਂ,ਆਦਿ ਇਸ ਪੁਰਾਣੇ ਵਰ੍ਹੇ ਦੇ ਮਾੜੇ ਕਾਰਨਾਮਿਆਂ ਵਿੱਚ ਸ਼ੁਮਾਰ ਹਨ। ਬੀਤੇ ਵਰ੍ਹੇ ਵਿੱਚ ਪੂਰੀ ਦੁਨੀਆਂ ਤੇ ਖ਼ਾਸ ਕਰ ਭਾਰਤ ਵਿੱਚ ਵਧਦੀ ਮਹਿੰਗਾਈ ਅਤੇ ਬੇਰੁਜ਼ਗਾਰੀ ਨੇ ਲੋਕਾਂ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਸਾਮਰਾਜੀ ਮਾਡਲ ਤਹਿਤ ਹੋ ਰਹੇ ਅਣਸਾਵੇਂ ਵਿਕਾਸ ਤਹਿਤ ਵਧਦੀ ਬੇਰੁਜ਼ਗਾਰੀ ਨੇ ਪੂਰੇ ਭਾਰਤ ਵਰਸ਼ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਪਰਵਾਸ ਕਰਨ ਲਈ ਮਜ਼ਬੂਰ ਕੀਤਾ ਹੈ। ਇਸੇ ਵਰ੍ਹੇ ਪੰਜਾਬ ਦੇ ਅੰਨ ਦਾਤਾ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਮੀਂਹ ਤੇ ਹੜ੍ਹਾਂ ਨੇ ਬੁਰੀ ਤਰ੍ਹਾਂ ਝੰਬਿਆ। ਲੱਖਾਂ ਏਕੜ ਖੜ੍ਹੀ ਫ਼ਸਲ ਬਰਬਾਦ ਹੋਣ ਦੇ ਨਾਲ ਨਾਲ ਮਨੁੱਖੀ ਜ਼ਿੰਦਗੀਆਂ, ਪਸ਼ੂਆਂ ਤੇ ਘਰਾਂ ਦੀ ਬਰਬਾਦੀ ਹੋਈ। ਪਰੰਤੂ ਚੰਗੀ ਗੱਲ ਇਹ ਵਾਪਰੀ ਕਿ ਇਸ ਵਾਰ ਹੜ੍ਹਾਂ ਮਾਰੇ ਲੋਕਾਂ ਦੀ ਬਾਂਹ ਫੜਨ ਲਈ ਕਿਸਾਨ ਜਥੇਬੰਦੀ ਉਗਰਾਹਾਂ ਤੇ ਡਕੌਂਦਾ ਧਨੇਰ ਮੁੱਖ ਤੌਰ ਤੇ ਮੈਦਾਨ ਵਿੱਚ ਆਈਆਂ। ਇਨ੍ਹਾਂ ਤੋਂ ਇਲਾਵਾ ਸੰਯੁਕਤ ਕਿਸਾਨ ਮੋਰਚਾ ਦੀਆਂ ਕੁੱਝ ਹੋਰ ਜਥੇਬੰਦੀਆਂ,ਧਾਰਮਿਕ ਸੰਸਥਾਵਾਂ, ਗਾਇਕਾਂ, ਫ਼ਿਲਮੀ ਹਸਤੀਆਂ ਤੇ ਐੱਨਆਰਆਈਜ਼ ਨੇ ਪੀੜਤ ਲੋਕਾਂ ਦੀ ਸਾਰ ਲੈਣ ਲਈ ਮੱਦਦ ਦਾ ਹੱਥ ਵਧਾਇਆ।
ਇਸੇ ਵਰ੍ਹੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੈਂਡ ਪੂਲਿੰਗ ਪਾਲਿਸੀ ਰਾਹੀਂ ਕਿਸਾਨਾਂ ਦੀ ਜ਼ਮੀਨ ਨੂੰ ਹੜੱਪ ਕੇ ਕਾਰਪੋਰੇਟਾਂ ਨੂੰ ਮਾਲੋ ਮਾਲ ਕਰਨ ਦਾ ਯਤਨ ਕੀਤਾ ਗਿਆ । ਪਰੰਤੂ ਪੰਜਾਬ ਦੇ ਲੋਕਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਸੰਘਰਸ਼ ਦਾ ਅਜਿਹਾ ਬਿਗਲ ਵਜਾਇਆ ਕਿ ਪੰਜਾਬ ਦੀ ਅਖੌਤੀ ਇਨਕਲਾਬੀ ਸਰਕਾਰ ਨੂੰ ਲੈਂਡ ਪੂਲਿੰਗ ਪਾਲਿਸੀ ਰੱਦ ਕਰਨ ਲਈ ਮਜ਼ਬੂਰ ਹੋਣਾ ਪਿਆ। ਇਸੇ ਵਰ੍ਹੇ ਕੇਂਦਰੀ ਹਕੂਮਤ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਖੁਦਮੁਖਤਿਆਰੀ ਤੇ ਹਮਲਾ ਕਰਦੇ ਨੋਟੀਫ਼ਿਕੇਸ਼ਨ ਲਿਆਂਦੇ ਗਏ ਪਰੰਤੂ ਵਿਦਿਆਰਥੀ ਜਥੇਬੰਦੀਆਂ ਦੀ ਅਗਵਾਈ ਵਿੱਚ ਲੜੇ ਜਾ ਰਹੇ ਘੋਲ ਨੂੰ ਸੰਯੁਕਤ ਕਿਸਾਨ ਮੋਰਚਾ, ਜਨਤਕ ਜਮਹੂਰੀ ਜਥੇਬੰਦੀਆਂ ਤੇ ਆਮ ਲੋਕਾਂ ਦਾ ਇੰਨਾ ਵੱਡਾ ਸਮਰਥਨ ਮਿਲਿਆ ਕਿ ਕੇਂਦਰ ਦੀ ਭਾਜਪਾ ਹਕੂਮਤ ਨੂੰ ਪਿਛਲਖੁਰੀ ਮੁੜਨਾ ਪਿਆ ।
ਇਸੇ ਵਰ੍ਹੇ ਹੀ ਪੰਜਾਬ ਸਰਕਾਰ ਨੇ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਵਿਭਾਗਾਂ ਦੀ ਸਰਕਾਰੀ ਜ਼ਮੀਨ ਨੂੰ ਵੇਚਣ ਲਈ ਕਾਗਜ਼ੀ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ। ਇਸੇ ਸਾਲ ਦੇ ਆਖ਼ਰੀ ਮਹੀਨੇ ਵਿੱਚ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਪੈਸੇ ਇਕੱਠੇ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਜਿਸ ਤਹਿਤ ਮਾਲਦਾਰ ਲੋਕਾਂ ਤੋਂ ਫੰਡ ਡੋਨੇਟ ਕਰਵਾਏ ਜਾਣਗੇ। ਬਿਨਾਂ ਸ਼ੱਕ ਮਾਲਦਾਰ ਲੋਕਾਂ ਵੱਲੋਂ ਕੀਤੀ ਗਈ ਡੋਨੇਸ਼ਨ ਕਈ ਗੁਣਾਂ ਹੋਕੇ ਵਾਪਿਸ ਮਾਲਦਾਰ ਲੋਕਾਂ ਕੋਲ ਹੀ ਜਾਵੇਗੀ ਤੇ ਆਮ ਆਦਮੀ ਹੋਰ ਵਧੇਰੇ ਕਰਜ਼ਦਾਰ ਹੋਣਗੇ। ਇਸੇ ਸਾਲ ਪੰਜਾਬ ਅੰਦਰ ਬਠਿੰਡਾ ਜ਼ਿਲ੍ਹੇ ਦੇ ਇੱਕ ਨੌਜਵਾਨ ਅਧਿਆਪਕ ਨੂੰ ਗ੍ਰਿਫ਼ਤਾਰ ਕਰਕੇ ਠਾਣੇ ਅੰਦਰ ਢਾਹੇ ਗਏ ਪੁਲਸੀਆ ਤਸੀਹਿਆਂ ਨਾਲ ਜ਼ਿੰਦਗੀ ਤੋਂ ਹੱਥ ਧੋਣਾ ਪਿਆ। ਇਸੇ ਵਰ੍ਹੇ ਹੀ ਸਿਆਸਤਦਾਨਾਂ ਅਤੇ ਉੱਚ ਅਫ਼ਸਰਸ਼ਾਹੀ ਦੇ ਨਾਪਾਕ ਗੱਠਜੋੜ ਦੁਆਰਾ ਪੰਜਾਬ ਦੇ ਕਿੰਨੇ ਹੀ ਨੌਜਵਾਨਾਂ ਨੂੰ ਚਿੱਟੇ ਨੇ ਆਪਣੀ ਲਪੇਟ ਵਿੱਚ ਲੈੰਦਿਆਂ ਘਰਾਂ ਵਿੱਚ ਸੱਥਰ ਵਿਛਾਏ। ਇਸੇ ਵਰ੍ਹੇ ਹੱਕ ਮੰਗਦੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾ ਕੇ ਧੋਖੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਤੇ ਬਾਰਡਰਾਂ ਤੇ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਨੂੰ ਪੁਲਿਸ ਜਬਰ ਨਾਲ ਖਦੇੜਿਆ ਗਿਆ ਤੇ ਪੁਲਿਸ ਤੇ ਮੌਜੂਦਾ ਸਰਕਾਰ ਦੇ ਕਰਿੰਦਿਆਂ ਵੱਲੋਂ ਕਿਸਾਨਾਂ ਦਾ ਸਮਾਨ ਅਤੇ ਟਰੈਕਟਰ ਟਰਾਲੀਆਂ ਨੂੰ ਚੋਰੀ ਕੀਤਾ ਜਾਂ ਕਰਵਾਇਆ ਗਿਆ। ਇਸੇ ਵਰ੍ਹੇ ਪੰਜਾਬ ਸਰਕਾਰ ਨੇ ਹੱਕ ਮੰਗਦੇ ਕੰਪਿਊਟਰ ਅਧਿਆਪਕਾਂ ਤੇ ਅਤੇ ਹੋਰ ਮੁਲਾਜ਼ਮਾਂ ਤੇ ਲਾਠੀਚਾਰਜ ਕੀਤੇ। ਬੇਰੁਜ਼ਗਾਰਾਂ ਅਧਿਆਪਕਾਂ ਦੇ ਸੰਘਰਸ਼ ਨੂੰ ਤੇ ਹੋਰ ਹੱਕੀ ਸੰਘਰਸ਼ਾਂ ਨੂੰ ਜ਼ਬਰੀ ਖ਼ਤਮ ਕਰਵਾਉਣ ਲਈ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਇਸ ਸਭ ਕੁੱਝ ਦੇ ਬਾਵਜੂਦ ਵੀ ਲੋਕ ਸੰਘਰਸ਼ਾਂ ਦੇ ਮਘਦੇ ਭਖਦੇ ਅਖਾੜਿਆਂ ਨੇ ਕੇਂਦਰੀ ਅਤੇ ਸੂਬਾਈ ਹਾਕਮਾਂ ਨੂੰ ਤਰੇਲੀਆਂ ਲਿਆਂਦੀਆਂ ਹਨ। ਸੋ ਆਓ ਬੀਤੇ ਵਰ੍ਹੇ ਦੀਆਂ ਸਾਰੀਆਂ ਯਾਦਾਂ ਨੂੰ ਪੱਲੇ ਬੰਨਦਿਆਂ, ਸਬਕ ਸਿੱਖਦਿਆਂ ਨਵੇਂ ਵਰ੍ਹੇ ਵਿੱਚ ਸ਼ਾਮਲ ਹੋਣ ਵੇਲੇ ਲੋਕ ਸੰਘਰਸ਼ ਰਾਹੀਂ ਹਾਕਮਾਂ ਨੂੰ ਸਿਖਾਏ ਗਏ ਸਬਕਾਂ ਨੂੰ ਲੜ ਬੰਨ੍ਹਦਿਆਂ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਅੱਗੇ ਵਧਣ ਦੇ ਯਤਨ ਕਰੀਏ।

ਗੁਰਮੀਤ ਸਿੰਘ ਸੁਖਪੁਰ

ਨਵੇਂ ਵਰ੍ਹੇ 2026 ਨੂੰ ਖੁਸ਼ ਆਮਦੀਦ ਕਹਿੰਦੇ ਹੋਏ ਇੱਕ ਗੱਲ ਹਮੇਸ਼ਾ ਚੇਤੇ ਰੱਖੀਏ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿਰਫ਼ ਕਲੰਡਰ ਹੀ ਬਦਲ ਰਿਹਾ ਹੈ। ਨਵੇਂ ਵਰ੍ਹੇ ਵਿੱਚ ਵੀ ਹਾਕਮਾਂ ਵੱਲੋਂ ਆਮ ਲੋਕਾਂ ਦੀ ਲੁੱਟ ਵਿੱਚ ਲਾਜ਼ਮੀ ਤੌਰ ਉੱਤੇ ਵਾਧਾ ਹੋਵੇਗਾ, ਬਿਜਲੀ ਬਿੱਲ 2025 ਦੇ ਲਾਗੂ ਹੋਣ ਨਾਲ ਘਰਾਂ ਦੇ ਦੀਵੇ ਵੀ ਬੁਜਣਗੇ, ਕਿਰਤ ਕੋਡ ਲਾਗੂ ਹੋਣ ਨਾਲ ਮਜ਼ਦੂਰਾਂ ਦੀ ਕੰਡ ਹੋਰ ਕੁੱਬੀ ਹੋਣੀ ਹੈ, ਬੀਜ ਬਿੱਲ ਨਾਲ ਕਿਸਾਨ ਤੋਂ ਖੁਦ ਦਾ ਬੀਜ ਪੈਦਾ ਕਰਨ ਦਾ ਹੱਕ ਖੁੱਸ ਜਾਵੇਗਾ ਤੇ ਵੱਡੀਆਂ ਕੰਪਨੀਆਂ ਬੀਜ ਮਨ ਮਰਜ਼ੀ ਦੇ ਭਾਅ ਤੇ ਵੇਚਣ ਦਾ ਹੱਕ ਹਾਸਲ ਕਰਕੇ ਜ਼ਮੀਨਾਂ ਉੱਪਰ ਕਬਜ਼ਾ ਕਰਨ ਵੱਲ ਵਧਣਗੀਆਂ। ਗ਼ੁਰਬਤ ਮਾਰੀ ਜਨਤਾ ਨੇ ਮਹਿੰਗਾਈ ਦੀ ਚੱਕੀ ਵਿੱਚ ਪਿਛਲੇ ਸਾਲ ਵਾਂਗ ਹੀ ਪਿਸਣਾ ਹੈ, ਪ੍ਰਾਈਵੇਟ ਸਕੂਲਾਂ ਵੱਲੋਂ ਭਾਰੀ ਫ਼ੀਸਾਂ ਵਸੂਲੀਆਂ ਜਾਣੀਆਂ ਜਾਰੀ ਰਹਿਣਗੀਆਂ ਜਾਂ ਹੋਰ ਵੱਧ ਸਕਦੀਆਂ ਹਨ, ਪ੍ਰਾਈਵੇਟ ਹਸਪਤਾਲਾਂ ਵੱਲੋਂ ਲੋਕਾਂ ਦੀ ਲੁੱਟ ਜਾਰੀ ਰਹਿਣੀ ਆ ਆਦਿ ਸਭ ਕੁੱਝ ਪਿਛਲੇ ਵਰਿਆਂ ਦੀ ਤਰ੍ਹਾਂ ਹੀ ਰਹਿਣਾ ਹੈ।
ਉਪਰੋਕਤ ਮਸਲਿਆਂ ਦੇ ਪ੍ਰਸੰਗ ਵਿੱਚ ਨਵੇਂ ਵਰ੍ਹੇ ਵੱਡੀਆਂ ਚੁਣੌਤੀਆਂ ਦਰਪੇਸ਼ ਹਨ। ਹੇਠ ਲਿਖੇ ਕੁੱਝ ਅਹਿਮ ਕਾਰਜਾਂ ਨੂੰ ਹੱਥ ਲੈਕੇ ਮਹਿਲਕਲਾਂ ਲੋਕ ਘੋਲ,ਇਤਿਹਾਸਕ, ਜੇਤੂ ਦਿੱਲੀ ਕਿਸਾਨ ਘੋਲ ਤੇ ਹੋਰ ਸਾਂਝੇ ਘੋਲਾਂ ਦੇ ਕੀਮਤੀ ਸਬਕ ਗ੍ਰਹਿਣ ਕਰਦਿਆਂ ਅਗਲੀਆਂ ਪੇਸ਼ਕਦਮੀਆਂ ਵੱਲ ਵਧਣ ਦੀ ਲੋੜ ਹੈ।
(1) ਭਾਰਤ ਇੱਕ ਖੇਤੀਬਾੜੀ ਨਿਰਭਰ ਦੇਸ਼ ਹੋਣ ਕਾਰਨ ਦੇਸ਼ ਦੇ ਕਿਸਾਨਾਂ ਨੂੰ ਸੀ2+50% ਮੁਨਾਫ਼ਾ ਫਾਰਮੂਲੇ ਅਨੁਸਾਰ ਸਾਰੀਆਂ ਫਸਲਾਂ ‘ਤੇ ਐੱਮਐੱਸਪੀ ਅਤੇ ਸਰਕਾਰੀ ਖ੍ਰੀਦ ਯਕੀਨੀ ਬਣਾਕੇ ਕਿਸਾਨਾਂ ਨੂੰ ਪੈਰਾਂ ਸਿਰ ਕਰਨ
(2) ਸਮਾਜ, ਕਿਸਾਨ ਅਤੇ ਕੁਦਰਤ ਪੱਖੀ ਨਵੀਂ ਖੇਤੀ ਨੀਤੀ ਬਣਾਉਣ
(3) ਵਾਤਾਵਰਨ ਕੇਂਦਰਿਤ ਨੀਤੀਆਂ ਬਣਾਉਣ
(4) ਫ਼ਸਲਾਂ ਦੀ ਉਚਿੱਤ ਸਟੋਰੇਜ਼ ਦਾ ਪ੍ਰਬੰਧ ਕਰਨ
(5) ਬਾਗਬਾਨੀ ਕਾਸ਼ਤ ਵਧਾਕੇ(6) ਵੱਡੀ ਪੱਧਰ ਤੇ ਖੇਤੀ ਅਧਾਰਤ ਛੋਟੇ ਕਾਰਖਾਨੇ ਲਗਾਕੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਨੌਕਰੀਆਂ ਦੇਣ ਪ੍ਰਬੰਧ ਕਰਨ।
ਨਵੀਂ ਤਕਨਾਲੋਜੀ ਤਹਿਤ ਹਕੀਕੀ ਰੂਪ ਵਿੱਚ ਸਕਿੱਲ ਡਿਵੈਲਪਮੈਂਟ ਵੱਲ ਧਿਆਨ ਦੇਣ , ਏ ਆਈ, ਡਿਜੀਟਲ ਫ਼ਾਈਨਾਂਸ, ਹੈਲਥ ਟੈਕਨੋਲੋਜੀ ਤੇ ਐਗਰੀਕਲਚਰ ਟੈਕਨੋਲੋਜੀ ਅਗਲੇ ਸਮੇਂ ਦਾ ਵੱਡਾ ਸਟਾਰਟਅਪ ਹੋ ਸਕਦਾ ਹੈ। ਸੂਰਜ, ਹਵਾ, ਪਾਣੀ ਤੇ ਗਰੀਨ ਹਾਈਡ੍ਰੋਜਨ ਭਵਿੱਖ ਦੇ ਵੱਡੇ ਊਰਜਾ ਸਰੋਤਾਂ ਦੀ ਵਰਤੋਂ ਕਰਕੇ ਜਿੱਥੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ ਉੱਥੇ ਮਹਿੰਗੇ ਊਰਜਾ ਸ੍ਰੋਤਾਂ ਤੇ ਨਿਰਭਰਤਾ ਘਟਾਉਣ ਨਾਲ ਵੱਡੇ ਪੈਮਾਨੇ ਤੇ ਆਰਥਿਕਤਾ ਵਿੱਚ ਮਜ਼ਬੂਤੀ ਲਿਆਂਦੀ ਜਾ ਸਕਦੀ ਹੈ। ਖਾਦ ਤੇ ਪਾਣੀ ਦੀ ਸੁਰੱਖਿਆ ਲਈ ਨਵੀਆਂ ਤਕਨੀਕਾਂ ਵਿਕਸਿਤ ਕਰਕੇ, ਡੇਅਰੀ, ਖੇਤੀਬਾੜੀ ਤੇ ਫ਼ਲ ਸਬਜ਼ੀਆਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਕੇ, ਪੰਜਾਬ ਹਰਿਆਣਾ ਯੂਪੀ ਦੇ ਵੱਡੇ ਖੇਤਰ ਵਿੱਚ ਧਰਤੀ ਹੇਠਲੇ ਘਟ ਰਹੇ ਪਾਣੀ ਦੇ ਪੱਧਰ ਨੂੰ ਕੰਟਰੋਲ ਕਰਕੇ ਅਤੇ ਸ਼ਹਿਰਾਂ ਤੇ ਪਿੰਡਾਂ ਵਿਚਲੇ ਸਮਾਜਿਕ ਤੇ ਆਰਥਿਕ ਪਾੜੇ ਨੂੰ ਘਟਾਉਣ ਨਾਲ ਦੇਸ਼ ਨੂੰ ਤਰੱਕੀ ਵੱਲ ਲਿਜਾਇਆ ਸਕਦਾ ਹੈ। ਨਵੇਂ ਵਰ੍ਹੇ 2026 ਵਿੱਚ ਅਖਬਾਰਾਂ ਤੇ ਇਲੈਕਟ੍ਰਾਨਿਕ ਮੀਡੀਆ ਤੋਂ ਆਸ ਕਰਨੀ ਚਾਹੀਦੀ ਹੈ ਕਿ ਉਹ ਲੋਕ ਪੱਖੀ, ਨਿਰਪੱਖ ਤੇ ਨਿਧੜਕ ਹੋ ਕੇ ਆਪਣੇ ਫਰਜ਼ ਨਿਭਾਉਣਗੇ।ਲੋਕਾਂ ਤੋਂ ਇਹ ਆਸ ਕਰਨੀ ਬਣਦੀ ਕਿ ਉਹ ਇਸ ਨਵੇਂ ਵਰ੍ਹੇ ਵਿੱਚ ਹਰ ਗਲਤ ਵਰਤਾਰੇ, ਜਬਰ-ਜ਼ੁਲਮ ਤੇ ਧੱਕੇਸ਼ਾਹੀ ਦੇ ਵਿਰੁੱਧ ਲੋਕ ਏਕਤਾ ਦੀ ਰੋਹਲੀ ਆਵਾਜ਼ ਉਠਾਉਂਦੇ ਰਹਿਣਗੇ।
ਵਲੋਂ:-ਗੁਰਮੀਤ ਸਿੰਘ ਸੁਖਪੁਰ
(+91 9465915763,+1 (437)967 0043)

Show More

Related Articles

Leave a Reply

Your email address will not be published. Required fields are marked *

Back to top button
Translate »