ਕਲਮੀ ਸੱਥ
ਰੱਬ ਦਾ ਬੰਦਾ

ਬਰੂਦ ਸਦਾ ਬਰਬਾਦੀ ਕਰਦਾ,
ਬਰੂਦ ਨੂੰ ਕਦੇ ਬੂਰ ਨਹੀਂ ਪੈਂਦਾ।
ਬੰਕਰਾਂ ਅੰਦਰ ਇਸ ਬਲਾ ਨੂੰ,
ਫਿਰ ਵੀ ਬੰਦਾ ਬੰਦ ਕਰ ਲੈਂਦਾ।
ਬੰਦਾ ਕਹਿੰਦਾ ਜਲ ਹੀ ਜੀਵਨ,
ਪਰ ਬਰਬਾਦ ਕਰੀ ਵੀ ਜਾਂਦਾ।
ਕੁਦਰਤ ਨਾਲ ਖਿਲਵਾੜ ਵੀ ਕਰਦੈ,
ਆਪੇ ਹੀ ਡੰਨ ਭਰੀ ਵੀ ਜਾਂਦਾ।

ਅੱਗ ਨਾਲ ਕਦੇ ਅੱਗ ਨੀ ਬੁਝਦੀ,
ਪਰ ਬੰਦਾ ਬੁਝਾਉਣ ਨੂੰ ਫਿਰਦੈ।
ਤੇਲ ਨੂੰ ਅੱਗ ਦੇ ਉੱਤੇ ਪਾ ਕੇ,
ਅੱਗ ‘ਤੇ ਕਾਬੂ ਪਾਉਣ ਨੂੰ ਫਿਰਦੈ।
ਰੱਬ ਨੂੰ ਭੁੱਲ ਕੇ ਰੱਬ ਹੈ ਬਣਿਆਂ,
ਦੇਖੋ ਇਹ ਪੰਜ ਤੱਤ ਦਾ ਪੁਤਲਾ।
ਦੱਸ ਭਲਾ ਮੁਨਿਆਦ ਕੀ ਤੇਰੀ,
ਉੱਤੇ ਹੱਸਦਾ ਪਿਆ ਹੈ ਉੱਤਲਾ।
ਜਸਵੀਰ ਸਿੰਘ ਭਲੂਰੀਆ
ਸਰੀ (ਬੀ.ਸੀ.) ਕੈਨੇਡਾ
+1-236-622-7799




