ਹੁਣ ਦਲਜੀਤ ਦੋਸਾਂਝ ਨੂੰ ਪੰਡਿਤ ਜੀ ਕਨੇਡਾ ਦੀ ਪੁਲਿਸ ਕੋਲ ਫੜਾਉਣਗੇ!!

ਪੰਡਿਤਰਾਓ ਵੱਲੋਂ ਦਲਜੀਤ ਦੁਸਾਂਝ ਨੂੰ ਵਿਦੇਸ਼ ਫੇਰੀ ਦੌਰਾਨ ਪਟਿਆਲਾ ਪੈੱਗ, 5 ਤਾਰੇ ਅਤੇ ਕੇਸ ਵਰਗੇ ਬਦਨਾਮ ਗਾਣੇ ਮੰਚ ਤੋਂ ਨਾ ਗਾਉਣ ਦੀ ਕੀਤੀ ਗਈ ਅਪੀਲ।
ਚੰਡੀਗੜ੍ਹ 28 ਅਪ੍ਰੈਲ ( ਪੰਜਾਬੀ ਅਖ਼ਬਾਰ ਬਿਊਰੋ) ਆਪਣੇ ਖ਼ਾਸ ਅੰਦਾਜ਼ ਨਾਲ਼ ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨ ਵਾਲ਼ੇ ਅਤੇ ਪੰਜਾਬੀ ਗਾਣਿਆਂ ਵਿੱਚ ਨਸ਼ਿਆਂ ਅਤੇ ਹਥਿਆਰਾਂ ਦੀ ਨੁਮਾਇਸ਼ ਦੇ ਖਿਲਾਫ਼ ਕਾਨੂੰਨੀ ਲੜਾਈ ਲੜ੍ਹਨ ਵਾਲ਼ੇ ਪੰਡਿਤਰਾਓ ਧਰੇਨਵਰ ਨੇ ਦਿਲਜੀਤ ਦੋਸਾਂਝ ਨੂੰ ਖੁੱਲ੍ਹਾ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਉਹ ਕਨੇਡਾ ਅਤੇ ਅਮਰੀਕਾ ਵਿੱਚ ਲੱਗਣ ਵਾਲ਼ੇ ਆਪਣੇ ਅਖਾੜਿਆਂ ਦੌਰਾਨ ਹਥਿਆਰ, ਸ਼ਰਾਬ ਅਤੇ ਨਸ਼ਿਆਂ ਦੇ ਜ਼ਿਕਰ ਵਾਲ਼ੇ ਗਾਣੇ ਨਾ ਗਾਵੇ। ਪੰਡਿਤਰਾਓ ਨੇ ਲਿਖਿਆ ਹੈ ਕਿ ਅਜਿਹੇ ਗ਼ਲਤ ਗਾਣਿਆਂ ਦਾ ਅੱਲ੍ਹੜ ਬੱਚਿਆਂ ਦੀ ਮਾਨਸਿਕਤਾ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਉਹਨਾਂ ਦਾ ਵਿਚਾਰ ਹੈ ਕਿ ਬੱਚੇ ਭਾਵੇਂ ਕਿਸੇ ਵੀ ਮੁਲਕ ਦੇ ਹੋਣ ਉਹ ਚੰਗੇ ਜਾਂ ਮਾੜੇ ਸੰਗੀਤ ਦਾ ਇੱਕੋ ਜਿਹਾ ਅਸਰ ਕਬੂਲਦੇ ਹਨ।
ਇਸਦੇ ਨਾਲ਼ ਹੀ ਪੰਡਿਤਰਾਓ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਕਰ ਦਿਲਜੀਤ ਦੋਸਾਂਝ ਆਪਣੇ 30 ਅਪ੍ਰੈਲ ਦੇ ਕੈਲਗਰੀ ਅਖਾੜੇ ਦੌਰਾਨ ਪਟਿਆਲਾ ਪੈੱਗ, 5 ਤਾਰੇ ਅਤੇ ਕੇਸ ਵਰਗੇ ਗਾਣੇ ਮੰਚ ਤੋਂ ਗਾਉਣਗੇ ਤਾਂ ਵਿਸ਼ਵ ਸਮਾਜ ਦੇ ਭਲੇ ਲਈ ਉਹ ਕੈਨੇਡਾ ਅਤੇ ਅਮਰੀਕਾ ਦੀ ਪੁਲਿਸ ਕੋਲ਼ ਸ਼ਿਕਾਇਤ ਦਰਜ਼ ਕਰਵਾਉਣਗੇ।
ਪੰਡਿਤਰਾਓ ਨੇ ਉਮੀਦ ਪ੍ਰਗਟਾਈ ਹੈ ਹੈ ਕਿ ਦਿਲਜੀਤ ਦੋਸਾਂਝ ਸਮਝਦਾਰੀ ਦਿਖਾਉਣਗੇ ਅਤੇ ਅੱਲ੍ਹੜ ਬੱਚਿਆਂ ਦੇ ਮਨ ਨੂੰ ਭਟਕਾਉਣ ਵਾਲ਼ੇ ਬਦਨਾਮ ਗਾਣੇ ਸਟੇਜ ‘ਤੇ ਨਹੀਂ ਗਾਉਣਗੇ।





